ਪੰਜਾਬੀਆਂ ’ਚ ਵਿਖਾਵੇਬਾਜ਼ੀ ਦਾ ਵਧਦਾ ਰੁਝਾਨ

ਪੰਜਾਬੀਆਂ ’ਚ ਵਿਖਾਵੇਬਾਜ਼ੀ ਦਾ ਵਧਦਾ ਰੁਝਾਨ

ਸੱਭਿਆਚਾਰ ਇੱਕ ਬਦਲਦਾ ਸੰਕਲਪ ਹੈ, ਜੋ ਸਥਿਰ ਨਹੀਂ ਹੈ। ਇਸਦਾ ਬਦਲਾਅ ਨਿਰੰਤਰ ਤੇ ਹੌਲੀ-ਹੌਲੀ ਹੁੰਦਾ ਰਹਿੰਦਾ ਹੈ। ਸਾਡਾ ਦੇਸ਼ ਅਲੱਗ-ਅਲੱਗ ਰੰਗਾਂ ਦੇ ਫੁੱਲਾਂ ਦੇ ਗੁਲਦਸਤੇ ਵਾਂਗ ਹੈ, ਜਿਸ ਵਿੱਚ ਵੱਖ-ਵੱਖ ਕੌਮਾਂ-ਕਬੀਲੇ ਆਪਣੇ ਰੀਤੀ-ਰਿਵਾਜ਼ਾਂ, ਸੰਸਕਾਰਾਂ ਨਾਲ ਇਸ ਦੇਸ਼ ਰੂਪੀ ਗੁਲਦਸਤੇ ਨੂੰ ਚਾਰ ਚੰਨ ਲਾਉਂਦੇ ਹਨ। ਇੱਕ ਕੌਮ ਦਾ ਸੱਭਿਆਚਾਰ, ਰੀਤੀ-ਰਿਵਾਜ਼ ਦੂਜੀ ਕੌਮ ਨਾਲ ਮੇਲ ਨਹੀਂ ਖਾਂਦੇ ਪਰ ਸੰਸਾਰੀਕਰਨ ਹੋਣ ਕਾਰਨ ਅਜੋਕੇ ਸੱਭਿਆਚਾਰ ਦਾ ਮੂੰਹ-ਮੁਹਾਂਦਰਾ ਕਾਫੀ ਬਦਲ ਚੁੱਕਾ ਹੈ। ਅਸੀਂ ਇੱਕ-ਦੂਜੇ ਦੇ ਸੱਭਿਆਚਾਰ, ਰੀਤੀ ਰਿਵਾਜ਼ਾਂ ਨੂੰ ਆਪੋ-ਆਪਣੇ ਸੱਭਿਆਚਾਰ ’ਚ ਸ਼ਾਮਲ ਕਰ ਰਹੇ ਹਾਂ।

ਇਹ ਵੀ ਸੱਚ ਹੈ ਕਿ ਭਾਵੇਂ ਸੂਰਜ ਸਾਡੇ ਦੇਸ਼ ਵਿੱਚ ਉੱਗਦਾ ਹੈ ਪਰ ਫਿਰ ਵੀ ਰੌਸ਼ਨੀ ਦੀ ਆਸ ਅਸੀਂ ਪੱਛਮ ’ਚੋਂ ਲਾਈ ਰੱਖਦੇ ਹਾਂ ਤੇ ਉੱਧਰੋਂ ਆਉਂਦੀ ਰੌਸ਼ਨੀ ਸਾਨੂੰ ਹਮੇਸ਼ਾ ਪ੍ਰਭਾਵਿਤ ਕਰਦੀ ਹੈ। ਦੂਜਿਆਂ ਦੀਆਂ ਚੰਗਿਆਈਆਂ ਅਪਣਾਉਣਾ ਬੁਰੀ ਗੱਲ ਨਹੀਂ ਪਰ ਜਦ ਚੰਗੇ ਦੀ ਥਾਂ ਮਾੜਾ ਪ੍ਰਭਾਵ ਗ੍ਰਹਿਣ ਕਰ ਲਿਆ ਜਾਂਦਾ ਹੈ ਤਾਂ ਇਹ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਤਹਿਸ-ਨਹਿਸ ਕਰ ਦਿੰਦਾ ਹੈ।

