ਕਿਸਾਨਾਂ ਨੇ ਪੁਲਿਸ ਬੈਰੀਕੇਡ ਤੋੜ ਖਜ਼ਾਨਾ ਮੰਤਰੀ ਦੀ ਰਿਹਾਇਸ ਪਿੰਡ ਬਾਦਲ ਸਾਹਮਣੇ ਲਾਇਆ ਪੱਕਾ ਮੋਰਚਾ

ਸਰਕਾਰ ਜਿੰਨਾਂ ਚਿਰ ਮੁਆਵਜੇ ਦਾ ਐਲਾਨ ਨਹੀਂ ਕਰਦੀ, ਉਨ੍ਹਾਂ ਚਿਰ ਨਹੀਂ ਉਠਾਂਗੇ ਬਾਦਲ ਧਰਨੇ ਤੋਂ : ਕਿਸਾਨ ਆਗੂ

(ਮੇਵਾ ਸਿੰਘ) ਲੰਬੀ/ਕਿੱਲਿਆਂਵਾਲੀ ਮੰਡੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਨਰਮਾ ਪੱਟੀ ਦੇ ਪੰਜ ਜਿਲ੍ਹਿਆਂ ਵੱਲੋਂ ਖਾਸਕਰ ਗੁਲਾਬੀ ਸੁੰਡੀ ਨਾਲ ਤਬਾਹ ਹੋਈ ਨਰਮੇ ਦੀ ਫਸਲ ਅਤੇ ਹੋਰ ਕੁਦਰਤੀ ਆਫਤਾਂ ਨਾਲ ਨੁਕਸਾਨੀਆਂ ਸਾਉਣੀ ਦੀਆਂ ਫਸਲਾਂ ਦਾ ਮੁਆਵਜਾ ਲੈਣ ਲਈ ਪੁਲਿਸ ਬੈਰੀਕੇਡ ਤੋੜ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਦੇ ਗੇਟ ’ਤੇ ਪੱਕਾ ਕਿਸਾਨ ਮੋਰਚਾ ਸ਼ੁਰੂ ਕਰ ਦਿੱਤਾ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਹਰਜਿੰਦਰ ਸਿੰਘ ਬੱਗੀ ਪ੍ਰਧਾਨ ਜਿਲ੍ਹਾ ਬਠਿੰਡਾ, ਰਾਮ ਸਿੰਘ ਭੈਣੀ ਬਾਘਾ ਜਿਲ੍ਹਾ ਪ੍ਰਧਾਨ ਮਾਨਸਾ, ਗੁਰਭੇਜ ਸਿੰਘ ਰੋਹੀਵਾਲਾ ਪ੍ਰਧਾਨ ਜਿਲ੍ਹਾ ਫਾਜ਼ਿਲਕਾ, ਗੁਰਭਗਤ ਸਿੰਘ ਭਲਾਈਆਣਾ ਅਤੇ ਗੁਰਪਾਸ ਸਿੰਘ ਸਿੰਘੇਵਾਲਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਪੁਲਿਸ ਤੇ ਸਿਵਲ ਪ੍ਰਸਾਸ਼ਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸੀਨੀਅਰੀ ਅਧਿਕਾਰੀ ਇਹ ਨਾ ਸਮਝਣ ਕਿ ਜਥੇਬੰਦੀ ਮਨਪ੍ਰੀਤ ਦੀ ਕੋਠੀ ਮੂਹਰੇ ਬੈਠ ਗਈ ਹੈ ਤੇ ਹੁਣ ਇਹ ਇੱਥੇ ਬੈਠਕੇ ਸਿਰਫ ਰੋਸ ਧਰਨਾ ਹੀ ਦੇਵੇਗੀ। ਬੁਲਾਰਿਆਂ ਆਖਿਆ ਕਿ ਜਥੇਬੰਦੀ ਬਿਨਾਂ ਕਿਸੇ ਭੰਨਤੋੜ ਤੋਂ ਕੀ ਕਰ ਸਕਦੀ ਹੈ, ਇਹ ਤੁਸੀਂ ਸੋਚਿਆ ਵੀ ਨਹੀਂ ਹੋਣਾ।

