ਨੌਜਵਾਨਾਂ ਦਾ ਮੋਬਾਇਲਾਂ ਵੱਲ ਵਧਦਾ ਅੰਨ੍ਹਾ ਰੁਝਾਨ ਚਿੰਤਾਜਨਕ

ਨੌਜਵਾਨਾਂ ਦਾ ਮੋਬਾਇਲਾਂ ਵੱਲ ਵਧਦਾ ਅੰਨ੍ਹਾ ਰੁਝਾਨ ਚਿੰਤਾਜਨਕ

ਮੋਬਾਈਲ ਫੋਨ ਅਜੋਕੇ ਸੰਸਾਰ ਵਿੱਚ ਸੂਚਨਾ ਸੰਚਾਰ ਦਾ ਸਭ ਤੋਂ ਹਰਮਨਪਿਆਰਾ ਸਾਧਨ ਬਣ ਗਿਆ ਹੈ। ਅੱਜ ਤੁਸੀਂ ਕਿਤੇ ਵੀ ਹੋਵੋ, ਤੁਹਾਨੂੰ ਇੱਧਰ-ਉੱਧਰ ਹਰ ਕੋਈ ਮੋਬਾਈਲ ਉੱਤੇ ਗੱਲਾਂ ਕਰਦਾ, ਗੇਮਾਂ ਖੇਡਦਾ, ਗਾਣੇ ਸੁਣਦਾ ਜਾਂ ਮੋਬਾਇਲ ਫੋਨ ਦੀ ਘੰਟੀ ਵੱਜਦੀ ਜ਼ਰੂਰ ਸੁਣਾਈ ਪਵੇਗੀ। ਅੱਜ-ਕੱਲ੍ਹ ਇੰਟਰਨੈੱਟ ਅਧਾਰਿਤ ਸਮਾਰਟ ਮੋਬਾਇਲ ਫੋਨ ਹਰ ਘਰ ਲਈ ਬਹੁਤ ਹੀ ਜ਼ਰੂਰੀ ਹੋ ਗਿਆ ਹੈ। ਅਜੋਕੀ ਦੁਨੀਆਂ ਵਿੱਚ ਅਸੀਂ ਘਰ ਬੈਠੇ ਹੀ ਆਪਣੇ ਮੋਬਾਇਲ ਫੋਨ ਦੀ ਮੱਦਦ ਨਾਲ ਰੇਲਵੇ ਟਿਕਟ, ਹਵਾਈ ਟਿਕਟ, ਹੋਟਲ ਬੁਕਿੰਗ, ਪਾਸਪੋਰਟ, ਆਧਾਰ, ਡਰਾਈਵਿੰਗ ਲਾਇਸੈਂਸ, ਆਦਿ ਵਰਗੀਆਂ ਸਹੂਲਤਾਂ, ਵੱਖ-ਵੱਖ ਬਿੱਲ ਭੁਗਤਾਨ, ਦਾਖਲੇ, ਕੌਂਸਲਿੰਗ ਆਦਿ ਕਰਵਾ ਸਕਦੇ ਹਾਂ। ਮਿੰਟਾਂ-ਸਕਿੰਟਾਂ ’ਚ ਅਸੀਂ ਪੂਰੀ ਦੁਨੀਆਂ ਵਿੱਚ ਆਪਣੇ ਕਾਗਜ਼ਾਤ, ਜ਼ਰੂਰੀ ਕੰਮ, ਵੀਡੀਓ ਕਾਲਿੰਗ ਅਤੇ ਹੋਰ ਜ਼ਰੂਰੀ ਭੁਗਤਾਨ ਕਿਤੇ ਵੀ ਕਰ ਸਕਦੇ ਹਾਂ। ਇਹ ਡਿਜ਼ੀਟਲ ਦੁਨੀਆਂ ਦੀ ਬਹੁਤ ਵੱਡੀ ਤਾਕਤ ਹੈ।

