ਪੁਲਿਸ ਅਫਸਰਾਂ ‘ਤੇ ਲਾਏ ਨਸ਼ਾ ਤਸਕਰਾਂ ਨਾਲ ਮਿਲੇ ਹੋਣ ਦੇ ਦੋਸ਼
ਗੁਰੂਹਰਸਹਾਏ (ਵਿਜੈ ਹਾਂਡਾ)। ਬੇਸ਼ੱਕ ਪੰਜਾਬ ਸਰਕਾਰ ਤੇ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਅਨੇਕਾਂ ਯਤਨ ਕਰਨ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਅੱਜ ਇੱਥੋਂ ਦੀ ਨਗਰ ਕੌਂਸਲ ਦੀ ਸਾਬਕਾ ਉਪ ਪ੍ਰਧਾਨ ਜੋ ਸੱਤਾਧਿਰ ਨਾਲ ਹੀ ਸਬੰਧਿਤ ਹੈ ਨੇ, ਨਸ਼ਾ ਤਸਕਰਾਂ ਖਿਲਾਫ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਜ਼ਹਿਰੀਲੀ ਵਸਤੂ ਨਿਗਲ ਲਈ ਇਸ ਮਹਿਲਾ ਆਗੂ ਨੇ ਪੁਲਿਸ ‘ਤੇ ਨਸ਼ਾ ਤਸਕਰਾਂ ਨਾਲ ਮਿਲੇ ਹੋਣ ਦੇ ਦੋਸ਼ ਵੀ ਲਾਏ ਹਨ ਜਿਨ੍ਹਾਂ ਨੂੰ ਪੁਲਿਸ ਨੇ ਮੁੱਢੋਂ ਰੱਦ ਕਰ ਦਿੱਤਾ ਹੈ।
ਵੇਰਵਿਆਂ ਮੁਤਾਬਿਕ ਸੱਤਾਧਿਰ ਕਾਂਗਰਸ ਨਾਲ ਸਬੰਧਿਤ ਨਗਰ ਕੌਂਸਲ ਦੀ ਸਾਬਕਾ ਉਪ ਪ੍ਰਧਾਨ ਨੀਲਮ ਰਾਣੀ ਵੱਲੋਂ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਨਾ ਹੋਣ ‘ਤੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸਦਾ ਪਤਾ ਲੱਗਦਿਆਂ ਹੀ ਉਸਦੇ ਬੇਟੇ ਵੱਲੋਂ ਉਸ ਕੋਲੋਂ ਜ਼ਹਿਰ ਵਾਲੀ ਸ਼ੀਸ਼ੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਧੱਕੇ ਨਾਲ ਹੀ ਨੀਲਮ ਰਾਣੀ ਵੱਲੋਂ ਕੁਝ ਜ਼ਹਿਰੀਲੀ ਚੀਜ਼ ਮੂੰਹ ‘ਚ ਪਾ ਲਈ ਗਈ ਇਸ ਮੌਕੇ ਉਨ੍ਹਾਂ ਨੂੰ ਗੁਰੂਹਰਸਹਾਏ ਦੇ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੀਲਮ ਰਾਣੀ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ‘ਤੇ ਦੋਸ਼ ਲਾਉਂਦਿਆਂ ਕਿਹਾ ਉਨ੍ਹਾਂ ਵੱਲੋਂ ਗੁਰੂਹਰਸਹਾਏ ਦੇ ਐੱਸਐੱਚਓ ਜਸਵਰਿੰਦਰ ਸਿੰਘ ਨੂੰ ਫੋਨ ਕਰਕੇ ਸੂਚਨਾ ਦਿੱਤੀ ਗਈ ਸੀ ਕਿ ਗੁਰੂਹਰਸਹਾਏ ਦੇ ਸ਼ਮਸ਼ਾਨਘਾਟ ਅੰਦਰ ਨਸ਼ਾ ਤਸਕਰਾਂ ਵੱਲੋਂ ਨਸ਼ਾ ਸਪਲਾਈ ਕੀਤਾ ਜਾ ਰਿਹਾ ਹੈ ਤਾਂ ਐੱਸਐੱਚਓ ਵੱਲੋਂ ਪੁਲਿਸ ਟੀਮ ਭੇਜਣ ਦੀ ਗੱਲ ਕਹੀ ਗਈ।
ਉਨ੍ਹਾਂ ਆਖਿਆ ਕਿ ਇੱਕ ਘੰਟਾ ਉਨ੍ਹਾਂ ਵੱਲੋਂ ਪੁਲਿਸ ਪਾਰਟੀ ਦਾ ਇੰਤਜ਼ਾਰ ਕੀਤਾ ਗਿਆ ਪਰ ਪੁਲਿਸ ਵਿਭਾਗ ਦਾ ਇੱਕ ਵੀ ਮੁਲਾਜ਼ਮ ਉੱਥੇ ਨਹੀਂ ਪਹੁੰਚਿਆ ਤੇ ਨਸ਼ਾ ਤਸਕਰ ਬੇਖੌਫ ਨਸ਼ਾ ਵੇਚਦੇ ਰਹੇ, ਜਿਸ ਤੋ ਦੁਖੀ ਹੋ ਕੇ ਉਨ੍ਹਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਲਿਆ ਗਿਆ ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ‘ਤੇ ਸੰਗੀਨ ਦੋਸ਼ ਲਾਉਂਦਿਆਂ ਕਿਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਜੇਕਰ ਫੜ ਵੀ ਲਿਆ ਜਾਂਦਾ ਹੈ ਤਾਂ ਕੁਝ ਸਮੇਂ ਬਾਅਦ ਹੀ ਛੱਡ ਦਿੱਤਾ ਜਾਂਦਾ ਹੈ ਉਨ੍ਹਾਂ ਕਿਹਾ ਕਿ ਪੁਲਿਸ ਦੀ ਮਿਲੀਭੁਗਤ ਨਾਲ ਹੀ ਗੁਰੂਹਰਸਹਾਏ ‘ਚ ਨਸ਼ਿਆਂ ਦਾ ਕਾਰੋਬਾਰ ਵਧ-ਫੁਲ ਰਿਹਾ ਹੈ ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਉਸ ਦੇ ਆਪਣੇ ਪੁੱਤਰ ਨਸ਼ਿਆਂ ਦੀ ਦਲ ਦਲ ‘ਚ ਫਸ ਚੁੱਕੇ ਹਨ, ਜਿਸ ਨਾਲ ਉਨ੍ਹਾਂ ਦਾ ਘਰ ਬਰਬਾਦ ਹੋ ਚੁੱਕਾ ਹੈ ਪਰ ਉਹ ਹੁਣ ਹੋਰ ਲੋਕਾਂ ਦੇ ਘਰ ਬਰਬਾਦ ਹੁੰਦੇ ਨਹੀਂ ਵੇਖ ਸਕਦੀ।
ਨੀਲਮ ਰਾਣੀ ਖੁਦ ਨਸ਼ਾ ਤਸਕਰਾਂ ਨੂੰ ਛੱਡਣ ਲਈ ਪੁਲਿਸ ‘ਤੇ ਬਣਾਉਂਦੀ ਹੈ ਦਬਾਅ : ਐੱਸਐੱਚਓ