ਰੀਤੀ-ਰਿਵਾਜ਼, ਸੰਸਕਾਰ ਮਨੁੱਖ ਦੀ ਪੂਰੀ ਜ਼ਿੰਦਗੀ ਨਾਲੋ-ਨਾਲ ਚੱਲਦੇ ਹਨ। ਜਨਮ ਤੋਂ ਲੈ ਕੇ ਮਰਨ ਤੱਕ ਹਰ ਪੜਾਅ ਉੱਪਰ ਕੋਈ ਨਾ ਕੋਈ ਰਸਮ ਕੀਤੀ ਜਾਂਦੀ ਹੈ। ਪੁਰਾਤਨ ਸਮਿਆਂ ਤੋਂ ਪ੍ਰਚਲਿਤ ਰਸਮ-ਰਿਵਾਜ਼ ਅੱਜ ਵੀ ਕਾਇਮ ਹਨ ਪਰ ਫਰਕ ਸਿਰਫ ਇੰਨਾ ਕੁ ਆ ਗਿਆ ਹੈ ਕਿ ਉਨ੍ਹਾਂ ਰੀਤੀ-ਰਿਵਾਜ਼ਾਂ ਦੇ ਨਾਂਅ ’ਤੇ ਫਿਜ਼ੂਲ਼ ਖਰਚੀ ਆਮ ਕੀਤੀ ਜਾਂਦੀ ਹੈ। ਪੈਸੇ ਦੀ ਪ੍ਰਧਾਨਤਾ ਹੋਣ ਕਾਰਨ ਅਜੋਕੇ ਰੀਤੀ-ਰਿਵਾਜ਼ ਖੋਖਲੇ ਜਾਪਦੇ ਹਨ। ਸਮਾਜ ਵਿੱਚ ਨੱਕ ਰੱਖਣ ਲਈ ਲੋਕ ਅੱਡੀਆਂ ਚੁੱਕ ਕੇ ਫਾਹਾ ਲੈਂਦੇ ਹਨ ਤੇ ਵਿੱਤੋਂ ਵੱਧ ਖਰਚਾ ਕਰਕੇ ਪੂਰੀ ਜ਼ਿੰਦਗੀ ਨਰਕ ਭੋਗਦੇ ਹਨ ਜਾਂ ਫਿਰ ਖੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਹਨ।

ਅਜੋਕੀਆਂ ਰਸਮਾਂ ਦੇਖ ਕੇ ਜਾਪਦਾ ਜਿਵੇਂ ਇਹ ਛੋਟੇ ਬੱਚਿਆਂ ਦੀਆਂ ਖੇਡਾਂ ਹੋਣ ਤੇ ਲੋਕ ਭੋਲੇ ਭਾਅ ਇਨ੍ਹਾਂ ਉੱਪਰ ਸਾਰੀ ਪੂੰਜੀ ਲੁਟਾ ਰਹੇ ਹੋਣ। ਪਹਿਲਾਂ ਲੋਕ ਸਾਦਾ ਤੇ ਅਰਾਮਦਾਇਕ ਜੀਵਨ ਬਿਤਾਉਂਦੇ ਸਨ ਪਰ ਅਜੋਕੀ ਭੱਜ-ਦੌੜ ਭਰੀ ਜ਼ਿੰਦਗੀ ’ਚੋਂ ਸਾਦਗੀ ਅਤੇ ਅਰਾਮ ਗਾਇਬ ਹੋ ਚੁੱਕਾ ਹੈ। ਇਸੇ ਭੱਜ-ਦੌੜ ਨੇ ਮਾਨਸਿਕ ਸ਼ਾਂਤੀ ਨੂੰ ਖੋਰਾ ਲਾਇਆ ਹੈ ਜਿਸਨੇ ਬਦਲਦੇ ਜ਼ਿੰਦਗੀ ਜਿਉਣ ਦੇ ਢੰਗ ਤੋਂ ਉਤਪੰਨ ਬਿਮਾਰੀਆਂ ਨੂੰ ਉਪਜਾਇਆ ਹੈ ਜਿਸਨੇ ਲੋਕਾਈ ਨੂੰ ਰੋਗੀ ਬਣਾ ਕੇ ਰੱਖ ਦਿੱਤਾ ਹੈ। ਇੱਕ ਪੰਜਾਬੀ ਅਖਬਾਰ ਦੀ ਰਿਪੋਰਟ ਅਨੁਸਾਰ ਲੰਘੇ ਸਾਢੇ ਚਾਰ ਵਰਿ੍ਹਆਂ ਦੌਰਾਨ ਪੰਜਾਬੀਆਂ ਨੇ ਤਕਰੀਬਨ 2500 ਕਰੋੜ ਰੁਪਏ ਖਰਚ ਕੇ ਬੁਲੇਟ ਮੋਟਰਸਾਈਕਲ ਖਰੀਦੇ ਹਨ,

