ਝੂਠ ਜਿਨ੍ਹਾਂ ਦੇ ਹੱਡੀਂ ਰਚਿਆ

ਝੂਠ ਜਿਨ੍ਹਾਂ ਦੇ ਹੱਡੀਂ ਰਚਿਆ

ਜੀਵਨ ਵਿਚ ਸਫਲਤਾ, ਉੱਚ-ਪੱਧਰੀ ਰਹਿਣ-ਸਹਿਣ ਤੇ ਕਾਫੀ ਧਨ-ਦੌਲਤ ਦੀ ਇੱਛਾ ਜ਼ਿਆਦਾਤਰ ਲੋਕਾਂ ਦੀ ਹੁੰਦੀ ਹੈ। ਪਰਮਾਤਮਾ ਵੱਲੋਂ ਹਰ ਵਿਅਕਤੀ ਨੂੰ ਕੁਝ ਅਜਿਹੇ ਗੁਣਾਂ ਨਾਲ ਨਿਵਾਜਿਆ ਗਿਆ ਹੈ ਜਿਨ੍ਹਾਂ ਦੀ ਵਰਤੋਂ ਕਰਦਾ ਹੋਇਆ ਉਹ ਆਪਣੀਆਂ ਇੱਛਾਵਾਂ ਦੀ ਪੂਰਤੀ ਕਰਕੇ, ਸਫਲਤਾ ਦੇ ਫੁੱਲਾਂ ਦੀ ਖੁਸ਼ਬੂ ਲੈਂਦਾ ਹੋਇਆ ਆਪਣੀ ਸ਼ਖਸੀਅਤ ਨੂੰ ਨਿਖਾਰੇ ਤੇ ਸਮਾਜ ਵਿਚ ਹਰਮਨਪਿਆਰਾ ਬਣ ਕੇ ਜੀਵਨ ਦਾ ਆਨੰਦ ਮਾਣ ਸਕੇ।

ਜੋ ਲੋਕ ਇਨ੍ਹਾਂ ਗੁਣਾਂ ਦੀ ਵਰਤੋਂ ਲਗਨ ਤੇ ਮਿਹਨਤ ਨਾਲ ਕਰਨ ਲੱਗੇ ਉਹ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਹੋਏ ਆਪਣੀਆਂ ਮੰਜ਼ਿਲਾਂ ਪ੍ਰਾਪਤ ਕਰਨ ਲੱਗੇ। ਜ਼ਿਆਦਾਤਰ ਲੋਕ ਇਸ ਮਾਮਲੇ ਵਿਚ ਅਸਫਲ ਹੋ ਗਏ ਕਿਉਂਕਿ ਉਹ, ਇਹ ਪ੍ਰਾਪਤੀਆਂ ਰਾਤੋ-ਰਾਤ ਕਰਨ ਲਈ ਬੇਸਬਰੀ ਨਾਲ ਇੱਧਰ-ਉੱਧਰ ਦੌੜਨ ਵਿਚ ਹੀ ਸਮਾਂ ਗੁਆ ਬੈਠੇ ਤੇ ਉਚਿਤ ਰਾਹ ’ਤੇ ਚੱਲਣ ਦੀ ਬਜਾਏ ਮੰਜ਼ਿਲ ਪ੍ਰਾਪਤੀ ਦੇ ਖੁਆਬਾਂ ਵਿਚ ਹੀ ਗੁਆਚ ਗਏ ਅਤੇ ਸਭ ਤੋਂ ਜ਼ਰੂਰੀ ਚੱਲਣਾ ਹੀ ਭੁੱਲ ਗਏ।

ਕੁਝ ਅਜਿਹੇ ਵੀ ਸਨ ਜੋ ਮਿਹਨਤ ਦੇ ਧਾਗੇ ਹੀ ਕਮਜ਼ੋਰ ਚੁਣ ਬੈਠੇ ਤੇ ਸਾਰਾ ਸਮਾਂ ਇਨ੍ਹਾਂ ਦੀਆਂ ਗੰਢਾਂ ਮਾਰਨ ਵਿਚ ਹੀ ਗੁਆ ਬੈਠੇ ਜਿਸ ਕਾਰਨ ਦੂਜਿਆਂ ਨਾਲੋਂ ਪੱਛੜ ਗਏ। ਇਸ ਦੇ ਸਿੱਟੇ ਵਜੋਂ ਚਿੰਤਾ ਅਤੇ ਨਿਰਾਸ਼ਾ ਦੀਆਂ ਲਕੀਰਾਂ ਉਨ੍ਹਾਂ ਦੇ ਚਿਹਰਿਆਂ ’ਤੇ ਆਪਣੀ ਹੋਂਦ ਪ੍ਰਗਟਾਉਣ ਲੱਗੀਆਂ। ਆਪਣੀਆਂ ਅਸਫਲਤਾਵਾਂ ਦਾ ਚਿੰਤਨ ਕਰਨ ਤੇ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਮੁੜ ਲਗਨ ਨਾਲ ਮਿਹਨਤ ਕਰਦੇ ਹੋਏ ਅੱਗੇ ਵਧਣ ਦੀ ਥਾਂ ਇਨ੍ਹਾਂ ਨੇ ਆਪਣੀਆਂ ਖਾਹਿਸ਼ੀ ਉਪਲੱਬਧੀਆਂ ਪ੍ਰਾਪਤ ਕਰਨ ਤੇ ਆਪਣੇ-ਆਪ ਨੂੰ ਦੂਸਰਿਆਂ ਤੋਂ ਅੱਗੇ ਵਧਾਉਣ ਲਈ ਛਲ, ਕਪਟ ਤੇ ਹੋਰ ਅਨੈਤਿਕ ਤਰੀਕਿਆਂ ਦੀ ਵਰਤੋਂ ਕਰਨਾ ਬਿਹਤਰ ਸਮਝਿਆ। ਇੱਥੋਂ ਜਨਮ ਹੋਇਆ ਝੂਠ ਤੇ ਝੂਠ ਬੋਲਣ ਵਾਲਿਆਂ ਦਾ।

ਹੌਲੀ-ਹੌਲੀ ਝੂਠ ਦਾ ਇਹ ਸਿਧਾਂਤ ਆਪਣਾ ਰੰਗ ਵਿਖਾਉਣ ਲੱਗਾ। ਝੂਠ ਅਤੇ ਹੋਰ ਅਨੈਤਿਕ ਤਰੀਕਿਆਂ ਦੀ ਵਰਤੋਂ ਨਾਲ ਲੋਕ ਅੱਗੇ ਵਧਣ ਤੇ ਬੁਲੰਦੀਆਂ ਹਾਸਲ ਕਰਨ ਲੱਗ ਪਏ। ਝੂਠ-ਸੱਚ ਦੀ ਜੰਗ ਵਿਚ ਵੀ ਝੂਠੇ ਜਿੱਤਣ ਲੱਗੇ। ਸੱਚ ਦੇ ਅਸੂਲਾਂ ’ਤੇ ਚੱਲਣ ਵਾਲੇ ਲੋਕ ਹਰ ਪਾਸੇ ਤੋਂ ਧੋਖਾ ਖਾਂਦੇ ਹੋਏ ਆਪਣੇ ਟੀਚਿਆਂ ਤੋਂ ਪੱਛੜਨ ਕਾਰਨ ਨਿਰਾਸ਼ਾ ਦੇ ਸਾਏ ਹੇਠ ਰਹਿਣ ਨੂੰ ਮਜਬੂਰ ਹੋ ਗਏ। ਹੌਲੀ-ਹੌਲੀ ਝੂਠ ਬੋਲਣ ਵਾਲਿਆਂ ਦਾ ਹੌਂਸਲਾ ਵਧਦਾ ਗਿਆ। ਝੂਠ ਤੇ ਹੋਰ ਅਨੈਤਿਕ ਤਰੀਕਿਆਂ ਦੀ ਵਰਤੋਂ ਕਰਕੇ ਅੱਗੇ ਵਧਣਾ ਉਨ੍ਹਾਂ ਦੀ ਆਦਤ ਬਣ ਗਈ ਅਰਥਾਤ ਝੂਠ ਉਨ੍ਹਾਂ ਦੇ ਜੀਵਨ ਦਾ ਹਿੱਸਾ ਬਣ ਗਿਆ।

