ਪਿੰਡ ਸਮਾਲਸਰ ਦੀ ਧੀ ਨੇ ਪਹਿਲੇ ਗੇੜੇ, ਪਹਿਲੇ ਸਥਾਨ ’ਤੇ ਰਹਿ ਕੇ ਪਾਸ ਕੀਤੀ ਪੀਸੀਐਸ ਪ੍ਰੀਖਿਆ

ਪ੍ਰੀਖਿਆ ਦੀ ਤਿਆਰੀ ਦੌਰਾਨ ਸੋਸ਼ਲ ਮੀਡੀਆ ਤੋਂ ਬਣਾ ਕੇ ਰੱਖੀ ਦੂਰੀ

ਸੁਖਜੀਤ ਮਾਨ,ਮੋਗਾ/ਬਠਿੰਡਾ। ਜ਼ਿਲ੍ਹਾ ਮੋਗਾ ਦੇ ਪਿੰਡ ਸਮਾਲਸਰ ਦੀ 24 ਸਾਲਾਂ ਦੀ ਧੀ ਉਪਿੰਦਰਜੀਤ ਕੌਰ ਬਰਾੜ ਨੇ ਪੰਜਾਬ ਦੀ ਵੱਕਾਰੀ ਪ੍ਰੀਖਿਆ ਪੰਜਾਬ ਸਿਵਲ ਸਰਵਿਸਜ਼ (ਪੀਸੀਐਸ) ’ਚੋਂ 898.15 ਨੰਬਰ ਹਾਸਲ ਕਰਕੇ ਪੰਜਾਬ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਬੀਐਸਸੀ ਆਨਰਜ ਜੋਲੋਜੀ ਤੇ ਐਮਐਸਸੀ ਆਨਰਜ਼ ਜੋਲੋਜੀ ਯੋਗਤਾ ਵਾਲੀ ਅਧਿਆਪਕ ਮਾਪਿਆਂ ਪਿਤਾ ਸਵਰਨ ਸਿੰਘ ਬਰਾੜ ਤੇ ਮਾਤਾ ਬਲਜੀਤ ਕੌਰ ਦੀ ਇਸ ਧੀ ਨੇ ਇਸ ਪ੍ਰੀਖਿਆ ਲਈ ਕਿਸ ਤਰ੍ਹਾਂ ਤਿਆਰੀ ਕੀਤੀ, ਕਿੰਨਾਂ ਸਮਾਂ ਪੜ੍ਹਦੇ ਰਹੇ ਤੇ ਪ੍ਰਸ਼ਾਸ਼ਨਿਕ ਢਾਂਚੇ ’ਚ ਕੀ ਸੁਧਾਰ ਚਾਹੁੰਦੇ ਨੇ ਇਨ੍ਹਾਂ ਸਭ ਸਵਾਲਾਂ ਦੇ ਜਵਾਬ ਲਈ ‘ਸੱਚ ਕਹੂੰ’ ਨੇ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ ਪੇਸ਼ ਹਨ ਉਸ ਗੱਲਬਾਤ ਦੇ ਕੁੱਝ ਮੁੱਖ ਅੰਸ :-

