ਸਿੱਖਿਆ ਖੇਤਰ ਨੂੰ ਗ੍ਰਹਿਣ ਲਾ ਰਿਹਾ ਕੋਰੋਨਾ ਵਾਇਰਸ

ਸਿੱਖਿਆ ਖੇਤਰ ਨੂੰ ਗ੍ਰਹਿਣ ਲਾ ਰਿਹਾ ਕੋਰੋਨਾ ਵਾਇਰਸ

ਸਿੱਖਿਆ ਮਨੁੱਖ ਜਾਤੀ ਦੀ ਉਹ ਪੂੰਜੀ ਹੈ ਜਿਸਦਾ ਸ਼ਬਦਾਂ ਰੂਪੀ ਮੁਲਾਂਕਣ ਕਰਨਾ ਸੰਭਵ ਨਹੀਂ ਹੋਵੇਗਾ, ਸਿੱਖਿਆ ਤੋਂ ਬਿਨਾਂ ਮਨੁੱਖ ਬੇਅਸਰ ਜਾਂ ਕਹੀਏ ਪ੍ਰਭਾਵਹੀਣ ਹੋ ਜਾਂਦਾ ਹੈ। ਦੇਸ਼ ਦਾ ਆਰਥਿਕ ਅਤੇ ਸਮਾਜਿਕ ਵਿਕਾਸ ਚੰਗੀ ਅਤੇ ਸੁਚਾਰੂ ਸਿੱਖਿਆ ਪ੍ਰਣਾਲੀ ’ਤੇ ਨਿਰਭਰ ਕਰਦਾ ਹੈ। ਰਾਜਨੀਤਿਕ ਅਤੇ ਸਮਾਜਿਕ ਢਾਂਚੇ ’ਚ ਵੀ ਸਿੱਖਿਆ ਦਾ ਅਹਿਮ ਯੋਗਦਾਨ ਹੈ, ਅਤੇ ਸਾਰੀਆਂ ਸਿਆਸੀ ਪਾਰਟੀਆਂ ਦੀ ਹੋਂਦ ਵੀ ਸਿਹਤ, ਸਿੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਅਧੀਨ ਹੁੰਦੀ ਹੈ।

ਕੋਰੋਨਾ ਵਾਇਰਸ ਦੀ ਪਹਿਲੀ ਅਤੇ ਦੂਜੀ ਲਹਿਰ ਦੇ ਮਾੜੇ ਅਸਰ ਨਾਲ ਭਾਰਤ ਦੇ ਸਮਾਜਿਕ, ਆਰਥਿਕ ਅਤੇ ਵਿੱਦਿਅਕ ਢਾਂਚੇ ’ਚ ਹੁਣ ਤੱਕ ਦੇ ਚੱਲੇ ਆ ਰਹੇ ਸਿਸਟਮ ’ਚ ਅਜਿਹੀਆਂ ਤਬਦੀਲੀਆਂ ਆਈਆਂ ਜਿਨ੍ਹਾਂ ਦਾ ਅਸਰ ਹਲਾਤਾਂ ਦੇ ਮੁੜ ਠੀਕ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਸਿੱਖਿਆ ਇੱਕੋ-ਇੱਕ ਅਜਿਹਾ ਸਾਧਨ ਹੈ ਜਿਸਦੇ ਬਲਬੂਤੇ ਨਵੀਂ ਜਿੰਦਗੀ ਦੀ ਨੀਂਹ ਰੱਖੀ ਜਾਂਦੀ ਹੈ ਪਰ ਕੋਰੋਨਾ ਮਹਾਂਮਾਰੀ ਕਾਰਨ ਇਸ ਖੇਤਰ ਨਾਲ ਜੁੜੇ ਸਾਰੇ ਵਰਗਾਂ, ਵਿਦਿਆਰਥੀਆਂ, ਅਧਿਆਪਕਾਂ, ਵਿੱਦਿਅਕ ਅਦਾਰਿਆਂ ਨੂੰ ਆਪਣੀ ਗਿ੍ਰਫਤ ’ਚ ਲੈ ਲਿਆ ਹੈ।

