ਪੁਲਿਸ ਦੀ ਕਾਰਵਾਈ ਤੋਂ ਖੁਸ਼ ਨਹੀਂ ਸਿੱਧੂ ਮੂਸੇਵਾਲਾ ਦਾ ਪਰਿਵਾਰ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੰਘ ਅਤੇ ਮਾਤਾ ਸਣੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਸੋਮਵਾਰ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਮੀਟਿੰਗ ਕੀਤੀ ਗਈ। ਬਲਕੌਰ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਵੇਰੇ ਹੀ ਚੰਡੀਗੜ੍ਹ ਆਏ ਹੋਏ ਸਨ ਪਹਿਲਾਂ ਉਨ੍ਹਾਂ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ ਗਈ ਤਾਂ ਬਾਅਦ ਵਿੱਚ ਉਹ ਡੀਜੀਪੀ ਗੌਰਵ ਯਾਦਵ ਨੂੰ ਮਿਲਣ ਲਈ ਪੰਜਾਬ ਪੁਲਿਸ ਹੈੱਡਕੁਆਟਰ ਵਿਖੇ ਪੁੱਜੇ ਹੋਏ ਸਨ।
ਪੰਜਾਬ ਪੁਲਿਸ ਅਤੇ ਸਰਕਾਰ ਨੂੰ ਇੱਕ ਮਹੀਨੇ ਦਾ ਅਲਟੀਮੇਟਮ ਦੇਣ ਤੋਂ ਬਾਅਦ ਬਲਕੌਰ ਸਿੰਘ ਵੱਲੋਂ ਡੀਜੀਪੀ ਨਾਲ ਇਹ ਪਹਿਲੀ ਮੁਲਾਕਾਤ ਕੀਤੀ ਗਈ ਹੈ ਜਿਸ ਕਾਰਨ ਇਹ ਮੁਲਾਕਾਤ ਕਾਫ਼ੀ ਜਿਆਦਾ ਅਹਿਮ ਵੀ ਮੰਨੀ ਜਾ ਰਹੀ ਹੈ। ਡੀਜੀਪੀ ਨਾਲ ਮੀਟਿੰਗ ਕਰਨ ਤੋਂ ਬਾਅਦ ਬਲਕੌਰ ਸਿੰਘ ਜਾਂ ਫਿਰ ਕਿਸੇ ਹੋਰ ਪਰਿਵਾਰਕ ਮੈਂਬਰ ਵੱਲੋਂ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ ਗਈ ਅਤੇ ਨਾ ਹੀ ਮੀਟਿੰਗ ਵਿੱਚ ਚਰਚਾ ਬਾਰੇ ਦੱਸਿਆ ਗਿਆ ਹੈ।
ਇੱਥੇ ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਪਰਿਵਾਰ ਪਿਛਲੇ ਕੁਝ ਹਫ਼ਤੇ ਤੋਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੋਂ ਕੋਈ ਜਿਆਦਾ ਖੁਸ਼ ਨਹੀਂ ਸੀ, ਜਿਸ ਕਾਰਨ ਹੀ ਬੀਤੇ ਦੋ ਹਫ਼ਤੇ ਪਹਿਲਾਂ ਪਿਤਾ ਬਲਕੌਰ ਸਿੰਘ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇਕਰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਜਲਦ ਹੀ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਹੀ ਪੁਲਿਸ ਕਾਰਵਾਈ ਨੂੰ ਤੇਜ਼ ਨਹੀਂ ਕੀਤਾ ਗਿਆ ਤਾਂ ਉਹ ਆਪਣਾ ਕੇਸ ਵਾਪਸ ਲੈਣ ਦੇ ਨਾਲ ਹੀ ਦੇਸ਼ ਹੀ ਛੱਡ ਦੇਣਗੇ। ਇਸ ਅਲਟੀਮੇਟਮ ਤੋਂ ਬਾਅਦ ਹੁਣ ਪਹਿਲੀ ਵਾਰ ਉਨ੍ਹਾਂ ਦੀ ਡੀਜੀਪੀ ਨਾਲ ਮੁਲਾਕਾਤ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