ਸਭ ਦੀ ਸਾਂਝੀ ਬਿਮਾਰੀ – ਈਰਖਾ ਮਹਾਂਮਾਰੀ !

Jealousy Disease Sachkahoon

ਸਭ ਦੀ ਸਾਂਝੀ ਬਿਮਾਰੀ – ਈਰਖਾ ਮਹਾਂਮਾਰੀ !

ਈਰਖਾ ਕੋਈ ਸਰੀਰਕ ਬੀਮਾਰੀ ਤਾਂ ਨਹੀਂ ਹੈ ਪਰ ਇਸ ਦੀ ਜ਼ਿਆਦਾ ਮਾਤਰਾ ਤੋਂ ਪੀੜ੍ਹਤ ਲੋਕ ਨਾਂ ਸਿਰਫ ਮਾਨਸਿਕ ਸਗੋਂ ਸਰੀਰਕ ਹੀਣਤਾ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਹਮੇਸ਼ਾਂ ਤੋਂ ਈ ਈਰਖਾ, ਮਨੁੱਖੀ ਸੁਭਾਅ ਦਾ ਅਹਿਮ ਹਿੱਸਾ ਸੀ, ਹੁਣ ਵੀ ਹੈ ਅਤੇ ਹਮੇਸਾ ਰਹੇਗੀ। ਦਰਅਸਲ ਈਰਖਾ ਦੀ ਭਾਵਨਾ ਸਾਡੇ ਸਾਰਿਆਂ ਵਿੱਚ ਹੈ ਪਰ ਤੁਹਾਡੇ ਵਿੱਚ ਇਸ ਬੀਮਾਰੀ ਦੀ ਮਾਤਰਾ ਕਿੰਨੀ ਕੁ ਹੈ, ਇਹ ਨਿਰਧਾਰਤ ਕਰੇਗਾ ਕਿ ਤੁਸੀਂ ਨੈਤਿਕਤਾ ਦੇ ਪੈਮਾਨੇ ਤੇ ਕਿੱਥੇ ਖੜ੍ਹਦੇ ਹੋ। ਅਸਲ ਵਿੱਚ ਤੁਹਾਡਾ ਹੁਨਰ, ਯੋਗਤਾ, ਪ੍ਰਾਪਤੀਆਂ, ਪ੍ਰਸਿੱਧੀ, ਸਮਰੱਥਾ, ਕਾਬਲੀਅਤ, ਭਰੋਸੇਯੋਗਤਾ ਅਤੇ ਵਿਲੱਖਣਤਾ ਹੀ ਤੁਹਾਡੇ ਨਾਲ ਹੁੰਦੀ ਈਰਖਾ ਦਾ ਪ੍ਰਮੁੱਖ ਕਾਰਣ ਹੈ। ਤੁਹਾਡੇ ਇੰਨਾਂ ਸਾਰੇ ਗੁਣਾਂ ਦਾ ਪਤਾ ਪਹਿਲਾਂ ਤੁਹਾਡੇ ਨੇੜਲੇ ਸੱਜਣ-ਮਿੱਤਰਾਂ ਨੂੰ ਹੀ ਲੱਗਦਾ ਏ, ਇਸੇ ਕਰਕੇ ਉਹ ਲੋਕ ਜੋ ਸਾਡੇ ਨਾਲ ਈਰਖਾ ਕਰਦੇ ਹਨ, ਅਕਸਰ ਸਾਡੇ ਨਜ਼ਦੀਕੀ ਹੀ ਹੁੰਦੇ ਹਨ।

