ਕਿਸਾਨ, ਸ਼ੇਰ ਤੇ ਲੰਗੜੀ ਗਾਂ
ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ। ਉਹ ਬੜੇ ਹੀ ਨੇਕ ਤੇ ਦਿਆਲੂ ਸੁਭਾਅ ਦਾ ਸੀ। ਉਸ ਦੀ ਜੰਗਲ ਦੇ ਨੇੜੇ ਖੇਤੀ ਵਾਲੀ ਜ਼ਮੀਨ ਸੀ ਤੇ ਕੁਝ ਮੱਝਾਂ ਰੱਖੀਆਂ ਹੋਈਆਂ ਸਨ। ਪਰ ਜੰਗਲੀ ਜਾਨਵਰਾਂ ਤੋਂ ਬਹੁਤ ਦੁਖੀ ਸੀ ਕਿਉਂਕਿ ਉਹ ਉਸ ਦੀ ਫਸਲ ਖਰਾਬ ਕਰ ਦਿੰਦੇ ਸਨ। ਖਾਸ ਕਰ ਗਿੱਦੜ, ਜੋ ਆਪਣੇ-ਆਪ ਨੂੰ ਸ਼ੇਰ ਦਾ ਨਜ਼ਦੀਕੀ ਹੋਣ ਦੇ ਕਿਸਾਨ ਨੂੰ ਡਰਾਵੇ ਦਿੰਦਾ। ਕਿਸਾਨ ਦੀਆਂ ਮੱਝਾਂ ਉਸ ਨੂੰ ਉਦਾਸ ਦੇਖ ਕੇ ਬਹੁਤ ਦੁਖੀ ਹੁੰਦੀਆਂ। ਸਮਾਂ ਲੰਘਦਾ ਗਿਆ ਤਾਂ ਕਿਸਾਨ ਦੀਆਂ ਮੱਝਾਂ ਸੂਣ ਵਾਲੀਆਂ ਸਨ ਮੱਝਾਂ ਨੇ ਸੋਚਿਆ ਕਿ ਜੇਕਰ ਸਾਡੇ ਕੱਟੇ ਹੋਏ ਤਾਂ ਅਸੀਂ ਉਨ੍ਹਾਂ ਨੂੰ ਗਿੱਦੜ/ਬਘਿਆੜਾਂ ਨਾਲ ਟੱਕਰ ਲੈਣ ਵਾਲੇ ਤਾਕਤਵਰ ਬਣਾਵਾਂਗੀਆਂ।
ਪਰ ਮਾੜੀ ਕਿਸਮਤ ਨੂੰ ਇੱਕ ਕੋਲ ਕੱਟਾ ਤੇ ਇੱਕ ਕੋਲ ਕੱਟੀ ਹੋਈ। ਇੱਕ ਦਿਨ ਮੱਝਾਂ ਚਰਦੀਆਂ-ਚਰਦੀਆਂ ਦੂਰ ਨਿੱਕਲ ਗਈਆਂ ਕੱਟਰੂ ਨਿੱਕੇ ਹੋਣ ਕਰਕੇ ਪਿੱਛੇ ਰਹਿ ਗਏ ਤਾਂ ਅਚਾਨਕ ਗਿੱਦੜ ਨੇ ਹਮਲਾ ਕਰ ਦਿੱਤਾ। ਦੋਵੇਂ ਕੱਟਰੂ ਡਰਦੇ ਮਾਰੇ ਦੌੜਨ ਲੱਗੇ ਕੱਟਾ ਅੱਗੇ ਕੱਟੀ ਪਿੱਛੇ ਰਹਿ ਗਈ ਕੱਟੇ ਨੇ ਕੱਟੀ ਨੂੰ ਆਪਣੇ ਨਾਲ ਰਲਾਉਣ ਲਈ ਕੋਸ਼ਿਸ਼ ਕੀਤੀ ਪਰ ਉਹ ਇੱਕ ਟੋਏ ਵਿੱਚ ਫਸ ਗਈ। ਕੱਟੇ ਨੇ ਕੱਢਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕਿਆ ਗਿੱਦੜ ਵੀ ਨੇੜੇ ਆ ਰਿਹਾ ਸੀ।
ਕੱਟੀ ਨੇ ਕੱਟੇ ਨੂੰ ਆਪਣੀ ਜਾਨ ਬਚਾਉਣ ਲਈ ਉੱਥੋਂ ਜਾਣ ਲਈ ਕਿਹਾ ਪਰ ਕੱਟਾ ਨਾ ਮੰਨਿਆ। ਕੱਟੀ ਨੇ ਉਸ ਨੂੰ ਜਿਵੇਂ-ਕਿਵੇਂ ਉੱਥੋਂ ਜਾਣ ਲਈ ਕਿਹਾ। ਗਿੱਦੜ ਨੇ ਕੱਟੀ ਨੂੰ ਦਬੋਚ ਲਿਆ। ਕੱਟਾ ਬੜਾ ਉਦਾਸ ਹੋਇਆ। ਸ਼ਾਮ ਨੂੰ ਜਦ ਮੱਝਾਂ ਘਰ ਪਰਤੀਆਂ ਤਾਂ ਉਹ ’ਕੱਲੇ ਕੱਟੇ ਨੂੰ ਦੇਖ ਪ੍ਰੇਸ਼ਾਨ ਹੋਈਆਂ ਤੇ ਸਾਰੀ ਕਹਾਣੀ ਸੁਣ ਬੜੀਆਂ ਉਦਾਸ ਹੋਈਆਂ। ਜਦੋਂ ਕਿਸਾਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਬਹੁਤ ਉਦਾਸ ਹੋਇਆ।
ਪਰ ਕੱਟੇ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਪ੍ਰਣ ਕੀਤਾ ਕਿ ਉਹ ਆਪਣੀ ਭੈਣ ਦਾ ਬਦਲਾ ਜ਼ਰੂਰ ਲਵੇਗਾ। ਉਹ ਦੋਵਾਂ ਮੱਝਾਂ ਦਾ ਦੁੱਧ ਪੀਣ ਲੱਗਾ ਤੇ ਜਲਦੀ ਹੀ ਇੱਕ ਨਰੋਏ ਜੁੱਸੇ ਦਾ ਝੋਟਾ ਨਜ਼ਰ ਆਉਣ ਲੱਗਾ। ਕਿਸਾਨ ਨੂੰ ਵੀ ਲੱਗਣ ਲੱਗਾ ਕਿ ਹੁਣ ਗਿੱਦੜ ਦੀ ਖੈਰ ਨਹੀਂ, ਉਹ ਵੀ ਝੋਟੇ੍ਹ ਨੂੰ ਰੱਜਵੀਂ ਖੁਰਾਕ ਦੇਣ ਲੱਗਾ। ਝੋਟਾ ਰਾਤ-ਰਾਤ ਭਰ ਜਾਗ ਖੇਤ ਦੀ ਰਖਵਾਲੀ ਕਰਦਾ। ਗਿੱਦੜਾਂ ਦੀ ਕੋਈ ਪੇਸ਼ ਨਾ ਜਾਂਦੀ। ਬਹੁਤ ਕਹਿੰਦਾ ਕਿ ਮੈਂ ਸ਼ੇਰ ਮਾਮੇ ਨੂੰ ਦੱਸੂ। ਝੋਟਾ ਲਲਕਾਰਦੇ ਹੋਏ ਕਹਿੰਦਾ,
ਦੋ ਮੱਝਾਂ ਦੁੱਧ ਪੀਣ ਨੂੰ ਉੱਤੋ ਖਾਣ ਨੂੰ ਘਾਹ,
ਤੇਰੇ ਮਾਮੇ ਨੂੰ ਇੱਕੋ ਸਿੰਗ ’ਤੇ ਦੇਵਾਂਗਾ ਟਪਕਾ।
ਆ ਉਏ ਗਿੱਦੜਾ ਆ ਦੋ-ਦੋ ਹੱਥ ਦਿਖਾ,
ਬਦਲਾ ਲੈਣਾ ਛੋਟੀ ਭੈਣ ਦਾ, ਤੈਨੂੰ ਨਰਕਾਂ ਵਿੱਚ ਪੁਚਾ,