ਇਸ ਮਾਮਲੇ ਸਬੰੰਧੀ ਗੁਰੂਹਰਸਹਾਏ ਥਾਣੇ ਦੇ ਐੱਸਐੱਚਓ ਜਸਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਨਗਰ ਕੌਂਸਲ ਦੀ ਸਾਬਕਾ ਉਪ ਪ੍ਰਧਾਨ ਵੱਲੋਂ ਜੋ ਦੋਸ਼ ਲਾਏ ਗਏ ਹਨ ਉਹ ਸਰਾਸਰ ਝੂਠੇ ਤੇ ਬੇਬੁਨਿਆਦ ਹਨ ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਦਾ ਜਾ ਕਿਸੇ ਹੋਰ ਦਾ ਨਸ਼ਿਆਂ ਖਿਲਾਫ ਫੋਨ ਆਉਂਦਾ ਹੈ ਉਸੇ ਵਕਤ ਨਸ਼ਿਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਨੀਲਮ ਰਾਣੀ ਵੱਲੋਂ ਕਈ ਵਾਰ ਨਸ਼ਾ ਤਸਕਰਾਂ ਨੂੰ ਛੱਡਣ ਲਈ ਪੁਲਿਸ ‘ਤੇ ਦਬਾਅ ਪਾਇਆ ਗਿਆ ਹੈ ਪਰ ਨਸ਼ਾ ਤਸਕਰਾਂ ਨੂੰ ਨਾ ਛੱਡਣ ਕਾਰਨ ਹੀ ਉਨ੍ਹਾਂ ‘ਤੇ ਝੂਠੇ ਦੋਸ਼ ਲਾਏ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਜਦੋਂ ਨੀਲਮ ਰਾਣੀ ਦਾ ਫੋਨ ਆਇਆ ਤਾਂ ਉਸੇ ਵਕਤ ਹੀ ਏਐੱਸਆਈ ਮਹਿੰਦਰ ਸਿੰਘ ਨੂੰ ਸ਼ਮਸ਼ਾਨਘਾਟ ਭੇਜ ਦਿੱਤਾ ਗਿਆ ਸੀ ਪਰ ਉੱਥੇ ਕੋਈ ਨਹੀਂ ਸੀ ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ‘ਚ ਕਈ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਕੇ ਮੁਕੱਦਮੇ ਦਰਜ ਕੀਤੇ ਗਏ ਹਨ।
ਮੈਂ ਕਿਉਂ ਕਹਾਂਗੀ ਕਿ ਨਸ਼ਾ ਤਸਕਰਾਂ ਨੂੰ ਛੱਡੋ: ਨੀਲਮ ਰਾਣੀ
ਇਸ ਸਬੰਧੀ ਨਗਰ ਕੌਂਸਲ ਦੀ ਸਾਬਕਾ ਉਪ ਪ੍ਰਧਾਨ ਨੀਲਮ ਰਾਣੀ ਨੇ ਕਿਹਾ ਕਿ ਉਹ ਕਿਉਂ ਪੁਲਿਸ ਨੂੰ ਨਸ਼ਾ ਤਸਕਰਾਂ ਨੂੰ ਛੱਡਣ ਲਈ ਕਹੇਗੀ ਕਿਉਂਕਿ ਉਸਦੇ ਆਪਣੇ ਪੁੱਤਰ ਨਸ਼ਿਆਂ ਦੀ ਚਪੇਟ ‘ਚ ਆ ਚੁਕੇ ਹਨ ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤਰਾਂ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਕਰਵਾ ਕੇ ਨਸ਼ਾ ਛਡਾਉਣ ‘ਚ ਲੱਗੀ ਹੋਈ ਹੈ ਉਨ੍ਹਾਂ ਕਿਹਾ ਕਿ ਉਹ ਪੁਲਿਸ ਨੂੰ ਅਪੀਲ ਕਰਦੀ ਹੈ ਕਿ ਨਸ਼ਾ ਤਸਕਰਾਂ ਖਿਲਾਫ ਪੁਲਿਸ ਸਖਤ ਕਾਰਵਾਈ ਕਰੇ ਤਾਂ ਉਹ ਨਸ਼ਾ ਤਸਕਰਾਂ ਨੂੰ ਫੜਾਉਣ ‘ਚ ਪੁਲਿਸ ਦਾ ਸਾਥ ਦੇਵਾਂਗੀ।