ਸਵਾਲ : ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਸ ਸਫ਼ਲਤਾ ਲਈ ਵਧਾਈ ਹੋਵੇ
ਜਵਾਬ : ਸਫਲਤਾ ਦੀ ਵਧਾਈ ਲਈ ਧੰਨਵਾਦ
ਸਵਾਲ : ਤੁਸੀਂ ਇਹ ਪ੍ਰੀਖਿਆ ਪਹਿਲੀ ਵਾਰ ਦਿੱਤੀ ਸੀ ਜਾਂ ਇਸ ਤੋਂ ਪਹਿਲਾਂ ਵੀ ਦੇ ਚੁੱਕੇ ਹੋ ?
ਜਵਾਬ : ਨਹੀਂ, ਇਸ ਤੋਂ ਪਹਿਲਾਂ ਮੈਂ ਇਹ ਪ੍ਰੀਖਿਆ ਨਹੀਂ ਦਿੱਤੀ ਸੀ ਇਹ ਪਹਿਲਾ ਹੀ ਮੌਕਾ ਸੀ
ਸਵਾਲ : ਇਹ ਪ੍ਰੀਖਿਆ ਦੇਣ ਦਾ ਮਨ ਕਦੋਂ ਬਣਾਇਆ ਸੀ ?
ਜਵਾਬ : ਮੈਂ ਦਸਵੀਂ ਕਲਾਸ ਤੋਂ ਬਾਅਦ ਹੀ ਪੀਸੀਐਸ ਦੀ ਪ੍ਰੀਖਿਆ ਦੇਣ ਦਾ ਫੈਸਲਾ ਲੈ ਲਿਆ ਸੀ
ਸਵਾਲ : ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਇਸ ਪ੍ਰੀਖਿਆ ਲਈ ਕਾਫੀ ਪੜ੍ਹਾਈ ਦੀ ਲੋੜ ਪੈਂਦੀ ਹੈ ਤੁਹਾਡੀ ਪੜ੍ਹਾਈ ਦੀ ਕੀ ਸਮਾਂ ਸਾਰਣੀ ਹੁੰਦੀ ਸੀ
ਜਵਾਬ : ਇੱਕ ਸਾਲ ਤੋਂ ਵੀ ਜ਼ਿਆਦਾ ਮੈਂ ਇਸ ਪ੍ਰੀਖਿਆ ਲਈ ਤਿਆਰੀ ਕੀਤੀ ਤੇ ਘੱਟ ਤੋਂ ਘੱਟ 8 ਘੰਟੇ ਪੜ੍ਹਾਈ ਰੋਜ਼ਾਨਾ ਕਰਦੀ ਸੀ ਸਵੇਰ ਤੋਂ ਸ਼ਾਮ ਤੱਕ ਹਰ ਚੀਜ ਦਾ ਸਮਾਂ ਤੈਅ ਕੀਤਾ ਹੋਇਆ ਸੀ ਸੋਸ਼ਲ ਮੀਡੀਆ ਤੋਂ ਮੈਂ ਬਿਲਕੁਲ ਦੂਰ ਸੀ ਇਸ ਕਰਕੇ ਜ਼ਿਆਦਾ ਸਮਾਂ ਪੜ੍ਹਾਈ ’ਚ ਹੀ ਗੁਜ਼ਾਰਿਆ
ਸਵਾਲ : ਮੈਂ ਇਸ ਤੋਂ ਪਹਿਲਾਂ ਵੀ ਪੀਸੀਐਸ ਪ੍ਰੀਖਿਆ ਪਾਸ ਕਰਨ ਵਾਲੇ ਕਈ ਜਣਿਆਂ ਦੀ ਇੰਟਰਵਿਊ ਕਰ ਚੁੱਕਾ ਹੈ ਸਭ ਨੇ ਹੀ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਰੱਖਣ ਦੀ ਗੱਲ ਕਹੀ, ਕੀ ਇਹ ਪੜ੍ਹਾਈ ’ਚ ਅੜਿੱਕਾ ਬਣਦੀ ਹੈ ?
ਜਵਾਬ : ਇਹ ਹਰ ਕਿਸੇ ’ਤੇ ਵੱਖ-ਵੱਖ ਤਰ੍ਹਾਂ ਨਾਲ ਨਿਰਭਰ ਕਰਦਾ ਹੈ ਅਜਿਹਾ ਹੁੰਦਾ ਹੈ ਕਿ ਤੁਸੀਂ ਆਪਣੇ-ਆਪ ਨੂੰ ਕਿੰਨਾ ਕੁ ਕੰਟਰੋਲ ਰੱਖਦੇ ਹੋ ਇਹ ਵੀ ਹੁੰਦਾ ਹੈ ਕਿ ਦਿਨ ’ਚ ਕਿੰਨਾ ਕੁ ਸਮਾਂ ਸੋਸ਼ਲ ਮੀਡੀਆ ਦੇਖਦੇ ਹਾਂ ਪਰ ਜਿੰਨਾ ਇਸ ਤੋਂ ਦੂਰ ਰਿਹਾ ਜਾ ਸਕਦਾ ਹੈ ਉਹ ਸਭ ਤੋਂ ਵਧੀਆ ਹੈ
