ਨਿਰਦੋਸ਼ਾਂ ਦੀ ਹੱਤਿਆ ਨਿੰਦਾਜਨਕ
ਨਾਗਾਲੈਂਡ ’ਚ ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਖਿਲਾਫ਼ ਕਾਰਵਾਈ ਦੌਰਾਨ 13 ਮਜ਼ਦੂਰਾਂ ਦੀ ਮੌਤ ਇੱਕ ਹੌਲਨਾਕ ਘਟਨਾ ਹੈ ਕੇਂਦਰੀ ਗ੍ਰਹਿ ਮੰਤਰੀ ਨੇ ਇਸ ਘਟਨਾ ਨੂੰ ਦੁਖਦਾਈ ਦੱਸਦਿਆਂ ਇਸ ਦੀ ਨਿੰਦਾ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਇੱਕ ਗੱਡੀ ’ਤੇ ਕਾਰਵਾਈ ਕਰਨੀ ਸੀ ਪਰ ਉੱਥੋਂ ਲੰਘ ਰਹੀ ਮਜ਼ਦੂਰਾਂ ਦੀ ਗੱਡੀ ਵੀ ਉਸੇ ਰੰਗ ਦੀ ਸੀ, ਜਿਸ ’ਤੇ ਸੁਰੱਖਿਆ ਬਲਾਂ ਨੇ ਗੋਲੀਬਾਰੀ ਕਰ ਦਿੱਤੀ ਜੇਕਰ ਇਸ ਤਰਕ ਨੂੰ ਵੀ ਜਾਇਜ਼ ਮੰਨ ਲਿਆ ਜਾਵੇ ਤਾਂ ਇਹ ਵੀ ਆਪਣੇ-ਆਪ ’ਚ ਬੜੀ ਲਾਪ੍ਰਵਾਹੀ ਦਾ ਹੀ ਸਬੂਤ ਹੈ
ਅੱਤਵਾਦੀਆਂ ਖਿਲਾਫ਼ ਕਾਰਵਾਈ ਕਰਨ ਵਾਲੇ ਦਸਤੇ ਇੰਨੇ ਅਣਜਾਣ ਨਹੀਂ ਹੋਣੇ ਚਾਹੀਦੇ ਕਿ ਉਹ ਗੱਡੀ ਦੀ ਪਛਾਣ ਨਾ ਕਰਨ ਤੇ ਧੜਾਧੜ ਗੋਲੀਬਾਰੀ ਕਰ ਦੇਣ ਸੁਰੱਖਿਆ ਬਲਾਂ ਲਈ ਇਹ ਜ਼ਰੂਰੀ ਸੀ ਕਿ ਉਹ ਗੱਡੀ ’ਚ ਸਵਾਰ ਲੋਕਾਂ ਦੀ ਹਰਕਤ ਨੂੰ ਚੰਗੀ ਤਰ੍ਹਾਂ ਭਾਂਪਦੇ ਜੇਕਰ ਗੱਡੀ ’ਚ ਸਵਾਰ ਲੋਕਾਂ ਕੋਲ ਹਥਿਆਰ ਨਜ਼ਰ ਆਉਂਦੇ ਜਾਂ ਉਹਨਾਂ ਦੀਆਂ ਸਰੀਰਕ ਹਰਕਤਾਂ ਹਥਿਆਰਬੰਦ ਤੇ ਹਮਲਾਵਰ ਵਿਅਕਤੀਆਂ ਵਾਲੀਆਂ ਹੁੰਦੀਆਂ ਤਾਂ ਕਾਰਵਾਈ ਦਾ ਆਧਾਰ ਬਣਦਾ ਸੀ ਕਈ ਹਾਲਾਤਾਂ ’ਚ ਹਥਿਆਰਬੰਦ ਵਿਅਕਤੀਆਂ ਨੂੰ ਵੀ ਜਿਉਂਦੇ ਗ੍ਰਿਫ਼ਤਾਰ ਕਰਨ ਦੀ ਰਣਨੀਤੀ ਦੇ ਤਹਿਤ ਕੰਮ ਕਰਨਾ ਹੁੰਦਾ ਹੈ ਨਾਗਾਲੈਂਡ ਵਾਲੀ ਘਟਨਾ ’ਚ ਗੱਡੀ ’ਚ ਮਜ਼ਦੂਰ ਜਾ ਰਹੇ ਸਨ ਇਹ ਚੀਜ਼ਾਂ ਸਾਡੇ ਸੁਰੱਖਿਆ ਬਲਾਂ ’ਚ ਰਣਨੀਤੀ ਦੀ ਘਾਟ ਜਲਦ ਹੱਦੋਂ ਵੱਧ ਜੋਸ਼ੀਲੇ ਹੋਣ ਦਾ ਸਬੂਤ ਹਨ ਅਸਲ ’ਚ ਆਬਾਦੀ ਵਾਲੇ ਖੇਤਰਾਂ ’ਚ ਅੱਤਵਾਦ ਖਿਲਾਫ਼ ਕਾਰਵਾਈ ਦੌਰਾਨ ਆਮ ਨਾਗਰਿਕਾਂ ਦੀ ਸੁਰੱਖਿਆ ਪ੍ਰਤੀ ਸੁਚੇਤ ਰਹਿਣਾ ਪੈਂਦਾ ਹੈ ਹਰ ਇੱਕ ਨਾਗਰਿਕ ਦੀ ਜਾਨ ਬੇਸ਼ਕੀਮਤੀ ਹੈ
ਅਸਲ ’ਚ ਅੱਤਵਾਦ ਖਿਲਾਫ਼ ਕਾਰਵਾਈ ਦਾ ਉਦੇਸ਼ ਹੀ ਨਿਰਦੋਸ਼ਾਂ ਦੀ ਸੁਰੱਖਿਆ ਹੈ ਇਸ ਉਦੇਸ਼ ਦੀ ਪੂਰਤੀ ਲਈ ਅੱਤਵਾਦੀਆਂ ਖਿਲਾਫ਼ ਕਾਰਵਾਈ ਦੌਰਾਨ ਵੀ ਕਿਸੇ ਤਰ੍ਹਾਂ ਨਾਗਰਿਕਾਂ ਦੇ ਵਿੱਚ ਆ ਜਾਣ ’ਤੇ ਕਾਫ਼ੀ ਸੋਚ-ਸਮਝ ਕੇ ਫੈਸਲਾ ਲੈਣਾ ਪੈਂਦਾ ਹੈ ਦਰਅਸਲ ਅੱਤਵਾਦ ਖਿਲਾਫ਼ ਲੜਾਈ ’ਚ ਜਿੱਤ ਹਾਸਲ ਕਰਨ ਲਈ ਸਥਾਨਕ ਲੋਕਾਂ ਦਾ ਸਾਥ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ ਆਮ ਲੋਕਾਂ ਦਾ ਸਾਥ ਮਿਲਣ ਨਾਲ ਅੱਤਵਾਦੀਆਂ ਦੀਆਂ ਮੁਸ਼ਕਲਾਂ ਵਧਦੀਆਂ ਹਨ ਪਰ ਜੇ ਇਨ੍ਹਾਂ ਲੋਕਾਂ ’ਚ ਸੁਰੱਖਿਆ ਬਲਾਂ ਪ੍ਰਤੀ ਬੇਭਰੋਸਗੀ ਪੈਦਾ ਹੋ ਜਾਵੇ ਤਾਂ ਲੜਾਈ ਲੜਨੀ ਔਖੀ ਹੋ ਜਾਂਦੀ ਹੈ
ਇਸੇ ਚੀਜ ਦਾ ਫਾਇਦਾ ਜੰਮੂ ਕਸ਼ਮੀਰ ’ਚ ਕੱਟੜਪੰਥੀ ਸੁਰੱਖਿਆ ਬਲ ਦੇ ਖਿਲਾਫ਼ ਉਠਾਉਂਦੇ ਰਹੇ ਹਨ ਆਖ਼ਰ ਫੌਜ ਤੇ ਪ੍ਰਸ਼ਾਸਨ ਨੇ ਕਸ਼ਮੀਰੀ ਲੋਕਾਂ ਨਾਲ ਨੇੜਤਾ ਤੇ ਰਾਬਤਾ ਕਾਇਮ ਕਰਕੇ ਆਪਣਾ ਰਸਤਾ ਆਸਾਨ ਕੀਤਾ ਹੁਣ ਜ਼ਰੂਰੀ ਹੈ ਕਿ ਨਾਗਾਲੈਂਡ ਦੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਈ ਜਾ ਜਾਵੇ ਤੇ ਉਹਨਾਂ ਦਾ ਭਰੋਸਾ ਬਹਾਲ ਕੀਤਾ ਜਾਵੇ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਦੁਹਰਾਈਆਂ ਜਾਣ ਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਸੁਰੱਖਿਆ ਬਲਾਂ ਨੂੰ ਅੱਤਵਾਦ ਖਿਲਾਫ਼ ਲੜਾਈ ਲਈ ਹੋਰ ਸਿਖਲਾਈ ਦੇ ਕੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ ਸਿਆਸੀ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਦੁਖਦ ਘਟਨਾਵਾਂ ਤੋਂ ਸਬਕ ਲੈਣ ਤੇ ਅੱਤਵਾਦ ਖਿਲਾਫ਼ ਲੜਾਈ ਨੂੰ ਮਜ਼ਬੂਤ ਤੇ ਸਹੀ ਦਿਸ਼ਾ ਦੇਣ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