ਸੁਖਬੀਰ ਨੇ ਸੁਆਲਾਂ ਦੇ ਜੁਆਬ ’ਚ ਕਿਹਾ, ਮੈਨੂੰ ਨਹੀਂ ਕੋਈ ਜਾਣਕਾਰੀ, ਮੈ ਉਸ ਸਮੇਂ ਵਿਦੇਸ਼ ’ਚ ਸੀ
- 4 ਘੰਟਿਆ ਦੀ ਜਾਂਚ ਦੌਰਾਨ 100 ਤੋਂ ਜਿਆਦਾ ਕੀਤੇ ਗਏ ਸੁਆਲ ਪਰ ਨਹੀਂ ਮਿਲੇ ਜ਼ਿਆਦਾਤਰ ਦੇ ਜੁਆਬ
ਅਸ਼ਵਨੀ ਚਾਵਲਾ, ਚੰਡੀਗੜ। ਸਾਲ 2015 ਵਿੱਚ ਕੋਟਕਪੂਰਾ ਗੋਲੀ ਮਾਮਲੇ ਵਿੱਚ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ ਕੋਲ ਸੁਖਬੀਰ ਬਾਦਲ ਪੇਸ਼ ਹੋਏ ਅਤੇ ਉਨਾਂ ਤੋਂ 4 ਘੰਟੇ ਤੱਕ ਲੰਬੀ ਪੁੱਛ ਪੜਤਾਲ ਕੀਤੀ ਗਈ। ਸਪੈਸ਼ਲ ਜਾਂਚ ਟੀਮ ਦੇ ਅਧਿਕਾਰੀਆਂ ਵਲੋਂ ਸੁਖਬੀਰ ਬਾਦਲ ਨੂੰ ਇੱਕ ਤੋਂ ਬਾਅਦ ਇੱਕ ਸੁਆਲ ਦਾਗੇ ਗਏ ਪਰ ਇਸ ਦੌਰਾਨ ਹੋਏ 100 ਤੋਂ ਜਿਆਦਾ ਸੁਆਲਾਂ ਦੇ ਜੁਆਬ ਵਿੱਚ ਸੁਖਬੀਰ ਬਾਦਲ ਵਲੋਂ ਜ਼ਿਆਦਾਤਰ ਇਹੋ ਹੀ ਕਿਹਾ ਗਿਆ ਕਿ ਉਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ, ਕਿਉਂਕਿ ਉਹ ਤਾਂ ਉਸ ਸਮੇਂ ਵਿਦੇਸ਼ ਗਏ ਹੋਏ ਸਨ, ਉਲਟਾ ਇਸ ਸਬੰਧੀ ਸੁਖਬੀਰ ਬਾਦਲ ਵਲੋਂ ਸਪੈਸ਼ਲ ਜਾਂਚ ਟੀਮ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਜਿਹੜੇ ਪੁਲਿਸ ਕਰਮਚਾਰੀਆਂ ਨੇ ਗੋਲੀ ਚਲਾਈ ਅਤੇ ਜਿਹੜੇ ਅਧਿਕਾਰੀ ਨੇ ਮੌਕੇ ’ਤੇ ਲਿਖਤੀ ਪ੍ਰਵਾਨਗੀ ਦਿੱਤੀ, ਉਨਾਂ ਤੋਂ ਪੁੱਛ ਪੜਤਾਲ ਕੀਤੀ ਜਾਵੇ।
ਸਪੈਸ਼ਲ ਜਾਂਚ ਟੀਮ ਵਲੋਂ ਸੁਖਬੀਰ ਬਾਦਲ ਨੂੰ ਸਵੇਰੇ 11 ਵਜੇ ਸੱਦਿਆ ਗਿਆ ਸੀ ਪਰ ਉਹ 4 ਮਿੰਟ ਲੇਟ ਪੁੱਜੇ ਸਨ ਅਤੇ ਜਿਸ ਤੋਂ ਬਾਅਦ 3:15 ਤੱਕ ਉਨਾਂ ਤੋਂ ਪੁੱਛ ਪੜਤਾਲ ਹੁੰਦੀ ਰਹੀ। ਇਸ ਮਾਮਲੇ ਦੀ ਜਾਂਚ ਕਰਨ ਵਾਲੇ ਅਧਿਕਾਰੀ ਪਹਿਲਾਂ ਹੀ ਸੈਕਟਰ 32 ਦੇ ਪੰਜਾਬ ਪੁਲਿਸ ਦੇ ਇੰਸਟੀਚਿਊਟ ਵਿਖੇ ਪੁੱਜ ਗਏ ਸਨ ਅਤੇ ਉਨਾਂ ਨੇ ਸੁਖਬੀਰ ਬਾਦਲ ਦੇ ਆਉਣ ਤੋਂ ਤੁਰੰਤ ਬਾਅਦ ਹੀ ਸੁਆਲ-ਜੁਆਬ ਸ਼ੁਰੂ ਕਰ ਦਿੱਤੇ। ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਵਲੋਂ ਜ਼ਿਆਦਾਤਰ ਸੁਆਲਾਂ ਦੇ ਜੁਆਬ ਵਿੱਚ ਨਾਂਹ ਹੀ ਕਿਹਾ ਗਿਆ ਹੈ ਅਤੇ ਉਨਾਂ ਨੇ ਹਰ ਸੁਆਲ ਤੋਂ ਬਾਅਦ ਸਪੱਸ਼ਟ ਕੀਤਾ ਕਿ ਜਦੋਂ ਉਹ ਦੇਸ਼ ਵਿੱਚ ਹੀ ਨਹੀਂ ਸਨ ਤਾਂ ਉਨਾਂ ਨੂੰ ਕਿਵੇਂ ਜਾਣਕਾਰੀ ਹੋ ਸਕਦੀ ਹੈ ਕਿ ਪੰਜਾਬ ਵਿੱਚ ਕੀ ਚੱਲ ਰਿਹਾ ਹੈ। ਉਹ ਜਦੋਂ ਵਿਦੇਸ਼ ਤੋਂ ਵਾਪਸ ਆਏ ਤਾਂ ਹੀ ਉਨਾਂ ਨੂੰ ਜਾਣਕਾਰੀ ਮਿਲੀ।
