ਵਿਸ਼ਵ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਨਾਲ ਵੀ ਲੜਿਆ ਸੀ ਮੈਚ
ਕਿਸਾਨ ਦਾ ਪੁੱਤ ਹੋਣ ਦਾ ਫਰਜ਼ ਨਿਭਾਇਆ : ਕੌਰ ਸਿੰਘ
ਸੰਗਰੂਰ, (ਗੁਰਪ੍ਰੀਤ ਸਿੰਘ)। ਜ਼ਿਲ੍ਹਾ ਸੰਗਰੂਰ ਦੇ ਪਿੰਡ ਖਨਾਲ ਖੁਰਦ ਵਿਖੇ ਰਹਿ ਰਹੇ ਭਾਰਤ ਦੇ ‘ਸਰਮਾਏ’ ਮੁੱਕੇਬਾਜ਼ ਕੌਰ ਸਿੰਘ ਨੇ ਖੇਤੀ ਕਾਨੂੰਨਾਂ ਦੇ ਖਿਲਾਫ਼ ਕੇਂਦਰ ਸਰਕਾਰ ਵੱਲੋਂ ਮਿਲੇ ਐਵਾਰਡਾਂ ਪਦਮ ਸ੍ਰੀ ਅਤੇ ਅਰਜਨ ਐਵਾਰਡ ਨੂੰ ਵਾਪਿਸ ਕਰ ਦਿੱਤਾ ਹੈ ਮੁੱਕੇਬਾਜ਼ੀ ਖੇਡ ਵਿੱਚ ਭਾਰਤ ਕਈ ਸਾਲਾਂ ਤੱਕ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਖਨਾਲ ਖੁਰਦ ਦੇ ਵਸਨੀਕ ਕੌਰ ਸਿੰਘ ਨੇ ਕਿਸਾਨ ਦਾ ਪੁੱਤਰ ਹੋਣ ਦਾ ਫਰਜ਼ ਨਿਭਾਉਂਦਿਆਂ ਦੇਸ਼ਾਂ ਵਿਦੇਸ਼ਾਂ ਵਿੱਚ ਦਿਖਾਈਆਂ ਆਪਣੀਆਂ ਪ੍ਰਾਪਤੀਆਂ ਦੇ ਬਦਲੇ ਕੇਂਦਰ ਸਰਕਾਰ ਵੱਲੋਂ ਮਿਲੇ ਐਵਾਰਡਾਂ ਨੂੰ ਵਾਪਿਸ ਕਰ ਦਿੱਤਾ ਹੈ।
ਕੌਰ ਸਿੰਘ ਨੇ ਇਸ ਪ੍ਰਤੀਨਿਧ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਦੌਰਾਨ ਉਨ੍ਹਾਂ ਖੇਤੀ ਦੇ ਨਵੇਂ ਤਿੰਨ ਕਾਨੂੰਨਾਂ ਦੀ ਜ਼ਬਰਦਸਤ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਵੱਲੋਂ ਲਿਆਂਦੇ ਗਏ ਇਹ ਕਾਨੂੰਨ ਕਿਸਾਨਾਂ ਲਈ ਬਰਬਾਦੀ ਦਾ ਰਾਹ ਖੋਲ੍ਹ ਦੇਣਗੇ। ਪੰਜਾਬ ਦੇ ਕਿਸਾਨਾਂ ਦੀ ਹਾਲਤ ਬਿਹਾਰ ਦੇ ਲੋਕਾਂ ਵਰਗੀ ਹੋ ਜਾਵੇਗੀ ਅਤੇ ਪੰਜਾਬੀਆਂ ਨੂੰ ਦਿਹਾੜੀ ਕਰਨ ਦੂਰ ਦੁਰਾਡੇ ਸੂਬਿਆਂ ਵਿੱਚ ਜਾਣਾ ਪਵੇਗਾ ਜਿਨ੍ਹਾਂ ਬਾਰੇ ਸੋਚ ਕੇ ਵੀ ਡਰ ਆਉਂਦਾ ਹੈ। ਉਨ੍ਹਾਂ ਜ਼ੋਰਦਾਰ ਢੰਗ ਨਾਲ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜਿੰਨਾ ਜਲਦੀ ਹੋ ਸਕੇ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਿਸ ਲਵੇ ਤੇ ਦਿੱਲੀ ਵਿੱਚ 15 ਦਿਨਾਂ ਤੋਂ ਧਰਨਾ ਦੇ ਰਹੇ ਕਿਸਾਨਾਂ ਦੀ ਹਰੇਕ ਮੰਗ ਪ੍ਰਵਾਨ ਹੋਵੇ।
ਕੌਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਉਸ ਦੇ ਸਾਰੇ ਜੀਵਨ ਵਿੱਚ ਆਪਣੀ ਦਿਲੋਂ ਖੇਡੀ ਖੇਡ ਮੁੱਕੇਬਾਜ਼ੀ ਕਰਕੇ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਅਰਜਨ ਐਵਾਰਡ ਤੇ ਪਦਮ ਸ੍ਰੀ ਵਰਗੇ ਐਵਾਰਡ ਦਿੱਤੇ ਸਨ ਪਰ ਅੱਜ ਕੇਂਦਰ ਸਰਕਾਰ ਵੱਲੋਂ ਜਿਹੜੇ ਕਾਨੂੰਨ ਪਾਸ ਕੀਤੇ ਗਏ ਹਨ, ਉਹ ਕਿਸਾਨੀ ਨੂੰ ਤਬਾਹ ਕਰਨ ਵਾਲੇ ਹਨ। ਇਹ ਸਾਰਾ ਕੁਝ ਉਹ ਆਪਣੀਆਂ ਅੱਖਾਂ ਅੱਗੇ ਹੁੰਦਾ ਨਹੀਂ ਜਰ ਸਕਦੇ ਅਤੇ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਉਨ੍ਹਾਂ ਨੇ ਸਰਕਾਰ ਨੂੰ ਇਹ ਐਵਾਰਡ ਵਾਪਿਸ ਕਰ ਦਿੱਤੇ ਹਨ।ਕੌਰ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਦਾ ਜੀਵਨ ਖੇਡ ਪ੍ਰਾਪਤੀਆਂ ਨਾਲ ਭਰਿਆ ਪਿਆ ਹੈ।
ਕੇਂਦਰ ਸਰਕਾਰ ਦੇ ਖੇਤੀ ਪ੍ਰਤੀ ਅਪਣਾਏ ਇਸ ਕੁਸੈਲੇ ਰਵੱਈਏ ਕਾਰਨ ਜੀਵਨ ਦੇ ਅੰਤਲੇ ਮੋੜ ‘ਤੇ ਉਨ੍ਹਾਂ ਨੂੰ ਇਹ ਕੌੜਾ ਘੁੱਟ ਭਰਨਾ ਪਿਆ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਜਲੰਧਰ ਵਿਖੇ ਪਹਿਲਵਾਨ ਕਰਤਾਰ ਸਿੰਘ ਹੋਰਨਾਂ ਦੀ ਅਗਵਾਈ ਵਿੱਚ ਜਿਨ੍ਹਾਂ ਨੇ ਸਰਕਾਰ ਨੂੰ ਆਪਣੇ ਮੈਡਲ ਵਾਪਿਸ ਕੀਤੇ ਹਨ, ਉਨ੍ਹਾਂ ਵਿੱਚ ਮੇਰਾ ਨਾਂਅ ਵੀ ਸ਼ਾਮਿਲ ਹੈ
ਉਨ੍ਹਾਂ ਦੱਸਿਆ ਕਿ 1971 ਵਿੱਚ ਉਨ੍ਹਾਂ ਭਾਰਤੀ ਫੌਜ ਵਿੱਚ ਭਰਤੀ ਹੋ ਗਏ ਸਨ। ਸਵਾ ਛੇ ਫੁੱਟ ਕੱਦ ਤੇ ਤਕੜਾ ਜੁੱਸਾ ਹੋਣ ਕਾਰਨ ਫੌਜ ਵਿੱਚ ਉਨ੍ਹਾਂ ਨੂੰ ਕਿਸੇ ਪਾਰਖੂ ਨੇ ਬਾਕਸਿੰਗ (ਮੁੱਕੇਬਾਜ਼ੀ) ਦੀ ਖੇਡ ਖੇਡਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕੁਝ ਸਾਲਾਂ ਵਿੱਚ ਮੁੱਕੇਬਾਜ਼ੀ ਵਿੱਚ ਅਜਿਹੀ ਮੁਹਾਰਤ ਹਾਸਲ ਕੀਤੀ ਗਈ 1979 ਵਿੱਚ ਹੀ ਉਨ੍ਹਾਂ ਨੂੰ ਇਸ ਖੇਡ ਵਿੱਚ ਪਹਿਲਾ ਐਵਾਰਡ ਮਿਲਿਆ ਅਤੇ ਉਨ੍ਹਾਂ ਦੀ ਖੇਡ ਹੋਰ ਨਿੱਖਰਦੀ ਗਈ। ਉਨ੍ਹਾਂ ਦਾ ਸਿਖ਼ਰ 3 ਸਾਲ ਏਸ਼ੀਅਨ ਚੈਂਪੀਅਨ ਤੱਕ ਪੁੱਜਿਆ, ਇਸ ਤੋਂ ਇਲਾਵਾ ਲਗਾਤਾਰ ਸੱਤ ਸਾਲ ਪੂਰੇ ਦੇਸ਼ ਵਿੱਚ ਮੁੱਕੇਬਾਜ਼ੀ ਵਿੱਚ ਉਨ੍ਹਾਂ ਦੇ ਮੁਕਾਬਲੇ ਦਾ ਕੋਈ ਹੋਰ ਮੁੱਕੇਬਾਜ਼ ਉਨ੍ਹਾਂ ਦਾ ਸਾਹਮਣਾ ਨਹੀਂ ਕਰ ਸਕਿਆ।
