ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ ’ਤੇ ਪਛਾਣ ਕਰਕੇ ਮਾਮਲਾ ਕੀਤਾ ਦਰਜ਼ | Crime News
(ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੇ ਦੁੱਗਰੀ ’ਚ ਦਿਨ-ਦਿਹਾੜੇ ਇੱਕ ਨੌਜਵਾਨ ਨੂੰ ਦੋ ਵਿਅਕਤੀਆਂ ਨੇ ਉਸਦੇ ਘਰ ਅੰਦਰ ਹੀ ਗਲਾ ਕੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੌਰਾਨ ਘਰ ਵਿੱਚ ਮ੍ਰਿਤਕ ਦਾ ਪਿਤਾ ਤੇ ਭੈਣ ਮੌਜ਼ੂਦ ਸੀ, ਜਿੰਨ੍ਹਾਂ ਦੀ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਲਿਜਾਣ ਲਈ ਕਿਸੇ ਨੇ ਵੀ ਮੱਦਦ ਨਹੀਂ ਕੀਤੀ ਤੇ ਮੌਕੇ ’ਤੇ ਮੈਡੀਕਲ ਸਹੂਲਤ ਨਾ ਮਿਲਣ ਕਾਰਨ ਨੌਜਵਾਨ ਕੁੱਝ ਸਮੇਂ ਬਾਅਦ ਹੀ ਦਮ ਤੋੜ ਗਿਆ। Crime News
ਇਹ ਵੀ ਪੜ੍ਹੋ: ਮੀਂਹ ’ਚ ਮਕਾਨ ਦੀ ਡਿੱਗੀ ਛੱਤ, ਮਜ਼ਦੂਰ ’ਤੇ ਬਣੀ ਆਈ ਮੁਸੀਬਤ
ਮ੍ਰਿਤਕ ਦੇ ਪਿਤਾ ਪ੍ਰੇਮ ਪਾਸਵਾਨ ਨੇ ਦੱਸਿਆ ਕਿ ਉਹ, ਉਸਦਾ ਪੁੱਤਰ ਸਰਬਣ ਕੁਮਾਰ ਤੇ ਉਸਦੀਆਂ ਧੀਆਂ ਘਰ ’ਚ ਮੌਜੂਦ ਸਨ। ਅਚਾਨਕ ਹੀ ਦੋ ਨਕਾਬਪੋਸ ਵਿਅਕਤੀ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਅੱਗੇ ਉਨ੍ਹਾਂ ਦੇ ਪੁੱਤਰ ਦਾ ਨਾਂਅ ਲੈ ਕੇ ਲਲਕਾਰੇ ਮਾਰਨ ਲੱਗੇ। ਰੌਲਾ ਸੁਣ ਕੇ ਬਾਹਰ ਨਿਕਲੇ ਸਰਬਣ ਨੇ ਉਨ੍ਹਾਂ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਬਹਿਸਦੇ ਹੋਏ ਇੱਕ ਨੇ ਉਸ ਦੇ ਥੱਪੜ ਮਾਰਿਆ ਅਤੇ ਦੂਜੇ ਨੇ ਸਰਬਣ ਦਾ ਕਿਸੇ ਤੇਜ਼ਧਾਰ ਹਥਿਆਰ ਨਾਲ ਗਲਾ ਕੱਟ ਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਬੇਸ਼ੱਕ ਉਸਨੇ ਇੱਕ ਨੂੰ ਫ਼ੜਨ ਦੀ ਕੋਸ਼ਿਸ ਕੀਤੀ ਪਰ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਸਰਬਣ ਨੂੰ ਗੋਦ ’ਚ ਲਿਆ ਅਤੇ ਜਿਵੇਂ-ਤਿਵੇਂ ਸੜਕ ’ਤੇ ਲੈ ਆਇਆ ਪਰ ਉਸ ਵੱਲੋਂ ਬੁਲਾਏ ਜਾਣ ’ਤੇ ਵੀ ਕੋਈ ਉਸਦੇ ਪੁੱਤਰ ਨੂੰ ਹਸਪਤਾਲ ਲਿਜਾਣ ਵਾਸਤੇ ਸਹਾਇਤਾ ਕਰਨ ਲਈ ਅੱਗੇ ਨਹੀਂ ਆਇਆ। ਆਖਰ ਉਸਨੇ ਫੋਨ ਕਰਕੇ ਆਪਣੇ ਨਜ਼ਦੀਕੀਆਂ ਨੂੰ ਸੂਚਿਤ ਕੀਤਾ ਜਿਹਨਾਂ ਆ ਕੇ ਸਰਬਣ ਕੁਮਾਰ ਨੂੰ ਹਸਪਤਾਲ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਸਰਬਣ ਕੁਮਾਰ (19) ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪਿਓ ਸਾਹਮਣੇ ਦਿਨ-ਦਿਨ ਦਿਹੜੇ ਪੁੱਤਰ ਦਾ ਕਤਲ
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਦਿਨ-ਦਿਹਾੜੇ ਉਸਦੇ ਪੁੱਤਰ ਦੀ ਹੱਤਿਆ ਕਰ ਦਿੱਤੀ ਗਈ ਜੋ ਮਨਿਆਰੀ ਦੀ ਰੇਹੜੀ ਲਗਾ ਕੇ ਘਰ ਦੀ ਕਬੀਲਦਾਰੀ ਨੂੰ ਤੋਰਨ ’ਚ ਉਸਦੀ ਮੱਦਦ ਕਰਦਾ ਸੀ। ਸੂਚਨਾ ਮਿਲਣ ’ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਹੈ। ਥਾਣਾ ਦੁੱਗਰੀ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਪ੍ਰੇਮ ਪਾਸਵਾਨ ਵਾਸੀ ਪੀਰ ਬਾਬਾ ਵਾਲੀ ਗਲੀ ਦੁੱਗਰੀ ਦੇ ਬਿਆਨਾਂ ’ਤੇ ਨਿੱਕਾ ਤੇ ਕੇਸ਼ਵ ਵਾਸੀ ਪਿੰਡ ਦੁੱਗਰੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ’ਚ ਸੀਸੀਟੀਵੀ ਫੁਟੇਜ ਦੀ ਮੱਦਦ ਨਾਲ ਹਤਿਆਰਿਆਂ ਦੀ ਪਛਾਣ ਹੋ ਗਈ ਹੈ ਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।