ਵੇਖਣ ਨੂੰ ਸਮਾਜ ਵਿਚ ਇਹ ਲੱਗਦਾ ਹੈ ਕਿ ਅਜਿਹੇ ਲੋਕ ਬਹੁਤ ਵਧੀਆ ਜ਼ਿੰਦਗੀ ਬਤੀਤ ਕਰਦੇ ਹਨ ਪਰ ਜੇਕਰ ਗਹੁ ਨਾਲ ਵਿਚਾਰਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਝੂਠ ਦੇ ਸਾਏ ਵਿਚ ਰਹਿਣ ਵਾਲੇ ਇਹ ਲੋਕ ਕਦੇ ਵੀ ਚੈਨ ਦੀ ਨੀਂਦ ਨਹੀਂ ਸੌਂਦੇ ਤੇ ਉਨ੍ਹਾਂ ਦਾ ਮਨ ਸਦਾ ਅਸ਼ਾਂਤ ਰਹਿੰਦਾ ਹੈ ਕਿਉਂਕਿ ਉਨ੍ਹਾਂ ਨੂੰ ਸਦਾ ਝੂਠ ਤੇ ਵਰਤੇ ਗਏ ਅਨੈਤਿਕ ਤਰੀਕਿਆਂ ਦੇ ਫੜੇ ਜਾਣ ਦੀ ਚਿੰਤਾ ਸਤਾਈ ਰੱਖਦੀ ਹੈ। ਇਸ ਲਈ ਇਸ ਨੂੰ ਛਿਪਾਉਣ ਲਈ ਉਹ ਅੱਗੋਂ ਹੋਰ ਝੂਠ ’ਤੇ ਝੂਠ ਬੋਲੀ ਜਾਂਦੇ ਹਨ। ਇਨ੍ਹਾਂ ਉਲਝਣਾਂ ਵਿਚ ਫਸੇ ਰਹਿਣ ਕਾਰਨ ਅੱਗੋਂ ਉਨ੍ਹਾਂ ਦਾ ਵਿਕਾਸ ਰੁਕ ਜਾਂਦਾ ਹੈ। ਅਜਿਹੇ ਲੋਕਾਂ ਨੂੰ ਕਈ ਵਾਰ ਸਮਾਜ ਵਿਚ ਨਮੋਸ਼ੀ ਵੀ ਝੱਲਣੀ ਪੈਂਦੀ ਹੈ ਕਿਉਂਕਿ ਇਨ੍ਹਾਂ ਲੋਕਾਂ ਨੂੰ ਵੱਖ-ਵੱਖ ਥਾਵਾਂ ’ਤੇ ਬੋਲੇ ਝੂਠ ਨੂੰ ਯਾਦ ਰੱਖਣਾ ਪੈਂਦਾ ਹੈ।

ਝੂਠੇ ਲੋਕਾਂ ਨੂੰ ਆਪਣੀ ਪ੍ਰਤਿਭਾ ਤੇ ਕਾਰਜ-ਸਮਰੱਥਾ ’ਤੇ ਵਿਸ਼ਵਾਸ ਨਹੀਂ ਹੁੰਦਾ ਤੇ ਨਾ ਹੀ ਉਨ੍ਹਾਂ ਦੀ ਸ਼ਖਸੀਅਤ ਪ੍ਰਭਾਵਸ਼ਾਲੀ ਹੁੰਦੀ ਹੈ। ਕਿਉਂਕਿ ਝੂਠ ਬੋਲਣ ਦੀ ਇਹ ਆਦਤ ਉਨ੍ਹਾਂ ਨੂੰ ਕਾਲੀ ਦੀਵਾਰ ਦੀ ਤਰ੍ਹਾਂ ਚਾਰੇ ਪਾਸਿਆਂ ਤੋਂ ਘੇਰ ਲੈਂਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਝੂਠ ਬੋਲਦੇ ਹੋਏ ਦੂਜਿਆਂ ਨੂੰ ਬੇਵਕੂਫ ਬਣਾਉਣ ਤੋਂ ਬਿਨਾਂ ਹੋਰ ਕੁਝ ਨਹੀਂ ਸੁੱਝਦਾ। ਜਿਸ ਤਰ੍ਹਾਂ ਉੱਬਲਦੇ ਪਾਣੀ ਵਿਚ ਅਸੀਂ ਆਪਣਾ ਪ੍ਰਤੀਬਿੰਬ ਸਪੱਸ਼ਟ ਨਹੀਂ ਵੇਖ ਸਕਦੇ ਉਸੇ ਤਰ੍ਹਾਂ ਝੂਠ ਤੇ ਅਨੈਤਿਕ ਕੰਮਾਂ ਨਾਲ ਗਹਿਗੱਚ ਅਜਿਹੇ ਵਿਅਕਤੀ ਆਪਣੀ ਖੁਦ ਦੀ ਆਤਮਾ ਵੀ ਨਹੀਂ ਵੇਖ ਸਕਦੇ ਜਿਸ ਕਾਰਨ ਇਨ੍ਹਾਂ ਨੂੰ ਆਪਣੇ ਤੇ ਪਰਾਏ ਵਿਚ ਕੋਈ ਫਰਕ ਨਹੀਂ ਦਿਸਦਾ।

