ਤਿੰਨ ਮਹੀਨਿਆਂ ਮਗਰੋ ਵੀ ਨਾ ਪੁੱਜੀ ਸ਼ਾਹ ਮੁਹੰਮਦ ਦੀ ਮ੍ਰਿਤਕ ਦੇਹ

ਪਾਇਲ/ਮੰਡੀ ਗੋਬਿੰਦਗੜ੍ਹ (ਅਮਿਤ ਸ਼ਰਮਾ)। ਹਲਕਾ ਪਾਇਲ ਦੇ ਪਿੰਡ ਸਹਾਰਣ ਮਾਜਰਾ ਦਾ ਸ਼ਾਹ ਮੁਹੰਮਦ (47) ਜੋ ਕਰੀਬ 10 ਮਹੀਨੇ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਅਤੇ ਬੱਚਿਆਂ ਦੇ ਸੁਨਿਹਰੀ ਭਵਿੱਖ ਦੇ ਸੁਪਨੇ ਸੰਜੋਕੇ ਸਾਊਦੀ ਅਰਬ ਵਿਖੇ ਟਰੱਕ ਡਰਾਈਵਰ ਦੀ ਨੌਕਰੀ ਕਰਨ ਲਈ ਗਿਆ ਸੀ ਦਾ ਤਿੰਨ ਮਹੀਨੇ ਪਹਿਲਾਂ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਸ਼ਾਹ ਮੁਹੰਮਦ ਦੀ ਮ੍ਰਿਤਕ ਦੇਹ ਤਿੰਨ ਮਹੀਨੇ ਬੀਤਣ ਦੇ ਬਾਵਜੂਦ ਭਾਰਤ ਨਾ ਪਹੁੰਚਣ ਕਾਰਨ ਆਪਣੀ ਉਮਰ ਦੇ ਆਖਰੀ ਪੜਾਅ ‘ਤੇ ਜੀ ਰਹੀ ਮ੍ਰਿਤਕ ਦੀ ਮਾਂ ਦੀਆਂ ਅੱਖਾਂ ਆਪਣੇ ਪੁੱਤਰ ਦੇ ਆਖਰੀ ਦੀਦਾਰ ਲਈ ਪੱਥਰ ਬਣ ਕੇ ਰਹਿ ਗਈਆਂ ਹਨ।

ਸ਼ਾਹ ਮੁਹੰਮਦ ਦੀ ਬਜ਼ੁਰਗ ਮਾਂ ਨੇ ਰੋਂਦੇ ਹੋਏ ਦੱਸਿਆ ਕਿ ਸ਼ਾਹ ਮੁਹੰਮਦ ਘਰ ਦਾ ਇਕਲੌਤਾ ਸਹਾਰਾ ਸੀ ਅਤੇ ਘਰ ਦੇ ਹਾਲਾਤਾਂ ਨੂੰ ਠੀਕ ਕਰਨ ਦੇ ਲਈ ਇੱਕ ਟਰੈਵਲ ਏਜੰਟ ਰਾਹੀਂ ਵਿਦੇਸ਼ ਗਿਆ ਸੀ ਜਿੱਥੇ ਉਸਦਾ ਕਤਲ ਕਰ ਦਿੱਤਾ ਗਿਆ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਵਿਦੇਸ਼ੀ ਕੰਪਨੀ ਨੂੰ ਮ੍ਰਿਤਕ ਦੀ ਦੇਹ ਭਾਰਤ ਭੇਜਣ ਦੀ ਅਪੀਲ ਕੀਤੀ ਗਈ ਪਰੰਤੂ ਨਾ ਹੀ ਕੰਪਨੀ ਤੇ ਨਾ ਹੀ ਏਜੰਟ ਨੇ ਉਨ੍ਹਾਂ ਦੀ ਕੋਈ ਗੱਲ ਸੁਣੀ ਹੈ।

ਘਰ ਦੀ ਸਾਰੀ ਜ਼ਿੰਮੇਵਾਰੀ ਸ਼ਾਹ ਮੁਹੰਮਦ ‘ਤੇ ਸੀ

ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਸ਼ਾਹ ਮੁਹੰਮਦ ਦੇ ਪਰਿਵਾਰ ‘ਚ ਉਹ, ਉਸ ਦੀ ਬਜ਼ੁਰਗ ਮਾਂ, ਇੱਕ ਵਿਧਵਾ ਭੈਣ, ਅਤੇ ਤਿੰਨ ਬੱਚੇ ਹਨ ਸ਼ਾਹ ਮੁਹੰਮਦ ਦੇ ਦੋ ਭਾਈ ਪਹਿਲਾ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਸਨ ਜਿਸ ਕਰਕੇ ਘਰ ਦੀ ਸਾਰੀ ਜ਼ਿੰਮੇਵਾਰੀ ਸ਼ਾਹ ਮੁਹੰਮਦ ‘ਤੇ ਸੀ ਇਸ ਲਈ ਘਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਸ਼ਾਹ ਮੁਹੰਮਦ ਵਿਦੇਸ਼ ਗਿਆ ਸੀ ਸ਼ਾਹ ਮੁਹੰਮਦ ਦੇ ਪਰਿਵਾਰਕ ਮੈਂਬਰਾਂ ਨੇ ਵਿਦੇਸ਼ ਮੰਤਰਾਲੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਸ਼ਾਹ ਮੁਹੰਮਦ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਜੋ ਉਹ ਉਸ ਦੇ ਆਖਰੀ ਦੀਦਾਰ ਕਰ ਸਕਣ।

ਜਾਣਕਾਰੀ ਮਿਲਣ ‘ਤੇ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾਂ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਹਨਾਂ ਦੇ ਘਰ ਪਹੁੰਚੇ, ਅਤੇ ਉਹਨਾਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਖੁਦ ਇਸ ਮਾਮਲੇ ਸਬੰਧੀ ਭਾਰਤ ਸਰਕਾਰ, ਮੁੱਖ ਮੰਤਰੀ ਪੰਜਾਬ ਅਤੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਰਾਬਤਾ ਕਾਇਮ ਕਰ ਜਲਦ ਤੋਂ ਜਲਦ ਸ਼ਾਹ ਮੁਹੰਮਦ ਦੀ ਮ੍ਰਿਤਕ ਦੇਹ ਨੂੰ ਭਾਰਤ ਮੰਗਵਾਉਣ ਦੇ ਯਤਨ ਕਰਨਗੇ।

LEAVE A REPLY

Please enter your comment!
Please enter your name here