ਕੋਰੋਨਾ ਦੇ ਪ੍ਰਕੋਪ ਨਾਲ ਸਿੱਖਿਆ ਵਿਵਸਥਾ ’ਤੇ ਗ੍ਰਹਿਣ ਲੱਗਦਾ ਪ੍ਰਤੀਤ ਹੋ ਰਿਹਾ ਹੈ। ਬੇਸ਼ੱਕ 10ਵੀਂ ਅਤੇ 12ਵੀਂ ਦੀ ਪੜ੍ਹਾਈ ਨੂੰ ਸਮੁੱਚੇ ਵਿੱਦਿਅਕ ਜੀਵਨ ਦਾ ਅਧਾਰ ਮੰਨਿਆ ਜਾਂਦਾ ਹੈ ਪਰ ਕੋਰੋਨਾ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਕਾਰਨ ਇਨ੍ਹਾਂ ਦੋਹਾਂ ਕਲਾਸਾਂ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਸਮਝੌਤਾ ਹੁੰਦਾ ਨਜ਼ਰ ਆ ਰਿਹਾ ਹੈ।

ਦੇਸ਼ ’ਚ ਰਸਮੀ ਤੌਰ ’ਤੇ ਚੱਲੇ ਆ ਰਹੇ ਕਾਇਦਿਆਂ ’ਚ ਨਾ ਚਾਹੁੰਦੇ ਹੋਏ ਵੀ ਬਦਲਾਅ ਕਰਨ ਲਈ ਮਜ਼ਬੂਰ ਹੋਣਾ ਪਿਆ ਫਿਰ ਭਾਵੇਂ ਉਹ ਆਰਥਿਕ, ਵਪਾਰਕ, ਸੱਭਿਆਚਾਰਕ ਅਤੇ ਵਿੱਦਿਅਕ ਜੀਵਨ ’ਚ ਇਤਿਹਾਸਕ ਬਦਲਾਅ ਕਿਉਂ ਨਾ ਹੋਣ। ਦਰਅਸਲ ਕੋਵਿਡ-19 ਕਾਰਨ ਕੇਂਦਰ ਅਤੇ ਸੂਬਾ ਸਰਕਾਰਾਂ ਕੋਲ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਵਾਉਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਪਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਨੇ ਵਿਦਿਆਰਥੀਆਂ ਦੇ ਭਵਿੱਖ ’ਚ ਹਰ ਕਦਮ ’ਤੇ ਚੁਣੌਤੀਆਂ ਦਾ ਰਾਹ ਤਿਆਰ ਕਰ ਦਿੱਤਾ ਹੈ

ਜਿਸ ਨੂੰ ਹਰ ਵਿਦਿਆਰਥੀ ਨੂੰ ਕਬੂਲਣਾ ਪਵੇਗਾ। ਦਰਅਸਲ ਭਾਰਤ ’ਚ 10ਵੀਂ ਅਤੇ 12ਵੀਂ ਭਵਿੱਖ ’ਚ ਗ੍ਰਹਿਣ ਕੀਤੇ ਜਾਣ ਵਾਲੀ ਸਿੱਖਿਆ ਅਤੇ ਰੁਜ਼ਗਾਰ ਸਬੰਧੀ ਵਸੀਲਿਆਂ ਦਾ ਅਧਾਰ ਮੰਨੀ ਜਾਂਦੀ ਹੈ। ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਮੀਲ-ਪੱਥਰ ਵਾਂਗੂੰ ਹੁੰਦੀਆਂ ਹਨ। ਇਨ੍ਹਾਂ ਦੋਹਾਂ ਕਲਾਸਾਂ ਦੇ ਨਤੀਜਿਆਂ ’ਚ ਹਾਸਲ ਕੀਤੇ ਨੰਬਰਾਂ ਦੇ ਅਧਾਰ ’ਤੇ ਹੀ ਵਿਦਿਆਰਥੀ ਵੱਲੋਂ ਅੱਗੇ ਚੁਣੀ ਜਾਣ ਵਾਲੀ ਪੜ੍ਹਾਈ ਤੈਅ ਕੀਤੀ ਜਾ ਸਕਦੀ ਹੈ। ਅਜਿਹੇ ’ਚ ਬਿਨਾਂ ਪੇਪਰ ਲਏ ਵਿਦਿਆਰਥੀਆਂ ਦਾ ਮੁਲਾਂਕਣ ਕਰਨਾ ਸਰਕਾਰ ਅਤੇ ਵਿੱਦਿਅਕ ਅਦਾਰਿਆਂ ਲਈ ਬਹੁਤ ਵੱਡੀ ਚੁਣੌਤੀ ਸਾਬਤ ਹੋਵੇਗੀ।

