ਕੰਨਿਆਂ ਦੀ ਹੱਟੜੀ/ਘਰੂੰਡੀ

Girls Hat

Girls’ hut | ਕੰਨਿਆਂ ਦੀ ਹੱਟੜੀ/ਘਰੂੰਡੀ

ਦੀਵਾਲੀ ਦਾ ਤਿਉਹਾਰ ਹੁਣੇ-ਹੁਣੇ ਹੀ ਲੰਘਿਆ ਹੈ ਜਿੱਥੇ ਇਸ ਵਾਰ ਅਨੇਕਾਂ ਪ੍ਰਸਥਿਤੀਆਂ ਵਿਚੋਂ ਦੇਸ਼ ਲੰਘ ਰਿਹਾ ਹੈ ਅਤੇ ਕਿਸਾਨ ਜਥੇਬੰਦੀਆਂ ਅਤੇ ਸੰਘਰਸ਼ ਕਮੇਟੀਆਂ ਵੱਲੋਂ ਕਾਲੀ ਦੀਵਾਲੀ ਮਨਾਉਣ ਲਈ ਅਪੀਲਾਂ-ਦਲੀਲਾਂ ਕੀਤੀਆਂ ਗਈਆਂ ਸਨ ਉਨ੍ਹਾਂ ਦਾ ਥੋੜ੍ਹਾ-ਬਹੁਤ ਅਸਰ ਤਾਂ ਜ਼ਰੂਰ ਹੋਇਆ ਹੈ ਜੇਕਰ ਕਹਿ ਲਿਆ ਜਾਵੇ ਕਿ ਲੋਕਾਂ ਨੇ ਪੂਰੀ ਤਰ੍ਹਾਂ ਦੀਵਾਲੀ ਨਹੀਂ ਮਨਾਈ ਤਾਂ ਇਹ ਗੱਲ ਗ਼ਲਤ ਹੀ ਹੋਵੇਗੀ।
ਬਹੁਤ ਸਾਰੀ ਲੁਕਾਈ ਨੇ ਆਮ ਵਾਂਗ ਹੀ ਭਾਵ ਹਰ ਵਾਰ ਦੀ ਤਰ੍ਹਾਂ ਦੀਵਾਲੀ ਮਨਾਈ ਤੇ ਬਜ਼ਾਰਾਂ ਵਿੱਚ ਵੀ ਅਤਿਅੰਤ ਭੀੜ ਵੇਖਣ ਨੂੰ ਮਿਲੀ ਦੀਵਾਲੀ ਵਾਲੀ ਰਾਤ ਹੀ ਲੱਛਮੀ ਪੂਜਾ ਦਾ ਰਿਵਾਜ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਤੇ ਇਸ ਵਾਰ ਵੀ ਦੀਵਾਲੀ ਵਾਲੀ ਰਾਤ ਪੂਜਾ ਕਰਕੇ ਦੀਵਾਲੀ ਮਨਾਈ ਗਈ।

ਹੱਟੜੀ/ਘਰੂੰਡੀ ਦੀ ਅਹਿਮ ਭੂਮਿਕਾ

ਲੱਛਮੀ ਪੂਜਾ ਦੇ ਸਮੇਂ ਕੁਆਰੀਆਂ ਕੁੜੀਆਂ ਭਾਵ ਕੰਨਿਆ ਦੀ ਹੱਟੜੀ/ਘਰੂੰਡੀ ਦੀ ਅਹਿਮ ਭੂਮਿਕਾ ਰਹਿੰਦੀ ਹੈ ਇਹ ਹੱਟੜੀ/ਘਰੂੰਡੀ (ਇਲਾਕੇ ਦੇ ਹਿਸਾਬ ਨਾਲ ਨਾਵਾਂ ਦਾ ਫ਼ਰਕ ਹੋ ਸਕਦਾ ਹੈ) ਪਹਿਲਾਂ-ਪਹਿਲ ਦੇਸੀ ਪੁਰਾਣੀਆਂ ਸਵਾਣੀਆਂ ਘਰਾਂ ਵਿੱਚ ਬਣਾਉਂਦੀਆਂ ਰਹੀਆਂ ਹਨ ਜਿਸ ਤਰ੍ਹਾਂ ਚੁੱਲਾ ਬਣਦਾ ਹੁੰਦਾ ਸੀ ਤੇ ਸਾਡੀਆਂ ਦਾਦੀਆਂ/ਮਾਵਾਂ ਬਣਾਉਂਦੀਆਂ ਸਨ ਉਸੇ ਤਰ੍ਹਾਂ ਹੀ ਇਹ ਹੱਟੜੀ ‘ਤੇ ਵੀ ਹਰ ਰੋਜ਼ ਤਾਜ਼ੀ ਮਿੱਟੀ ਦਾ ਵਾਰ ਦੇਣਾ ਦੀਵਾਲੀ ਤਿਉਹਾਰ ਤੋਂ ਕਈ-ਕੀ ਦਿਨ ਪਹਿਲਾਂ ਹੀ ਸ਼ੁਰੂ ਕਰਕੇ ਓਸ ਦਿਨ ਤੱਕ ਤਿਆਰ ਕੀਤਾ ਜਾਂਦਾ ਰਿਹਾ ਹੈ, ਤੇ ਆਕਾਰ ਵਿੱਚ ਵੀ ਕਾਫ਼ੀ ਵੱਡੀ ਬਣਾਈ ਜਾਂਦੀ ਸੀ।

