(ਸੁਖਜੀਤ ਮਾਨ) ਮਾਨਸਾ। ਪੁਲਿਸ ਵੱਲੋਂ ਗ੍ਰਿਫ਼ਤਾਰ ਨੌਜਵਾਨ ਭਾਨਾ ਸਿੱਧੂ ਦੀ ਰਿਹਾਈ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਸੰਗਰੂਰ ਸਥਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਘੇਰਨ ਦਾ ਐਲਾਨ ਕੀਤਾ ਹੋਇਆ ਸੀ। ਕੀਤੇ ਹੋਏ ਐਲਾਨ ਤਹਿਤ ਜਦੋਂ ਅੱਜ ਜਥੇਬੰਦੀਆਂ ਦੇ ਆਗੂ ਘਰਾਂ ’ਚੋਂ ਬਾਹਰ ਨਿੱਕਲ ਕੇ ਸੰਗਰੂਰ ਵੱਲ ਚਾਲੇ ਪਾਉਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਘਰਾਂ ਅੱਗੇ ਘੇਰ ਲਿਆ। ਪੁਲਿਸ ਵੱਲੋਂ ਕੀਤੀ ਜਾ ਰਹੀ ਇਸ ਕਾਰਵਾਈ ਦੀ ਜਥੇਬੰਦੀਆਂ ਦੇ ਆਗੂਆਂ ਨੇ ਨਿਖੇਧੀ ਕਰਦਿਆਂ ਕਿਹਾ ਕਿ ਪੁਲਿਸ ਦੇ ਯਤਨਾਂ ਦੇ ਬਾਵਜੂਦ ਉਹ ਰੋਸ ਪ੍ਰਦਰਸ਼ਨ ’ਚ ਸ਼ਾਮਲ ਜ਼ਰੂਰ ਹੋਣਗੇ । Sangrur News
ਵੇਰਵਿਆਂ ਮੁਤਾਬਿਕ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਅੱਜ ਸੰਗਰੂਰ ਵੱਲ ਜਾਣ ਲਈ ਘਰੋਂ ਨਿਕਲੇ ਤਾਂ ਉਨ੍ਹਾਂ ਦੀ ਗੱਡੀ ਨੂੰ ਘਰ ਦੇ ਕੋਲ ਹੀ ਪੁਲਿਸ ਨੇ ਘੇਰਾ ਪਾ ਲਿਆ। ਪੁਲਿਸ ਦੇ ਇਸ ਰਵੱਈਏ ’ਤੇ ਟਿੱਪਣੀ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਇਹ ਸਰਕਾਰ ਦਾ ਤਾਨਸ਼ਾਹੀ ਰਵੱਈਆ ਹੈ ਪਰ ਇਸ ਤਰ੍ਹਾਂ ਕਰਕੇ ਵੀ ਸਰਕਾਰ ਉਨ੍ਹਾਂ ਦੇ ਸੰਘਰਸ਼ਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ।
ਕਿਸਾਨ ਆਗੂ ਨਿਰਮਲ ਸਿੰਘ ਝੰਡੂਕੇ ਨੂੰ ਵੀ ਘਰ ’ਚ ਹੀ ਨਜ਼ਰਬੰਦ ਕੀਤਾ (Sangrur News )
ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ਦੇ ਘਰ ਕਿੰਨੀਂ ਕੁ ਦੇਰ ਤੱਕ ਘੇਰੇਗੀ ਜਦੋਂ ਵੀ ਪੁਲਿਸ ਨੇ ਘਿਰਾਓ ਛੱਡਿਆ ਤਾਂ ਉਹ ਜ਼ਰੂਰ ਜਾਣਗੇ । ਉਨ੍ਹਾਂ ਦੱਸਿਆ ਕਿ ਕਿਸਾਨ ਆਗੂ ਨਿਰਮਲ ਸਿੰਘ ਝੰਡੂਕੇ ਨੂੰ ਵੀ ਘਰ ’ਚ ਹੀ ਨਜ਼ਰਬੰਦ ਕਰ ਦਿੱਤਾ। ਸਰਕਾਰ ਦੇ ਇਸ ਰਵੱਈਏ ਕਾਰਨ ਲੋਕਾਂ ’ਚ ਕਾਫੀ ਰੋਸ ਹੈ। ਉਹਨਾਂ ਸੰਗਰੂਰ ਸੰਘਰਸ਼ ’ਚ ਜਾ ਰਹੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤ ਰਹਿਣ, ਸੰਘਰਸ਼ ਨੂੰ ਹਿੰਸਕ ਨਾ ਬਣਾਉਣ ਕਿਉਂਕਿ ਜੇਕਰ ਸੰਘਰਸ਼ ਹਿੰਸਕ ਹੋ ਗਿਆ ਤਾਂ ਮੁੜ ਸੰਘਰਸ਼ ਨਹੀਂ ਚੱਲਣਾ। ਇਸ ਤੋਂ ਇਲਾਵਾ ਜੀਤਾ ਕੌਰ ਯਾਦਗਰ ਭਵਨ ਮਾਨਸਾ ਦੇ ਦਫਤਰ ਸਕੱਤਰ ਤੇ ਪੰਜਾਬ ਕਿਸਾਨ ਯੂਨੀਅਨ ਦੇ ਜਿਲਾ ਪ੍ਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਦਫਤਰ ਵਿੱਚ ਹੀ ਨਜਰਬੰਦ ਕੀਤੇ ਗਏ । Sangrur News
ਪੰਜਾਬ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਰਾਮਫਲ ਚੱਕ ਅਲੀਸੇਰ ਨਾਲ ਪ੍ਰਸ਼ਾਸ਼ਨ ਵੱਲੋਂ ਧੱਕਾਮੁੱਕੀ ਕਰੇਨ ਵੀ ਗੱਲ ਸਾਹਮਣੇ ਆਈ ਪਰ ਇਸਦੀ ਕੋਈ ਪੁਸ਼ਟੀ ਨਹੀਂ ਹੋ ਸਕੀ। ਪੰਜਾਬ ਕਿਸਾਨ ਯੂਨੀਅਨ ਦੇ ਜਿਲਾ ਮੀਤ ਪ੍ਰਧਾਨ ਤੇ ਸਰਪੰਚ ਇਕਬਾਲ ਸਿੰਘ ਫਫੜੇ ਭਾਈਕੇ , ਭੀਖੀ ਬਲਾਕ ਦੇ ਆਗੂ ਅਮੋਲਕ ਸਿੰਘ ਖੀਵਾ ਨੂੰ ਪੂਰੀ ਕਮੇਟੀ ਸਮੇਤ ਘਰੋਂ ਗ੍ਰਿਫ਼ਤਾਰ ਕਰਕੇ ਭੀਖੀ ਥਾਣੇ ’ਚ ਬੰਦ ਕੀਤਾ ਗਿਆ।
ਇਹ ਵੀ ਪੜ੍ਹੋ: ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲੇਗਾ ਭਾਰਤ ਰਤਨ, ਪ੍ਰਧਾਨ ਮੰਤਰੀ ਨੇ ਦਿੱਤੀ ਜਾਣਕਾਰੀ
ਇਸ ਮੌਕੇ ਨਜਰਬੰਦ ਕੀਤੇ ਆਗੂਆਂ ਵਿੱਚ ਕਰਨੈਲ ਸਿੰਘ ਮਾਨਸਾ,ਅਮਰੀਕ ਸਿੰਘ ਮਾਨਸਾ,ਅੰਗਰੇਜ਼ ਸਿੰਘ, ਮਨਜੀਤ ਸਿੰਘ ਮੀਤਾ, ਧੰਨਾ ਸਿੰਘ, ਮੋਹਣਾ ਸਿੰਘ, ਗੁਰਪ੍ਰੀਤ ਸਿੰਘ, ਭੋਲਾ ਸਿੰਘ ਔਲਖ, ਜਗਤਾਰ ਸਿੰਘ ਅਤੇ ਸੁਖਪਾਲ ਸਿੰਘ ਪਾਲੀ ਹਾਜਿਰ ਸਨ। ਇਸੇ ਤਰ੍ਹਾਂ ਹੀ ਸੰਗਰੂਰ ਸੰਘਰਸ਼ ’ਚ ਸ਼ਾਮਲ ਹੋਣ ਲਈ ਜਾਣ ਲਈ ਤਿਆਰ ਅਤੇ ਨਸ਼ਿਆਂ ਖਿਲਾਫ਼ ਮੁਹਿੰਮ ਚਲਾਉਣ ਵਾਲੇ ਨੌਜਵਾਨ ਪ੍ਰਵਿੰਦਰ ਸਿੰਘ ਝੋਟਾ ਨੂੰ ਵੀ ਘਰ ਕੋਲ ਹੀ ਪੁਲਿਸ ਨੇ ਘੇਰ ਲਿਆ। ਪ੍ਰਵਿੰਦਰ ਸਿੰਘ ਝੋਟਾ ਨੇ ਕਿਹਾ ਕਿ ਪੁਲਿਸ ਨੇ ਅੱਜ ਉਨ੍ਹਾਂ ਨੂੰ ਤਾਂ ਘਰ ਅੱਗੇ ਹੀ ਘੇਰ ਲਿਆ ਪਰ ਪੁਲਿਸ ਨਸ਼ਾ ਤਸਕਰਾਂ ਨੂੰ ਕਿਉਂ ਨਹੀਂ ਘੇਰਦੀ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਨਸ਼ਾ ਤਸਕਰਾਂ ਦਾ ਪਤਾ ਵੀ ਦੱਸਦੇ ਹਾਂ ਪਰ ਪੁਲਿਸ ਕਹਿ ਦਿੰਦੀ ਹੈ ਕਿ ਉਹ ਥਿਆਉਂਦੇ ਨਹੀਂ। ਇਨ੍ਹਾਂ ਆਗੂਆਂ ਤੋਂ ਇਲਾਵਾ ਪੁਲਿਸ ਨੇ ਕੁੱਝ ਹੋਰਨਾਂ ਨੂੰ ਵੀ ਸੰਘਰਸ਼ ’ਚ ਜਾਣ ਤੋਂ ਰੋਕਣ ਲਈ ਘਰਾਂ ’ਚ ਹੀ ਕੈਦ ਕਰ ਲਿਆ।
ਧਰਨੇ ’ਤੇ ਬੈਠੇ ਕਿਸਾਨ ਪੁਲਿਸ ਨੇ ਚੁੱਕੇ (Sangrur News)
ਸੰਗਰੂਰ ਵੱਲ ਵਧ ਰਹੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਪੁਲਿਸ ਨੇ ਜਿੱਥੇ ਹੀ ਘੇਰਾ ਪਾ ਲਿਆ ਤਾਂ ਜਥੇਬੰਦੀਆਂ ਉੱਥੇ ਹੀ ਸੜਕਾਂ ਜਾਮ ਕਰਕੇ ਬੈਠ ਗਈਆਂ । ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਮਾਨਸਾ ਦੇ ਕਿਸਾਨ ਆਗੂ ਤੇ ਵਰਕਰ ਜਦੋਂ ਜਾ ਰਹੇ ਸੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਖਿਆਲਾ ਕਲਾਂ ਕੋਲ ਘੇਰ ਲਿਆ। ਰੋਹ ’ਚ ਆਏ ਕਿਸਾਨਾਂ ਨੇ ਉੱਥੇ ਹੀ ਸੜਕ ਜਾਮ ਕਰ ਦਿੱਤੀ। ਪੁਲਿਸ ਨੇ ਧਰਨਾਕਾਰੀਆਂ ਨੂੰ ਧਰਨੇ ਤੋਂ ਹੀ ਚੁੱਕਣਾ ਸ਼ੁਰੂ ਕਰ ਦਿੱਤਾ। ਕਿਸਾਨ ਜਥੇਬੰਦੀ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਗਰੂਰ ਜਾਣ ਤੋਂ ਰੋਕਿਆ ਤਾਂ ਖਿਆਲਾ ਕਲਾਂ ਨੇੜੇ ਸੜਕ ’ਤੇ ਧਰਨਾ ਲਗਾ ਦਿੱਤਾ। ਉਨ੍ਹਾਂ ਦੱਸਿਆ ਕਿ ਧਰਨੇ ’ਤੇ ਬੈਠੇ ਕਰੀਬ 70-80 ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।