ਸਵਾਲ : ਤੁਸੀਂ ਇਸ ਪ੍ਰੀਖਿਆ ਲਈ ਕੋਚਿੰਗ ਲਈ ਜਾਂ ਘਰ ਰਹਿਕੇ ਹੀ ਸਾਰੀ ਤਿਆਰੀ ਕੀਤੀ ?
ਜਵਾਬ : ਮੈਂ ਸ਼ੁਰੂ ’ਚ ਕੋਚਿੰਗ ਲਈ ਸੀ ਪਰ ਜ਼ਿਆਦਾ ਸਮਾਂ ਆਪਣੇ ਆਪ ਹੀ ਪੜ੍ਹਾਈ ਕੀਤੀ
ਸਵਾਲ : ਪ੍ਰਸ਼ਾਸਨਿਕ ਖੇਤਰ ’ਚ ਤੁਸੀਂ ਸੁਧਾਰਾਂ ਦੀ ਕੀ ਉਮੀਦ ਰੱਖਦੇ ਹੋ, ਕਿਉਂਕਿ ਹੁਣ ਤੁਸੀਂ ਖੁਦ ਪ੍ਰਸ਼ਾਸਨ ਦਾ ਇੱਕ ਹਿੱਸਾ ਬਣਨ ਜਾ ਰਹੇ ਹੋ ?
ਜਵਾਬ : ਪ੍ਰਸ਼ਾਸਨਿਕ ਖੇਤਰ ’ਚ ਇਹ ਹੋਣਾ ਚਾਹੀਦਾ ਹੈ ਕਿ ਲੋਕਾਂ ਦੀਆਂ ਜੋ ਸਮੱਸਿਆਵਾਂ ਨੇ, ਉਨ੍ਹਾਂ ਨੂੰ ਸੁਣਿਆ ਜਾਵੇ ਤੇ ਹੱਲ ਕੀਤਾ ਜਾਵੇ
ਸਵਾਲ : ਆਪਣੀ ਇਸ ਪ੍ਰਾਪਤੀ ਦਾ ਸਿਹਰਾ ਕਿਸ ਨੂੰ ਦੇਣਾ ਚਾਹੁੰਦੇ ਹੋ?
ਜਵਾਬ : ਮੈਂ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਪਿਆਂ ਅਤੇ ਪਰਮਾਤਮਾ ਨੂੰ ਦਿੰਦੀ ਹਾਂ
ਸਵਾਲ : ਲੜਕੀਆਂ ਨੂੰ ਆਮ ਤੌਰ ’ਤੇ ਪਿੰਡਾਂ ’ਚ ਦਸਵੀਂ ਜਾਂ ਬਾਰ੍ਹਵੀਂ ਤੋਂ ਬਾਅਦ ਪੜ੍ਹਨੋਂ ਹੀ ਹਟਾ ਲਿਆ ਜਾਂਦਾ ਹੈ, ਬਹੁਤ ਘੱਟ ਲੜਕੀਆਂ ਕਾਲਜ ਤੱਕ ਪੁੱਜਦੀਆਂ ਨੇ ਅਜਿਹੇ ਮਾਪਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
ਜਵਾਬ : ਮੈਂ ਤਾਂ ਇਹੋ ਸੁਨੇਹਾ ਦੇਵਾਂਗੀ ਕਿ ਲੜਕੀਆਂ ਜਿਸ ਖੇਤਰ ’ਚ ਵੀ ਜਾਣਾ ਚਾਹੁੰਦੀਆਂ ਨੇ ,ਉਨ੍ਹਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਅੱਗੇ ਵਧ ਸਕਣ।

ਪੜ੍ਹਾਈ ’ਚ ਹਮੇਸ਼ਾ ਹੀ ਅੱਵਲ ਰਹੀ ਹੈ ਉਪਿੰਦਰਜੀਤ : ਪਿਤਾ

ਉਪਿੰਦਰਜੀਤ ਕੌਰ ਬਰਾੜ ਦੇ ਪਿਤਾ ਸਵਰਨ ਸਿੰਘ ਬਰਾੜ ਨੇ ਦੱਸਿਆ ਕਿ ਉਪਿੰਦਰਜੀਤ ਹਮੇਸ਼ਾ ਹੀ ਪੜ੍ਹਾਈ ’ਚ ਅੱਵਲ ਰਹੀ ਹੈ ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਬੇਟਾ ਤੇ ਬੇਟੀ ’ਚ ਕੋਈ ਫਰਕ ਨਹੀਂ ਹੈ ਬੇਟੀਆਂ ਵੀ ਬੇਟਿਆਂ ਨਾਲੋਂ ਵੱਧ ਨਾਂਅ ਉੱਚਾ ਕਰਦੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।