ਕਿਸਾਨ ਆਗੂਆਂ ਕਿਹਾ ਕਿ ਉਹ ਪਿਛਲੇ 3 ਦਿਨਾਂ ਤੋਂ ਪਿੰਡ ਬਾਦਲ ਵਿਖੇ ਨਰਮੇ ਅਤੇ ਝੋਨੇ ਦੀ ਫਸਲ ਦਾ ਮੁਆਵਜਾ ਲੈਣ ਲਈ ਸੜਕ ’ਤੇ ਰੁਲ ਰਹੇ ਹਨ, ਪਰੰਤੂ ਪੰਜਾਬ ਦੀ ਗੂੰਗੀ ਤੇ ਬੋਲੀ ਸਰਕਾਰ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ ਤੇ ਅਜੇ ਤੱਕ ਪੰਜਾਬ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਅਣਮਿਥੇ ਸਮੇਂ ਲਈ ਰੋਸ ਧਰਨੇ ’ਤੇ ਬੈਠੇ ਮਾਲਵਾ ਪੱਟੀ ਦੇ 5 ਜਿਲ੍ਹਿਆਂ ਦੇ ਕਿਸਾਨਾਂ ਨਾਲ ਗੱਲਬਾਤ ਕਰਨੀ ਵੀ ਠੀਕ ਨਹੀਂ ਸਮਝੀ। ਜਥੇਬੰਦੀ ਦੇ ਕਿਸਾਨ ਆਗੂਆਂ ਨੇ ਪੁਲਿਸ ਪ੍ਰਸਾਸ਼ਨ ਨੂੰ ਸਵੇਰੇ ਹੀ ਕਹਿ ਦਿੱਤਾ ਸੀ ਕਿ ਉਹ ਅੱਜ ਦੁਪਹਿਰ 2 ਵਜੇ ਪੁਲਿਸ ਵੱਲੋਂ ਕਿਸਾਨਾਂ ਨੂੰ ਮਨਪ੍ਰੀਤ ਬਾਦਲ ਦੀ ਕੋਠੀ ਮੂਹਰੇ ਜਾਣ ਤੋਂ ਰੋਕਣ ਲਈ ਲਾਏ ਗਏ ਜਬਰਦਸਤ ਬੈਰੀਕੇਡਾਂ ਨੂੰ ਤੋੜਕੇ ਹਰ ਹਾਲਤ ਖਜ਼ਾਨਾ ਮੰਤਰੀ ਬਾਦਲ ਦੀ ਰਿਹਾਇਸ਼ ਦੇ ਮੂਹਰੇ ਰੋਸ ਧਰਨਾ ਸ਼ੁਰੂ ਕਰਨਗੇ।

ਜਸਪਾਲ ਸਿੰਘ ਢਿੱਲੋਂ ਡੀਐਸਪੀ ਮਲੋਟ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਉਹ ਸਰਕਾਰ ਨਾਲ ਗੱਲਬਾਤ ਦਾ ਰਾਹ ਅਖਤਿਆਰ ਕਰਕੇ ਮਸਲੇ ਦਾ ਹੱਲ ਕੱਢਣ, ਟਕਰਾਅ ਦਾ ਰਸਤਾ ਨਾ ਅਪਣਾਉਣ, ਪਰੰਤੂ ਕਿਸਾਨ ਆਗੂ ਨਹੀਂ ਮੰਨੇ। ਕਿਸਾਨਾਂ ਨੇ 2 ਵਜੇ ਪ੍ਰੈਸ ਨੂੰ ਵੀ ਬੁਲਾਇਆ ਸੀ, ਇਸ ਲਈ ਕਿਸਾਨ ਆਗੂ ਤੇ ਕਿਸਾਨ ਆਗੂ ਬੀਬੀਆਂ ਨੇ ਕਰੀਬ 2 ਵਜੇ ਪੁਲਿਸ ਦੇ ਨਾਕਿਆਂ ਨੂੰ ਤੋੜਕੇ ਮਨਪ੍ਰੀਤ ਬਾਦਲ ਦੀ ਰਿਹਾਇਸ ਮੂਹਰੇ ਜਾ ਡੇਰੇ ਲਾਏ।

ਇੰਜ ਲੱਗ ਰਿਹਾ ਸੀ ਕਿ ਪੁਲਿਸ ਨੂੰ ਜਿਵੇਂ ਉਪਰੋਂ ਹਦਾਇਤਾਂ ਹੋਣ, ਕਿ ਕਿਸਾਨ ਭਾਵੇਂ ਨਾਕੇ ਤੋੜਕੇ ਅੱਗੇ ਲੰਘ ਜਾਣ, ਪੁਲਿਸ ਕੋਈ ਸਖ਼ਤੀ ਨਾ ਕਰੇ, ਜਿਸ ਦੀ ਮਿਸਾਲ ਇੱਕ ਪੁਲਿਸ ਅਧਿਕਾਰੀ ਪੁਲਿਸ ਮੁਲਾਜਮਾਂ ਨੂੰ ਇਹ ਕਹਿੰਦੇ ਸੁਣੇ ਗਏ ਕੋਈ ਵੀ ਕਿਸਾਨਾਂ ’ਤੇ ਲਾਠੀਚਾਰਜ ਨਾ ਕਰੇ। ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ ਕਿ ਉਹ ਉਨਾਂ ਚਿਰ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਮੂਹਰਿੳਂ ਨਹੀਂ ਉੱਠਣਗੇ, ਜਿੰਨਾ ਚਿਰ ਪੰਜਾਬ ਸਰਕਾਰ ਗੁਲਾਬੀ ਸੁੰਡੇ ਨਾਲ ਹੋਈ ਨਰਮੇ ਦੀ ਫਸਲ ਦੇ ਨੁਕਸਾਨ ਦਾ ਮੁਆਵਜਾ ਪ੍ਰਤੀ ਏਕਤ 60000/- ਅਤੇ ਮਜ਼ਦੂਰਾਂ ਨੂੰ ਚੁਗਾਈ ਖਰਚਾ ਪ੍ਰਤੀ ਪਰਿਵਾਰ 30000/-ਰੁਪਏ ਦੇਣ ਦਾ ਐਲਾਨ ਨਹੀਂ ਕਰਦੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