Girls Hat

ਪਰ ਹੁਣ ਓਹ ਸਮੇਂ ਲੰਘ ਗਏ ਹਨ ਤੇ ਦੇਸੀ ਦੀਵੇ ਬਣਾਉਣ ਵਾਲੇ ਹੱਟੜੀ-ਘਰੂੰਡੀ ਬਣਾ ਲੈਂਦੇ ਹਨ ਪਰ ਇਹ ਅਕਾਰ ਦੇ ਵਿੱਚ ਬਹੁਤ ਛੋਟੀ ਹੁੰਦੀ ਹੈ ਇਨ੍ਹਾਂ ਵਿਚ ਦੀਵਾਲੀ ਵਾਲੀ ਰਾਤ ਨੂੰ ਘਰਾਂ ਵਿਚ ਕੰਨਿਆਂ ਭਾਵ ਕੁਆਰੀਆਂ ਕੁੜੀਆਂ ਮਠਿਆਈ, ਫਰੂਟ, ਫੁੱਲੀਆਂ, ਪਤਾਸਿਆਂ ਤੇ ਖੰਡ ਦੇ ਬਣੇ ਮਖਾਣੇ ਰੱਖ ਕੇ ਚਾਰੇ ਪਾਸੇ ਸਰ੍ਹੋਂ ਦੇ ਤੇਲ ਦੇ ਦੀਵੇ ਜੋ ਕਿ ਘਰੂੰਡੀ ਦੇ ਨਾਲ ਹੀ ਬਣੇ ਹੁੰਦੇ ਹਨ, ਓਹ ਜਗਾਉਂਦੀਆਂ ਹਨ ਮਾਤਾ-ਪਿਤਾ ਵੱਲੋਂ ਆਪਣੀ ਹੈਸੀਅਤ ਮੁਤਾਬਿਕ ਕੰਨਿਆਂ ਨੂੰ ਦਾਨ ਦੇਣ ਲਈ ਸੌ ਦੋ ਸੌ ਜਾਂ ਪੰਜ ਸੌ ਰੁਪਏ ਰੱਖ ਕੇ ਲੱਛਮੀ ਮਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਹੱਟੜੀ ਘਰੂੰਡੀ ਵਿਚ ਰੱਖੇ ਪੈਸੇ ਕੰਨਿਆਂ ਨੂੰ ਦੇ ਦਿੱਤੇ ਜਾਂਦੇ ਹਨ।

     ਇਹ ਪਰੰਪਰਾ ਸਦੀਆਂ ਪੁਰਾਣੀ ਚੱਲੀ ਆ ਰਹੀ ਹੈ ਪਰ ਹੁਣ ਘਰੇਲੂ ਦੇਸੀ ਹੱਟੜੀ/ਘਰੂੰਡੀ ਬਣਨ ਹਟ ਗਈ ਕਰਕੇ ਦੀਵੇ ਬਣਾਉਣ ਵਾਲਿਆਂ ਮਤਲਬ ਘੁਮਿਆਰ ਕੋਲੋਂ ਇਹ ਬਣੀ-ਬਣਾਈ ਹੱਟੜੀ/ਘਰੂੰਡੀ ਮਿਲ ਜਾਂਦੀ ਹੈ ਪਰ ਉਹ ਆਕਾਰ ਵਿਚ ਕਾਫੀ ਛੋਟੀ ਹੁੰਦੀ ਕਰਕੇ ਉਸ ਵਿੱਚ ਮਠਿਆਈ ਫਰੂਟ ਆਦਿ ਬਹੁਤ ਘੱਟ ਟਿਕਦਾ ਹੈ ਤੇ ਚਾਰੇ ਪਾਸੇ ਚਾਰ ਦੀਵੇ ਵੀ ਬਹੁਤ ਛੋਟੇ ਹੋਣ ਕਰਕੇ ਉਨ੍ਹਾਂ ਵਿਚ ਤੇਲ ਵੀ ਬਹੁਤ ਘੱਟ ਪੈਂਦਾ ਹੈ, ਮਤਲਬ ਸਿਰਫ਼ ਤੇ ਸਿਰਫ਼ ਹੁਣ ਇਹ ਫਾਰਮੈਲਟੀ ਬਣਕੇ ਰਹਿ ਗਿਆ ਹੈ।

ਤਿਉਹਾਰਾਂ ‘ਚੋਂ ਮਿਲਦੀ ਸਿੱਖਿਆ ਨੂੰ ਸੱਚੇ ਦਿਲੋਂ ਗ੍ਰਹਿਣ ਕਰਦੇ ਰਹੀਏ

ਉਂਜ ਤਾਂ ਦੇਸੀ ਦੀਵੇ ਹੱਟੜੀ/ਘਰੂੰਡੀ ਮਸ਼ਾਲ ਬਣਾਉਣ ਵਾਲੇ ਘੁਮਿਆਰ ਵੀ ਅੱਜ-ਕੱਲ੍ਹ ਤਾਂ ਬਹੁਤ ਘੱਟ ਰਹਿ ਗਏ ਹਨ ਕਿਉਂਕਿ ਇਨ੍ਹਾਂ ਦੀਵਿਆਂ ਦੀ ਜਗ੍ਹਾ ਹੁਣ ਬਿਜਲੀ ਦੀਆਂ ਲੜੀਆਂ ਨੇ ਲੈ ਲਈ ਹੈ ਪਰ ਇਸ ਵਾਰ ਚੀਨੀ ਲੜੀਆਂ ਦਾ ਬਾਈਕਾਟ ਕੀਤਾ ਕਰਕੇ ਬਹੁਤ ਸਾਰੇ ਲੋਕਾਂ ਨੇ ਦੀਵਿਆਂ ਨੂੰ ਪਹਿਲ ਦਿੱਤੀ ਤੇ ਦੇਸੀ ਦੀਵਿਆਂ ਵਾਲਿਆਂ ਦੀ ਦੀਵਾਲੀ ਬਹੁਤ ਵਧੀਆ ਰਹੀ ਹੈ। ਕਾਸ਼! ਸਾਡੇ ਇਹ ਤਿਉਹਾਰ ਲੁਕਾਈ ਇਸੇ ਤਰ੍ਹਾਂ ਰਲ-ਮਿਲ ਕੇ ਮਨਾਉਂਦੀ ਰਹੇ ਤੇ ਇਨ੍ਹਾਂ ਤਿਉਹਾਰਾਂ ‘ਚੋਂ ਮਿਲਦੀ ਸਿੱਖਿਆ ਨੂੰ ਸੱਚੇ ਦਿਲੋਂ ਗ੍ਰਹਿਣ ਕਰਦੇ ਰਹੀਏ ਤੇ ਸਾਡਾ ਭਰੱਪਾ ਤੇ ਭਾਈਚਾਰਕ ਸਾਂਝਾਂ ਇਸੇ ਲਈ ਤਰ੍ਹਾਂ ਬਣੀਆਂ ਰਹਿਣ ਤੇ ਕੰਨਿਆਂ ਨੂੰ ਵੀ ਬਣਦਾ ਮਾਣ-ਸਤਿਕਾਰ ਦਿੰਦੇ ਰਹੀਏ ਭਰੂਣ ਹੱਤਿਆ ਕਰਨ ਤੋਂ ਗ਼ੁਰੇਜ਼ ਕਰੀਏ ਤਾਂ ਹੀ ਸਾਡੇ ਇਹ ਤਿਉਹਾਰ ਮਨਾਉਣ ਦਾ ਫਾਇਦਾ ਹੈ ਪਰਮਾਤਮਾ ਅੱਗੇ ਇਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਖੁਸ਼ੀਆਂ ਦੇ ਇਹ ਤਿਉਹਾਰ ਆਉਂਦੇ ਰਹਿਣ ਤੇ ਅਸੀਂ ਸਾਰੇ ਰਲ-ਮਿਲ ਕੇ ਸਾਰੀ ਲੁਕਾਈ ਦੀ ਸੁਖ-ਸ਼ਾਂਤੀ ਮੰਗਦੇ ਰਹੀਏ ਤੇ ਵੰਡਦੇ ਰਹੀਏ।
ਜਸਵੀਰ ਸ਼ਰਮਾ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ, ਮੋ. 95691-49556

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.