ਬਹੁਤੇ ਲੋਕ ਤਾਂ ਇਹ ਸੋਚਦੇ ਹਨ ਕਿ ਮੇਰਾ ਮਿੱਤਰ, ਸੱਜਣ, ਦੋਸਤ ਕਿਸੇ ਵੀ ਖੇਤਰ ਵਿੱਚ ਚੰਗਾ ਪ੍ਰਦਰਸਨ ਭਾਵੇਂ ਕਰ ਲਵੇ ਪਰ ਉਹ ਮੇਰੇ ਤੋਂ ਅੱਗੇ ਨਾਂ ਨਿਕਲ ਜਾਵੇ । ਉਹ ਲੋਕ ਜਿਨ੍ਹਾਂ ਵਿੱਚ ਤੁਹਾਡੇ ਪ੍ਰਤਿ ਬਹੁਤ ਜ?ਿਆਦਾ ਈਰਖਾ ਹੁੰਦੀ ਹੈ, ਸੁਰੂ ਵਿੱਚ ਤੁਹਾਡੀ ਤਰੱਕੀ ਵੇਖ ਕੇ ਜਿਆਦਾ ਸਾੜਾ ਕਰਦੇ ਹਨ, ਪਰ ਜਦੋਂ ਤੁਹਾਡੀ ਤਰੱਕੀ ਦਿਨ ਪ੍ਰਤੀ ਦਿਨ ਵਧਦੀ ਰਹਿੰਦੀ ਹੈ ਤਾਂ ਉਹ ਤੁਹਾਡੇ ਖਿਲਾਫ ਭੰਡੀਪ੍ਰਚਾਰ, ਚੁਗਲੀਆਂ ਤੇ ਫੇਰ ਸਾਜ?ਿਸਾਂ ਕਰਨ ਤੱਕ ਜਾਂਦੇ ਹਨ ਪਰ ਫਿਰ ਇੱਕ ਦਿਨ ਅਜਿਹਾ ਆਉਂਦਾ ਜਦੋਂ ਤੁਸੀਂ ਆਪਣੀ ਸਖਤ ਮਿਹਨਤ ਤੇ ਕਾਬਲੀਅਤ ਨਾਲ, ਹਰੇਕ ਖੇਤਰ ਵਿੱਚ ਇਹਨਾਂ ਈਰਖਾ ਦੇ ਪੁਤਲਿਆਂ ਤੋਂ ਬਹੁਤ ਅੱਗੇ ਲੰਘ ਜਾਂਦੇ ਹੋ, ਫਿਰ ਉਹ ਤੁਹਾਡੇ ਤੋਂ ਈਰਖਾ ਨਹੀਂ ਕਰਦੇ ਸਗੋਂ ਲੋਕਾਂ ‘ਚ ਪ੍ਰਚਾਰ ਕਰਦੇ ਹਨ ਕਿ ਤੁਹਾਡੀ ਸਫਲਤਾ ਵਿੱਚ ਉਨ੍ਹਾਂ ਦਾ ਵੀ ਬਹੁਤ ਮਹੱਤਵਪੂਰਣ ਯੋਗਦਾਨ ਹੈ।

ਆਓ ਤੁਹਾਨੂੰ ਇੱਕ ਸੱਚੀ ਕਹਾਣੀ ਸੁਣਾਵਾਂ। ਮੇਰਾ ਇੱਕ ਜਾਣਕਾਰ ਰਮੇਸ, ਜੋ ਕਿਸੇ ਪਿੰਡ ਦੇ ਇੱਕ ਆਮ ਘਰ ਦਾ ਹੋਣਹਾਰ ਮੁੰਡਾ ਹੈ। ਹਾਲ ਹੀ ਵਿੱਚ ਬਿਜਲੀ ਬੋਰਡ ਚ ਸਿੱਧਾ ਐਸ ਡੀ ਓ ਵਜੋਂ ਨਿਯੁਕਤ ਹੋਇਆ ਏ। ਉਸ ਦੇ ਪਿੰਡ ਦਾ ਅਖੌਤੀ ਚੌਧਰੀ, ਜਿਸਨੇ ਕਿਸੇ ਸਮੇਂ ਰਾਜਨੀਤਿਕ ਵੈਰ ਦੀ ਭਾਵਨਾ ਨਾਲ, ਰਮੇਸ਼ ਦੇ ਗਰੀਬ ਪਰਿਵਾਰ ਦਾ ਲਾਭਪਾਤਰੀ ਕਾਰਡ ਕੱਟਵਾ ਦਿੱਤਾ ਸੀ। ਕਿਸੇ ਕੰਮ ਲਈ ਉਸਦੇ ਦਫਤਰ ਆਇਆ ਪਰ ਅੱਗੇ ਰਮੇਸ ਐਸਡੀਓ ਦੀ ਕੁਰਸੀ ਤੇ ਸੀ, ਈਰਖਾ ਦਾ ਮਾਰਿਆ ਪਹਿਲਾਂ ਤਾਂ ਉਹ ਰੁੱਕ ਗਿਆ ਪਰ ਈਰਖਾਲੂ ਪ੍ਰਵਿਰਤੀ ਦੇ ਲੋਕਾਂ ‘ਚ ਬੇਸਰਮੀ ਦਾ ਗੁਣ ਵੀ ਕਦੇ ਘੱਟ ਨਹੀਂ ਹੁੰਦਾ, ਅੱਗੇ ਜਾ ਬਣਾਉਟੀ ਖੁਸ਼ੀ ਦਿਖਾਉਂਦਾ, ਰਮੇਸ਼ ਨੂੰ ਧੱਕੇ ਨਾਲ ਅਸ਼ੀਰਵਾਦ ਦੇਣ ਦੀ ਓਵਰ ਐਕਟਿੰਗ ਦੇ ਨਾਲ ਹੀ ਰਮੇਸ ਦੇ ਪਰਿਵਾਰ ਨਾਲ ਬੇਲੋੜੀ ਨੇੜਤਾ ਦੀਆਂ ਝੂਠੀਆਂ ਕਹਾਣੀਆਂ ਸੁਣਾਉਣੀਆਂ ਸੁਰੂ ਕਰ ਦਿੱਤੀਆਂ।

