ਚੋਣ ਮੀਟਿੰਗਾਂ ’ਚ ਮਹਿਲਾ ਵੋਟਰਾਂ ਦੀ ਵਧੀ ਗਿਣਤੀ ਨੇ ਚੋਣ ਮੁਕਾਬਲੇ ਨੂੰ ਰੌਚਕ ਬਣਾਇਆ

Women Voters Sachkahoon

ਆਪ ਮੁਕਾਬਲੇ ਅਕਾਲੀਆਂ ਅਤੇ ਕਾਂਗਰਸ ਵੱਲ ਮਹਿਲਾਵਾਂ ਦਾ ਵੱਧ ਹੈ ਰੁਝਾਨ

(ਤਰੁਣ ਕੁਮਾਰ ਸ਼ਰਮਾ) ਨਾਭਾ। 2022 ਦੇ ਵਿਧਾਨ ਸਭਾ ਚੋਣ ਅਖਾੜੇ ਵਿੱਚ ਚੋਣ ਉਮੀਦਵਾਰ ਬਣਨ ਦੇ ਬਣਦੇ ਸਿਆਸੀ ਅਧਿਕਾਰ ਤੋਂ ਸੱਖਣੀਆਂ ਮਹਿਲਾਵਾਂ (Women Voters) ਨੂੰ ਚੋਣ ਮੀਟਿੰਗਾਂ ’ਚ ਪ੍ਰਮੁੱਖਤਾ ਮਿਲ ਰਹੀ ਹੈ। ਮੁਫਤ ਸਿੱਖਿਆ, ਪੈਨਸ਼ਨ, ਸਿਹਤ ਸਬੰਧੀ ਸਹੂਲਤਾਂ ਤੋਂ ਲੈ ਕੇ ਸਿਲੰਡਰ ਅਤੇ ਘਰੇਲੂ ਵਸਤੂਆਂ ਦੇ ਖ਼ਰਚ ਯੋਗ ਰਾਸ਼ੀ ਆਦਿ ਚੋਣ ਵਾਅਦੇ ਕਰਦਿਆਂ ਸਿਆਸੀ ਪਾਰਟੀਆਂ ਮਹਿਲਾ ਵੋਟਰਾਂ ਨੂੰ ਲੁਭਾਉਣ ਵਿੱਚ ਰੁਝੀਆਂ ਪਈਆਂ ਹਨ। ਅਕਾਲੀਆਂ ਦੀਆਂ ਮਹਿਲਾਵਾਂ ਦੇ ਵਿਕਾਸ ਲਈ ਜਾਰੀ ਸਹੂਲਤਾਂ ਦੀ ਤਰਜ ’ਤੇ ਕਾਂਗਰਸ ਵੱਲੋਂ ਮਹਿਲਾਵਾਂ ਲਈ ਮੁਫ਼ਤ ਬੱਸ ਯਾਤਰਾ, ਵਧੀ ਹੋਈ ਪੈਨਸ਼ਨ, ਸ਼ਗਨ ਸਕੀਮ ਆਦਿ ਸਮੇਤ ਬਾਰ੍ਹਵੀਂ ਤੱਕ ਲੜਕੀਆਂ ਨੂੰ ਮੁਫ਼ਤ ਸਿੱਖਿਆ ਆਦਿ ਦੀਆਂ ਸਹੂਲਤਾਂ ਪਹਿਲਾਂ ਹੀ ਜਾਰੀ ਕੀਤੀਆਂ ਹੋਈਆਂ ਹਨ। ਜਿਸ ਕਾਰਨ ਚੋਣ ਮੀਟਿੰਗਾਂ ਦੌਰਾਨ ਮਹਿਲਾ ਵੋਟਰਾਂ ਦਾ ਰੁਝਾਨ ਸਾਫ ਝਲਕਦਾ ਵਿਖਾਈ ਦੇ ਰਿਹਾ ਹੈ।