ਜਿਸਨੇ ਉਨ੍ਹਾਂ ਦੇ ਮਾੜੇ ਆਰਥਿਕ ਹਾਲਾਤਾਂ ਵਿੱਚ ਵੀ ਵਿਖਾਵੇ ਦੀ ਸ਼ਾਹੀ ਠਾਠ ਰੱਖਣ ਦੇ ਮਾੜੇ ਰੁਝਾਨ ਨੂੰ ਉਜਾਗਰ ਕੀਤਾ ਹੈ। ਰਿਪੋਰਟ ਅਨੁਸਾਰ, ਔਸਤਨ ਵਿਕਰੀ ਰੋਜ਼ਾਨਾ 119 ਰਹੀ ਹੈ ਤੇ ਇਸ ਖਰੀਦਦਾਰੀ ਵਿੱਚ ਪੰਜਾਬੀ ਕੁੜੀਆਂ ਵੀ ਪਿੱਛੇ ਨਹੀਂ ਹਨ। ਇਸਦਾ ਵੱਡਾ ਕਾਰਨ ਅਜੋਕਾ ਗੀਤ-ਸੰਗੀਤ ਹੈ ਜਿਸ ਵਿੱਚ ਹਥਿਆਰਾਂ, ਬੁਲੇਟ ਮੋਟਰਸਾਈਕਲਾਂ ਨੂੰ ਵਡਿਆ ਕੇ ਪੇਸ਼ ਕੀਤਾ ਜਾ ਰਿਹਾ ਹੈ। ਸਾਡਾ ਸੂਬਾ ਜਿੱਥੇ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ, ਆਰਥਿਕਤਾ ਡਗਮਗਾਈ ਹੋਈ ਹੈ ਉੱਥੇ ਸੂਬੇ ਦੇ ਬਾਸ਼ਿੰਦਿਆਂ ਦੁਆਰਾ ਵਿਖਾਵੇਬਾਜੀ ’ਚ ਝੁੱਗਾ ਚੌੜ ਕਰਵਾਉਣਾ ਸਮਝਦਾਰੀ ਹਰਗਿਜ ਨਹੀਂ ਹੈ

