Punjab Floods: ਲੁਧਿਆਣਾ ਦੇ ਕਈ ਪਿੰਡਾਂ ਵਿੱਚ ਆਇਆ ਪਾਣੀ, ਸਸਰਾਲੀ ਪਿੰਡ ’ਚ ਸਤਲੁਜ ਦਾ ਬੰਨ੍ਹ ਟੁੱਟਿਆ
- ਡਿਪਟੀ ਕਮਿਸ਼ਨਰ ਨੇ ਖੁਦ ਚੁੱਕੇ ਰੇਤ ਦੇ ਗੱਟੇ, ਫੌਜ ਤੇ ਐੱਨਡੀਆਰਐੱਫ ਟੀਮਾਂ ਨੇ ਸੰਭਾਲਿਆ ਮੋਰਚਾ | Punjab Floods
Punjab Floods: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ ਪਹਿਲਾਂ ਮਾਝੇ ਅਤੇ ਦੁਆਬੇ ਨੂੰ ਬੁਰੀ ਤਰ੍ਹਾਂ ਹੜ੍ਹਾਂ ਵੱਲੋਂ ਤਬਾਹੀ ਕਰਨ ਤੋਂ ਬਾਅਦ ਹੁਣ ਮਾਲਵੇ ਦੇ ਕਈ ਜ਼ਿਲ੍ਹਿਆਂ ਭਿਆਨਕ ਹਾਲਾਤ ਬਣਾਇਆ ਹੋਇਆ ਹੈ ਜਿੱਥੇ ਸੰਗਰੂਰ ਅਤੇ ਮਾਨਸਾ ਸਣੇ ਪਟਿਆਲਾ ਜਿਲ੍ਹੇ ਵਿੱਚ ਘੱਗਰ ਕਹਿਰ ਵਰ੍ਹਾ ਰਹੀ ਹੈ ਉੱਥੇ ਸਤਲੁਜ ਨੇ ਲੁਧਿਆਣਾ ਨੂੰ ਵਖ਼ਤ ਪਾਇਆ ਹੋਇਆ ਹੈ। ਲੁਧਿਆਣਾ ਦੇ ਸਸਰਾਲੀ ਪਿੰਡ ਨੇੜੇ ਬਣੇ ਸਤਲੁਜ ਦਾ ਬੰਨ੍ਹ ਟੁੱਟਣ ਕਾਰਨ ਪਾਣੀ ਦਾ ਵਹਾਅ ਖੇਤਾਂ ਵੱਲ ਨੂੰ ਹੋ ਰਿਹਾ ਹੈ। ਲੁਧਿਆਣਾ ਪ੍ਰਸ਼ਾਸਨ ਦਿਨ-ਰਾਤ ਇੱਕ ਕਰਕੇ ਇਸ ਬੰਨ੍ਹ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ।
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਖੁਦ ਜ਼ਮੀਨੀ ਪੱਧਰ ’ਤੇ ਉੱਤਰਦੇ ਹੋਏ ਰੇਤ ਦੇ ਗੱਟੇ ਚੁੱਕਦੇ ਨਜ਼ਰ ਆ ਰਹੇ ਹਨ ਅਤੇ ਭਾਰਤੀ ਫੌਜ ਅਤੇ ਐੱਨਡੀਆਰਐੱਫ ਦੀ ਟੀਮਾਂ ਨੇ ਵੀ ਮੋਰਚਾ ਸੰਭਾਲਦੇ ਹੋਏ ਰਾਹਤ ਕਾਰਜਾਂ ਨੂੰ ਵੱਡੇ ਪੱਧਰ ’ਤੇ ਸ਼ੁਰੂ ਕਰ ਦਿੱਤਾ ਗਿਆ ਹੈ ਹਾਲਾਂਕਿ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਿਤੀ ਕੰਟਰੋਲ ਵਿੱਚ ਦੱਸੀ ਜਾ ਰਹੀ ਹੈ ਪਰ ਪਿੰਡ ਦੇ ਲੋਕ ਕਾਫ਼ੀ ਜ਼ਿਆਦਾ ਘਬਰਾਏ ਹੋਏ ਹਨ ਅਤੇ ਉਹਨਾਂ ਵੱਲੋਂ ਪਹਿਲਾਂ ਤੋਂ ਹੀ ਆਪਣੇ ਪਿੰਡਾਂ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
Punjab Floods