ਪਹਿਲੀ ਨਜ਼ਰੇ ਮਹਿਲਾ ਵੋਟਰਾਂ ਦੀ ਪਸੰਦ ਆਮ ਆਦਮੀ ਪਾਰਟੀ ਦੀ ਬਜਾਏ ਅਕਾਲੀ ਅਤੇ ਕਾਂਗਰਸੀ ਹੀ ਨਜ਼ਰ ਆਉਂਦੇ ਹਨ ਜਿਨ੍ਹਾਂ ਦੀਆਂ ਸਰਕਾਰਾਂ ਨੇ ਆਪਣੇ ਕਾਰਜਕਾਲ ਦੌਰਾਨ ਮਹਿਲਾ ਵੋਟਰਾਂ ਦੇ ਵਿਕਾਸ ਲਈ ਪਹਿਲਾਂ ਕੰਮ ਕੀਤਾ ਹੈ। ਦੂਜੇ ਪਾਸੇ ਦਿੱਲੀ ਦੀ ਆਪ ਸਰਕਾਰ ਵੱਲੋਂ ਮਹਿਲਾਵਾਂ ਦੇ ਵਿਕਾਸ ਸੰਬੰਧੀ ਕੋਈ ਠੋਸ ਵਰਤਾਰੇ ਦੀ ਅਣਹੋਂਦ ਕਾਰਨ ਆਮ ਆਦਮੀ ਪਾਰਟੀ ਮਹਿਲਾਵਾਂ ਦੀ ਕਸੌਟੀ ’ਤੇ ਪੂਰਾ ਉੱਤਰਦੀ ਨਜ਼ਰ ਨਹੀਂ ਆ ਰਹੀ। ਮਜੇ ਦੀ ਗੱਲ ਹੈ ਕਿ ਘਰ ਦਾ ਮੁਖੀ ਹੋਣ ਨਾਤੇ ਕਹੋ ਜਾਂ ਫਿਰ ਘੁੰਮਣ ਫਿਰਨ ਵਾਲੇ ਮਰਦ ਵੋਟਰਾਂ ਦੀ ਪਹਿਚਾਣ ਕਿਸੇ ਨਾ ਕਿਸੇ ਸਿਆਸੀ ਧਿਰ ਨਾਲ ਜੁੜੀ ਹੋਣ ਮੁਕਾਬਲੇ ਮਹਿਲਾਵਾਂ ਦੀ ਕਿਸੇ ਸਿਆਸੀ ਧਿਰ ਨਾਲ ਜੁੜੇ ਹੋਣ ਦੀ ਕੋਈ ਪਹਿਚਾਣ ਨਹੀਂ ਹੁੰਦੀ। ਇਸ ਤੋਂ ਇਲਾਵਾ ਕੰਮਕਾਰਾਂ ਅਤੇ ਵਪਾਰ ਸਮੇਤ ਨੌਕਰੀਆਂ ਵਿਚ ਰੁੱਝੇ ਮਰਦ ਵੋਟਰਾਂ ਲਈ ਚੋਣ ਮੀਟਿੰਗਾਂ ਵਿੱਚ ਸ਼ਾਮਿਲ ਹੋਣਾ ਕਾਫ਼ੀ ਮੁਸ਼ਕਿਲ ਭਰਿਆ ਹੁੰਦਾ ਹੈ ਜਦਕਿ ਮਹਿਲਾ ਵੋਟਰ ਕਿਤੇ ਨਾ ਕਿਤੇ ਸਮਾਂ ਕੱਢ ਕੇ ਇੱਕ ਦੂਸਰੇ ਦੇ ਸਮੱਰਥਨ ਵਿੱਚ ਇਕੱਤਰਤਾ ਕਰ ਲੈਂਦੀਆਂ ਹਨ।

ਦੇਖਣ ਵਿੱਚ ਆ ਰਿਹਾ ਹੈ ਕਿ ਚੋਣ ਮੀਟਿੰਗਾਂ ਵਿੱਚ ਆਪ ਮੁਹਾਰੇ ਚੋਣ ਉਮੀਦਵਾਰਾਂ ਦੇ ਵਿਚਾਰ ਸੁਣਨ ਲਈ ਪੁੱਜ ਰਹੀਆਂ ਮਹਿਲਾਵਾਂ ਆਪਣੇ ਅਤੇ ਆਪਣੇ ਪਰਿਵਾਰ ਦੇ ਭਲੇ ਲਈ ਕੀਤੇ ਜਾਦੇ ਮੌਖਿਕ ਚੋਣ ਵਾਅਦਿਆਂ ਦੇ ਵਿਸ਼ਲੇਸ਼ਣ ਦੇ ਨਾਲ ਸਿਆਸੀ ਭਰੋਸੇਯੋਗਤਾ ਨੂੰ ਆਪਸੀ ਗੱਲਬਾਤ ਨਾਲ ਪਰਖਦੀਆਂ ਹਨ। ਜਿਸ ਦੀ ਪੁਖ਼ਤਾ ਮਿਸਾਲ ਪਿੰਡਾਂ ਅਤੇ ਸ਼ਹਿਰਾਂ ’ਚ ਚੋਣ ਮੀਟਿੰਗਾਂ ਮੌਕੇ ਮਹਿਲਾਵਾਂ ਦੀ ਵੱਡੀ ਗਿਣਤੀ ਤੋਂ ਮਿਲਦੀ ਨਜ਼ਰ ਆਉਂਦੀ ਹੈ ਜਿਨ੍ਹਾਂ ਨੂੰ ਚੋਣ ਉਮੀਦਵਾਰ ਚੋਣਾਂ ਵਿੱਚ ਸਫਲਤਾ ਤੋਂ ਬਾਅਦ ਦਿਲ ਲੁਭਾਉਣੇ ਭਵਿੱਖ ਦੀਆਂ ਮਨਮੋਹਕ ਵਾਅਦੇ ਕਰਦੇ ਨਜਰ ਆਉਂਦੇ ਹਨ। ਚੋਣ ਮੀਟਿੰਗਾਂ ’ਚ ਵਧ ਰਹੀ ਮਹਿਲਾਵਾਂ ਦੀ ਗਿਣਤੀ ਤੋਂ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਫੀਸਦੀ ਵਧਣ ਦੀਆਂ ਸੰਭਾਵਨਾਵਾਂ ਵੀ ਵੱਧ ਗਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