ਕੋਰੋਨਾ ਮਹਾਂਮਾਰੀ ਨੇ ਦੁਨੀਆਂ ਭਰ ’ਚ ਸਿੱਖਿਆ ਅਤੇ ਵਿੱਦਿਅਕ ਪ੍ਰਣਾਲੀਆਂ ’ਤੇ ਅਸਰ ਪਾਇਆ ਹੈ। ਕੋਰੋਨਾ ਦੀ ਪਹਿਲੀ ਲਹਿਰ ਦੇ ਸ਼ੁਰੂਆਤੀ ਦੌਰ ਤੋਂ ਹੀ ਭਾਰਤ ’ਚ ਬੰਦ ਕੀਤੇ ਗਏ ਵਿੱਦਿਅਕ ਅਦਾਰਿਆਂ ਦੇ ਕਰੋੜਾਂ ਵਿਦਿਆਰਥੀ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਮਾਨਸਿਕ ਤਣਾਅ ’ਚੋਂ ਲੰਘਣਾ ਪੈ ਰਿਹਾ ਹੈ। ਮੌਜ਼ੂਦਾ ਸਮੇਂ ’ਚ ਕੋਰੋਨਾ ਕਾਰਨ ਪੈਦਾ ਹੋਏ ਹਲਾਤਾਂ ਨੇ ਜਿੱਥੇ ਆਰਥਿਕ ਸੰਕਟ ਪੈਦਾ ਕੀਤਾ ਹੈ, ਉੱਥੇ ਨਾਲ ਹੀ ਇਹ ਦੇਸ਼ ਦੇ ਭਵਿੱਖ ਯਾਨੀ ਕਿ ਵਿਦਿਆਰਥੀਆਂ ਲਈ ਸੰਘਰਸ਼ ਦੇ ਹਲਾਤ ਬਣੇ ਹੋਏ ਹਨ।

‘ਜਾਨ ਹੈ ਤਾਂ ਜਹਾਨ ਹੈ’ ਦੇਸ਼ ਦੀ ਹਕੂਮਤ ਵੱਲੋਂ ਇਹ ਸੋਚਣਾ ਲਾਜ਼ਿਮ ਗੱਲ ਹੈ ਪਰ ਵਿੱਦਿਅਕ ਢਾਂਚੇ ਦੇ ਅਸਲ ਰੂਪ ’ਤੇ ਵਿਚਾਰ ਕਰਨਾ ਵੀ ਸਰਕਾਰ ਅਤੇ ਨੀਤੀ ਘਾੜਿਆਂ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ। ਪ੍ਰੀਖਿਆਵਾਂ ਰੱਦ ਹੋਣ ਨਾਲ ਮਾਪੇ ਆਪਣੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਬਾਰੇ ਬੇਹੱਦ ਚਿੰਤਤ ਹਨ। ਨਰਸਰੀ ਤੋਂ ਲੈ ਕੇ ਨੌਵੀਂ, ਗਿਆਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਬਿਨਾਂ ਪੇਪਰ ਲਏ ਪਾਸ ਕਰਨਾ ਅਤੇ ਫਿਰ ਬੋਰਡ ਦੀਆਂ ਕਲਾਸਾਂ ’ਚ ਵੀ ਇਹ ਨੀਤੀ ਲਾਗੂ ਹੋਣਾ ਚਿੰਤਾ ਦਾ ਵਿਸ਼ਾ ਹੈ।

