ਸਿਆਸਤ ਦੇ ਜੋੜਾਂ-ਤੋੜਾਂ ‘ਚ ਉਲਝੀ ਗੰਗਾ ਅਬਲੂ ਸਕੂਲ ਦੀ ਸਿੱਖਿਆ

ਸਕੂਲ ਅਪਗਰੇਡ ਕਰਕੇ ਸਟਾਫ ਤਾਇਨਾਤ ਨਾ ਹੋਣ ਕਾਰਨ ਬਾਰ੍ਹਵੀਂ ਜਮਾਤ ਦੀਆਂ ਸਾਰੀਆਂ ਲੜਕੀਆਂ ਫੇਲ੍ਹ

(ਅਸ਼ੋਕ ਵਰਮਾ) ਬਠਿੰਡਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਹਲਕੇ ‘ਚ ਪੈਂਦੇ ਪਿੰਡ ਗੰਗਾ ਅਬਲੂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਸਿੱਖਿਆ ਰਾਜਨੀਤੀ ਦੇ ਜੋੜਾਂ ਤੋੜਾਂ ‘ਚ ਉਲਝ ਕੇ ਰਹਿ ਗਈ ਹੈ ਇਸ ਸਕੂਲ ਨੂੰ ਸਿਆਸੀ ਲਾਹੇ ਖਾਤਰ ਅਪਗਰੇਡ ਤਾਂ ਕਰ ਦਿੱਤਾ ਗਿਆ ਪਰ ਸਟਾਫ ਤਾਇਨਾਤ ਨਾ ਕੀਤਾ ਜਿਸ ਦਾ ਸਿੱਧਾ ਅਸਰ ਸਕੂਲ ਦੇ ਬਾਰ੍ਹਵੀਂ ਕਲਾਸ ਦੇ ਨਤੀਜੇ ‘ਤੇ ਪਿਆ ਹੈ ਇਸ ਸਕੂਲ ‘ਚ ਬਾਰ੍ਹਵੀਂ ਕਲਾਸ ਦੀਆਂ ਸੱਤ ਲੜਕੀਆਂ ਸਨ ਜਿਨ੍ਹਾਂ ਦੇ ਫੇਲ੍ਹ ਹੋ ਜਾਣ ਕਾਰਨ ਪਿੰਡ ਨੂੰ ਨਮੋਸ਼ੀ ਝੱਲਣੀ ਪਈ ਹੈ ਹਾਲਾਂਕਿ ਇਸ ‘ਚ  ਲੋਕਾਂ ਦਾ ਕੋਈ ਕਸੂਰ ਨਹੀਂ ਫਿਰ ਵੀ ਪਿੰਡ ਵਾਸੀ ਆਪਣੇ ਬੱਚਿਆਂ ਦੀ ਸਿੱਖਿਆ ਨੂੰ ਲੈਕੇ ਫਿਕਰਮੰਦ ਹੋ ਗਏ ਹਨ।

ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਮਾਪੇ ਫਿਕਰਮੰਦ

ਜਾਣਕਾਰੀ ਮੁਤਾਬਕ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਿੰਡ ਗੰਗਾ ਅਬਲੂ ਦੇ ਸਕੂਲ ਨੂੰ ਚੋਣਾਂ ਤੋਂ ਪਹਿਲਾਂ ਜਮਾਂ ਦੋ ਕਰਕੇ ਕਲਾਸਾਂ ਚਾਲੂ ਕਰਨ ਦੇ ਆਦੇਸ਼ ਹੋਏ ਸਨ  ਉਸ ਵਕਤ ਜੋ ਬੱਚੇ ਦਸਵੀਂ ਕਲਾਸ ‘ਚੋਂ ਪਾਸ ਹੋਏ ਸਨ ਉਨ੍ਹਾਂ ਨੂੰ ਅਗਲੀ ਕਲਾਸ ‘ਚ ਦਾਖਲ ਕਰ ਲਿਆ ਗਿਆ ਇਸ ਨਾਲ ਸਕੂਲ ਦਾ ਦਰਜਾ ਵਧਾਉਣ ਦੀ ਪ੍ਰਕਿਰਿਆ ਤਾਂ ਪੂਰੀ ਹੋ ਗਈ ਪ੍ਰੰਤੂ ਸਟਾਫ ਦੀ ਘਾਟ ਕਾਰਨ ਸਿੱਖਿਆ ਦਾ ਪੱਧਰ ਨਾ ਵਧਾਇਆ ਜਾ ਸਕਿਆ ਪਤਾ ਲੱਗਿਆ ਹੈ ਕਿ ਪਿੰਡ ਗੰਗਾ ਅਬਲੂ ਬਠਿੰਡਾ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਜੋਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਨਾਲ ਜਾ ਲੱਗਦਾ ਹੈ