ਆਪਣੇ ਮਨ-ਜ਼ਾਲਮ ਦੀ ਵਜ੍ਹਾ ਕਰਕੇ ਇਹ ਲੋਕ ਦਿਸਦੇ ਕੁਝ ਹੋਰ ਨੇ ਤੇ ਕਰਦੇ ਕੁਝ ਹੋਰ ਨੇ ਜਿਸ ਕਰਕੇ ਇਨ੍ਹਾਂ ਦੇ ਬੁਰੇ ਵਿਚਾਰਾਂ ਦੇ ਦੁਸ਼ ਪ੍ਰਭਾਵ ਇਨ੍ਹਾਂ ਨੂੰ ਹੋਰ ਬੁਰੇ ਕੰਮ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਕੇਵਲ ਦੂਜਿਆਂ ਨੂੰ ਨਫਰਤ ਕਰਨ ਤੇ ਧੋਖਾ ਦੇਣ ਤੋਂ ਬਿਨਾਂ ਇਹ ਕੁਝ ਹੋਰ ਸੋਚ ਵੀ ਨਹੀਂ ਸਕਦੇ। ਝੂਠ ਤੋਂ ਪ੍ਰੇਰਿਤ ਇਨ੍ਹਾਂ ਦੇ ਸ਼ਬਦ ਰਿਸ਼ਤਿਆਂ ਤੇ ਸਮਾਜ ਵਿਚ ਕੇਵਲ ਜ਼ਹਿਰ ਘੋਲਣ ਦਾ ਕੰਮ ਹੀ ਕਰਦੇ ਹਨ ਤੇ ਤਬਾਹਕੁੰਨ ਬਣ ਕੇ ਸਮਾਜ ਨੂੰ ਤੋੜਦੇ ਹਨ। ਅਜਿਹੇ ਲੋਕਾਂ ਕਰਕੇ ਹੀ ਅਕਸਰ ਆਪਸੀ ਨਜ਼ਦੀਕੀ ਰਿਸ਼ਤਿਆਂ ਵਿਚ ਵੀ ਕੰਗਿਆਰੀ ਜੰਮ ਜਾਂਦੀ ਹੈ।

ਜਿਸ ਤਰ੍ਹਾਂ ਬੱਦਲ ਅਸਮਾਨ ਵਿਚ ਚਮਕਦੇ ਸਿਤਾਰਿਆਂ ਨੂੰ ਢੱਕ ਲੈਂਦੇ ਹਨ ਅਤੇ ਰੌਸ਼ਨੀ ਦਾ ਪਤਾ ਨਹੀਂ ਲੱਗਣ ਦਿੰਦੇ ਉਸੇ ਤਰ੍ਹਾਂ ਅਜਿਹੇ ਝੂਠੇ ਲੋਕਾਂ ਦੇ ਵਿਚਾਰ ਤੇ ਵਿਵਹਾਰ ਕਈ ਵਾਰ ਸੱਚ ਨੂੰ ਮਾਤ ਪਾ ਜਾਂਦੇ ਹਨ ਅਤੇ ਬਹੁਤ ਝੂਠੇ ਲੋਕ ਇਕੱਠੇ ਹੋ ਜਾਣ ਤਾਂ ਆਪਣੇ ਝੂਠ ਨੂੰ ਵੀ ਸੱਚ ਬਣਾ ਕੇ ਪੇਸ਼ ਕਰ ਜਾਂਦੇ ਹਨ ਪਰ ਜਦੋਂ ਸੱਚ ਇਨ੍ਹਾਂ ਦੇ ਸਾਹਮਣੇ ਦੀਵਾਰ ਬਣ ਕੇ ਖੜ੍ਹਾ ਹੋ ਕੇ ਇਨ੍ਹਾਂ ਦੇ ਮਖੌਟਿਆਂ ਨੂੰ ਜੱਗ ਜ਼ਾਹਿਰ ਕਰਦਾ ਹੈ ਤਾਂ ਇਨ੍ਹਾਂ ਦਾ ਖੋਖਲਾਪਣ ਇਨ੍ਹਾਂ ਦੇ ਚਿਹਰਿਆਂ ’ਤੇ ਸਾਫ ਦਿਖਾਈ ਦਿੰਦਾ ਹੈ। ਜਦੋਂ ਸਮਾਜ ਦਾ ਦਰਪਣ ਇਨ੍ਹਾਂ ਦੇ ਚਿਹਰਿਆਂ ਦੇ ਦਾਗ, ਇਨ੍ਹਾਂ ਨੂੰ ਗੱਪੀ, ਸ਼ਬਦ-ਵਿਹੂਣੇ ਤੇ ਢੋਂਗੀ ਕਹਿ ਕੇ ਵਿਖਾਉਂਦਾ ਹੈ ਤਾਂ ਲੋਕਾਂ ਦੇ ਦਿਲਾਂ ਵਿਚੋਂ ਹੀ ਲਹਿ ਜਾਂਦੇ ਹਨ ਤੇ ਫਿਰ ਸਾਹਮਣੇ ਖੜ੍ਹੇ ਰਹਿਣ ’ਤੇ ਵੀ ਨਹੀਂ ਦਿਸਦੇ।

