ਫਸਲਾਂ ਦਾ ਮੁਆਵਜਾ ਲੈਣ ਲਈ ਪਿੰਡ ਬਾਦਲ ’ਚ ਲਗਾਤਾਰ 12 ਦਿਨਾਂ ਤੋਂ ਬੈਠੇ ਹੋਏ ਨੇ ਕਿਸਾਨ
ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕਰਵਾ ਰਹੀ ਹੈ ਫਾਸ਼ੀਵਾਦੀ ਹਮਲੇ : ਸੂਬਾ ਸਕੱਤਰ
(ਮੇਵਾ ਸਿੰਘ) ਲੰਬੀ/ਕਿੱਲਿਆਂਵਾਲੀ ਮੰਡੀ। ਨਰਮੇ ਤੇ ਹੋਰ ਫਸਲਾਂ ਦਾ ਮੁਆਵਜਾ ਲੈਣ ਸਬੰਧੀ ਪਿਛਲੇ ਲਗਾਤਾਰ 12 ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ 5 ਜਿਲ੍ਹਿਆਂ ਵੱਲੋਂ ਖਜ਼ਾਨਾ ਮੰਤਰੀ ਦੀ ਰਿਹਾਇਸ ਪਿੰਡ ਬਾਦਲ ਦੇ ਅਗਲੇ ਪਿਛਲੇ ਸਾਰੇ ਗੇਟਾਂ ’ਤੇ ਮੋਰਚਾ ਜਾਰੀ ਹੈ। ਕਿਸਾਨਾਂ ਨੇ ਫਸਲਾਂ ਦੇ ਮੁਆਵਜੇ ਸਬੰਧੀ ਸਰਕਾਰ ਵੱਲੋਂ ਅਣਗੌਲਿਆਂ ਕਰਨ ਕਰਕੇ ਪਿੰਡ ਬਾਦਲ ਦੇ ਬੱਸ ਅੱਡੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਅਤੇ ਸਾਮਰਾਜ ਦੇ ਦਿਉਕੱਦ ਪੁਤਲੇ ਫੂਕੇ।
ਇਸ ਮੌਕੇ ਗੱਲਬਾਤ ਕਰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਪਹਿਲਾਂ ਇਹ ਪੁਤਲੇ ਦੁਸਹਿਰੇ ਵਾਲੇ ਦਿਨ ਫੂਕੇ ਜਾਣੇ ਸਨ ਪਰ ਜਦੋਂ ਮੋਰਚੇ ਨੂੰ ਇਹ ਰਿਪੋਰਟਾਂ ਮਿਲੀਆਂ ਕਿ ਇਸ ਗੱਲ ਦੀ ਚਰਚਾ ਹੈ ਕਿ ਕਿਸਾਨਾਂ ਵੱਲੋਂ ਹਿੰਦੂ ਭਰਾਵਾਂ ਦੇ ਤਿਉਹਾਰਾਂ ਨੂੰ ਟਾਰਗਟ ਕੀਤਾ ਜਾ ਰਿਹਾ ਹੈ ਤਾਂ ਫਿਰ ਸੰਯੁਕਤ ਕਿਸਾਨ ਮੋਰਚੇ ਨੇ ਸਿਆਣਪ ਤੋਂ ਕੰਮ ਲੈਂਦਿਆਂ ਖਾਸਕਰ ਹਿੰਦੂ ਭਰਾਵਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਹ ਪ੍ਰੋਗਰਾਮ ਬਦਲਕੇ 16 ਅਕਤੂਬਰ ਦਾ ਰੱਖ ਦਿੱਤਾ। ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦੇਸ਼ ਭਰ ਦੇ ਕਿਸਾਨ ਪਿਛਲੇ 11 ਮਹੀਨਿਆਂ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਾਰਡਰਾਂ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਸੰਘਰਸ਼ ਕਰ ਰਹੇ ਹਨ, ਪਰੰਤੂ ਕੇਂਦਰ ਦੀ ਭਾਜਪਾ ਸਰਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਫਾਸ਼ੀਵਾਦੀ ਹਮਲੇ ਕਿਸਾਨਾਂ ’ਤੇ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਹੁਣ ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਚੱਲ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਉਹ ਕਿਸਾਨ ਤੇ ਮਜ਼ਦੂਰ ਪੱਖੀ ਹੈ, ਜਦੋਂ ਕਿ ਕਿਸਾਨ ਤੇ ਮਜ਼ਦੂਰ ਪਿਛਲੇ 12 ਦਿਨਾਂ ਤੋਂ ਖਜ਼ਾਨਾ ਮੰਤਰੀ ਦੀ ਰਿਹਾਇਸ ਦਾ ਘਿਰਾਉ ਕਰਕੇ ਸੜਕਾਂ ’ਤੇ ਰੁਲ ਰਹੇ ਹਨ, ਸਰਕਾਰ ਨੇ ਅਜੇ ਤੱਕ ਕਿਸਾਨਾਂ ਮਜ਼ਦੂਰਾਂ ਦੀ ਮੰਗ ਸਬੰਧੀ ਕੋਈ ਵੀ ਠੋਸ ਫੈਸਲਾ ਨਹੀਂ ਕੀਤਾ। ਹੈਰਾਨਗੀ ਦੀ ਗੱਲ ਇਹ ਹੈ ਕਿ ਸਾਦਗੀ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮਨਪੀ੍ਰਤ ਸਿੰਘ ਬਾਦਲ ਬੀਤੀ ਕੱਲ੍ਹ ਬਠਿੰਡਾ ਵਿੱਚ ਆਪਣਾ ਸਰਕਾਰੀ ਸਮਾਗਮ ਕਰਕੇ ਉਥੋਂ ਹੀ ਵਾਪਿਸ ਚਲੇ ਗਏ, ਉਨ੍ਹਾਂ ਨਾ ਤਾਂ ਬਾਦਲ ਵਿਖੇ ਕਿਸਾਨ ਮੋਰਚੇ ’ਤੇ ਪਿੰਡ ਬਾਦਲ ਬੈਠੇ ਕਿਸਾਨਾਂ ਕੋਲ ਆਉਣ ਦੀ ਜਰੂਰਤ ਸਮਝੀ ਤੇ ਨਾ ਹੀ ਫਸਲਾਂ ਦੇ ਮੁਆਵਜੇ ਸਬੰਧੀ ਬਠਿੰਡਾ ਵਿਖੇ ਬੁਲਾਕੇ ਕਿਸਾਨ ਆਗੂਆਂ ਨਾਲ ਕੋਈ ਗੱਲਬਾਤ ਕੀਤੀ।
ਸੂਬਾ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਵੱਡੇ-ਵੱਡੇ ਬੋਰਡ ਕਿਸਾਨਾਂ ਨੂੰ ਫਸਲਾਂ ਦਾ ਮੁਆਵਜਾ ਵੰਡਣ ਦੇ ਲਵਾ ਰਹੀ ਹੈ, ਪਰ ਦੂਜੇ ਪਾਸੇ ਜਿਲ੍ਹਾ ਬਠਿੰਡਾ ਅਤੇ ਮਾਨਸਾ ਦੀ ਜੋ ਗਿਰਦਾਵਰੀ ਮੁਆਵਜੇ ਲਈ ਕੀਤੀ ਹੈ, ਉਸ ’ਤੇ ਵੀ ਹੁਣ ਸਰਕਾਰ ਨੇ ਪ੍ਰਸ਼ਨ ਚਿੰਨ ਲਾਕੇ ਉਸ ਦੀ ਦੁਬਾਰਾ ਪੜਤਾਲ ਕਰਾਉਣ ਦੇ ਹੁਕਮ ਚਾੜ ਦਿੱਤੇ ਹਨ। ਕਿਸਾਨ ਆਗੂ ਹੋਰ ਬੁਲਾਰਿਆਂ ਹਰਜਿੰਦਰ ਸਿੰਘ ਬੱਗੀ ਪ੍ਰਧਾਨ ਜਿਲ੍ਹਾ ਬਠਿੰਡਾ, ਰਾਮ ਸਿੰਘ ਭੈਣੀਬਾਘਾ ਪ੍ਰਧਾਨ ਜਿਲਾ ਮਾਨਸਾ, ਗੁਰਭਗਤ ਸਿੰਘ ਭਲਾਈਆਣਾ, ਗੁਰਪਾਸ ਸਿੰਘ ਸਿੰਘੇਵਾਲਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਜੇਕਰ ਸਰਕਾਰ ਨੇ ਬਾਦਲ ਵਿਖੇ ਮੁਆਵਜਾ ਲੈਣ ਲਈ ਸੜਕਾਂ ’ਤੇ ਬੈਠੇ 5 ਜਿਲ੍ਹਿਆਂ ਦੇ ਕਿਸਾਨਾਂ ਦੀ ਮੰਗ ਨਾ ਮੰਨੀ ਤਾਂ ਫਿਰ ਸਾਰੇ ਪੰਜਾਬ ਦੇ ਸਾਰੇ ਜਿਲ੍ਹਿਆਂ ਦਾ ਇਕੱਠ ਕਰਕੇ ਸੂਬਾ ਪੱਧਰੀ ਤਾਕਤ ਦੇ ਜ਼ੋਰ ’ਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