ਆ ਉਏ ਗਿੱਦੜਾ ਆ, ਆ ਉਏ ਗਿੱਦੜਾ ਆ
ਇੱਕ ਦਿਨ ਗਿੱਦੜ ਝੋਟੇ ਦੇ ਧੱਕੇ ਚੜ੍ਹ ਗਿਆ ਤੇ ਗਿੱਦੜ ਨੂੰ ਸਿੰਗਾਂ ’ਤੇ ਪਟਕਾ-ਪਟਕਾ ਕੇ ਮਾਰਿਆ। ਗਿੱਦੜ ਨੂੰ ਥਾਂ ’ਤੇ ਢੇਰ ਕਰ ਦਿੱਤਾ। ਜਦੋਂ ਸ਼ੇਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਕਿਸਾਨ ਦਾ ਦੁਸ਼ਮਣ ਬਣ ਗਿਆ। ਕਿਸਾਨ ਨੇ ਮੱਝਾਂ ਨੂੰ ਜਾਣ ਲਈ ਕਿਹਾ ਤੇ ਆਪ ਸ਼ੇਰ ਤੋਂ ਡਰ ਕੇ ਪਿੰਡ ਵੱਲ ਭੱਜ ਗਿਆ। ਪਰ ਸ਼ੇਰ ਨੇ ਉਸ ਦਾ ਪਿੱਛਾ ਨਾ ਛੱਡਿਆ। ਕਿਸਾਨ ਇੱਕ ਬੋਹੜ ਦੇ ਰੁੱਖ ’ਤੇ ਚੜ੍ਹ ਗਿਆ। ਸ਼ੇਰ ਉੱਥੇ ਹੀ ਗੇੜੇ ਕੱਢਦਾ ਰਿਹਾ। ਸ਼ਾਮ ਢਲ਼ੀ ਹਨੇ੍ਹਰਾ ਹੁੰਦਿਆਂ ਸ਼ੇਰ ਜੰਗਲ ਵੱਲ ਨੂੰ ਚਲਾ ਗਿਆ। ਪਰ ਡਰਦੇ ਮਾਰੇ ਕਿਸਾਨ ਦਰੱਖਤ ਦੇ ਪੱਤਿਆਂ ਵਿੱਚ ਹੀ ਛੁਪ ਕੇ ਪੈ ਗਿਆ।
ਸਵੇਰ ਵੇਲੇ ਉੱਠ ਕੇ ਵੇਖਿਆ ਕਿ ਬੋਹੜ ਦੇ ਰੁੱਖ ਦੇ ਨੇੜੇ ਹੀ ਗਊਆਂ ਦਾ ਵਾੜਾ ਸੀ ਜਿਸ ਵਿੱਚ ਬਹੁਤ ਸਾਰੀਆਂ ਗਾਵਾਂ ਸਨ। ਕਿਸਾਨ ਡਰਦਾ-ਡਰਦਾ ਥੱਲੇ ਉੱਤਰਿਆ ਤੇ ਖਾਣ-ਪੀਣ ਲਈ ਭੋਜਨ ਦਾ ਇੰਤਜਾਮ ਕਰਨ ਲਈ ਪਿੰਡ ਵੱਲ ਨੂੰ ਵਧਿਆ ਤਾਂ ਉਸ ਪਾਸੋਂ ਹਾਹਾਕਾਰ ਸੁਣਾਈ ਦਿੱਤੀ। ਇੱਕ ਆਜੜੀ ਆਉਂਦਾ ਦਿਖਾਈ ਦਿੱਤਾ। ਉਸ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਪਿੰਡ ਵਿੱਚ ਸ਼ੇਰ ਵੜ ਗਿਆ। ਕਿਸਾਨ ਨੇ ਆਜੜੀ ਤੋਂ ਕੁਝ ਖਾਣ ਲਈ ਮੰਗਿਆ ਤਾਂ ਉਸ ਨੇ ਉਸ ਨੂੰ ਖਾਣ ਲਈ ਰੋਟੀ ਦਿੱਤੀ ਅਤੇ ਪੀਣ ਲਈ ਬੱਕਰੀਆਂ ਦਾ ਦੁੱਧ। ਕਿਸਾਨ ਨੇ ਆਜੜੀ ਦਾ ਧੰਨਵਾਦ ਕੀਤਾ ਅਤੇ ਮੁੜ ਅੱਖ ਬਚਾ ਕੇ ਦਰੱਖਤ ’ਤੇ ਚੜ੍ਹ ਗਿਆ।
