Foundation Day : ਰੱਸਾਕਸ਼ੀ ’ਚ ਹਰਿਆਣਾ ਦੀ ਟੀਮ ਨੇ ਮਾਰੀ ਬਾਜੀ
ਬਰਨਾਵਾ/ਸਰਸਾ (ਸੁਖਜੀਤ ਮਾਨ)। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ (Foundation Day) ਨੂੰ ਸਮਰਪਿਤ ਇਨ੍ਹਾਂ ਖੇਡ ਮੁਕਾਬਲਿਆਂ ’ਚ ਰੱਸਾਕਸ਼ੀ ਦੇ ਪੁਰਸ਼ ਵਰਗ ਦੇ ਮੁਕਾਬਲਿਆਂ ’ਚ ਹਰਿਆਣਾ ਦੀ ਟੀਮ ਨੇ ਬਾਜ਼ੀ ਮਾਰੀ। ਰੱਸਾਕਸ਼ੀ ਦਾ ਫਾਈਨਲ ਮੁਕਾਬਲਾ ਹਰਿਆਣਾ ਤੇ ਯੂਪੀ ਦੀਆਂ ਟੀਮਾਂ ਦਰਮਿਆਨ ਹੋਇਆ। ਜੋਰ ਅਜ਼ਮਾਇਸ਼ ਦੇ ਇਸ ਮੈਚ ’ਚ ਹਰਿਆਣਾ ਦੀ ਟੀਮ ਨੇ ਯੂਪੀ ਟੀਮ ਦੇ ਖਿਡਾਰੀਆਂ ਦੀ ਅੱਡੀ ਨਾ ਲੱਗਣ ਦਿੱਤੀ। ਯੂਪੀ ਦੇ ਖਿਡਾਰੀ ਰੱਸੇ ਨੂੰ ਆਪਣੇ ਵੱਲ ਖਿੱਚਣ ਲਈ ਪੂਰੀ ਵਾਹ ਲਾਉਂਦੇ ਰਹੇ ਪਰ ਹਰਿਆਣਾ ਦੇ ਖਿਡਾਰੀ ਪੈਰਾਂ ਦੇ ਪੰਜਿਆਂ ਦੇ ਬਲ ਨਾਲ ਪਿਛਾਂਹ ਨੂੰ ਹਟਦੇ ਗਏ ਤੇ ਰੱਸੇ ਸਮੇਤ ਯੂਪੀ ਦੇ ਖਿਡਾਰੀਆਂ ਨੂੰ ਆਪਣੇ ਵੱਲ ਖਿੱਚ ਕੇ ਜੇਤੂ ਬਣਨ ਦਾ ਮਾਣ ਹਾਸਿਲ ਕੀਤਾ।
ਪੰਜਾ ਲੜਾਉਣ ’ਚ ਹਰਿਆਣਾ ਦੀ ਵੀਨਾ ਇੰਸਾਂ ਜੇਤੂ
ਇਨ੍ਹਾਂ ਖੇਡ ਮੁਕਾਬਲਿਆਂ ’ਚ ਮਹਿਲਾ ਵਰਗ ਦੇ ਪੰਜਾ ਲੜਾਉਣ ਦੇ ਮੁਕਾਬਲੇ ਕਰਵਾਏ ਗਏ। ਫਾਈਨਲ ਮੁਕਾਬਲਾ ਹਰਿਆਣਾ ਦੀ ਵੀਨਾ ਇੰਸਾਂ ਤੇ ਪੰਜਾਬ ਦੀ ਸੰਦੀਪ ਇੰਸਾਂ ਵਿਚਕਾਰ ਹੋਇਆ ਜਿਸ ’ਚੋਂ ਹਰਿਆਣਾ ਦੀ ਵੀਨਾ ਇੰਸਾਂ ਜੇਤੂ ਰਹੀ।
ਰੁਮਾਲ ਛੂਹ: ਪੁਰਸ਼ ਵਰਗ ਵਿੱਚ ਪੰਜਾਬ ਨੇ ਰਾਜਸਥਾਨ ਨੂੰ ਹਰਾਇਆ
- ਪੰਜਾਬ ਨੇ 90-34 ਦੇ ਫਰਕ ਨਾਲ ਜਿੱਤੀਆ ਮੈਚ
ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਦੋ ਰੋਜਾ ਕੌਮੀ ਖੇਡ ਮੁਕਾਬਲਿਆਂ ਦੇ ਫਾਈਨਲ ਮੁਕਾਬਲੇ ਬਰਨਾਵਾ ਆਸ਼ਰਮ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਦੀ ਪਵਿੱਤਰ ਹਜ਼ੂਰੀ ਵਿੱਚ ਹੋਏ। ਖਿਡਾਰੀਆਂ ਵੱਲੋਂ ਆਪੋ-ਆਪਣੇ ਸੂਬੇ ਦੀ ਜਿੱਤ ਲਈ ਕਾਫੀ ਜ਼ੋਰ ਲਾਇਆ ਗਿਆ।
ਪੁਰਸ਼ ਵਰਗ ਵਿੱਚ ਪੰਜਾਬ ਤੇ ਰਾਜਸਥਾਨ ਦੀਆਂ ਟੀਮਾਂ ਦਰਮਿਆਨ ਰੁਮਾਲ ਛੂਹ ਫਾਈਨਲ ਮੁਕਾਬਲਾ ਹੋਇਆ। ਮੈਚ ਦੀ ਸ਼ੂਰੂਆਤ ਵਿੱਚ ਹੀ ਪੰਜਾਬ ਦੀ ਟੀਮ ਨੇ ਹਰ ਪੱਖੋਂ ਆਪਣਾ ਦਬਦਬਾ ਬਣਾਈ ਰੱਖਿਆ। ਪੰਜਾਬ ਦੀ ਟੀਮ ਦੇ ਖਿਡਾਰੀਆਂ ਨੇ ਕਈ ਵਾਰ 3-3 ਨੰਬਰ ਇਕੱਠੇ ਵੀ ਲਏ। ਮੈਚ ਦੇ ਅੱਧੇ ਸਮੇਂ ਤੱਕ ਪੰਜਾਬ ਦੀ ਟੀਮ ਨੇ 46 ਜਦੋਂਕਿ ਰਾਜਸਥਾਨ ਸਿਰਫ 17 ਅੰਕ ਹੀ ਬਣਾ ਸਕੀ। ਅੱਧੇ ਸਮੇਂ ਦੀ ਬਰੇਕ ਮਗਰੋਂ ਜਦੋਂ ਖੇਡ ਮੁੜ ਸ਼ੁਰੂ ਹੋਈ ਤਾਂ ਰਾਜਸਥਾਨ ਦੀ ਟੀਮ ਵੱਲੋਂ ਅੰਕਾਂ ਦਾ ਫਾਸਲਾ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲ ਨਹੀਂ ਹੋ ਸਕੀ। ਪੰਜਾਬ ਦੀ ਟੀਮ ਨੇ ਇਹ ਮੈਚ 90-34 ਦੇ ਫਰਕ ਨਾਲ ਜਿੱਤ ਲਿਆ।
ਖੇਡ ਸਰਪੰਚ ਦੀ ਰਹੀ ਅਹਿਮ ਭੂਮਿਕਾ
ਪੂਜਨੀਕ ਗੁਰੂ ਜੀ (Saint Dr MSG) ਵੱਲੋਂ ਨਵੇਂ ਨਿਯਮਾਂ ਤਹਿਤ ਦਿਲਚਸਪ ਬਣਾਈ ਗਈ ਰੁਮਾਲ ਛੂਹ ਖੇਡ ਵਿੱਚ ਰੈਫਰੀਆਂ ਨੂੰ ਖੇਡ ਪੰਚ ਬਣਾਇਆ ਜਦੋਂਕਿ ਖੁਦ ਖੇਡ ਸਰਪੰਚ ਦੀ ਅਹਿਮ ਭੂਮਿਕਾ ਨਿਭਾਈ। ਮੈਚ ਦੌਰਾਨ ਜਦੋਂ ਵੀ ਖੇਡ ਪੰਚ ਕਿਸੇ ਅੰਕ ਸਬੰਧੀ ਫ਼ੈਸਲਾ ਲੈਣ ਲਈ ਦੁਚਿੱਤੀ ਵਿੱਚ ਪੈ ਜਾਂਦੇ ਤਾਂ ਖੇਡ ਸਰਪੰਚ ਵਜੋਂ ਪੂਜਨੀਕ ਗੁਰੂ ਜੀ ਸਹੀ ਫ਼ੈਸਲਾ ਦੇ ਕੇ ਅੰਕ ਐਲਾਨਦੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