ਇਸਦੇ ਨਾਲ ਹੀ ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ ਅਤੇ ਪਠਾਨਕੋਟ ਇਲਾਕੇ ਵਿੱਚ ਹੜ੍ਹਾਂ ਕਾਰਨ ਆਏ ਪਾਣੀ ਦੇ ਪੱਧਰ ਵਿੱਚ ਕੁਝ ਕਮੀ ਨਜ਼ਰ ਆ ਰਹੀ ਹੈ, ਜਿਹੜੀਆਂ ਥਾਂਵਾਂ ’ਤੇ ਪਹਿਲਾਂ 8 ਤੋਂ 10 ਫੁੱਟ ਤੱਕ ਪਾਣੀ ਚਲਾ ਗਿਆ ਸੀ, ਉਹਨਾਂ ਥਾਂਵਾਂ ’ਤੇ ਹੁਣ ਪਾਣੀ ਚਾਰ ਫੁੱਟ ਜਾਂ ਫਿਰ ਇਸ ਤੋਂ ਵੀ ਹੇਠਾਂ ਆ ਚੁੱਕਿਆ ਹੈ ਹਾਲਾਂਕਿ ਰਾਹਤ ਕਾਰਜ ਅਜੇ ਵੀ ਜਾਰੀ ਹਨ ਤਾਂ ਕਿ ਆਮ ਲੋਕਾਂ ਨੂੰ ਇਸ ਔਖੀ ਘੜੀ ਵਿੱਚ ਰਾਹਤ ਪਹੁੰਚਾਈ ਜਾ ਸਕੇ। ਇਸ ਦੇ ਨਾਲ ਓਧਰ ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਲੇ ਕੁਝ ਦਿਨਾਂ ਦੌਰਾਨ ਤੇਜ਼ ਅਤੇ ਭਾਰੀ ਮੀਂਹ ਪੈਣ ਦੇ ਅਸਰ ਨਹੀਂ ਹਨ, ਜਿਸ ਕਾਰਨ ਹੁਣ ਪੰਜਾਬ ਵਿੱਚ ਪਹਿਲਾਂ ਨਾਲੋਂ ਸਥਿਤੀ ਵਿੱਚ ਕਾਫ਼ੀ ਜ਼ਿਆਦਾ ਸੁਧਾਰ ਨਜ਼ਰ ਆਵੇਗਾ, ਇਸ ਲਈ ਲੋਕਾਂ ਨੂੰ ਹੁਣ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ।
Punjab Floods
ਖ਼ਤਰੇ ਦੇ ਪੱਧਰ ਤੋਂ ਹੇਠਾਂ ਹਨ ਭਾਖੜਾ ਤੇ ਪੌਂਗ ਡੈਮ, ਛੱਡਿਆ ਜਾ ਰਿਹਾ ਹੈ ਲਗਾਤਾਰ ਪਾਣੀ : ਹਿਮਾਚਲ ਦੇ ਪਹਾੜੀ ਇਲਾਕੇ ਵਿੱਚ ਮੀਂਹ ਰੁਕਣ ਤੋਂ ਬਾਅਦ ਭਾਖੜਾ ਤੇ ਪੌਂਗ ਡੈਮ ਵਿੱਚ ਆਉਣ ਵਾਲੇ ਪਾਣੀ ਵਿੱਚ ਭਾਰੀ ਕਟੌਤੀ ਆਈ ਹੈ, ਜਿਸ ਕਾਰਨ ਭਾਖੜਾ ਤੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵੀ ਆਪਣੇ ਖ਼ਤਰੇ ਦੇ ਪੱਧਰ ਤੋਂ ਹੇਠਾਂ ਆ ਗਿਆ ਹੈ। ਪੌਂਗ ਡੈਮ ਵਿੱਚ ਇਸ ਸਮੇਂ 1394.67 ਪਾਣੀ ਦਾ ਪੱਧਰ ਚੱਲ ਰਿਹਾ ਹੈ, ਜਦੋਂ ਕਿ ਖ਼ਤਰੇ ਦਾ ਪੱਧਰ 1400 ਫੁੱਟ ਹੈ।
Read Also : ਘੱਗਰ ’ਚ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚੱਲ ਰਿਹੈ ਪਾਣੀ, ਲੋਕਾਂ ਦੇ ਸਾਹ ਸੂਤੇ