ਰਮੇਸ ਨੂੰ ਚੌਧਰੀ ਛੇਤੀ ਜਾਂਦਾ ਨਾਂ ਲੱਗਿਆ ਤਾਂ ਉਹਨੂੰ ਤੋਰਨ ਲਈ ਚਾਹ ਮੰਗਵਾਉਣੀ ਪਈ। ਚਾਹ ਪੀ ਕੇ ਚੌਧਰੀ, ਰਮੇਸ਼ ਨੂੰ ਸਣਾਉਂਦਾ, ਕੋਲ ਬੈਠੇ ਜੇਈ ਸੋਢੀ ਨੂੰ ਕਹਿੰਦਾ, ਸੋਢੀ, ਹੁਣ ਸਾਡੇ ਪਿੰਡ ਦਾ ਮਾਣ, ਸਾਡਾ ਆਪਣਾ ਬੱਚਾ ਰਮੇਸ ਅਫਸਰ ਬਣ ਗਿਆ ਹੈ, ਹੁਣ ਮੇਰੀ ਬਿਜਲੀ ਮੁਆਫੀ ਦੀ ਅਰਜੀ ਰੋਕ ਕੇ ਦਿਖਾਇਆ ਜੇ। ਆਪਣੀ ਈਰਖਾ ਨੂੰ ਚਮਚਾਗਿਰੀ ਦੇ ਮੁਸ਼ਕੜੇ ਹਾਸੇ ਨਾਲ ਲੁਕਾਉਣ ਦੀ ਅਸਫਲ ਕੋਸ?ਿਸ ਕਰਦਾ ਚੌਧਰੀ ਜਾਂਦਾ ਹੋਇਆ ਕਹਿੰਦਾ, ਰਮੇਸ ਪੁੱਤਰ, ਮੈਂ ਘੰਟੀ ਮਾਰ ਦਿੱਤੀ ਏ, ਮੇਰਾ ਨੰਬਰ ਸੇਵ ਕਰ ਲਈਂ ਨਹੀਂ ਤਾਂ ਵਿਅਸਤ ਸਮੇਂ ਵਿੱਚ ਆਦਮੀ ਕਈ ਵਾਰ, ਅਣਜਾਣ ਨੰਬਰ ਤੋਂ ਫੋਨ ਨਹੀਂ ਚੁੱਕ ਪਾਉਂਦਾ। ਰਮੇਸ ਚੌਧਰੀ ਦੇ ਦੋਹਰੇ ਚਰਿੱਤਰ ਦੇ ਅਲਫ ਨੰਗੇ ਪ੍ਰਦਰਸਨ ‘ਤੇ ਮੁਸਕਰਾਉਣ ਤੋਂ ਇਲਾਵਾ ਹੋਰ ਕਰ ਵੀ ਕੀ ਸਕਦਾ ਸੀ। ਅੱਜ ਦੇ ਆਧੁਨਿਕ ਯੁੱਗ ਵਿੱਚ ਈਰਖਾ ਦਾ ਪੈਮਾਨਾ ਵੀ ਬਦਲ ਗਿਆ ਹੈ ਸਿਰਫ ਤੁਹਾਡੀਆਂ ਵੱਡੀਆਂ ਸਫਲਤਾਵਾਂ ਦੇ ਕਾਰਨ ਨਹੀਂ ਸਗੋਂ ਹੁਣ ਤਾਂ ਈਰਖਾ ਦਾ ਭੂਤ ਬਹੁਤ ਛੋਟੀਆਂ ਚੀਜਾਂ ਵਿੱਚ ਪ੍ਰਗਟ ਹੋ ਜਾਂਦਾ ਏ।