ਹੈਰਾਨਕੁੰਨ ਪਹਿਲੂ ਹੈ ਕਿ ਇਸ ਪਿੰਡ ਵੱਲ ਸਰਕਾਰੀ ਬੱਸ ਸੇਵਾ ਵੀ ਨਹੀਂ ਹੈ ਅਤੇ ਆਵਾਜਾਈ ਦੇ ਸਾਧਨ ਵੀ ਸੀਮਤ ਹਨ ਇਸੇ ਕਾਰਨ ਹੀ ਗਿਆਰ੍ਹਵੀਂ ਕਲਾਸ ‘ਚੋਂ ਪਾਸ ਹੋਣ ਵਾਲੇ ਲੜਕੇ ਤਾਂ ਹੋਰਨਾਂ ਥਾਵਾਂ ‘ਤੇ ਪੜ੍ਹਨ ਲੱਗ ਪਏ ਪਰ ਲੜਕੀਆਂ ਲਈ ਕੋਈ ਢੁੱਕਵੇਂ ਪ੍ਰਬੰਧ ਨਾ ਹੋਣ ਕਰਕੇ ਉਹ ਇੱਥੇ ਹੀ ਰਹਿ ਗਈਆਂ ਹੈਰਾਨਕੁੰਨ ਪਹਿਲੂ ਇਹ ਹੈ ਕਿ ਸਕੂਲ ‘ਚ ਲੈਕਚਰਾਰਾਂ ਦੀ ਤਾਇਨਾਤੀ ਸਤੰਬਰ ਮਹੀਨੇ ‘ਚ ਕੀਤੀ ਗਈ ਪਰ ਉਦੋਂ ਤੱਕ ਵੇਲਾ ਲੰਘ ਚੁੱਕਿਆ ਸੀ ਨਵੇਂ ਸਟਾਫ ਸਮਾਂ ਘੱਟ ਹੋਣ ਕਰਕੇ ਸਿਲੇਬਸ ਪੂਰਾ ਨਾ ਕਰਵਾ ਸਕਿਆ ਤੇ ਵਿਦਿਆਰਥਣਾਂ ਪੜ੍ਹਾਈ ‘ਚ ਕਮਜੋਰ ਰਹਿ ਗਈਆਂ।

ਪਿੰਡ ਦੇ ਸਰਪੰਚ ਜਗਸੀਰ ਸਿੰਘ ਨੇ ਦੱਸਿਆ ਕਿ ਐਤਕੀ ਵਾਰ ਬਾਰ੍ਹਵੀਂ  ਦੇ ਮਾੜੇ ਨਤੀਜੇ ਕਾਰਨ ਪਿੰਡ ‘ਚ ਨਿਰਾਸ਼ਾ ਦਾ ਮਾਹੌਲ ਹੈ ਉਨ੍ਹਾਂ ਕਿਹਾ ਕਿ ਦਸਵੀਂ ਕਲਾਸ ਤੱਕ ਤਾਂ ਸਭ ਠੀਕ ਚਲਦਾ ਆ ਰਿਹਾ ਸੀ ਪਰ ਇਸ ਵਾਰ ਪਿੰਡ ਦੇ ਮੱਥੇ ‘ਤੇ ਫੇਲ੍ਹ ਹੋਣ ਵਾਲਾ ਦਾਗ ਲੱਗ ਗਿਆ ਹੈ ਉਨ੍ਹਾਂ ਕਿਹਾ ਕਿ ਜੋ ਵੀ ਘਾਟਾ ਪਿਆ ਹੈ , ਹੁਣ ਪਿੰਡ ਦੀ ਪੰਚਾਇਤ ਨਿੱਜੀ ਦਿਲਚਸਪੀ ਲੈਕੇ ਉਸ ਨੂੰ ਪੂਰਾ ਕਰਵਾਏਗੀ ਤਾਂ ਜੋ ਅਗਲੇ ਸਾਲ ਨਤੀਜਾ ਵਧੀਆ ਆ ਸਕੇ।

