ਮਾਸਕ ਹੈ, ਰਾਣੀ ਹਾਰ ਨਹੀਂ!
ਕੋਰੋਨਾ ਨੇ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਇਸ ਦਾ ਭਿਆਨਕ ਰੂਪ ਦਿਨੋਂ-ਦਿਨ ਵਧਦਾ ਨਜ਼ਰ ਆ ਰਿਹਾ ਹੈ, ਕੋਰੋਨਾ ਮਹਾਂਮਾਰੀ ਵਿੱਚ ਰੋਜ਼ਾਨਾ ਜ਼ਿੰਦਗੀ ਤੇ ਇਸ ਭਿਆਨਕ ਵਾਇਰਸ ਦਾ ਅਸਰ ਸ਼ਬਦਾਂ ਵਿੱਚ ਬਿਆਨ ਕਰਨਾ ਹੁਣ ਮੁਸ਼ਕਿਲ ਜਿਹਾ ਜਾਪਦਾ ਹੈ, ਸ਼ਾਇਦ ਹੀ ਕੋਈ ਦੇਸ਼ ਹੋਵੇ ਜੋ ਇਸ ਬਿਮਾਰੀ ਤੋਂ ਅਛੂਤਾ ਰਿਹਾ ਹੋਵੇ। ਇਸ ਕੋਵਿਡ-19 ਦੇ ਰੋਜ਼ਾਨਾ ਸੈਂਕੜੇ ਮਾਮਲੇ ਸਾਹਮਣੇ ਆਉਣਾ ਅਤੇ ਹਰ ਦਿਨ ਮੌਤਾਂ ਦੇ ਅੰਕੜੇ ਵਧਣਾ ਕਿਸੇ ਵੱਡੇ ਖਤਰੇ ਤੋਂ ਘੱਟ ਨਹੀਂ।
ਕਰਫਿਊ ਤੇ ਲੌਕਡਾਊਨ ਦੇ ਦਿਨਾਂ ਵਿੱਚ ਡਰਦਾ ਕੋਈ ਘਰੋਂ ਬਾਹਰ ਨਹੀਂ ਸੀ ਨਿੱਕਲਦਾ ਅਤੇ ਕੋਰੋਨਾ ਦਾ ਡਰ ਹਰ ਕਿਸੇ ਦੇ ਅੰਦਰ ਘਰ ਕਰ ਗਿਆ ਸੀ, ਪਰ ਲੋਕਾਂ ਦੀਆਂ ਮੁਸ਼ਕਲਾਂ ਅਤੇ ਖਾਸ ਕਰ ਮੱਧ ਵਰਗ ਨਾਲ ਸਬੰਧਤ ਲੋਕਾਂ ਦਾ ਹਾਲ ਦੇਖ ਕੇ ਸਰਕਾਰਾਂ ਨੂੰ ਢਿੱਲ ਦੇਣੀ ਹੀ ਪਈ, ਪਰ ਉਨ੍ਹਾਂ ਦਿਨਾਂ ਤੋਂ ਫਰੰਟ ਲਾਈਨ ‘ਤੇ ਕੋਰੋਨਾ ਯੋਧੇ ਆਪਣੀ ਜਾਨ ਤਲੀ ‘ਤੇ ਰੱਖ ਕੇ ਦਿਨ-ਰਾਤ ਸੇਵਾਵਾਂ ਨਿਭਾ ਰਹੇ ਹਨ ਇਸ ਮਹਾਂਮਾਰੀ ਦੀ ਰੋਕਥਾਮ ਅਤੇ ਕੰਟਰੋਲ ਲਈ ਸਰਕਾਰਾਂ ਹਰ ਸੰਭਵ ਉਪਰਾਲਾ ਕਰਦੀਆਂ ਨਜ਼ਰ ਆ ਰਹੀਆਂ ਹਨ।
ਇਸ ਵਾਇਰਸ ਨੂੰ ਅੱਗੇ ਵਧਣ ਤੋਂ ਰੋਕਣ ਲਈ ਜਨਤਾ ਨੂੰ ਸੁਚੇਤ ਕਰਨ ਅਤੇ ਜਾਰੀ ਐਡਵਾਇਜ਼ਰੀਆਂ ਦੀ ਪਾਲਣਾ ਕਰਨ ਦੀ ਗੱਲ ਘਰ-ਘਰ ਪਹੁੰਚਾਉਣ ਲਈ ਲੋਕ ਸੰਪਰਕ ਵਿਭਾਗ ਅਤੇ ਸਿਹਤ ਵਿਭਾਗ ਦੀ ਮਾਸ ਮੀਡੀਆ ਸ਼ਾਖਾ ਨੇ ਅਹਿਮ ਭੂਮਿਕਾ ਨਿਭਾਈ ਹੈ। ਕੋਰੋਨਾ ‘ਤੇ ਕਾਬੂ ਪਾਉਣ ਲਈ ਮੈਡੀਕਲ, ਪੈਰਾ-ਮੈਡੀਕਲ ਸਟਾਫ, ਪੁਲਿਸ ਕਰਮਚਾਰੀ, ਪੱਤਰਕਾਰ ਅਤੇ ਸਫਾਈ ਸੇਵਕ ਸਮਾਜਿਕ ਦੂਰੀ ਬਣਾ ਕੇ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਮੂੰਹ ਤੇ ਨੱਕ ਕਿਸੇ ਕੱਪੜੇ ਜਾਂ ਮਾਸਕ ਨਾਲ ਢੱਕ ਕੇ ਰੱਖਣ ਦੀ ਦੁਹਾਈ ਦੇ ਰਹੇ ਹਨ, ਪਰ ਅਜੇ ਵੀ ਸਾਡੇ ਵੱਲੋਂ ਅਣਗਹਿਲੀ ਵਰਤਣਾ ਸ਼ਰਮਨਾਕ ਗੱਲ ਹੈ ਅਜੇ ਜ਼ਿਆਦਾਤਰ ਲੋਕਾਂ ਨੂੰ ਇਹ ਮਹਾਂਮਾਰੀ ਕੋਈ ਮੁਸੀਬਤ ਨਹੀਂ ਸਗੋਂ ਰਾਜਨੀਤਕ ਖੇਡ ਜਾਂ ਸਰਕਾਰਾਂ ਦੀ ਕੋਈ ਚਾਲ-ਚਲਾਕੀ ਲੱਗ ਰਹੀ ਹੈ,
ਜੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਸਨੂੰ ਅਣਗੌਲਿਆਂ ਕਰਕੇ ਸਰਕਾਰਾਂ ਵੱਲੋਂ ਜਾਰੀ ਹਦਾਇਤਾਂ ਨੂੰ ਅਣਦੇਖਿਆ-ਅਣਸੁਣਿਆ ਕਰ ਰਹੇ ਹਨ ਅਤੇ ਮਾਸਕ ਨਾਲ ਮੂੰਹ ਤੇ ਨੱਕ ਢੱਕਣ ਦੀ ਬਜਾਏ ਇਸਨੂੰ ਰਾਣੀ ਹਾਰ ਸਮਝ ਗਲੇ ਵਿੱਚ ਲਟਕਾ ਕੇ ਘੁੰਮਣਾ ਆਪਣੀ ਸ਼ਾਨ ਸਮਝ ਰਹੇ ਹਨ, ਪਰ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਮਾਸਕ ਹੈ, ਰਾਣੀ ਹਾਰ ਨਹੀਂ। ਜਦਕਿ ਅੱਜ ਲੋੜ ਹੈ ਗੰਭੀਰਤਾ ਦਿਖਾਉਣ ਦੀ, ਜਾਗਰੂਕ ਹੋਣ ਦੀ ਤੇ ਦੂਸਰਿਆਂ ਨੂੰ ਸੁਚੇਤ ਕਰਨ ਦੀ ਤਾਂ ਜੋ ਇਸ ਕੋਵਿਡ-19 ‘ਤੇ ਕਾਬੂ ਪਾਇਆ ਜਾ ਸਕੇ, ਇਹ ਬਿਮਾਰੀ ਛੂਤ ਦੀ ਬਿਮਾਰੀ ਹੈ ਜੋ ਲਾਗ ਨਾਲ ਅੱਗੇ ਦੀ ਅੱਗੇ ਫੈਲਦੀ ਜਾ ਰਹੀ ਹੈ।
ਇਸ ਲਈ ਘਰੋਂ ਕੋਈ ਜਰੂਰੀ ਕੰਮ ਹੋਣ ‘ਤੇ ਹੀ ਬਾਹਰ ਜਾਓ ਤੇ ਬਾਹਰ ਜਾਣ ਲੱਗਿਆਂ ਸਾਵਧਾਨੀਆਂ ਵਰਤਣਾ ਨਾ ਭੁੱਲੋ ਸਗੋਂ ਇਨ੍ਹਾਂ ਹਦਾਇਤਾਂ ਨੂੰ ਆਪਣੀਆਂ ਰੋਜ਼ਾਨਾ ਆਦਤਾਂ ਵਿੱਚ ਸ਼ਾਮਿਲ ਕਰ ਲਓ।ਚੀਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਹੁਣ ਸਾਡੇ ਪਿੰਡਾਂ, ਸ਼ਹਿਰਾਂ ਅਤੇ ਸਾਡੇ ਮੁਹੱਲਿਆਂ ਤੱਕ ਤਾਂ ਪਹੁੰਚ ਗਿਆ ਹੈ ਤੇ ਹੁਣ ਕਿਤੇ ਇਹ ਵਾਇਰਸ ਸਾਡੇ ਘਰ ਦਸਤਕ ਨਾ ਦੇ ਦੇਵੇ, ਇਸ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਗਲਤ ਧਾਰਨਾਵਾਂ ਅੱਗੇ ਸਾਂਝਾ ਕਰਨ ਦੀ ਬਜਾਏ ਉਨ੍ਹਾਂ ਦਾ ਖੰਡਨ ਕਰੋ, ਸਿਆਣਪ ਵਰਤਦਿਆਂ ਸਰਕਾਰਾਂ ਦਾ ਸਹਿਯੋਗ ਦਿਓ ਤੇ ਕੋਰੋਨਾ ਯੋਧਿਆਂ ਦੀ ਟੀਮ ਵਿੱਚ ਖੁਦ ਨੂੰ ਵੀ ਸ਼ਾਮਲ ਕਰ ਲਓ ਤਾਂ ਜੋ ਇਸ ਕੋਰੋਨਾ ਝੰਜਟ ਤੋਂ ਅਸੀਂ ਸਾਰੇ ਜਲਦ ਤੋਂ ਜਲਦ ਛੁਟਕਾਰਾ ਪਾਉਣ ਵਿੱਚ ਫਤਹਿ ਹਾਸਲ ਕਰ ਸਕੀਏ।
ਮੀਡੀਆ ਇੰਚਾਰਜ ਕੋਵਿਡ-19,
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਫਰੀਦਕੋਟ ਮੋ. 98146-56257
ਡਾ. ਪ੍ਰਭਦੀਪ ਸਿੰਘ ਚਾਵਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.