ਕੁਝ ਦਿਨ ਇਸ ਤਰ੍ਹਾਂ ਹੀ ਲੰਘ ਗਏ ਪਰ ਇੱਕ ਦਿਨ ਉਸ ਦੀ ਨਜ਼ਰ ਗਊਆਂ ਦੇ ਵਾੜੇ ਵਿੱਚ ਫੈਲੀ ਗੰਦਗੀ ਦੇ ਢੇਰਾਂ ਵੱਲ ਗਈ। ਉਸ ਨੂੰ ਬੜਾ ਤਰਸ ਆਇਆ। ਉਹ ਗਊਆਂ ਦੇ ਬਾਹਰ ਜਾਣ ਦਾ ਇੰਤਜ਼ਾਰ ਕਰਨ ਲੱਗਾ। ਜਿਉਂ ਹੀ ਗਾਵਾਂ ਵਾੜੇ ਵਿੱਚੋਂ ਬਾਹਰ ਗਈਆਂ ਤਾਂ ਉਸ ਨੇ ਸਾਰੇ ਵਾੜੇ ਦੀ ਸਫਾਈ ਕਰ ਦਿੱਤੀ। ਸ਼ਾਮ ਨੂੰ ਜਦੋਂ ਗਾਵਾਂ ਵਾਪਸ ਆਈਆਂ ਤਾਂ ਸਾਫ-ਸੁਥਰੇ ਵਾੜੇ ਨੂੰ ਵੇਖ ਖੁਸ਼ ਤੇ ਹੈਰਾਨ ਹੋਈਆਂ। ਹੁਣ ਕਿਸਾਨ ਹਰ ਰੋਜ਼ ਗਾਵਾਂ ਦੇ ਜਾਣ ’ਤੇ ਸਫਾਈ ਕਰਕੇ ਰੁੱਖ ’ਤੇ ਚੜ੍ਹ ਜਾਂਦਾ। ਲੰਘਦੇ-ਟੱਪਦੇ ਰਾਹੀਆਂ ਤੋਂ ਭੋਜਨ ਲੈ ਕੇ ਡੰਗ ਟਪਾ ਲੈਂਦਾ ਤੇ ਸ਼ੇਰ ਵੀ ਕਮਲਿਆਂ ਵਾਂਗ ਹਰ ਰੋਜ਼ ਪਿੰਡ ਵਿੱਚ ਕਿਸਾਨ ਦੀ ਭਾਲ ’ਚ ਜਰੂਰ ਗੇੜਾ ਮਾਰਦਾ।
ਦੂਜੇ ਪਾਸੇ ਵਾੜੇ ਦੀ ਸਫਾਈ ਵੇਖ ਗਾਵਾਂ ਵੀ ਹੈਰਾਨ ਰਹਿ ਜਾਂਦੀਆਂ ਕਿ ਕੌਣ ਹੈ ਜੋ ਸਾਡੇ ਵਾੜੇ ਦੀ ਸਫਾਈ ਕਰ ਰਿਹਾ ਹੈ? ਜ਼ਰੂਰ ਜਾਂ ਤਾਂ ਕੋਈ ਭਗਤ ਹੈ ਜਾਂ ਕੋਈ ਮੁਸੀਬਤ ਦਾ ਮਾਰਿਆ। ਇਹ ਸੋਚ ਸਭ ਨੇ ਜਾਣਨ ਲਈ ਇੱਕ ਲੰਗੜੀ ਗਾਂ ਦੀ ਨਿਗਰਾਨੀ ਕਰਨ ਲਈ ਜ਼ਿੰਮੇਵਾਰੀ ਲਾ ਦਿੱਤੀ। ਹਰ ਰੋਜ਼ ਦੀ ਤਰ੍ਹਾਂ ਸਾਰੀਆਂ ਗਾਵਾਂ ਚਰਨ ਲਈ ਚਲੀਆਂ ਗਈਆਂ ਤੇ ਲੰਗੜੀ ਗਾਂ ਨੇੜੇ ਹੀ ਓਹਲੇ ਵਿੱਚ ਘਾਹ ਚਰਨ ਲੱਗੀ। ਕਿਸਾਨ ਦਰੱਖਤ ਤੋਂ ਥੱਲੇ ਉੱਤਰਿਆ ਤੇ ਸਫਾਈ ਕਰਨ ਲੱਗਾ। ਇਹ ਦੇਖ ਲੰਗੜੀ ਗਾਂ ਨੇ ਸਾਰੀਆਂ ਗਾਂਵਾਂ ਨੂੰ ਇੱਕ ਅਵਾਜ ਦਿੱਤੀ ਤੇ ਇਕੱਠੀਆਂ ਕਰ ਲਈਆਂ। ਕਿਸਾਨ ਡਰ ਗਿਆ। ਗਾਵਾਂ ਦੀ ਮੁਖੀ ਗਾਂ ਨੇ ਕਿਸਾਨ ਨੂੰ ਕਿਹਾ, ‘‘ਡਰ ਨਾ ਤੂੰ ਆਪਣਾ ਦੁੱਖ ਦੱਸ।’’ ਇਹ ਸੁਣ ਕੇ ਕਿਸਾਨ ਨੇ ਆਪਣੀ ਸਾਰੀ ਵਿਥਿਆ ਸੁਣਾਈ ਤਾਂ ਗਊਆਂ ਨੇ ਕਿਹਾ ਕਿ ਤੈਨੂੰ ਘਬਰਾਉਣ ਦੀ ਲੋੜ ਨਹੀਂ ਹੁਣ ਤੇਰੀ ਰਾਖੀ ਅਸੀਂ ਕਰਾਂਗੀਆਂ।
ਓਧਰ ਸ਼ੇਰ ਨੂੰ ਵੀ ਕਿਸਾਨ ਦੀ ਭਿਣਕ ਪੈ ਗਈ ਉਹ ਦਹਾੜਦਾ ਹੋਇਆ ਵਾੜੇ ਵੱਲ ਨੂੰ ਵਧਿਆ। ਸ਼ੇਰ ਦੀ ਦਹਾੜ ਸੁਣ ਕੇ ਕਿਸਾਨ ਦੀਆਂ ਮੱਝਾਂ ਤੇ ਝੋਟਾ ਵੀ ਸਮਝ ਗਏ ਕਿ ਕਿਸਾਨ ’ਤੇ ਮੁਸੀਬਤ ਆ ਪਈ ਹੈ ਉਹ ਕਿਸਾਨ ਦੀ ਮੱਦਦ ਲਈ ਉਸ ਪਾਸੇ ਨੂੰ ਹੋ ਤੁਰੇ। ਜਿਉਂ ਹੀ ਸ਼ੇਰ ਗਾਵਾਂ ਦੇ ਵਾੜੇ ਵੱਲ ਵਧਿਆ ਅੱਗੋਂ ਗਾਵਾਂ ਨੇ ਘੇਰ ਲਿਆ ਤੇ ਪਿੱਛੋਂ ਮੱਝਾਂ ਤੇ ਝੋਟੇ ਨੇ। ਦੋਹਾਂ ਨੇ ਰਲ਼ ਕੇ ਸ਼ੇਰ ਨੂੰ ਮਾਰ ਮੁਕਾਇਆ। ਕਿਸਾਨ ਖੁਸ਼ ਹੋ ਗਿਆ ਤੇ ਗਾਵਾਂ, ਮੱਝਾਂ ਤੇ ਝੋਟੇ ਦਾ ਧੰਨਵਾਦ ਕੀਤਾ ਅਤੇ ਉੱਥੇ ਹੀ ਸਾਰੇ ਰਲ ਕੇ ਖੁਸ਼ੀ-ਖੁਸ਼ੀ ਰਹਿਣ ਲੱਗੇ ਤੇ ਜੰਗਲ ਦੇ ਪਸ਼ੂ-ਪੰਛੀ ਵੀ ਅਜ਼ਾਦ ਤੇ ਬੇਖੌਫ ਘੁੰਮਣ ਲੱਗੇ। ਹਰ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ।
ਰਣਬੀਰ ਸਿੰਘ ਪਿ੍ਰੰਸ,
ਸ਼ਾਹਪੁਰ ਕਲਾਂ, ਅਫ਼ਸਰ ਕਲੋਨੀ, ਸੰਗਰੂਰ
ਮੋ. 98722-99613
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