ਮੋਬਾਇਲ ਫੋਨ ਦੇ ਖਪਤਕਾਰਾਂ ਵਿਚ ਬਹੁਤੀ ਗਿਣਤੀ ਨੌਜਵਾਨ ਮੁੰਡੇ-ਕੁੜੀਆਂ ਦੀ ਹੈ ।ਅਜੋਕਾ ਮੋਬਾਇਲ ਕੇਵਲ ਗੱਲਾਂ-ਬਾਤਾਂ ਸੁਣਨ-ਸੁਣਾਉਣ ਤੇ ਸੁਨੇਹੇ ਭੇਜਣ ਦਾ ਹੀ ਕੰਮ ਨਹੀਂ ਕਰਦਾ ਸਗੋਂ ਇਹ ਆਪਣੇ-ਆਪ ਵਿੱਚ ਇੱਕ ਪੂਰਾ ਕੰਪਿਊਟਰ ਹੈ, ਜਿਸ ਵਿੱਚ ਇੰਟਰਨੈੱਟ ਦੀਆਂ ਸਾਰੀਆਂ ਸਹੂਲਤਾਂ, ਕੈਮਰਾ, ਵੀਡੀਓ, ਡਾਇਰੀ, ਖ਼ਬਰਾਂ, ਟਾਰਚ, ਕੈਲਕੁਲੇਟਰ, ਫ਼ਿਲਮਾਂ, ਗਾਣੇ, ਗੇਮਾਂ, ਅਲਾਰਮ ਅਤੇ ਹੋਰ ਵੱਖ-ਵੱਖ ਐਪਸ ਸ਼ਾਮਲ ਹਨ। ਫਲਸਰੂਪ ਮੋਬਾਇਲ ਫੋਨ ਨੇ ਸਭ ਕੁਝ ਤੁਹਾਡੀ ਮੁੱਠੀ ਵਿੱਚ ਬੰਦ ਕਰ ਦਿੱਤਾ ਹੈ ਅਤੇ ਇਸੇ ਕਾਰਨ ਇਸ ਦੀ ਵਰਤੋਂ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰ ਵਰਗ ਦੇ ਲੋਕ ਕਰ ਰਹੇ ਹਨ। ਇਕੱਲੇ ਭਾਰਤ ਵਿੱਚ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਇੱਕ ਅਰਬ ਨੂੰ ਢੁੱਕਣ ਵਾਲੀ ਹੈ।

ਅੱਜ ਮੋਬਾਇਲ ਹਰ ਪਰਿਵਾਰ ਦੀ ਜ਼ਰੂਰਤ ਬਣ ਗਿਆ ਹੈ। ਸੈੱਲਫੋਨ ਦੀ ਸਭ ਤੋਂ ਵੱਧ ਵਰਤੋਂ ਸਕੂਲਾਂ, ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੁਆਰਾ ਕੀਤੀ ਜਾ ਰਹੀ ਹੈ। ਮੋਬਾਇਲ ਉੱਪਰ ਮੌਜੂਦ ਵੱਖ-ਵੱਖ ਇੰਟਰਨੈੱਟ ਆਧਾਰਤ ਸੋਸ਼ਲ ਸਾਈਟਾਂ ਦੀ ਵਰਤੋਂ ਕਾਰਨ ਵਿਦਿਆਰਥੀਆਂ ਦੇ ਕੀਮਤੀ ਸਮੇਂ ਦਾ ਨਾਸ ਹੋ ਗਿਆ ਹੈ ਅਤੇ ਉਹ ਲਗਾਤਾਰ ਮੋਬਾਇਲ ਫੋਨ ਦੇ ਆਦੀ ਬਣਦੇ ਜਾ ਰਹੇ ਹਨ। ਬੱਚਿਆਂ ਦੀ ਪੜ੍ਹਾਈ ਦੇ ਸਮੇਂ ਦੇ ਵੱਡੇ ਹਿੱਸੇ ਉੱਤੇ ਮੋਬਾਇਲ ਫੋਨ ਨੇ ਆਪਣਾ ਕਬਜਾ ਜਮਾ ਲਿਆ ਹੈ। ਸੋਸ਼ਲ ਨੈੱਟਵਰਕ ਸਾਈਟਸ ਨੇ ਲਗਭਗ ਨੌਜਵਾਨਾਂ ਦੇ ਦਿਲ, ਦਿਮਾਗ ਨੂੰ ਬੇਹੱਦ ਡੂੰਘਾਈ ਤੱਕ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਸਾਈਟਾਂ ਉੱਪਰ ਪਾਈਆਂ ਗ਼ੈਰ-ਮਿਆਰੀ ਅਸ਼ਲੀਲ ਤਸਵੀਰਾਂ, ਪੋਸਟਾਂ, ਵੀਡੀਓ ਆਦਿ ਨੇ ਬੱਚਿਆਂ ਅਤੇ ਨੌਜਵਾਨਾਂ ਦਾ ਧਿਆਨ ਵੰਡ ਦਿੱਤਾ ਹੈ। ਜਿਸ ਦੇ ਬਹੁਤ ਮਾਰੂ ਅਸਰ ਸਿੱਧ ਹੋ ਰਹੇ ਹਨ।

ਬਹੁਤੀ ਵਾਰੀ ਮੁੰਡੇ-ਕੁੜੀਆਂ ਆਪਣੀਆਂ ਤਸਵੀਰਾਂ, ਫੋਨ ਨੰਬਰ ਅਤੇ ਹੋਰ ਨਿੱਜੀ ਜਾਣਕਾਰੀ ਇਨ੍ਹਾਂ ਸਾਈਟਾਂ ’ਤੇ ਸਾਂਝੀ ਕਰ ਬੈਠਦੇ ਹਨ, ਜੋ ਬਹੁਤ ਵਾਰ ਨੁਕਸਾਨਦਾਇਕ ਸਿੱਧ ਹੁੰਦੀ ਹੈ। ਠੱਗ, ਮਾਰਕੀਟਿੰਗ ਏਜੰਟ ਤੇ ਹੋਰ ਸ਼ਰਾਰਤੀ ਅਨਸਰ ਇਨ੍ਹਾਂ ਨੂੰ ਕਾਲਾਂ, ਸੁਨੇਹੇ ਭੇਜਣੇ ਸ਼ੁਰੂ ਕਰ ਦਿੰਦੇ ਹਨ। ਜਿਸ ਦੇ ਸਿੱਟੇ ਵਜੋਂ ਨੌਜਵਾਨਾਂ ਦਾ ਕੀਮਤੀ ਸਮਾਂ ਤਾਂ ਬਰਬਾਦ ਹੁੰਦਾ ਹੀ ਹੈ, ਨਾਲ ਹੀ ਉਨ੍ਹਾਂ ਨੂੰ ਮਾਨਸਿਕ ਪਰੇਸਾਨੀ ਹੁੰਦੀ ਹੈ।ਕਈ ਵਾਰ ਠੱਗ ਲੋਕ ਤੁਹਾਡੇ ਬੈਂਕ ਖਾਤਿਆਂ ’ਚੋਂ ਪੈਸੇ ਵੀ ਉਡਾ ਕੇ ਲੈ ਜਾਂਦੇ ਹਨ।

ਵਿਦਿਆਰਥੀ ਜੀਵਨ ਵਿੱਚ ਬੁਰੇ-ਭਲੇ ਦੀ ਸਹੀ ਸਮਝ ਨਾ ਹੋਣ ਕਾਰਨ ਉਹ ਲਗਾਤਾਰ ਮੋਬਾਇਲ ਫੋਨ ਦੀਆਂ ਖੇਡਾਂ ਅਤੇ ਹੋਰ ਸੋਸ਼ਲ ਸਾਈਟਾਂ ਦੀ ਗਿ੍ਰਫਤ ਵਿਚ ਇੰਨਾ ਜ਼ਿਆਦਾ ਆ ਜਾਂਦੇ ਹਨ ਕਿ ਉਹ ਆਪਣੇ ਮਾਪਿਆਂ, ਅਧਿਆਪਕਾਂ, ਸਮਾਜ ਦੀ ਪ੍ਰਵਾਹ ਵੀ ਨਹੀਂ ਕਰਦੇ ਅਤੇ ਕਈ ਵਾਰ ਨਸ਼ੇ, ਚੋਰੀ, ਅਪਰਾਧ ਦੀ ਦੁਨੀਆਂ ਵਿੱਚ ਫਸ ਕੇ ਆਪਣਾ ਸੁਨਹਿਰਾ ਭਵਿੱਖ ਤਬਾਹ ਕਰ ਬੈਠਦੇ ਹਨ। ਅੱਜ-ਕੱਲ੍ਹ ਬਹੁਤੇ ਨੌਜਵਾਨ ਘੰਟਿਆਂਬੱਧੀ ਈਅਰ ਫੋਨ ਲਾ ਕੇ ਗੈਰ-ਮਿਆਰੀ ਸੰਗੀਤ, ਵੀਡੀਓ ਆਦਿ ਦੇਖਦੇ ਆਮ ਪਾਏ ਜਾਂਦੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਦੀ ਸੁਣਨ ਸ਼ਕਤੀ, ਦੇਖਣ ਸ਼ਕਤੀ ਆਦਿ ਤੇ ਨਕਾਰਾਤਮਕ ਅਸਰ ਪੈਂਦਾ ਹੈ।

ਮੋਬਾਇਲ ਫੋਨਾਂ ਦੀ ਨੌਜਵਾਨਾਂ ਦੁਆਰਾ ਸਹੀ ਵਰਤੋਂ ਨਾ ਹੋਣ ਕਾਰਨ ਅੱਜ-ਕੱਲ੍ਹ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਰਿਸ਼ਤਿਆਂ ਵਿੱਚ ਵਿਗਾੜ ਨਜ਼ਰ ਆਉਂਦਾ ਹੈ। ਜਦੋਂ ਘਰ ਕੋਈ ਰਿਸ਼ਤੇਦਾਰ ਆਦਿ ਆਉਂਦੇ ਹਨ, ਕਈ ਵਾਰ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਬੱਚੇ ਦੇ ਰਿਸ਼ਤੇ ਵਿੱਚ ਕੀ ਲੱਗਦੇ ਹਨ ਜਾਂ ਫਿਰ ਬੱਚੇ ਫੋਨ ਦੇ ਗੇਮ ਜਾਂ ਗਾਣਿਆਂ ਆਦਿ ਵਿੱਚ ਹੀ ਇੰਨੇ ਰੁੱਝੇ ਹੁੰਦੇ ਹਨ ਕਿ ਆਏ ਹੋਏ ਮਹਿਮਾਨਾਂ ਨਾਲ ਗੱਲ ਹੀ ਨਹੀਂ ਕਰਦੇ ਜਾਂ ਸਾਹਮਣੇ ਹੀ ਨਹੀਂ ਆਉਂਦੇ। ਮੋਬਾਇਲ ਫੋਨਾਂ ਨੇ ਬੱਚਿਆਂ ਨੂੰ ਖੇਡ ਦੇ ਮੈਦਾਨਾਂ ਤੋਂ ਬਹੁਤ ਦੂਰ ਕਰ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦਾ ਸਰੀਰਕ ਵਿਕਾਸ ਬਹੁਤ ਪ੍ਰਭਾਵਿਤ ਹੋ ਰਿਹਾ ਹੈ।