ਰਾਹੁਲ ਗਾਂਧੀ ਨੇ ਲਿਖੀ ਐ ਸਾਰੀ ਸਕ੍ਰਿਪਟ
ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਬੀਤੇ ਦਿਨੀਂ ਸੁਨੀਲ ਜਾਖੜ ਨੇ ਮੀਡੀਆ ਵਿੱਚ ਬਿਆਨ ਦਿੱਤਾ ਹੈ ਕਿ ਰਾਹੁਲ ਗਾਂਧੀ ਨੂੰ ਸਾਰੇ ਮਾਮਲੇ ਬਾਰੇ ਸਮਝਾ ਦਿੱਤਾ ਗਿਆ ਹੈ ਅਤੇ ਉਨਾਂ ਵਲੋਂ ਹੁਣ ਬਾਦਲਾਂ ਦੇ ਖ਼ਿਲਾਫ਼ ਕਾਰਵਾਈ ਕਰਨ ਬਾਰੇ ਆਦੇਸ਼ ਦਿੱਤੇ ਜਾ ਰਹੇ ਹਨ। ਅਕਾਲੀ ਲੀਡਰਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਾਰੀ ਸਕ੍ਰਿਪਟ ਹੀ ਰਾਹੁਲ ਗਾਂਧੀ ਵਲੋਂ ਲਿਖੀ ਜਾ ਰਹੀ ਹੈ, ਜਿਸ ਕਾਰਨ ਜਿਹੜੀ ਜਾਂਚ ਟੀਮ ਹੈ, ਉਹ ਤਾਂ ਮੋਹਰਾ ਹੈ, ਜਦੋਂ ਕਿ ਕਾਰਵਾਈ ਲਈ ਆਦੇਸ਼ ਦਿੱਲੀ ਤੋਂ ਹੀ ਆਉਣੇ ਹਨ। ਉਨਾਂ ਕਿਹਾ ਕਿ ਇਸ ਮਾਮਲੇ ਵਿੱਚ ਵੀ ਉਹ ਕਾਨੂੰਨੀ ਕਾਰਵਾਈ ਕਰਨ ਲਈ ਵਿਚਾਰ ਕਰ ਰਹੇ ਹਾਂ ਤਾਂ ਕਿ ਕਾਂਗਰਸ ਪਾਰਟੀ ਦਾ ਸੱਚ ਬਾਹਰ ਆ ਸਕੇ ਕਿ ਕਿਵੇਂ ਉਹ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੇ ਹਨ।
ਅਕਾਲੀ ਲੀਡਰ ਖੜੇ ਰਹੇ ਬਾਹਰ, ਸੁਖਬੀਰ ਵਾਪਸ ਆਏ ਤਾਂ ਹੋਈ ਨਾਅਰੇਬਾਜ਼ੀ
ਸ਼੍ਰੋਮਣੀ ਅਕਾਲੀ ਦਲ ਦੇ ਵੱਡੀ ਗਿਣਤੀ ਵਿੱਚ ਲੀਡਰ ਪੰਜਾਬ ਪੁਲਿਸ ਅਫ਼ਸਰ ਇੰਸਟੀਚਿਊਟ ਤੋਂ ਕੁਝ ਹੀ ਦੂਰੀ ‘ਤੇ ਪੁੱਜੇ ਹੋਏ ਸਨ। ਸਵੇਰ ਤੋਂ ਹੀ ਅਕਾਲੀ ਲੀਡਰਾਂ ਨੇ ਆਉਣਾ ਸ਼ੁਰੂ ਕਰ ਦਿੱਤਾ ਸੀ। 4 ਘੰਟੇ ਤੋਂ ਜਿਆਦਾ ਲੰਬੀ ਪੁੱਛ ਪੜਤਾਲ ਤੋਂ ਬਾਅਦ ਜਦੋਂ ਸੁਖਬੀਰ ਬਾਦਲ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਵਾਪਸ ਜਾ ਰਹੇ ਸਨ ਤਾਂ ਇਨਾਂ ਨੇ ਰਸਤੇ ਵਿੱਚ ਰੋਕਦੇ ਹੋਏ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਸੁਖਬੀਰ ਬਾਦਲ ਦੀ ਗੱਡੀ ਨੂੰ ਘੇਰ ਲਿਆ। ਜਿਸ ਤੋਂ ਬਾਅਦ ਸੁਖਬੀਰ ਬਾਦਲ ਨੇ ਆਪਣੀ ਗੱਡੀ ’ਤੇ ਬਾਹਰ ਨਿਕਲਦੇ ਹੋਏ ਸਾਰਿਆਂ ਨੂੰ ਸ਼ਾਂਤ ਰਹਿਣ ਲਈ ਕਹਿੰਦੇ ਹੋਏ ਮੌਕੇ ਤੋਂ ਚਲੇ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।