ਕੌਰ ਸਿੰਘ ਦੱਸਦੇ ਸਨ ਕਿ ਵਿਸ਼ਵ ਦੇ ਮਹਾਨ ਮੁੱਕੇਬਾਜ਼ ਅਮਰੀਕਾ ਦੇ ਮੁਹੰਮਦ ਅਲੀ ਜਿਨ੍ਹਾਂ ਨੂੰ ਉਹ ਆਪਣਾ ਆਦਰਸ਼ ਮੰਨਦੇ ਹਨ, ਉਨ੍ਹਾਂ ਦੇ ਨਾਲ ਵੀ ਉਨ੍ਹਾਂ ਦਿੱਲੀ ਵਿਖੇ ਇੱਕ ਪ੍ਰਦਰਸ਼ਨੀ ਮੈਚ ਵਿੱਚ ਭੇੜ ਹੋਇਆ। ਉਨ੍ਹਾਂ ਦੱਸਿਆ ਕਿ ਮੁਹੰਮਦ ਅਲੀ ਬਾਰੇ ਕਿਹਾ ਜਾਂਦਾ ਸੀ ਕਿ ਉਹ ਅਜਿਹੇ ਮੁੱਕੇਬਾਜ਼ ਹਨ ਜਿਨ੍ਹਾਂ ਨਾਲ ਕੋਈ ਇੱਕ ਰਾਊਂਡ ਵੀ ਨਹੀਂ ਸੀ ਲੜ ਸਕਿਆ ਪਰ ਉਨ੍ਹਾਂ ਵੱਲੋਂ ਲਗਾਤਾਰ ਤਿੰਨ ਰਾਊਂਡ ਉਨ੍ਹਾਂ ਦੇ ਨਾਲ ਮੁੱਕੇਬਾਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਸਿੰਘ ਦੀ ਤਾਰੀਫ਼ ਕਰਦਿਆਂ ਕਿਹਾ ਸੀ, ‘ਤੇਰੇ ਪੰਚਾਂ ਵਿੱਚ ਜ਼ਬਰਸਤ ਪਾਵਰ ਹੈ।’
ਉਨ੍ਹਾਂ ਹੋਰ ਵੀ ਦੱਸਿਆ ਕਿ ਉਨ੍ਹਾਂ ਫੌਜ ਵਿੱਚ ਪਾਕਿਸਤਾਨ ਨਾਲ ਹੋਈ ਜੰਗ ਵਿੱਚ ਵੀ ਉਨ੍ਹਾਂ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ ਸੈਨਾ ਵਿੱਚ ਦਿਖਾਈ ਬਹਾਦਰੀ ਕਾਰਨ ਉਨ੍ਹਾਂ ਨੂੰ ਸੈਨਾ ਮੈਡਲ ਵੀ ਮਿਲਿਆ ਸੀ
ਕੌਰ ਸਿੰਘ ਤੇ ਮੈਂ ਆਥਣ ਤੱਕ ਇੱਕ ਕਿੱਲਾ ਨਰਮਾ ਗੁੱਡ ਦਿੱਤਾ ਸੀ : ਨੰਬਰਦਾਰ ਗੁਰਜੰਟ ਸਿੰਘ
ਮੌਕੇ ‘ਤੇ ਮੌਜ਼ੂਦ ਮੁੱਕੇਬਾਜ਼ ਕੌਰ ਸਿੰਘ ਦੇ ਸਾਥੀ ਰਹੇ ਪਿੰਡ ਖਨਾਲ ਖੁਰਦ ਦੇ ਹੀ ਨੰਬਰਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਕੌਰ ਸਿੰਘ ਇਕੱਲਾ ਖੇਡ ਵਿੱਚ ਹੀ ਨਹੀਂ ਸਗੋਂ ਖੇਤੀਬਾੜੀ ਦੇ ਕੰਮਾਂ ਵਿੱਚ ਬੇਹੱਦ ਤਕੜਾ ਸੀ ਉਨ੍ਹਾਂ ਆਪਣੀ ਇੱਕ ਯਾਦ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਮੈਂ ਅਤੇ ਕੌਰ ਸਿੰਘ ਨੇ ਖੁਰਪਿਆਂ ਨਾਲ ਆਥਣ ਤੱਕ ਨਰਮੇ ਦਾ ਇੱਕ ਕਿੱਲਾ ਗੁੱਡ ਦਿੱਤਾ ਸੀ ਜਿਸ ਬਾਰੇ ਸੋਚ ਕੇ ਉਨ੍ਹਾਂ ਨੂੰ ਅੱਜ ਵੀ ਹੈਰਾਨੀ ਹੁੰਦੀ ਹੈ ਉਨ੍ਹਾਂ ਕਿਹਾ ਕਿ ਬੇਸ਼ੱਕ ਕੌਰ ਸਿੰਘ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਭਾਰਤ ਦਾ ਨਾਂਅ ਚਮਕਾਇਆ ਪਰ ਖੇਤੀ ਕਰਨ ਵਿੱਚ ਵੀ ਕਿਸੇ ਤੋਂ ਘੱਟ ਨਹੀਂ ਸੀ ਅਤੇ ਅੱਜ ਤੱਕ ਉਨ੍ਹਾਂ ਦਾ ਪਰਿਵਾਰ ਖੇਤੀ ਕਰਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.