ਜਿਸ ਤਰ੍ਹਾਂ ਕੋਰੋਨਾ ਦੀ ਤੀਸਰੀ ਲਹਿਰ ਆਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਉਸ ਪੱਖੋਂ ਦੇਸ਼ ਦੀ ਸਿੱਖਿਆ ਪ੍ਰਣਾਲੀ ਹੋਰ ਡੂੰਘੇ ਹਨ੍ਹੇਰੇ ’ਚ ਜਾਂਦੀ ਨਜ਼ਰ ਆ ਰਹੀ ਹੈ ਅਤੇ ਫਿਲਹਾਲ ਵਿੱਦਿਅਕ ਅਦਾਰੇ ਖੁੱਲ੍ਹਣ ਦੀ ਕੋਈ ਉਮੀਦ ਵੀ ਨਹੀਂ ਹੈ। ਮੌਜੂਦਾ ਸਮੇਂ ’ਚ ਆਨਲਾਈਨ ਸਿੱਖਿਆ ਪ੍ਰਣਾਲੀ ਹੀ ਇੱਕ-ਇੱਕ ਸਹਾਰਾ ਹੈ ਪਰ ਦੇਸ਼ ਦੇ ਮੌਜ਼ੂਦਾ ਢਾਂਚੇ ਦੇ ਅਧਾਰ ’ਤੇ ਇਹ ਵਿਧੀ ਸੀਮਤ ਹੀ ਹੈ। ਮਹਾਂਮਾਰੀ ਕਾਰਨ ਪੈਦਾ ਹੋਏ ਹਲਾਤਾਂ ’ਚ ਹਰ ਕਿਸੇ ਨੂੰ ਨਵੀਆਂ ਸ਼ਰਤਾਂ ਨਾਲ ਜਿਉਣ ਦੀ ਕੋਸ਼ਿਸ਼ ਕਰਨੀ ਪੈ ਰਹੀ ਹੈ। ਨਵੀਂ ਸਿੱਖਿਆ ਨੀਤੀ ਦਾ ਐਲਾਨ ਕਰਕੇ ਉਸ ਨੂੰ ਅਮਲੀ ਰੂਪ ’ਚ ਲਾਗੂ ਕਰਨਾ ਸਰਕਾਰ ਲਈ ਇੱਕ ਚੁਣੌਤੀ ਹੋ ਸਕਦੀ ਹੈ। ਦਰਅਸਲ ਸਾਡੀ ਸਿੱਖਿਆ ਪ੍ਰਣਾਲੀ ’ਚ ਅਜੇ ਵੀ ਬਹੁਤ ਖਾਮੀਆਂ ਹਨ ਉੱਤੋਂ ਕੋਰੋਨਾ ਦੇ ਚੱਲਦਿਆਂ ਪੇਪਰ ਰੱਦ ਹੋਣਾ ਦੋਹੇਂ ਹੀ ਵਿਦਿਆਰਥੀਆਂ ਦੇ ਭਵਿੱਖ ’ਤੇ ਮਾੜਾ ਅਸਰ ਪਾਉਂਦੇ ਹਨ।

