ਆਊਟਸੋਰਸਿੰਗ ਉਤੇ ਰੱਖਿਆ ਜਾਵੇਗਾ 15 ਮਾਹਿਰ ਟੀਮਾਂ ਨੂੰ
ਚੰਡੀਗੜ, (ਅਸ਼ਵਨੀ ਚਾਵਲਾ)। ਕੋਵਿਡ ਸੰਕਟ ਨਾਲ ਨਜਿੱਠਣ ਲਈ ਸੋਸ਼ਲ ਮੀਡੀਆ ਦੀ ਵਿਸ਼ਵ ਵਿਆਪੀ ਪੱਧਰ ‘ਤੇ ਵੱਧ ਰਹੀ ਮਹੱਤਤਾ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਆਪਣੀ ਸੋਸ਼ਲ ਮੀਡੀਆ ਪਹੁੰਚ ਵਧਾਉਣ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਆਊਟ ਸੋਰਸਿੰਗ ‘ਤੇ 15 ਮਾਹਿਰ ਸੋਸ਼ਲ ਮੀਡੀਆ ਟੀਮਾਂ ਨੂੰ ਰੱਖਿਆ ਜਾਵੇਗਾ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਕੈਬਨਿਟ ਨੇ ਬੁੱਧਵਾਰ ਨੂੰ ਇਨਾਂ ਟੀਮਾਂ ਨੂੰ ਰੱਖਣ ਲਈ 7 ਕਰੋੜ ਰੁਪਏ ਸਾਲਾਨਾ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਜਿਸ ਨਾਲ ਇਸ ਖੇਤਰ ਦੇ ਪੇਸ਼ੇਵਾਰ ਤੇ ਮਾਹਿਰਾਂ ਨੂੰ ਰੱਖਿਆ ਜਾਵੇਗਾ। ਮੰਤਰੀ ਮੰਡਲ ਨੇ ਮਹਿਸੂਸ ਕੀਤਾ ਕਿ ਸੂਬਾ ਸਰਕਾਰ ਦੇ ਕੁਝ ਵਿਭਾਗਾਂ ਦਾ ਲੋਕਾਂ ਨਾਲ ਵੱਡੇ ਪੱਧਰ ਦਾ ਤਾਲਮੇਲ ਰਹਿੰਦਾ ਹੈ, ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਮਹਾਂਮਾਰੀ ਨਾਲ ਸਬੰਧਤ ਸਾਰੀ ਮਹੱਤਵਪੂਰਨ ਜਾਣਕਾਰੀ ਅਤੇ ਇਸ ਦੇ ਟਾਕਰੇ ਲਈ ਰੋਕਥਾਮ ਉਪਾਵਾਂ ਨੂੰ ਨਿਯਮਤ ਤੌਰ ‘ਤੇ ਸੋਸ਼ਲ ਮੀਡੀਆ ਰਾਹੀਂ ਉਜਾਗਰ ਕੀਤਾ ਜਾਵੇ।
ਅਜਿਹੇ ਵਿਭਾਗਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮੰਤਰੀ ਮੰਡਲ ਨੇ 63 ਸੋਸ਼ਲ ਮੀਡੀਆ ਪੇਸ਼ੇਵਾਰਾਂ/ਮਾਹਿਰਾਂ ਦੀਆਂ ਸੇਵਾਵਾਂ ਲੈਣ ਵਾਸਤੇ ਪ੍ਰਵਾਨਗੀ ਦੇ ਦਿੱਤੀ ਜਿਨਾਂ ਵਿੱਚ ਇਕ ਮੀਡੀਆ ਮੈਨੇਜਰ, ਦੋ ਸਹਾਇਕ ਮੀਡੀਆ ਮੈਨੇਜਰ, 15 ਡਿਜੀਟਲ ਵੀਡਿਓ ਐਗਜ਼ੀਟਿਵਜ਼, 15 ਵੀਡਿਓ ਐਡੀਟਰਜ਼, 15 ਗ੍ਰਾਫਿਕ ਡਿਜ਼ਾਇਨਰਜ਼ ਤੇ 15 ਕੰਟੈਂਟ ਰਾਈਟਰਜ਼ ਨੂੰ ਆਊਟ ਸੋਰਸਿੰਗ ਉਤੇ ਇਕ ਸਾਲ ਲਈ ਰੱਖਿਆ ਜਾਵੇਗਾ।
ਇਹ ਟੀਮਾਂ ਕੋਰੋਨਾ ਮਹਾਂਮਾਰੀ ਨਾਲ ਜੁੜੀਆਂ ਸਾਵਧਾਨੀਆਂ, ਨਿਯਮਾਂ ਆਦਿ ਨੂੰ ਲੋਕਾਂ ਤੱਕ ਜਾਗਰੂਕਤਾ ਲਈ ਪਹੁੰਚਾਣ ਤੋਂ ਇਲਾਵਾ ਗਲਤ ਜਾਣਕਾਰੀ (ਅਫਵਾਹਾਂ) ਨੂੰ ਰੋਕਣ ਲਈ ਨਿਯਮਤ ਤੌਰ ‘ਤੇ ਭਰੋਗੇਯੋਗ ਅਤੇ ਅੱਪਡੇਟ ਜਾਣਕਾਰੀ ਪ੍ਰਦਾਨ ਕਰਦੀਆਂ ਰਹਿਣਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