ਬੱਚੇ ਦੇ ਜਨਮ ਖਾਸ ਕਰਕੇ ਮੁੰਡੇ ਦੇ ਜਨਮ ’ਤੇ ਰੀਤੀ-ਰਿਵਾਜ਼ਾਂ ਦੇ ਨਾਂਅ ’ਤੇ ਜਸ਼ਨ ਮਨਾਉਣ ਲਈ ਬਹੁਤ ਖਰਚਾ ਕੀਤਾ ਜਾਂਦਾ ਹੈ। ਮਹਿੰਗੇ ਤੇ ਬੇਲੋੜੇ ਤੋਹਫੇ ਦਿੱਤੇ-ਲਏ ਜਾਂਦੇ ਹਨ। ਅੱਗਿਉਂ ਪੜ੍ਹਾਈ ’ਤੇ ਬਹੁਤ ਖਰਚ ਹੁੰਦਾ ਹੈ, ਅਜੋਕੇ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਮਹਿੰਗੇ ਕਾਨਵੈਂਟ ਸਕੂਲਾਂ ’ਚ ਹੀ ਪੜ੍ਹਾਉਣਾ ਪਸੰਦ ਕਰਦੇ ਹਨ ਜੋ ਅੱਜ ਲੋਕਾਂ ਦਾ ‘ਸਟੇਟਸ ਸਿੰਬਲ’ ਬਣ ਗਿਆ ਹੈ। ਪਹਿਲਾਂ ਸਾਰੇ ਪਿੰਡ ਦੇ ਬੱਚੇ ਇੱਕ ਹੀ ਸਰਕਾਰੀ ਸਕੂਲ਼ ’ਚ ਪੜ੍ਹਦੇ ਸਨ ਪਰ ਉਪਭੋਗਤਾਵਾਦੀ ਯੁੱਗ ਤੇ ਪੈਸੇ ਦੀ ਪ੍ਰਮੁੱਖਤਾ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ। ਊਚ-ਨੀਚ ਦਾ ਭੇਦ ਜੋ ਇਕੱਠੇ ਪੜ੍ਹਨ ਨਾਲ ਮਿਟਣਾ ਸੀ ਹੁਣ ਉਹ ਵਿਕਰਾਲ ਰੂਪ ਧਾਰਨ ਕਰ ਗਿਆ ਹੈ।

ਸਾਡੇ ਸਮਾਜ ’ਚ ਸਭ ਤੋਂ ਜਿਆਦਾ ਫਜ਼ੂਲ ਖਰਚੀ ਵਿਆਹਾਂ ’ਤੇ ਕੀਤੀ ਜਾਂਦੀ ਹੈ, ਅੱਗੇ ਗੱਲ ਤੋਰਨ ਤੋਂ ਪਹਿਲਾਂ ਪ੍ਰੀ ਵੈਡਿੰਗ ਬਾਰੇ ਚਰਚਾ ਲਾਜ਼ਮੀ ਹੈ ਜੋ ਅਜੋਕੇ ਸਮੇਂ ’ਚ ਅਮੀਰਾਂ ਦਾ ਚੋਜ ਨਾ ਰਹਿ ਕੇ ਆਮ ਲੋਕਾਂ ਨੂੰ ਵੀ ਇਸ ਬਾਬਤ ਸੱਦਾ ਦੇ ਰਿਹਾ ਹੈ।

ਅਜੋਕੇ ਵਿਆਹਾਂ ’ਚ ਤਾਂ ਦਹੇਜ ਦੇ ਨਾਂਅ ’ਤੇ ਸੌਦੇ ਕੀਤੇ ਜਾਂਦੇ ਹਨ, ਇਸਦੀ ਮੂੰਹ ਬੋਲਦੀ ਤਸਵੀਰ ਸੋਸ਼ਲ ਮੀਡੀਏ ’ਤੇ ਵਾਇਰਲ ਇੱਕ ਆਡੀਉ ਹੈ ਜਿਸ ਅੰਦਰ ਇੱਕ ਆਦਮੀ ਸ਼ਰੇਆਮ ਮੁੰਡਾ ਵਿਆਹੁਣ ਲਈ ਦਹੇਜ ’ਚ ਕੀਤੇ ਸੌਦੇ ਦੀ ਰਕਮ ਅਨੰਦ ਕਾਰਜ ਤੋਂ ਪਹਿਲਾਂ ਲੈਣ ਲਈ ਧਮਕਾ ਰਿਹਾ ਹੈ। ਪੁਰਾਤਨ ਕਾਲ ’ਚ ਦਹੇਜ ਦਾ ਜਿਕਰ ਮਿਲਦਾ ਹੈ ਪਰ ਉਦੋਂ ਹੈਸੀਅਤ ਅਨੁਸਾਰ ਤੇ ਸਾਦਾ ਦਹੇਜ ਦਿੱਤਾ ਜਾਂਦਾ ਸੀ।