ਬੇਸ਼ੱਕ ਵਿਦਿਆਰਥੀ, ਅਧਿਆਪਕ ਅਤੇ ਮਾਪੇ ਇਨ੍ਹਾਂ ਤਿੰਨਾਂ ਵਰਗਾਂ ਨੇ ਚੱਲੀ ਆ ਰਹੀ ਸਿੱਖਿਆ ਪ੍ਰਣਾਲੀ ਦਾ ਸਤਿਕਾਰ ਕਰਦੇ ਹੋਏ ਆਪਣਾ ਵਿਸ਼ਵਾਸ ਬਣਾ ਕੇ ਰੱਖਿਆ ਹੋਇਆ ਸੀ ਅਤੇ ਨਾਲ ਹੀ ਵਿੱਦਿਅਕ ਢਾਂਚੇ ਦੀਆਂ ਕਮੀਆਂ ਨੂੰ ਪੂਰਾ ਕਰਨ ਲਈ ਟਿਊਸ਼ਨ ਅਤੇ ਕੋਚਿੰਗ ’ਤੇ ਵਾਧੂ ਖ਼ਰਚ ਕਰਨਾ ਵੀ ਮੌਜ਼ੂਦਾ ਸਮੇਂ ਦੀ ਜਰੂਰਤ ਬਣ ਚੁੱਕਾ ਹੈ। ਪਰ ਇਸ ਦਾ ਮੁਲਾਂਕਣ ਕਿਵੇਂ ਹੋਵੇਗਾ ਇਹ ਸਪੱਸ਼ਟ ਨਾ ਹੋਣ ਕਾਰਨ ਹੀ ਹਲਾਤ ਚਿੰਤਾਪੂਰਨ ਬਣ ਚੁੱਕੇ ਹਨ। ਲਗਭਗ 15 ਮਹੀਨਿਆਂ ਤੋਂ ਚੱਲ ਰਹੀ ਆਨਲਾਈਨ ਸਿੱਖਿਆ ਕਿੰਨੀ ਵਿਹਾਰਕ ਅਤੇ ਪ੍ਰਮਾਣਕ ਸਿੱਧ ਹੋਵੇਗੀ ਇਹ ਕਹਿਣਾ ਅਜੇ ਮੁਸ਼ਕਲ ਹੋਵੇਗਾ ਪਰ ਆਨਲਾਈਨ ਕਲਾਸਾਂ ਦੀਆਂ ਤਕਨੀਕੀ ਜ਼ਰੂਰਤਾਂ ਅਤੇ ਨਿਰਧਾਰਤ ਸਮੇਂ ਤੋਂ ਇਲਾਵਾ ਸਵਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦਰਮਿਆਨ ਆਪਸੀ ਤਾਲਮੇਲ ਦਾ ਵੀ ਹੈ।

ਕਲਾਸ ’ਚ ਅਧਿਆਪਕ ਸੰਚਾਰ ਅਤੇ ਸੰਵਾਦ ਦੇ ਲੋੜੀਂਦੀ ਹੋਰ ਮਨੁੱਖੀ ਅਤੇ ਭੌਤਿਕ ਅਧਿਆਪਨ ਸਮੱਗਰੀ ਦਾ ਵੀ ਇਸਤੇਮਾਲ ਕਰ ਸਕਦੇ ਹਨ। ਪਰ ਆਨਲਾਈਨ ਸਿੱਖਿਆ ਵਿਧੀ ’ਚ ਅਜਿਹਾ ਕਰਨਾ ਸੰਭਵ ਨਹੀਂ ਹੈ। ਆਨਲਾਈਨ ਕਲਾਸਾਂ ’ਚ ਅਧਿਆਪਕਾਂ ਦਾ ਸਾਰੇ ਵਿਦਿਆਰਥੀਆਂ ਨਾਲ ਇੱਕ ਸੰਵਾਦ ਸਥਾਪਿਤ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ ਜੋ ਆਨਲਾਈਨ ਸਿੱਖਿਆ ਵਿਧੀ ਨੂੰ ਗੁੰਝਲਦਾਰ ਬਣਾਉਂਦਾ ਹੈ। ਦਰਅਸਲ 12ਵੀਂ ਦੇ ਪੇਪਰ ਰੱਦ ਹੋਣ ਨਾਲ ਪ੍ਰੀਖਿਆ ਪ੍ਰਣਾਣੀ ਦਾ ਬਦਲਵਾਂ ਪ੍ਰਬੰਧ ਲੱਭਣ ਦੀ ਲੋੜ ਵਧ ਗਈ ਹੈ।

