Sidhu Moosewala ਦਾ ਕਾਤਲ ਮੀਤ ਹੇਅਰ ਦੇ ਚੋਣ ਪ੍ਰਚਾਰ ’ਚ ਸਰਗਰਮ : ਕਾਂਗਰਸ
ਸੰਗਰੂਰ (ਗੁਰਪ੍ਰੀਤ ਸਿੰਘ)। ਮਈ 2022 ਦੀ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਾਂਅ ਚੋਣ ਪ੍ਰਚਾਰ ਵਿੱਚ ਲਿਆ ਕੇ ਵੱਖ-ਵੱਖ ਪਾਰਟੀਆਂ ਵੱਲੋਂ ‘ਆਪ’ ਤੇ ਨਿਸ਼ਾਨੇ ਲਾਏ ਗਏ ਸਨ ਤੇ ਇਨ੍ਹਾਂ ਚੋਣਾਂ ਵਿੱਚ ਫਿਰ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਮਲਾ ਫਿਰ ਗਰਮਾ ਗਿਆ। ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਸਿੱਧੂ ਮੂਸੇਵਾਲਾ ਦਾ ਕਾਤਲ ‘ਆਪ’ ਉਮੀਦਵਾਰ ਮੀਤ ਹੇਅਰ ਦੀ ਚੋਣ ਵਿੱਚ ਸਰਗਰਮ ਹੈ, ਦੂਜੇ ਪਾਸੇ ਮੀਤ ਹੇਅਰ ਨੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਇਸ ਮਾਮਲੇ ’ਤੇ ਖਹਿਰਾ ਝੂਠ ਬੋਲ ਰਹੇ ਹਨ। (Sidhu Moosewala)
ਖਹਿਰਾ ਝੂਠ ਬੋਲ ਕੇ ਵੋਟਰਾਂ ਨੂੰ ਗੁੰਮਰਾਹ ਕਰ ਰਹੇ : ਮੀਤ ਹੇਅਰ | Sidhu Moosewala
ਸੰਗਰੂਰ ਦੇ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਲਾਨ ਦੀ ਕਾਪੀ ਦਿਖਾਉਂਦਿਆਂ ਕਿਹਾ ਜੀਵਨਜੋਤ ਸਿੰਘ ਚਾਹਲ ਨਾਂਅ ਦਾ ਦੋਸ਼ੀ ਜਿਹੜਾ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸਾਜਿਸ਼ਕਰਤਾ ਹੈ ਅਤੇ ਉਸ ਦਾ ਚਲਾਨ ਵਿੱਚ ਬਕਾਇਦਾ ਨਾਂਅ ਹੈ, ਉਹ ਅੱਜ ਵੀ ਖੁੱਲ੍ਹੇ ਤੌਰ ’ਤੇ ਆਪ ਦੇ ਉਮੀਦਵਾਰ ਮੀਤ ਹੇਅਰ ਦੀ ਚੋਣ ਮੁਹਿੰਮ ਚਲਾ ਰਿਹਾ ਹੈ।
ਇਸ ਸਬੰਧੀ ਐੱਲਓਸੀ ਜਾਰੀ ਵੀ ਹੋ ਚੁੱਕੀ ਹੈ। ਸ: ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪਹਿਲਾਂ ਤਾਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਕਰਵਾਈ ਅਤੇ ਫਿਰ ਉਸ ਬਾਰੇ ਸੋਸ਼ਲ ਮੀਡੀਆ ਤੇ ਸਿੱਧੇ ਤੌਰ ’ਤੇ ਜਾਣਕਾਰੀ ਦੇ ਦਿੱਤੀ ਅਤੇ ਇਸ ਦੇ ਚੌਵ੍ਹੀ ਘੰਟਿਆਂ ਦੇ ਅੰਦਰ ਹੀ ਸ਼ੂਟਰ ਪੰਜਾਬ ਆਉਂਦੇ ਹਨ ਅਤੇ ਸਿੱਧੂ ਮੂਸੇਵਾਲਾ ਦਾ ਕਤਲ ਕਰਕੇ ਚਲੇ ਜਾਂਦੇ ਹਨ।
Also Read : ਅਧਿਆਪਕਾਂ ਨੂੰ ਚੋਣ ਡਿਊਟੀ ਦੌਰਾਨ ਮਿਲਣ ਇਹ ਸਹੂਲਤਾਂ : ਜੀਟੀਯੂ ਪੰਜਾਬ
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੁਖਪਾਲ ਖਹਿਰੇ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਜਿਸ ਵਿਅਕਤੀ ਦਾ ਨਾਂਅ ਖਹਿਰਾ ਵੱਲੋਂ ਲਿਆ ਜਾ ਰਿਹਾ ਹੈ, ਉਸ ਦਾ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਕੋਈ ਨਾਂਅ ਨਹੀਂ ਹੈ ਅਤੇ ਨਾ ਹੀ ਚਲਾਨ ਵਿੱਚ ਉਸ ਦਾ ਨਾਂਅ ਦਰਜ ਹੈ। ਉਨ੍ਹਾਂ ਕਿਹਾ ਕਿ ਖਹਿਰਾ ਝੂਠ ਬੋਲ ਕੇ ਵੋਟਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ।