ਇੰਟਰਨੈਸ਼ਨਲ ਨੰਬਰ ਰਾਹੀਂ ਮੰਗੀ ਗਈ ਸੀ ਮਹੀਨਾ ਪਹਿਲਾਂ 50 ਲੱਖ ਦੀ ਫਿਰੌਤੀ : ਡਾ ਹਰਪਾਲ ਸਿੰਘ
(ਅਜਯ ਕਮਲ) ਰਾਜਪੁਰਾ। ਰਾਜਪੁਰਾ ਦੇ ਰਿਹਾਇਸ਼ੀ ਇਲਾਕੇ ਦੀ ਗੁਰਬਖਸ ਕਾਲੋਨੀ ਵਿਖੇ ਦੇਰ ਰਾਤ ਇੱਕ ਡਾਕਟਰ ਦੇ ਘਰ ਤੇ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਚਲਾਈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਹਰਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ 11 ਵਜੇ ਦੇ ਕਰੀਬ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਹਨਾਂ ਦੇ ਘਰ ’ਤੇ ਗੋਲੀ ਚਲਾਈ ਗਈ ਜਿਸ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪ੍ਰੰਤੂ ਅੱਜ ਤੋਂ ਇੱਕ ਮਹੀਨਾ ਪਹਿਲਾਂ ਉਨ੍ਹਾਂ ਤੋਂ 50 ਲੱਖ ਰੁਪਏ ਦੀ ਮੰਗ ਇੱਕ ਇੰਟਰਨੈਸ਼ਨਲ ਨੰਬਰ ਰਾਹੀਂ ਕੀਤੀ ਗਈ ਸੀ ਅਤੇ ਇਸ ਦੀ ਸ਼ਿਕਾਇਤ ਐਸਐਸਪੀ ਪਟਿਆਲਾ ਅਤੇ ਸਥਾਨਕ ਐਸਐਚਓ ਨੂੰ ਵੀ ਲਿਖਤੀ ਰੂਪ ਵਿੱਚ ਦਿੱਤੀ ਗਈ ਸੀ ਪ੍ਰੰਤੂ ਇਸ ਮਾਮਲੇ ਨੂੰ ਪੁਲਿਸ ਵੱਲੋਂ ਗੰਭੀਰਤਾ ਨਾਲ ਨਹੀਂ ਲਿਆ ਗਿਆ ਜਿਸ ਕਾਰਨ ਰਾਤ ਵੇਲੇ ਇਹ ਘਟਨਾ ਵਾਪਰੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਆਪਣੀ ਸੁਰੱਖਿਆ ਖਾਤਰ ਬੰਦੂਕ ਦਾ ਲਾਇਸੰਸ ਦਿੱਤਾ ਗਿਆ ਸੀ ਪਰੰਤੂ ਰਾਤ ਦੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮੇਰੇ ਸਾਰੇ ਲਾਇਸੈਂਸੀ ਹਥਿਆਰ ਜਾਂਚ ਲਈ ਆਪਣੇ ਕਬਜੇ ਵਿੱਚ ਲੈ ਲਏ ਗਏ ਹਨ ਅਤੇ ਹੁਣ ਉਸਨੂੰ ਆਪਣੀ ਅਤੇ ਆਪਣੀ ਬੇਟੀ ਦੀ ਜਾਨ ਨੂੰ ਖਤਰਾ ਮਹਿਸੂਸ ਹੋ ਰਿਹਾ ਹੈ। ਮੌਕੇ ’ਤੇ ਪਹੁੰਚੇ ਐਸਐਚਓ ਸਿਟੀ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਫੋਰੈਂਸਿਕ ਐਕਸਪਰਟ ਟੀਮ ਨੂੰ ਬੁਲਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ’ਚ ਜਾਨੀ ਨੁਕਸਾਨ ਤੋਂ ਬਚਾਅ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