ਝੂਠ ਬੋਲਣ ਵਾਲਿਆਂ ਦੇ ਜੀਵਨ ਦੀਆਂ ਕਿਆਰੀਆਂ ਵਿਚ ਕਦੇ ਵੀ ਸੁਗੰਧਿਤ ਫੁੱਲ ਨਹੀਂ ਖਿੜਦੇ ਕਿਉਂਕਿ ਅਜਿਹੇ ਲੋਕ ਕਦੇ ਵੀ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਖਹਿ ਕੇ ਨਹੀਂ ਲੰਘੇ ਹੁੰਦੇ ਤੇ ਨਾ ਹੀ ਝੱਖੜਾਂ-ਹਨੇ੍ਹਰੀਆਂ ਦੌਰਾਨ ਚੌਰਾਹਿਆਂ ਵਿਚ ਦੀਵਾ ਬਾਲਣ ਦਾ ਹੌਂਸਲਾ ਕੀਤਾ ਹੁੰਦਾ ਹੈ। ਇਹ ਲੋਕ ਤਾਂ ਆਪਣੇ ਹਿੱਸੇ ਆਉਂਦੇ ਕੁਦਰਤ ਦੇ ਖਜ਼ਾਨਿਆਂ ਤੋਂ ਵੀ ਬੇਖਬਰ ਹੁੰਦੇ ਹਨ ਤੇ ਨਾ ਹੀ ਪ੍ਰਾਪਤ ਕਰ ਸਕਦੇ ਹਨ ਕਿਉਂਕਿ ਇਨ੍ਹਾਂ ਨੇ ਜ਼ਿੰਦਗੀ ਵਿਚ ਮਿਹਨਤ ਕਰਕੇ ਪ੍ਰਾਪਤ ਕਰਨਾ ਸਿੱਖਿਆ ਹੀ ਨਹੀਂ ਹੁੰਦਾ।
ਅਜਿਹੇ ਲੋਕਾਂ ਨਾਲ ਸਬੰਧ ਰੱਖਣ ਨਾਲ ਕੇਵਲ ਪਛਤਾਵਾ ਹੀ ਹਿੱਸੇ ਆਉਂਦਾ ਹੈ। ਇਸ ਲਈ ਜ਼ਿੰਦਗੀ ਦੀ ਚਮਕ-ਦਮਕ ਦਾ ਨਜ਼ਾਰਾ ਲੈਣ ਲਈ ਇਨ੍ਹਾਂ ਤੋਂ ਦੂਰੀ ਸਿਰਜ ਲੈਣਾ ਹੀ ਬਿਹਤਰ ਹੁੰਦਾ ਹੈ।
ਰਣਜੀਤ ਐਵੀਨਿਊ, ਅੰਮ੍ਰਿਤਸਰ
ਮੋ. 98774-66607

ਕੈਲਾਸ਼ ਚੰਦਰ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