ਮੋਬਾਇਲ ਵਿੱਚੋਂ ਨਿੱਕਲਣ ਵਾਲੀਆਂ ਹਾਨੀਕਾਰਕ ਵਿਕਿਰਨਾਂ ਕਾਰਨ ਬੱਚਿਆਂ ਦੇ ਦਿਲ, ਦਿਮਾਗ, ਸਰੀਰ ਆਦਿ ’ਤੇ ਮਾੜੇ ਪ੍ਰਭਾਵ ਪੈ ਰਹੇ ਹਨ। ਕਈ ਵਾਰ ਅਸੀਂ ਆਪਣੇ ਫੋਨ ਨੂੰ ਕੰਨਾਂ ਹੇਠਾਂ ਦਬਾ ਕੇ ਜਾਂ ਈਅਰਫੋਨ ਲਾ ਕੇ ਡਰਾਈਵਿੰਗ ਕਰਦੇ ਹਾਂ ਜਿਸ ਕਾਰਨ ਭਿਆਨਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਸੋਸ਼ਲ ਸਾਈਟ ’ਤੇ ਸਾਡੇ ਹਜ਼ਾਰਾਂ ਦੀ ਗਿਣਤੀ ਵਿੱਚ ਦੋਸਤ ਹੁੰਦੇ ਹਨ, ਪਰ ਅਸਲ ਜੀਵਨ ਵਿੱਚ ਕੰਮ ਆਉਣ ਵਾਲੇ ਉਨ੍ਹਾਂ ਵਿੱਚੋਂ ਚੰਦ ਲੋਕ ਹੀ ਪਾਏ ਜਾਂਦੇ ਹਨ। ਵੱਖ-ਵੱਖ ਸਾਈਟਸ ਸਾਡੀ ਮਾੜੀ ਜਾਂ ਚੰਗੀ ਰੁਚੀ ਮੁਤਾਬਕ ਹੀ ਸਮੱਗਰੀ ਉਪਲਬਧ ਕਰਵਾਉਂਦੀਆਂ ਹਨ। ਮਾਪਿਆਂ, ਅਧਿਆਪਕਾਂ, ਸਰਕਾਰਾਂ ਅਤੇ ਬੁੱਧੀਜੀਵੀਆਂ ਨੂੰ ਮੋਬਾਇਲ ਫੋਨ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਮਾਪਿਆਂ ਨੂੰ ਆਪਣੇ ਜਵਾਨ ਹੋ ਰਹੇ ਬੱਚਿਆਂ ਨੂੰ ਸੋਸ਼ਲ ਨੈੱਟਵਰਕ ਅਤੇ ਇੰਟਰਨੈੱਟ ਦੀ ਗਲਤ ਵਰਤੋਂ ਕਾਰਨ ਆਪਣੇ ਫੋਨ ਨੰਬਰ, ਬੈਂਕ ਖਾਤੇ, ਆਧਾਰ ਨੰਬਰ, ਨਿੱਜੀ ਜਾਣਕਾਰੀ ਆਦਿ ਦਾ ਕਿਸੇ ਨਾਲ ਵਟਾਂਦਰਾ ਕਰਨ ਤੋਂ ਹੋਣ ਵਾਲੇ ਭਿਆਨਕ ਸਿੱਟਿਆਂ ਤੋਂ ਵੀ ਜਾਣੂ ਕਰਵਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਮੋਬਾਇਲ ਫੋਨ ਦੀ ਗਲਤ ਵਰਤੋਂ ਉੱਤੇ ਕਰੜੀ ਨਜ਼ਰ ਰੱਖਣੀ ਚਾਹੀਦੀ ਹੈ। ਮੋਬਾਇਲ ਚਾਰਜਿੰਗ ’ਤੇ ਲੱਗੇ ਹੋਣ ਦੌਰਾਨ ਫੋਨ ਦੀ ਵਰਤੋਂ ਨਾ ਕੀਤੀ ਜਾਵੇ। ਮੋਬਾਇਲ ਫੋਨ ਵਰਤਣ ਲਈ ਸਿਰਫ ਕੁੱਝ ਸਮਾਂ ਹੀ ਨਿਸ਼ਚਿਤ ਕੀਤਾ ਜਾਵੇ।