ਅੱਗੇ ਹਲਾਤ ਠੀਕ ਹੋਣ ’ਤੇ ਕੀ ਦਹਾਕਿਆਂ ਪੁਰਾਣੀ ਪ੍ਰੀਖਿਆ ਪ੍ਰਣਾਲੀ ਬਹਾਲ ਕੀਤੀ ਜਾਵੇਗੀ ਜਾਂ ਫਿਰ ਉਸਦਾ ਕੋਈ ਹੋਰ ਹੱਲ ਲੱਭਿਆ ਜਾਵੇਗਾ। ਸਿੱਖਿਆ ਬੋਰਡਾਂ ਦੇ ਸਾਹਮਣੇ ਵੀ ਚੁਣੌਤੀ ਖੜ੍ਹੀ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਪ੍ਰੀਖਿਆਵਾਂ ਦਾ ਮੁਲਾਂਕਣ ਕਰਨ ਲਈ ਕਿਸ ਤਰ੍ਹਾਂ ਦੀ ਤਰਕਸੰਗਤ ਅਤੇ ਪਾਰਦਰਸ਼ੀ ਮੁਲਾਂਕਣ ਵਿਧੀ ਦਾ ਇਸਤੇਮਾਲ ਹੋਵੇਗਾ ਅਤੇ ਇਹ ਵਿਦਿਆਰਥੀਆਂ ਦੇ ਭਵਿੱਖ ਨਾਲ ਨਿਆਂ ਕਰੇ ਇਹ ਵੀ ਬਹੁਤ ਅਹਿਮ ਅਤੇ ਚੁਣੌਤੀ ਭਰਿਆ ਕੰਮ ਹੋਵੇਗਾ।

ਵਿਦਿਆਰਥੀ ਜੀਵਨ ’ਚ ਪ੍ਰੀਖਿਆ ਹੀ ਸਾਲ ਭਰ ਦੀ ਪੜ੍ਹਾਈ ਰੂਪੀ ਤਪੱਸਿਆ ਦਾ ਫਲ ਪ੍ਰਾਪਤ ਕਰਨ ਦਾ ਮਾਧਿਅਮ ਮੰਨਿਆ ਜਾਂਦਾ ਹੈ। ਪ੍ਰੀਖਿਆ ਦੇ ਅੰਕ ਹੀ ਭਵਿੱਖ ’ਚ ਮਿਲਣ ਵਾਲੇ ਮੌਕਿਆਂ ਨੂੰ ਤੈਅ ਕਰਨ ਦਾ ਮੁੱਢਲਾ ਅਧਾਰ ਹੁੰਦੇ ਹਨ। ਫਿਲਹਾਲ ਕੋਰੋਨਾ ਵਾਇਰਸ ਦੇ ਕਾਰਨ ਪ੍ਰਭਾਵਿਤ ਹੋਈ ਸਿੱਖਿਆ ਅਤੇ ਰੱਦ ਹੋਈਆਂ ਪ੍ਰੀਖਿਆਵਾਂ ਦਾ ਸਹੀ ਮੁਲਾਂਕਣ ਕੀਤਾ ਜਾਵੇ ਅਤੇ ਹਲਾਤਾਂ ਨੂੰ ਵਾਚਦੇ ਹੋਏ ਸਿੱਖਿਆ ਪ੍ਰਣਾਲੀ ਦਰੁਸਤ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾਣ। ਜੇਕਰ ਇਨ੍ਹਾਂ ਸਾਰੇ ਅਹਿਮ ਪਹਿਲੂਆਂ ’ਤੇ ਪਹਿਲ ਦੇ ਅਧਾਰ ’ਤੇ ਕੰਮ ਹੋਵੇਗਾ ਤਾਂ ਯਕੀਨਨ ਸਿੱਖਿਆ ਖੇਤਰ ’ਚ ਪੈਦਾ ਹੋਈਆਂ ਮੁਸ਼ਕਲਾਂ ਨੂੰ ਦਰੁਸਤ ਕਰਕੇ ਇੱਕ ਵਾਰ ਫਿਰ ਸੁਚਾਰੂ ਕੀਤਾ ਜਾ ਸਕੇਗਾ।
ਮੇਨ ਏਅਰ ਫੋਰਸ ਰੋਡ, ਬਠਿੰਡਾ
ਲੇਖਕ ਸਮਾਜਿਕ ਅਤੇ ਸਿਹਤ ਵਿਸ਼ਿਆਂ ’ਤੇ ਲਿਖਦੇ ਹਨ

ਹਰਪ੍ਰੀਤ ਸਿੰਘ ਬਰਾੜ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।