ਜੰਝ ਦੀ ਆਉ ਭਗਤ ਸਧਾਰਨ ਤਰੀਕੇ ਨਾਲ ਹੁੰਦੀ ਸੀ। ਬਰਾਤੀ ਵੀ ਨੈਤਿਕਤਾ ਦਾ ਪੱਲਾ ਨਹੀਂ ਛੱਡਦੇ ਸਨ ਤੇ ਸਾਦਗੀ ਨਾਲ ਹਰ ਰਸਮ ’ਚ ਸ਼ਾਮਿਲ ਹੁੰਦੇ ਸਨ। ਅਜੋਕੇ ਸਮੇਂ ਅੰਦਰ ਬਰਾਤ ਦੀ ਆਉ ਭਗਤ ਬੜੇ ਜੋਸ਼-ਖਰੋਸ਼ ਨਾਲ ਕੀਤੀ ਜਾਂਦੀ ਹੈ ਤੇ ਕਈ ਰਸਮਾਂ ਅਜਿਹੀਆਂ ਵੀ ਕੀਤੀਆਂ ਜਾਂਦੀਆਂ ਜਿਨ੍ਹਾਂ ਬਿਨਾ ਸਰ ਸਕਦਾ ਹੈ ਅਜੋਕਾ ਵਿਆਹ ਪਹਿਲਾਂ ਵਾਂਗ ਦਿਨਾਂ ਦਾ ਨਾ ਹੋ ਕੇ ਚੰਦ ਘੰਟਿਆਂ ’ਚ ਨਿੱਬੜ ਜਾਂਦਾ ਹੈ ਅਤੇ ਇਹ ਚੰਦ ਘੰਟੇ ਹੀ ਮੇਜ਼ਬਾਨ ਦੀ ਜਾਨ ਸੂਲੀ ’ਤੇ ਟੰਗ ਦਿੰਦੇ ਹਨ।

ਫਜੂਲ ਖਰਚੀ ਦਾ ਸਬੰਧ ਸਿਰਫ ਖੁਸ਼ੀ ਨਾਲ ਹੀ ਨਹੀਂ ਹੈ ਸਗੋਂ ਗਮੀ ਵਿੱਚ ਵੀ ਫਜ਼ੂਲ ਖਰਚੀ ਘੱਟ ਨਹੀਂ ਕੀਤੀ ਜਾਂਦੀ। ਜ਼ਮਾਨਾ ਚਾਹੇ ਬਦਲ ਗਿਆ ਹੈ ਪਰ ਮਰਨੇ ਆਦਿ ਰਸਮਾਂ ’ਤੇ ਕਾਫੀ ਖਰਚ ਕੀਤਾ ਜਾਂਦਾ ਹੈ। ਬਜੁਰਗਾਂ ਨੂੰ ਵੱਡਾ ਕਰਨ ਦੇ ਨਾਂਅ ’ਤੇ ਜਲੇਬੀਆਂ ਜਾਂ ਹੋਰ ਪਕਵਾਨਾਂ ਨਾਲ ਲੋਕਾਂ ਦੀ ਖਿਦਮਤ ਕੀਤੀ ਜਾਂਦੀ ਹੈ। ਸਿਰਫ ਸ਼ਰੀਕੇ ’ਚ ਧੌਂਸ ਰੱਖਣ ਲਈ ਅਜਿਹਾ ਕੀਤਾ ਜਾਂਦਾ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਅੱਜ ਬਿਰਧ ਆਸ਼ਰਮ ਸਾਡੇ ਸਮਾਜ ਦੇ ਮੱਥੇ ’ਤੇ ਕਲੰਕ ਨਾ ਬਣਦੇ।

