ਪੱਲੇਦਾਰ ਮਜ਼ਦੂਰ ‘ਤੇ ਗੱਡੀ ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਹੰਡਿਆਇਆ, (ਸੱਚ ਕਹੂੰ ਨਿਊਜ਼) ਹੰਡਿਆਇਆ ਤੋਂ ਪਿੰਡ ਛੰਨਾਂ ਫ਼ਤਿਹਗੜ ਨੂੰ ਜਾਂਦੀ ਲਿੰਕ ਸੜਕ ‘ਤੇ ਇੱਕ ਪੱਲੇਦਾਰ ਮਜ਼ਦੂਰ ਨੂੰ ਗੱਡੀ ਸਵਾਰਾਂ ਵੱਲੋਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਮਜ਼ਦੂਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਹਮਲੇ ‘ਚ ਮਜ਼ਦੂਰ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਜਾਣਕਾਰੀ ਮੁਤਾਬਿਕ ਪੱਲੇਦਾਰ ਮਜ਼ਦੂਰ ਰੂਪ ਸਿੰਘ ਨਿਵਾਸੀ ਹੰਡਿਆਇਆ ‘ਤੇ ਛੰਨਾਂ ਫਤਹਿਗੜ ਸੜਕ ‘ਤੇ ਗੱਡੀ ਸਵਾਰ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜਖਮੀ ਕਰ ਦਿੱਤਾ।
ਜਿਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ। ਜਿੱਥੋਂ ਡਾਕਟਰਾਂ ਨੇ ਉਸ ਦੀ ਨਾਜੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਲੇਬਰ ਠੇਕੇਦਾਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਕੋਲ ਕਲਸਟਰ-2 ਦੀ ਲੇਬਰ ਦਾ ਠੇਕਾ ਹੈ। ਵੀਰਵਾਰ ਸ਼ਾਮ ਉਹ ਆਪਣੀ ਗੱਡੀ ਵਿੱਚ, ਆਪਣੇ ਸਾਥੀ ਬਲਵੀਰ ਸਿੰਘ ਸਣੇ ਲੇਬਰ ਦੀ ਪੇਮੈਂਟ ਕਰਨ ਗਿਆ ਤਾਂ ਅਚਾਨਕ ਹੀ ਇੱਕ ਹੋਰ ਚਿੱਟੇ ਰੰਗ ਦੀ ਬਲੈਰੋ ਗੱਡੀ ‘ਚ ਹਥਿਆਰਾਂ ਸਮੇਤ ਸਵਾਰ ਹੋ ਕੇ ਆਏ 6/7 ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ‘ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ।
ਇਸ ਦੌਰਾਨ ਉਨ੍ਹਾਂ ਵੱਲੋਂ ਆਪਣੀ ਗੱਡੀ ਭਜਾ ਕੇ ਪੁਲਿਸ ਚੌਂਕੀ ਹੰਡਿਆਇਆ ਵਿਖੇ ਇਤਲਾਹ ਦੇਣ ਪਿੱਛੋਂ ਮੌਕੇ ‘ਤੇ ਪੁਲਿਸ ਪਾਰਟੀ ਪੁੱਜੀ ਤਾਂ ਹਮਲਾਵਰ ਉੱਥੋਂ ਫਰਾਰ ਹੋ ਚੁੱਕੇ ਸਨ। ਪਰੰਤੂ ਉਨ੍ਹਾਂ ਦੀ ਲੇਬਰ ਦਾ ਪੱਲੇਦਾਰ ਰੂਪ ਸਿੰਘ ਬੁਰੀ ਤਰ੍ਹਾਂ ਜਖ਼ਮੀ ਹੋਇਆ ਪਿਆ ਸੀ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਐਸਆਈ ਗੁਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਜਖਮੀ ਰੂਪ ਸਿੰਘ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਦੇ ਨਾਮਜ਼ਦ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