ਮੋਬਾਇਲ ਫੋਨ ਦੀ ਵਰਤੋਂ ਜ਼ਿਆਦਾ ਸਮੇਂ ਤੱਕ ਜਾਂ ਹਨੇ੍ਹਰੇ ਵਾਲੇ ਕਮਰੇ ਵਿੱਚ ਨਹੀਂ ਕਰਨੀ ਚਾਹੀਦੀ। ਮੋਬਾਈਲ ਸਕਰੀਨ ਨੂੰ ਅੱਖਾਂ ਤੋਂ ਉਚਿਤ ਦੂਰੀ ’ਤੇ ਰੱਖੋ। ਮੋਬਾਇਲ ਦੀ ਵਰਤੋਂ ਸਿਰਫ ਪੜ੍ਹਾਈ, ਗਿਆਨ, ਜ਼ਰੂਰੀ ਭੁਗਤਾਨ ਅਤੇ ਹਲਕੇ-ਫੁਲਕੇ ਮਨੋਰੰਜਨ ਆਦਿ ਲਈ ਹੀ ਕਾਫ਼ੀ ਹੈ। ਮੋਬਾਇਲ ਫੋਨ ’ਤੇ ਨਿਰਭਰਤਾ ਘਟਾਓ ਅਤੇ ਵੱਧ ਤੋਂ ਵੱਧ ਕਿਤਾਬਾਂ, ਅਖਬਾਰ, ਸਾਹਿਤ ਨਾਲ ਜੁੜੋ। ਰਾਤ ਨੂੰ ਸੌਂਦੇ ਸਮੇਂ ਫੋਨ ਨੂੰ ਆਪਣੇ ਬਿਸਤਰ ਜਾਂ ਸਰੀਰ ਤੋਂ ਦੂਰ ਰੱਖੋ। ਸੋਸ਼ਲ ਮੀਡੀਆ ਦੇ ਉੱਪਰ ਮੌਜੂਦ ਗਲਤ ਸਮੱਗਰੀ ਨੂੰ ਬਲੌਕ, ਅਨਫੌਲੋ, ਅਨਸਬਸਕ੍ਰਾਈਬ ਜ਼ਰੂਰ ਕਰ ਦਿਓ। ਮਾਪਿਆਂ, ਅਧਿਆਪਕਾਂ ਦੀ ਸੇਧ ਲੈ ਕੇ ਮੋਬਾਇਲ ਫੋਨ ਦੀ ਉਚਿਤ ਵਰਤੋਂ ਕਰੋ।

ਆਪਣਾ ਬੈਂਕ ਖਾਤਾ, ਆਧਾਰ ਨੰਬਰ, ਪੈਨ ਨੰਬਰ, ਮੋਬਾਇਲ ਨੰਬਰ, ਓ.ਟੀ.ਪੀ. ਆਦਿ ਕਿਸੇ ਵੀ ਅਣਜਾਣ ਵਿਅਕਤੀ ਨਾਲ ਸ਼ੇਅਰ ਨਾ ਕਰੋ। ਡਰਾਈਵਿੰਗ ਕਰਦੇ ਜਾਂ ਸਫ਼ਰ ਕਰਦੇ ਸਮੇਂ ਮੋਬਾਇਲ ਦੀ ਵਰਤੋਂ ਨਾ ਕਰੋ। ਪੜ੍ਹਦੇ ਸਮੇਂ ਮੋਬਾਇਲ ਤੇ ਸੋਸ਼ਲ ਸਾਈਟਸ ਤੋਂ ਦੂਰ ਰਹੋ। ਮਿਆਰੀ ਕੰਪਨੀਆਂ ਦੇ ਮੋਬਾਇਲ ਫੋਨਾਂ ਦੀ ਹੀ ਵਰਤੋਂ ਕਰੋ। ਮੋਬਾਈਲ ਫੋਨ ’ਤੇ ਗੇਮ ਬਿਲਕੁਲ ਵੀ ਨਾ ਖੇਡੋ। ਲੰਬਾ ਸਮਾਂ ਗੱਲ ਕਰਨ ਦੌਰਾਨ ਦੋਵਾਂ ਕੰਨਾਂ ਤੋਂ ਬਦਲ-ਬਦਲ ਕੇ ਮੋਬਾਇਲ ਵਰਤਿਆ ਜਾਵੇ। ਹੈੱਡਫੋਨ ਦੀ ਜ਼ਿਆਦਾ ਵਰਤੋਂ ਤੁਹਾਡੇ ਦੇ ਕੰਨਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਫੋਨ ’ਤੇ ਪ੍ਰਾਪਤ ਗਲਤ ਸੁਨੇਹਿਆਂ ਅਤੇ ਗਲਤ ਲਿੰਕਾਂ ਉੱਪਰ ਕਲਿੱਕ ਨਾ ਕਰੋ।

ਮੋਬਾਇਲ ਫੋਨ ਵਰਤਦਿਆਂ ਅੱਖਾਂ ਨੂੰ ਲਗਾਤਾਰ ਝਪਕਦੇ ਰਹੋ। ਲੇਟ ਕੇ ਜਾਂ ਲੰਮੇ ਪੈ ਕੇ ਮੋਬਾਇਲ ਦੀ ਵਰਤੋਂ ਕਦੇ ਨਾ ਕਰੋ। ਫੋਨ ’ਤੇ ਅਸ਼ਲੀਲ, ਲੱਚਰ, ਭੜਕਾਊ, ਗੈਰ-ਮਿਆਰੀ ਸਮੱਗਰੀ ਦੇਖਣ ਤੋਂ ਬਚੋ। ਵੱਧ ਤੋਂ ਵੱਧ ਸਮਾਂ ਆਪਣੀ ਜ਼ਿੰਦਗੀ ਅਤੇ ਕਰੀਅਰ ਬਣਾਉਣ ਵਿਚ ਲਗਾਓ। ਖਾਣਾ ਖਾਣ ਦੌਰਾਨ ਅਤੇ ਟੀ.ਵੀ. ਦੇਖਣ ਦੌਰਾਨ ਮੋਬਾਇਲ ਫੋਨ ਦੀ ਵਰਤੋਂ ਕਦੇ ਵੀ ਨਾ ਕਰੋ। ਮੋਬਾਇਲ ਫੋਨ ’ਤੇ ਤੁਹਾਡੇ ਨਾਲ ਵਾਪਰੀ ਕਿਸੇ ਵੀ ਗਲਤ ਘਟਨਾ ਨੂੰ ਆਪਣੇ ਮਾਪਿਆਂ, ਅਧਿਆਪਕਾਂ ਆਦਿ ਨੂੰ ਬਿਨਾਂ ਕਿਸੇ ਦੇਰੀ ਦੇ ਜ਼ਰੂਰ ਸੂਚਿਤ ਕਰੋ। ਮੋਬਾਇਲ ਵਰਤਦਿਆਂ ਆਪਣੇ ਮਾਪਿਆਂ ਜਾਂ ਵੱਡਿਆਂ ਦੀਆਂ ਗੱਲਾਂ ਨੂੰ ਅਣਸੁਣਿਆ ਨਾ ਕਰੋ। ਉਨ੍ਹਾਂ ਦੀਆਂ ਭਾਵਨਾਵਾਂ ਦੀ ਵੀ ਕਦਰ ਕੀਤੀ ਜਾਣੀ ਚਾਹੀਦੀ ਹੈ।
ਇੰਚਾਰਜ, ਸਰਕਾਰੀ ਮਿਡਲ ਸਕੂਲ, ਬੋਪੁਰ (ਸੰਗਰੂਰ)
ਮੋ. 98721-88080

ਮਾਸਟਰ ਤਰਸੇਮ ਗੁਲਾੜੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