ਸਾਡੇ ਗੀਤਾਂ, ਲੋਕ-ਗੀਤਾਂ ਦਾ ਬਦਲ ਰਿਹਾ ਮੁਹਾਂਦਰਾ

ਸਾਡੇ ਗੀਤਾਂ, ਲੋਕ-ਗੀਤਾਂ ਦਾ ਬਦਲ ਰਿਹਾ ਮੁਹਾਂਦਰਾ

ਹਥਲੇ ਲੇਖ ਦੇ ਸਿਰਲੇਖ ‘ਸਾਡੇ ਗੀਤਾਂ, ਲੋਕ-ਗੀਤਾਂ ਦਾ ਬਦਲ ਰਿਹਾ ਮੁਹਾਂਦਰਾ’ ਨੂੰ ