ਪ੍ਰਸ਼ਾਂਤ ਕਿਸ਼ੋਰ ਦੇ ਐਲਾਨ ਤੋਂ ਬਾਅਦ ਪੰਜਾਬ ’ਚ ਘਬਰਾਹਟ, ਪ੍ਰਸ਼ਾਂਤ ਕਿਸ਼ੋਰ ਦੇਣਗੇ ਅਸਤੀਫ਼ਾ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਭਾਜਪਾ ਲਈ ਨੱਕ ਦਾ ਸੁਆਲ ਬਣੀਆਂ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਨਤੀਜਿਆਂ ’ਤੇ ਹੁਣ ਪੰਜਾਬ ਕਾਂਗਰਸ ਦਾ ਭਵਿੱਖ ਵੀ ਟਿਕਿਆ ਹੋਇਆ ਹੈ, ਕਿਉਂਕਿ ਪੱਛਮੀ ਬੰਗਾਲ ’ਚ ਜੇਕਰ ‘ਦੀਦੀ’ ਦੀ ਹਾਰ ਹੋਈ ਤਾਂ ਪ੍ਰਸ਼ਾਂਤ ਕਿਸ਼ੋਰ ਸਿਆਸਤ ਤੋਂ ਹੀ ਸੰਨਿਆਸ ਲੈ ਲੈਣਗੇ ਅਤੇ ਪ੍ਰਸ਼ਾਂਤ ਕਿਸ਼ੋਰ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਲਈ ਕੰਮ ਨਹੀਂ ਕਰਨਗੇ, ਜਿਸ ਦਾ ਅਸਰ ਕਾਂਗਰਸ ਪਾਰਟੀ ਦੀ ਤਿਆਰੀਆਂ ’ਤੇ ਪਵੇਗਾ , ਕਿਉਂਕਿ ਕਾਂਗਰਸ ਪਾਰਟੀ ਨੇ ਤਿਆਰੀਆਂ ਦੀ ਸਾਰੀ ਡੋਰ ਪ੍ਰਸ਼ਾਂਤ ਕਿਸ਼ੋਰ ਦੇ ਹੱਥ ਵਿੱਚ ਦਿੱਤੀ ਹੋਈ ਹੈ। ਇਨ੍ਹਾਂ ਤਿਆਰੀਆਂ ਦੌਰਾਨ ਸਰਕਾਰ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਭੂਮਿਕਾ ਵੀ ਰਹੀ, ਇਸ ਕਰਕੇ ਪ੍ਰਸ਼ਾਂਤ ਕਿਸ਼ੋਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣਾ ਸਲਾਹਕਾਰ ਲਾਉਂਦੇ ਹੋਏ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਹੈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ ਦੀ ਚੁਣਾਵੀ ਮੁਹਿੰਮ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਪਿਛਲੇ ਦੋ ਸਾਲਾਂ ਤੋਂ ਸੰਭਾਲੀ ਹੋਈ ਹੈ। ਪ੍ਰਸ਼ਾਂਤ ਕਿਸ਼ੋਰ ਮਮਤਾ ਬੈਨਰਜ਼ੀ ਦੀ ਪਾਰਟੀ ਲਈ ਨਾ ਸਿਰਫ਼ ਰਣਨੀਤੀ ਤਿਆਰ ਕਰ ਰਹੇ ਹਨ, ਸਗੋਂ ਜਿਥੇ ਬਦਲਾਅ ਚਾਹੁੰਦੇ ਹਨ, ਸਗੋਂ ਉਹ ਦਖਲ ਦਿੰਦੇ ਹੋਏ ਖ਼ੁਦ ਬਦਲਾਅ ਕਰ ਦਿੰਦੇ ਹਨ। ਉਨ੍ਹਾਂ ਨੇ ਹੀ ਦਾਅਵਾ ਕੀਤਾ ਹੋਇਆ ਹੈ ਕਿ ਭਾਜਪਾ ਪੱਛਮੀ ਬੰਗਾਲ ਵਿੱਚ 100 ਤੋਂ ਘੱਟ ਸੀਟਾਂ ਤੱਕ ਹੀ ਸੀਮਤ ਰਹਿ ਜਾਵੇਗੀ । ਇਸ ਨਾਲ ਹੀ ਮੁੜ ਤੋਂ ਮਮਤਾ ਬੈਨਰਜ਼ੀ ਪੱਛਮੀ ਬੰਗਾਲ ਵਿੱਚ ਆਪਣੀ ਸਰਕਾਰ ਬਣਾਏਗੀ।
ਪ੍ਰਸ਼ਾਂਤ ਕਿਸ਼ੋਰ ਵੱਲੋਂ ਕੀਤੇ ਗਏ ਇਸ ਦਾਅਵੇ ਸਬੰਧੀ ਜਦੋਂ ਵਾਰ-ਵਾਰ ਸੁਆਲ ਕੀਤੇ ਜਾ ਰਹੇ ਸਨ ਤਾਂ ਬੀਤੇ ਦਿਨੀਂ ਪ੍ਰਸ਼ਾਂਤ ਕਿਸ਼ੋਰ ਨੇ ਖ਼ੁਦ ਅੱਗੇ ਆ ਕੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਬੰਗਾਲ ਵਿੱਚ ਭਾਜਪਾ ਉਨ੍ਹਾਂ ਦੇ ਐਲਾਨ ਦੇ ਉਲਟ 100 ਤੋਂ ਜ਼ਿਆਦਾ ਸੀਟਾਂ ਲੈ ਕੇ ਸੱਤਾ ’ਚ ਆ ਗਈ ਤਾਂ ਉਹ ਸਿਆਸੀ ਪਾਰਟੀਆਂ ਲਈ ਰਣਨੀਤੀ ਬਣਾਉਣਾ ਹੀ ਛੱਡ ਦੇਣਗੇ। ਬੰਗਾਲ ਦੇ ਨਤੀਜੇ ਉਲਟ ਆਏ ਤਾਂ ਉਹ ਆਪਣੇ ਇਸ ਕੰਮ ਤੋਂ ਸੰਨਿਆਸ ਲੈਂਦੇ ਹੋਏ ਕੋਈ ਹੋਰ ਕੰਮ ਸ਼ੁਰੂ ਕਰ ਲੈਣਗੇ।
ਬੰਗਾਲ ਵਿੱਚ ਕੀਤਾ ਗਿਆ ਪ੍ਰਸ਼ਾਂਤ ਕਿਸ਼ੋਰ ਦਾ ਇਹ ਐਲਾਨ ਪੰਜਾਬ ਤੱਕ ਅਸਰ ਦਿਖਾ ਰਿਹਾ ਹੈ, ਕਿਉਂਕਿ ਬੰਗਾਲ ਤੋਂ ਬਾਅਦ ਉਨ੍ਹਾਂ ਪੰਜਾਬ ਵਿੱਚ ਕਾਂਗਰਸ ਲਈ ਮੋਰਚਾ ਸੰਭਾਲਦੇ ਹੋਏ ਚੋਣਾਂ ਦੀ ਤਿਆਰੀ ਕਰਵਾਉਣੀ ਹੈ। ਇਸ ਕਰਕੇ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਸਲਾਹਕਾਰ ਥਾਪ ਕੇ ਕੈਬਨਿਟ ਰੈਂਕ ਵੀ ਦਿੱਤਾ ਹੈ।
ਹੁਣ ਪ੍ਰਸ਼ਾਂਤ ਕਿਸ਼ੋਰ ਦੇ ਐਲਾਨ ਅਨੁਸਾਰ ਪੰਜਾਬ ’ਚ ਕਾਂਗਰਸ ਦਾ ਭਵਿੱਖ ਟਿਕਿਆ ਹੋਇਆ ਹੈ। ਜੇਕਰ ਇੰਜ ਹੁੰਦਾ ਹੈ ਤਾਂ ਪ੍ਰਸ਼ਾਂਤ ਕਿਸ਼ੋਰ ਦੇ ਆਸਰੇ ਖੜ੍ਹੀ ਕਾਂਗਰਸ ਪਾਰਟੀ ਨੂੰ ਖੁਦ ਆਪਣੇ ਪੱਧਰ ’ਤੇ ਚੋਣਾਂ ਦੀ ਤਿਆਰੀ ਸ਼ੁਰੂ ਕਰਨੀ ਪਵੇਗੀ। ਇਸੇ ਕਰਕੇ 2 ਮਈ ਨੂੰ ਆਉਣ ਵਾਲੇ ਬੰਗਾਲ ਦੇ ਚੋਣ ਨਤੀਜਿਆਂ ਦਾ ਅਸਰ ਪੰਜਾਬ ਤੱਕ ਦਿਖਾਈ ਦੇਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.