ਇਸ ਵਿਖਾਵੇਬਾਜੀ ਵਿੱਚ ਪੰਜਾਬੀ ਲੋਕ ਸਭ ਤੋਂ ਅੱਗੇ ਹਨ ਤੇ ਸਮਾਜ ’ਚ ਨੱਕ ਰੱਖਣ ਲਈ ਆਪਣੀ ਹੈਸੀਅਤ ਤੋਂ ਕਿਤੇ ਜ਼ਿਆਦਾ ਖਰਚਾ ਕਰਦੇ ਹਨ ਅਤੇ ਜਦ ਮੱਧਵਰਗੀ ਪਰਿਵਾਰ ਲਈ ਉਸ ਕਰਜ਼ੇ ਦੀ ਅਦਾਇਗੀ ਮੁਸ਼ਕਲ ਬਣਦੀ ਹੈ ਤਾਂ ਖੁਦਕੁਸ਼ੀਆਂ ਦਾ ਪੱਲਾ ਫੜਨਾ ਮਜ਼ਬੂਰੀ ਹੋ ਨਿੱਬੜਦੀ ਹੈ।

ਆਖਿਰ ਕਿਉਂ ਅਜਿਹੀ ਫੋਕੀ ਸ਼ਾਨ ਲਈ ਅਡੰਬਰ ਰਚਿਆ ਜਾਂਦਾ ਹੈ ਤੇ ਫਿਰ ਉਹ ਨੱਕ ਕਿੱਥੇ ਚਲਾ ਜਾਂਦਾ ਹੈ ਜਦ ਕਰਜ਼ੇ ਦੀ ਮਾਰ ਕਾਰਨ ਖੁਦਕੁਸ਼ੀ ਅਖਬਾਰਾਂ ਦੇ ਪੰਨੇ ਕਾਲੇ ਕਰਦੀ ਹੈ। ਸਾਡੇ ਸਮਾਜ ਨੂੰ ਅਜਿਹੀਆਂ ਫਾਲਤੂ ਗੱਲਾਂ ਤੋਂ ਹਰ ਹੀਲੇ ਉੱਪਰ ਉੱਠਣ ਦੀ ਲੋੜ ਹੈ। ਸਾਡੇ ਰੀਤੀ-ਰਿਵਾਜ਼ ਸੰਸਕਾਰ ਜੋ ਸਾਨੂੰ ਸਾਡੇ ਪੂਰਵਜਾਂ ਤੋਂ ਮਿਲੇ ਹਨ ਉਹ ਬੜੇ ਮਹਾਨ ਹਨ ਜੋ ਸਾਨੂੰ ਭਾਈਚਾਰਕ ਬੰਧਨਾਂ ’ਚ ਬੰਨ੍ਹਦੇ ਹਨ। ਅਜੋਕੇ ਸਮੇਂ ਦੀ ਇਹ ਪੁਰਜ਼ੋਰ ਮੰਗ ਹੈ ਕਿ ਅਸੀ ਆਪਣੇ ਅਖੌਤੀ ਰੀਤੀ-ਰਿਵਾਜ਼ਾਂ ਦੇ ਉੱਪਰ ਫਜ਼ੂਲ ਖਰਚੀ ਨੂੰ ਹਰ ਹੀਲੇ ਬੰਦ ਕਰੀਏ। ਕੌਮੀ ਨਮੂਨਾ ਸਰਵੇਖਣ ਸੰਗਠਨ ਅਨੁਸਾਰ ਦੇਸ਼ ਦੇ 52 ਫੀਸਦੀ ਕਿਸਾਨ ਕਰਜ਼ਾਈ ਹਨ ਤੇ ਪੰਜਾਬ ਦੇ 53 ਫੀਸਦੀ ਕਿਸਾਨ ਕਰਜ਼ੇ ਦੇ ਬੋਝ ਹੇਠਾਂ ਦੱਬੇ ਹੋਏ ਹਨ।