ਜੇ ਤੁਸੀਂ ਆਪਣੇ ਖੇਤਰ ਵਿੱਚ ਇੱਕ ਮਸਹੂਰ ਹਸਤੀ ਬਣ ਗਏ ਹੋ ਅਤੇ ਸੋਸ਼ਲ ਮੀਡੀਆ ਤੇ ਤੁਹਾਡੀਆਂ ਪ੍ਰਾਪਤੀਆਂ ਬਾਰੇ ਜਾਂ ਤੁਹਾਡੀ ਕਿਸੇ ਨਿੱਜੀ ਪੋਸਟ ਤੇ ਕਿਸੇ ਵੀ ਵਿਚਾਰ ਜਾਂ ਤਸਵੀਰ ਆਦਿ ਨਾਲ ਸਬੰਧਤ ਸਮੱਗਰੀ ਤੇ ਵਧੇਰੇ ਪ੍ਰਤੀਕਿਰਿਆਵਾਂ ਆ ਜਾਣ ਤਾਂ ਈਰਖਾ ਦੀ ਇਹ ਬੀਮਾਰੀ, ਤੁਹਾਡੇ ਬਹੁਤ ਸਾਰੇ ਨਜ਼ਦੀਕੀ ਸਾਥੀਆਂ ਵਿੱਚ ਆਪਣੇ ਆਪ ਵਿੱਚ ਇਕ ਵਿਸ਼ੇਸ਼ ਤਰਾਂ ਦੇ ਕਬਜ ਦੇ ਰੂਪ ਵਿੱਚ ਪ੍ਰਗਟ ਹੋ ਜਾਂਦੀ ਏ। ਇਸਦਾ ਇਹ ਮਤਲਬ ਨਹੀਂ ਹੈ ਕਿ ਉਹਨਾਂ ਨੂੰ ਤੁਹਾਡੇ ਵਿਚਾਰ ਜਾਂ ਉਹ ਸਮੱਗਰੀ ਪਸੰਦ ਨਹੀਂ ਆਈ, ਅਸਲ ਵਿੱਚ ਉਹ ਤੁਹਾਡੇ ਵਧਦੇ ਕੱਦ ਨੂੰ ਵੇਖ ਕੇ ਆਪਣੇ ਆਪ ਨੂੰ ਬੋਣਾ ਮਹਿਸੂਸ ਕਰਦੇ ਹਨ। ਇਸੇ ਕਰਕੇ ਸੋਸਲ ਮੀਡੀਆ ਪਲੇਟਫਾਰਮਾਂ ਤੇ ਉਹ ਕਦੇ ਵੀ ਤੁਹਾਨੂੰ ਕੋਈ ਪ੍ਰਤੀਕਿਰਿਆ ਨਹੀਂ ਦਿੰਦੇ। ਅਸਲ ਵਿੱਚ ਉਹ ਤੁਹਾਡੀ ਪ੍ਰਸਿੱਧੀ ਨੂੰ ਘੱਟ ਕਰਨ ਦੀ ਨਾਕਾਮ ਕੋਸ?ਿਸਾਂ ਕਰਦੇ ਰਹਿੰਦੇ ਹਨ। ਜੇਕਰ ਤੁਹਾਡੇ ਨਾਲ ਕੋਈ ਵੀ ਈਰਖਾ ਨਹੀਂ ਕਰਦਾ ਤਾਂ ਇਹ ਬਹੁਤ ਈ ਡੂੰਘੀ ਚਿੰਤਾ ਦਾ ਵਿਸਾ ਹੈ, ਤੁਹਾਨੂੰ ਜ?ਿੰਦਗੀ ਵਿੱਚ ਬਹੁਤ ਕੁਝ ਕਰਨ ਦੀ ਜਰੂਰਤ ਹੈ।

ਉਹ ਵਿਅਕਤੀ ਜਿਸ ਨਾਲ ਤੁਸੀਂ ਈਰਖਾ ਕਰਦੇ ਓ, ਉਹ ਬਿਨਾਂ ਸੱਕ ਤੁਹਾਡੇ ਤੋਂ ਉੱਤਮ ਹੈ ਪਰ ਕੀ ਤੁਸੀਂ ਸਿਰਫ ਈਰਖਾ ਕਰਕੇ ਜਾਂ ਉਸਦੇ ਵਿਰੁੱਧ ਝੂਠਾ ਪ੍ਰਚਾਰ ਕਰਕੇ ਉਸਦੀ ਪ੍ਰਤਿਭਾ ਨੂੰ ਮਾਰ ਸਕਦੇ ਹੋ ? ਇੱਕ ਯੋਗ ਵਿਅਕਤੀ ਈਰਖਾ ਤੇ ਭੰਡੀਪ੍ਰਚਾਰ ਨਾਲ ਬਿਖਰ ਨਹੀਂ ਸਕਦਾ, ਉਲਟਾ ਹੋਰ ਵੀ ਨਿਖਰ ਜਾਂਦਾ ਏ। ਤੁਸੀਂ ਕਿਸੇ ਦੀ ਪ੍ਰਤਿਭਾ ਨੂੰ ਕਦੇ ਵੀ ਦਬਾ ਨਹੀਂ ਸਕਦੇ। ਯਾਦ ਰੱਖੋ, ਕੂੜੇ ਵਿੱਚ ਸੁੱਟਣ ਤੇ ਵੀ ਸੋਨਾ, ਸੋਨਾ ਹੀ ਰਹਿੰਦਾ ਹੈ ਪਰ ਲੋਹੇ ਨੂੰ ਜਿੰਨੀਆਂ ਮਰਜੀ ਪਾਲਸ਼ਾਂ ਮਾਰ ਭਾਵੇਂ ਸੁਨਿਆਰਿਆਂ ਦੀਆਂ ਤਿਜ਼ੋਰੀਆਂ ਚ ਮਖਮਲ ਚ ਰੱਖ ਲਵੋ, ਲੋਹਾ ਤਾਂ ਲੋਹਾ ਈ ਰਹਿੰਦਾ ਏ, ਸੋਨਾ ਨ੍ਹੀਂ ਬਣ ਜਾਂਦਾ। ਬਾਕੀ ਜੇਕਰ ਮੈਂ ਕਹਾਂ ਕਿ ਮੈਂ ਈਰਖਾ ਮੁਕਤ ਹੋ ਚੁੱਕਾ ਹਾਂ ਤਾਂ ਇਹ ਸੱਚ ਨਹੀਂ ਏ ਪਰ ਇਹ ਸੱਚ ਏ ਕਿ ਮੈਂ ਆਪਣੇ ਆਪ ਵਿੱਚ ਇਸ ਬੀਮਾਰੀ ਦੀ ਮਾਤਰਾ ਘੱਟ ਕੀਤੀ ਏ ਤੇ ਹੋਰ ਘਟਾਉਣ ਲਈ ਵੀ ਯਤਨਸ਼ੀਲ ਆਂ। ਮੈਂ ਆਸ ਕਰਦਾ ਹਾਂ ਕਿ ਤੁਸੀਂ ਵੀ ਇਸ ਬੀਮਾਰੀ ਦੇ ਇਲਾਜ ਲਈ ਜੰਗੀ ਪੱਧਰ ਤੇ ਉਪਾਅ ਕਰੋਗੇ।

ਅਸ਼ੋਕ ਸੋਨੀ,
ਪਿੰਡ ਖੂਈ ਖੇੜਾ ਫਾਜ਼ਿਲਕਾ
98727-05078

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