ਕਿਹਾ- ਕਿਸਾਨ ਅੰਦੋਲਨ ਪੰਜਾਬ ਦਾ ਨਾ ਹੋ ਕੇ ਪੰਜਾਬੀਆਂ ਦਾ ਅਤੇ ਦੇਸ਼ ਵਿਆਪੀ ਅੰਦੋਲਨ ਬਣਿਆ
ਲੁਧਿਆਣਾ, (ਵਨਰਿੰਦਰ ਸਿੰਘ ਮਣਕੂ)। ਕੇਂਦਰ ਵਿਚ ਮੋਦੀ ਸਰਕਾਰ ਕੇਵਲ ਤੇ ਕੇਵਲ ਸਰਮਾਏਦਾਰਾਂ ਨੂੰ ਹੀ ਫਾਇਦਾ ਪਹੁੰਚਾਉਣ ਲਈ ਕਾਨੂੰਨ ਬਣਾ ਰਹੀ ਹੈ। ਇਹਨਾਂ ਨੀਤੀਆਂ ਕਾਰਨ ਹੀ ਅੱਜ ਦੇਸ਼ ਤਬਾਹੀ ਦੀ ਕਾਗਾਰ ਵੱਲ ਵੱਧ ਰਿਹਾ ਹੈ। ਜਿਸ ਨਾਲ ਦੇਸ਼ ਦਾ ਹਰ ਵਰਗ ਦੁੱਖੀ ਹੈ। ਇਹ ਗੱਲ ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਉੱਪ ਪ੍ਰਧਾਨ ਰਜਨੀਸ਼ ਚੋਪੜਾ ਨੇ ਮਾਡਲ ਟਾਊਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੀਂ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਬਣਾਏ ਕਾਨੂੰਨਾਂ ਨਾਲ ਦੇਸ਼ ਵਿਚ ਖੇਤੀ ਤੇ ਖਾਣ ਪੀਣ ਦੀਆਂ ਵਸਤਾਂ ‘ਤੇ ਕਾਰਪੋਰੇਟ ਘਰਾਣਿਆਂ ਦੀ ਸਰਦਾਰੀ ਕਾਇਮ ਹੋ ਜਾਵੇਗੀ,
ਜਿਸ ਨਾਲ ਬੇਕਾਰੀ, ਭੁੱਖਮਰੀ ਵਿਚ ਵਾਧਾ ਹੋਵੇਗਾ ਨਾਲ ਹੀ ਦੇਸ਼ ਦੀ ਆਰਥਿਕਤਾ ਵੀ ਕਮਜ਼ੋਰ ਹੋ ਜਾਵੇਗੀ। ਦੇਸ਼ ਮੁੜ ਤੋਂ ਗੁਲਾਮ ਹੋ ਜਾਵੇਗਾ। ਰਜਨੀਸ਼ ਚੋਪੜਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਹੁਣ ਤੱਕ ਦੇ ਰਾਜ ਦੌਰਾਨ ਦੇਸ਼ ਵਾਸੀਆਂ ਨੂੰ ਹਰ ਚੀਜ਼ ਉਪਰ ਟੈਕਸ ਲਗਾ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਬਨਾਮ ਟੈਕਸਾਂ ਦੀ ਸਰਕਾਰ ਵਜੋਂ ਜਾਣੀ ਜਾਣ ਲੱਗ ਪਈ ਹੈ।
ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਦੀ ਆਰਥਿਕ ਤਬਾਹੀ ਕਰਨ ਲਈ ਪੰਜਾਬ ਦਾ ਕਰੀਬ 1050 ਕਰੋੜ ਦਾ ਪੇਂਡੂ ਵਿਕਾਸ ਫੰਡ ਅਤੇ 9500 ਕਰੋੜ ਦੀ ਜੀਐਸਟੀ ਦਾ ਬਕਾਇਆ ਰੋਕ ਲਿਆ ਹੈ ਤਾਂ ਜੋ ਕੈਪਟਨ ਸਰਕਾਰ ਦੀ ਘੇਰਾਬੰਦੀ ਕਰਕੇ ਕਿਸਾਨਾਂ ਦੇ ਅੰਦੋਲਨ ਨੂੰ ਦਬਾਇਆ ਜਾ ਸਕੇ ਪਰ ਕੈਪਟਨ ਸਰਕਾਰ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਦੇ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟੇਗੀ। ਹੁਣ ਕਿਸਾਨ ਅੰਦੋਲਨ ਪੰਜਾਬ ਦਾ ਨਾ ਹੋ ਕੇ ਪੰਜਾਬੀਆਂ ਦਾ ਅਤੇ ਦੇਸ਼ ਵਿਆਪੀ ਅੰਦੋਲਨ ਬਣ ਗਿਆ ਹੈ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਬਦਲੇ ਦੀ ਭਾਵਨਾ ਕਾਰਨ ਕੋਇਲਾ ਨਾ ਮਿਲਣ ਤੇ ਪੰਜਾਬ ਦੇ ਬਿਜਲੀ ਘਰ ਬੰਦ ਹੋਣ ਨਾਲ ਪੰਜਾਬ ਵਿਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਜਿਸ ਦਾ ਨੁਕਸਾਨ ਆਮ ਆਦਮੀ ਦੇ ਨਾਲ ਪੰਜਾਬ ਦੀ ਸਨਅਤ ਨੂੰ ਹੋ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.