ਪੌਂਗ ਡੈਮ ਵਿੱਚ ਸ਼ਨਿੱਚਰਵਾਰ ਨੂੰ 98418 ਕਿਊਸਿਕ ਪਾਣੀ ਆਇਆ ਹੈ, ਜਦੋਂ ਕਿ ਪੌਂਗ ਡੈਮ ਵਿੱਚੋਂ 99673 ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਨਾਲ ਹੀ ਭਾਖੜਾ ਡੈਮ ਵਿੱਚ ਇਸ ਸਮੇਂ 1677.14 ਫੁੱਟ ਪਾਣੀ ਦਾ ਪੱਧਰ ਚੱਲ ਰਿਹਾ ਹੈ, ਜਦੋਂ ਕਿ 1680 ਫੁੱਟ ਪਾਣੀ ਦੇ ਖਤਰੇ ਦਾ ਪੱਧਰ ਹੈ। ਭਾਖੜਾ ਵਿੱਚ ਸ਼ਨਿੱਚਰਵਾਰ ਨੂੰ 46665 ਕਿਊਸਿਕ ਪਾਣੀ ਆਇਆ, ਜਦੋਂ ਕਿ 70 ਹਜ਼ਾਰ ਕਿਊਸਿਕ ਪਾਣੀ ਨੂੰ ਛੱਡਿਆ ਗਿਆ।
ਤੁਰੰਤ ਸੜਕਾਂ ਅਤੇ ਪੁਲ ਨੂੰ ਠੀਕ ਕਰਨ ਅਧਿਕਾਰੀ
ਪੀਡਬਲਿਊਡੀ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਆਪਣੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਸਖ਼ਤ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਜਿਹੜੇ ਵੀ ਇਲਾਕੇ ਵਿੱਚ ਹੜ੍ਹ ਆਏ ਹਨ,ਉਹਨਾਂ ਇਲਾਕਿਆਂ ਵਿੱਚ ਹੜ੍ਹ ਕਾਰਨ ਟੁੱਟੇ ਪੁਲਾਂ ਅਤੇ ਸੜਕਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਤਾਂ ਕਿ ਆਵਾਜਾਈ ਨੂੰ ਇੱਕ ਵਾਰ ਫਿਰ ਸ਼ੁਰੂ ਕੀਤਾ ਜਾ ਸਕੇ। ਹੜ੍ਹਾਂ ਦੇ ਕਾਰਨ ਕਈ ਪਿੰਡਾਂ ਦਾ ਸੰਪਰਕ ਹੀ ਆਪਸ ਵਿੱਚ ਟੁੱਟ ਗਿਆ ਸੀ ਕੈਬਨਿਟ ਮੰਤਰੀ ਨੇ ਇਨ੍ਹਾਂ ਸਾਰੀਆਂ ਥਾਂਵਾਂ ਨੂੰ ਤੁਰੰਤ ਠੀਕ ਕਰਨ ਦੇ ਆਦੇਸ਼ ਦਿੱਤੇ ਹਨ।
ਦਿੱਲੀ ਦੀ ਮੁੱਖ ਮੰਤਰੀ ਨੇ ਭੇਜੇ ਪੰਜ ਕਰੋੜ
ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਪੰਜਾਬ ਦੀ ਮਦਦ ਲਈ ਅੱਗੇ ਵੱਧ ਕੇ ਪੰਜ ਕਰੋੜ ਰੁਪਏ ਦੀ ਰਾਸ਼ੀ ਭੇਜੀ ਗਈ ਹੈ। ਰੇਖਾ ਗੁਪਤਾ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਇਸ ਸਮੇਂ ਹੜ੍ਹਾਂ ਦੇ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਉਹ ਆਪਣੀ ਡਿਊਟੀ ਸਮਝਦੇ ਹੋਏ ਪੰਜਾਬ ਦੀ ਮਦਦ ਕਰਨ ਲਈ ਅੱਗੇ ਆ ਰਹੇ ਹਨ ਇਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਪੰਜ ਕਰੋੜ ਦਾ ਯੋਗਦਾਨ ਪਾਇਆ ਹੈ।