ਇੱਕ ਤਾਜ਼ਾ ਸਰਵੇਖਣ ਅਨੁਸਾਰ ਪੰਜਾਬ ਦੇ 10.53 ਲੱਖ ਲੋਕਾਂ ’ਚੋਂ 89 ਫੀਸਦੀ ਲੋਕ ਕਰਜ਼ਾਈ ਹਨ ਤੇ ਹਰ ਪਿੰਡ ਵਾਸੀ ਦੇ ਸਿਰ ਅੱਠ ਲੱਖ ਦਾ ਕਰਜਾ ਹੈ। ਇਸ ਵੇਲੇ ਪੰਜਾਬ ਦੇ ਕਿਸਾਨਾਂ ਸਿਰ 80000 ਕਰੋੜ ਰੁਪਏ ਕਰਜ਼ਾ ਹੈ ਜੋ 2009-10 ਵਿੱਚ 35000 ਕਰੋੜ ਰੁਪਏ ਸੀ। ਸਰਵੇਖਣ ’ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਖੁਦਕੁਸ਼ੀ ਕਰਨ ਵਾਲੇ 79 ਫ਼ੀਸਦੀ ਕਿਸਾਨ ਪੰਜ ਏਕੜ ਤੋਂ ਵੀ ਘੱਟ ਜ਼ਮੀਨ ਦੇ ਮਾਲਕ ਹਨ ਤੇ ਇਹ ਖੁਦਕੁਸ਼ੀਆਂ ਬੇਤਹਾਸ਼ਾ ਕਰਜ਼ੇ ਕਾਰਨ ਹੋਈਆਂ ਹਨ।

ਸੂਬੇ ਦੇ 74 ਫ਼ੀਸਦੀ ਕਿਸਾਨਾਂ ਤੇ 58.6 ਫ਼ੀਸਦੀ ਮਜ਼ਦੂਰਾਂ ਨੇ ਖੁਦਕੁਸ਼ੀ ਕਰਜ਼ੇ ਕਾਰਨ ਕੀਤੀ ਹੈ। ਸਮਾਜ ’ਚ ਹੋਈ ਉਥਲ-ਪੁਥਲ ਨੂੰ ਠੱਲ੍ਹ ਪਾਉਣ ਲਈ ਸਾਨੂੰ ਅਖੌਤੀ ਰੀਤੀ-ਰਿਵਾਜ਼ ਤਿਆਗਣੇ ਪੈਣਗੇ। ਫਜ਼ੂਲ ਖਰਚੀ ਨੂੰ ਬੰਦ ਕਰਕੇ ਇਸ ਪੈਸੇ ਦਾ ਸਾਰਥਕ ਉਪਯੋਗ ਕੀਤਾ ਜਾਵੇ। ਦੇਸ਼ ਦੇ 21 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹਨ ਤੇ ਮੁਲਕ ਦੇ 40 ਫ਼ੀਸਦੀ ਬੱਚੇ ਕੁਪੋਸ਼ਿਤ ਹਨ। ਗਰੀਬੀ ਕਾਰਨ ਸਾਡੇ ਦੇਸ਼ ਦੇ 1.40 ਕਰੋੜ ਲੋਕ ਬੰਧੂਆ ਵਰਗੀ ਗੁਲਾਮੀ ਦਾ ਜੀਵਨ ਬਿਤਾ ਰਹੇ ਹਨ। ਗਰੀਬੀ ਕਾਰਨ ਲਾਇਕ ਬੱਚੇ ਪੜ੍ਹਾਈ ਛੱਡਣ ਲਈ ਮਜਬੂਰ ਹਨ। ਇਨ੍ਹਾਂ ਲੋਕਾਂ ਦੀ ਮੱਦਦ ਕਰਕੇ ਪੈਸੇ ਦੀ ਵਰਤੋਂ ਸਾਰਥਕ ਹੋ ਸਕਦੀ ਹੈ।
ਚੱਕ ਬਖਤੂ, ਬਠਿੰਡਾ
ਮੋ. 94641-72783 ਲੇਖਕ ਮੈਡੀਕਲ ਅਫਸਰ ਹੈ।
ਡਾ. ਗੁਰਤੇਜ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.