ਸਟਾਫ ਕਾਰਨ ਸਮੱਸਿਆ ਬਣੀ:ਪ੍ਰਿੰਸੀਪਲ

ਸਕੂਲ ਦੇ ਪ੍ਰਿੰਸੀਪਲ ਰਣਧੀਰ ਸਿੰਘ ਦਾ ਕਹਿਣਾ ਸੀ ਕਿ ਅਸਲ ‘ਚ ਸਮੱਸਿਆ ਲੈਕਚਰਾਰਾਂ ਦੀ ਅਣਹੋਂਦ ਕਾਰਨ ਆਈ ਹੈ ਉਨ੍ਹਾਂ ਕਿਹਾ ਕਿ ਸਰਕਾਰ ਨੇ ਜਦੋਂ ਨਵਾਂ ਸਟਾਫ ਤਾਇਨਾਤ ਕੀਤਾ ਤਾਂ ਉਦੋਂ ਪ੍ਰੀਖਿਆ ਨਜ਼ਦੀਕ ਆ ਗਈ ਸੀ ਤੇ ਉਨ੍ਹਾਂ ਨੂੰ ਪੜ੍ਹਾਉਣ ਦਾ ਪੂਰਾ ਵਕਤ ਨਹੀਂ ਮਿਲ ਸਕਿਆ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਖੁਦ ਵੀ ਇਸੇ ਸਾਲ ਅਪਰੈਲ ‘ਚ ਪ੍ਰਿੰਸੀਪਲ ਵਜੋਂ ਜੁਆਇਨ ਕੀਤਾ ਹੈ ਪਰ ਉਸ ਵੇਲੇ ਇਮਤਿਹਾਨ ਹੋ ਚੁੱਕੇ ਸਨ ਜਿਸ ਕਰਕੇ ਕੁਝ ਵੀ ਨਹੀਂ ਹੋ ਸਕਦਾ ਸੀ ਉਨ੍ਹਾਂ ਕਿਹਾ ਕਿ ਲੜਕੀਆਂ ਦੇ ਫੇਲ੍ਹ ਹੋਣ ਦਾ ਉਨ੍ਹਾਂ ਨੂੰ ਵੀ ਦੁੱਖ ਹੈ ਪਰ ਆਉਣ ਵਾਲੇ ਸਾਲ ‘ਚ ਸਾਰੀਆਂ ਕਸਰਾਂ ਕੱਢਣ ਲਈ ਸਿਰਤੋੜ ਯਤਨ ਕੀਤੇ ਜਾਣਗੇ

ਪੁਣਛਾਣ ਕਰਕੇ ਕਰਾਂਗੇ ਦਿੱਕਤਾਂ ਦੂਰ: ਡੀ.ਈ.ਓ.

ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਨਿੰਦਰ ਕੌਰ ਦਾ ਕਹਿਣਾ ਸੀ ਕਿ ਨਤੀਜਿਆਂ ਦੀ ਪੁਣਛਾਣ ਕਰਕੇ ਜੋ ਵੀ ਦਿੱਕਤ ਹੋਈ ਉਸ ਨੂੰ ਦੂਰ ਕਰ ਲਿਆ ਜਾਏਗਾ ਉਨ੍ਹਾਂ ਮੰਨਿਆ ਕਿ ਸਟਾਫ ਦੀ ਘਾਟ ਕਰਕੇ ਵੀ ਨਤੀਜੇ ਪ੍ਰਭਾਵਿਤ ਹੁੰਦੇ ਹਨ ,ਸ਼ਾਇਦ ਗੰਗਾ ਅਬਲੂ ਸਕੂਲ ਨਾਲ ਵੀ ਅਜਿਹਾ ਹੀ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