ਚੋਣ ਅਧਿਕਾਰੀ ਨੇ ਉਤਰਵਾਏ ਹਲਕਾ ਵਿਧਾਇਕ ਦੇ ਹੋਰਡਿੰਗ
(ਸੁਨੀਲ ਚਾਵਲਾ) ਸਮਾਣਾ। ਨਗਰ ਕੌਂਸਲ ਵੱਲੋਂ ਹਲਕਾ ਵਿਧਾਇਕ ’ਤੇ ਮਿਹਰਬਾਨੀ ਦਿਖਾਉਂਦਿਆਂ ਸ਼ਹਿਰ ਦੇ ਸਾਰੇ ਹੀ ਪ੍ਰਮੁੱਖ ਚੌਂਕਾਂ ਵਿਖੇ ਲੱਗੇ ਇਸ਼ਤਿਹਾਰੀ ਪੋਲ ਚੋਣ ਪ੍ਰਚਾਰ ਲਈ ਹਲਕਾ ਵਿਧਾਇਕ ਨੂੰ ਦੇਣ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਸਮਾਣਾ ਦੇ (Election Officer) ਚੋਣ ਅਧਿਕਾਰੀ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਨੂੰ ਨੋਟਿਸ ਜਾਰੀ ਕਰਕੇ ਜਿੱਥੇ ਨਗਰ ਕੌਂਸਲ ਦੇ ਸਾਰੇ ਇਸ਼ਤਿਹਾਰੀ ਪੋਲਾਂ, ਰਾਜਨੀਤਕ ਪਾਰਟੀਆਂ ਨੂੰ ਦਿੱਤੀਆਂ ਪ੍ਰਵਾਨਗੀਆਂ, ਵਸੂਲੇ ਗਏ ਕਿਰਾਏ ਆਦਿ ਦੇ ਵੇਰਵੇ ਮੰਗ ਲਏ ਹਨ, ਉੱਥੇ ਹੀ ਰਾਜਨੀਤਕ ਪਾਰਟੀ ਦੇ ਹੋਰਡਿੰਗ ਉਤਾਰਨ ਦੇ ਵੀ ਆਦੇਸ਼ ਦੇ ਦਿੱਤੇ ਹਨ। ਇਸ ਤੋਂ ਤੁਰੰਤ ਬਾਅਦ ਨਗਰ ਕੌਂਸਲ ਨੇ ਸ਼ਹਿਰ ਦੇ ਮੁੱਖ ਚੌਂਕਾਂ ਵਿੱਚ ਲੱਗੇ ਹਲਕਾ ਵਿਧਾਇਕ ਦੇ ਅੱਧੇ ਹੋਰਡਿੰਗ ਉਤਾਰ ਦਿੱਤੇ। ਹੁਣ ਕੁੱਝ 11 ਪੋਲਾਂ ਵਿੱਚੋਂ ਹਲਕਾ ਵਿਧਾਇਕ ਨੂੰ ਕੇਵਲ ਚਾਰ ਮੁੱਖ ਬਾਜ਼ਾਰਾਂ ਦੇ ਪੋਲ ਹੀ ਆਪਣੇ ਚੋਣ ਪ੍ਰਚਾਰ ਲਈ ਕਿਰਾਏ ਤੇ ਦਿੱਤੇ ਗਏ ਹਨ।
ਦੱਸ ਦਈਏ ਕਿ ਸ਼ਨਿੱਚਰਵਾਰ ਨੂੰ ਸੱਚ ਕਹੂੰ ’ਚ ‘ਕਾਂਗਰਸ ਦੇ ਸੰਭਾਵੀ ਉਮੀਦਵਾਰ ਦਾ ਲੱਖਾਂ ਦਾ ਪ੍ਰਚਾਰ ਨਗਰ ਕੌਂਸਲ ਦੀ ਮਿਹਰਬਾਨੀ ਸਦਕਾ ਹੋ ਰਿਹੈ ਕੌਡੀਆਂ ਦੇ ਭਾਅ’ ਸਿਰਲੇਖ ਤਹਿਤ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਵਿੱਚ ਸ਼ਹਿਰ ਦੇ ਕੁੱਲ 11 ਇਸ਼ਤਿਹਾਰੀ ਪੋਲਾਂ ਵਿੱਚੋਂ 8 ਪੋਲ ਹਲਕਾ ਵਿਧਾਇਕ ਨੂੰ ਆਪਣਾ ਚੋਣ ਪ੍ਰਚਾਰ ਕਰਨ ਲਈ ਦੇਣ ਸੰਬੰਧੀ ਇੱਕ ਮਹੀਨਾ ਪਹਿਲਾਂ ਹੀ ਬੁਕਿੰਗ ਕਰਨ ਦਾ ਖੁਲਾਸਾ ਕੀਤਾ ਗਿਆ ਸੀ। ਨਗਰ ਕੌਂਸਲ ਦੇ ਇਸ ਕਾਰਜ ’ਤੇ ਦੂਜੀਆਂ ਰਾਜਨੀਤਕ ਪਾਰਟੀਆਂ ਨੇ ਵੀ ਉਂਗਲ ਚੁੱਕੀ ਸੀ ਕਿ ਕੋਵਿਡ ਦੌਰਾਨ ਜਦੋਂ ਖੁੱਲ੍ਹ ਕੇ ਚੋਣ ਪ੍ਰਚਾਰ ਕਰਨ ’ਤੇ ਪਹਿਲਾਂ ਹੀ ਰੋਕ ਲੱਗੀ ਹੋਈ ਹੈ ਅਜਿਹੇ ਵਿੱਚ ਹੋਰਡਿੰਗਸ ਰਾਹੀਂ ਚੋਣ ਪ੍ਰਚਾਰ ਕਰਨ ਦਾ ਇਹ ਮੌਕਾ ਵੀ ਨਗਰ ਕੌਂਸਲ ਵੱਲੋਂ ਹਲਕਾ ਵਿਧਾਇਕ ਨੂੰ ਦੇ ਕੇ ਦੂਜੀਆਂ ਪਾਰਟੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਕਿਉਂਕਿ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਜਿੱਥੇ ਇਹ ਇਸ਼ਤਿਹਾਰੀ ਪੋਲ ਲੱਗੇ ਹਨ ਉੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਹਰ ਰੋਜ਼ ਲੋਕ ਇੱਥੋਂ ਗੁਜਰਦੇ ਹਨ ਤੇ ਇੱਕ ਹੀ ਪਾਰਟੀ ਦੇ ਬੋਰਡ ਸਾਰੇ ਪ੍ਰਮੁੱਖ ਬਾਜ਼ਾਰਾਂ ਵਿੱਚ ਹੋਣ ਨਾਲ ਸਾਰੇ ਲੋਕ ਉਸ ਤੋਂ ਹੀ ਪ੍ਰਭਾਵਿਤ ਹੋਣਗੇ ਤੇ ਸਾਨੂੰ ਜਾਣ-ਬੁੱਝ ਕੇ ਚੋਣ ਪ੍ਰਚਾਰ ਵਿਚ ਪਛਾੜਿਆ ਜਾ ਰਿਹਾ ਹੈ।
ਇਸ ਦਾ ਸਖ਼ਤ ਨੋਟਿਸ ਲੈਂਦਿਆਂ ਸ਼ਹਿਰ ਦੇ (Election Officer) ਚੋਣ ਅਧਿਕਾਰੀ ਨੇ ਤੁਰੰਤ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਨੂੰ ਨੋਟਿਸ ਜਾਰੀ ਕਰਕੇ ਤੁਰੰਤ ਪ੍ਰਭਾਵ ਨਾਲ ਉਸ ਰਾਜਨੀਤਕ ਪਾਰਟੀ ਦੇ ਹੋਰਡਿੰਗ ਉਤਾਰਨ ਦੇ ਵੀ ਆਦੇਸ਼ ਦੇ ਦਿੱਤੇ ਤਾਂ ਜੋ ਸਾਰੀਆਂ ਪਾਰਟੀਆਂ ਨੂੰ ਆਪਣਾ ਪ੍ਰਚਾਰ ਕਰਨ ਦਾ ਮੌਕਾ ਦਿੱਤਾ ਜਾ ਸਕੇ। ਇਸ ਦੇ ਨਾਲ ਹੀ ਅੱਗੇ ਚੋਣ ਅਧਿਕਾਰੀ ਨੇ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਪੋਲ ਕਿਰਾਏ ’ਤੇ ਦੇਣ ਤੋਂ ਪਹਿਲਾਂ ਚੋਣ ਅਧਿਕਾਰੀ ਤੋਂ ਪ੍ਰਵਾਣਗੀ ਲੈਣ ਦੇ ਵੀ ਆਦੇਸ਼ ਦਿੱਤੇ ਹਨ। ਇਸ ਤੋਂ ਤੁਰੰਤ ਬਾਅਦ ਨਗਰ ਕੌਂਸਲ ਨੇ ਸ਼ਹਿਰ ਦੇ ਮੁੱਖ ਚੌਂਕਾਂ ਵਿੱਚ ਲੱਗੇ ਹਲਕਾ ਵਿਧਾਇਕ ਦੇ ਅੱਧੇ ਹੋਰਡਿੰਗ ਉਤਾਰ ਦਿੱਤੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