ਮੇਰੇ ’ਤੇ ਲੋਕਾਂ ਦੀ ਮੁਹੱਬਤ ਦਾ ‘ਪਾਗਲਪਣ’ ਸਵਾਰ : ਮੁੱਖ ਮੰਤਰੀ ਭਗਵੰਤ ਮਾਨ

CM Bhagwant Mann

ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਦਿੱਤਾ ਜਵਾਬ 

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਟਿੱਪਣੀ ਦਾ ਜਵਾਬ ਦਿੰਦਿਆਂ ਕਿਹਾ ਕਿ ਬਿਨਾਂ ਸ਼ੱਕ ਉਨਾਂ ਉਪਰ ਪੰਜਾਬ ਦੇ ਵਿਕਾਸ ਦਾ ਪਾਗਲਪਣ ਸਵਾਰ ਹੈ ਕਿਉਂਕਿ ਉਹ ਦਿਨ-ਰਾਤ ਪੰਜਾਬ ਵਾਸੀਆਂ ਦੀ ਸੇਵਾ ਵਿਚ ਜੁਟੇ ਹੋਏ ਹਨ ਅਤੇ ਆਪਣੇ ਜਾਂ ਪਰਿਵਾਰ ਦੇ ਨਿੱਜੀ ਮੁਫਾਦਾਂ ਦੀ ਖਾਤਰ ਕੰਮ ਨਹੀਂ ਕਰਦੇ।

ਮੁੱਖ ਮੰਤਰੀ ਨੇ ਵਿਅੰਗ ਕੱਸਦਿਆਂ ਕਿਹਾ ਕਿ ਸੁਖਬੀਰ ਬਾਦਲ ਤੇ ਉਸ ਦੇ ਪਰਿਵਾਰ ਦੇ ਦੋਗਲੇ ਕਿਰਦਾਰ ਅਤੇ ਪੰਜਾਬ ਤੇ ਪੰਜਾਬੀਆਂ ਵਿਰੁੱਧ ਕੀਤੇ ਗੁਨਾਹਾਂ ਬਾਰੇ ਹਰ ਕੋਈ ਭਲੀ-ਭਾਂਤ ਜਾਣਦਾ ਹੈ। ਭਗਵੰਤ ਮਾਨ ਨੇ ਕਿਹਾ, ਮੈਨੂੰ ਦੂਜੇ ਸੂਬੇ ਅਤੇ ਵਿਦੇਸ਼ਾਂ ਵਿੱਚੋਂ ਪੜ੍ਹੇ ਹੋਏ ਸੁਖਬੀਰ ਬਾਦਲ ਦੀ ਹਾਲਤ ’ਤੇ ਤਰਸ ਆਉਂਦਾ ਹੈ ਜਿਸ ਨੂੰ ਇਤਿਹਾਸਕ ਅਤੇ ਭੂਗੋਲਿਕ ਤੌਰ ’ਤੇ ਸੂਬੇ ਬਾਰੇ ਭੋਰਾ ਵੀ ਸਮਝ ਨਹੀਂ ਹੈ।

ਇਹ ਵੀ ਪੜ੍ਹੋ : ਸਰਸਾ ’ਚ ਅਮਿਤ ਸ਼ਾਹ ਦੀ ਰੈਲੀ ਨੂੰ ਲੈ ਕੇ ਪ੍ਰਸ਼ਾਸ਼ਨ ਹੋਇਆ ਪੱਬਾ ਭਾਰ

ਸੁਖਬੀਰ ਦੀ ਤੁੱਛ ਬੁੱਧੀ ਦਾ ਅੰਦਾਜ਼ਾ ਤਾਂ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੂੰ ਸੂਬੇ ਦੀ ਸੇਵਾ ਕਰ ਚੁੱਕੇ ਮੁੱਖ ਮੰਤਰੀਆਂ ਦੇ ਨਾਂਅ ਤੱਕ ਵੀ ਨਹੀਂ ਪਤਾ। ਮੁੱਖ ਮੰਤਰੀ (CM Bhagwant Mann) ਨੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ, ਤੁਹਾਡੇ ਹਿਸਾਬ ਨਾਲ ਤਾਂ ਮੈਂ ਪਾਗਲ ਹਾਂ ਕਿਉਂਕਿ ਮੈਂ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਨਹੀਂ ਬਣਾਉਂਦਾ, ਮੈਂ ਨਸ਼ੇ ਦੇ ਸੌਦਾਗਰਾਂ ਦੀ ਪੁਸ਼ਤਪਨਾਹੀ ਨਹੀਂ ਕਰਦਾ, ਸੂਬੇ ਵਿਚ ਲੱਗਣ ਵਾਲੇ ਉਦਯੋਗ ਵਿੱਚ ਹਿੱਸਾ ਨਹੀਂ ਮੰਗਦਾ, ਮਾਫੀਏ ਨੂੰ ਸਿਰ ਨਹੀਂ ਚੁੱਕਣ ਦਿੰਦਾ ਅਤੇ ਸੂਬੇ ਨੂੰ ਲੀਹੋਂ ਲਾਹੁਣ ਵਾਲੇ ਘਿਨੌਣੇ ਮਨਸੂਬਿਆਂ ਦਾ ਭਾਈਵਾਲ ਨਹੀਂ ਬਣਦਾ।

ਮੇਰੇ ਉੱਤੇ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਲੋਕਾਂ ਨੂੰ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕ ਖੋਲ੍ਹਣ ਅਤੇ ਲੋਕਾਂ ਦੀ ਭਲਾਈ ਕਰਨ ਦਾ ਪਾਗਲਪਣ ਸਵਾਰ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਪਿਛਲੇ ਸੱਤਾਧਾਰੀਆਂ ਵਾਂਗ ਗੈਰ-ਕਾਨੂੰਨੀ ਢੰਗ ਨਾਲ ਪੈਸਾ ਨਹੀਂ ਕਮਾਉਂਦੇ ਸਗੋਂ ਉਨ੍ਹਾਂ ਉੱਪਰ ਸਮਰਪਿਤ ਭਾਵਨਾ ਨਾਲ ਸੂਬੇ ਦੀ ਸੇਵਾ ਕਰਨ ਦਾ ਜਨੂੰਨ ਸਵਾਰ ਹੈ। ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਕਿਹਾ, ਤੁਹਾਨੂੰ ਤੇ ਤੁਹਾਡੇ ਕੁਨਬੇ ਦੇ ਬਾਕੀ ਮੈਂਬਰਾਂ ਨੂੰ ਤਾਂ ਤੁਹਾਡੇ ਪਿਤਾ ਕਰਕੇ ਕੁਰਸੀਆਂ ਨਸੀਬ ਹੋਈਆਂ ਹਨ ਜਦਕਿ ਮੈਂ ਲੋਕਾਂ ਦੇ ਭਰੋਸੇ ਤੇ ਪਿਆਰ ਸਦਕਾ ਸੂਬੇ ਦੀ ਸੇਵਾ ਨਿਭਾਅ ਰਿਹਾ ਹਾਂ।

LEAVE A REPLY

Please enter your comment!
Please enter your name here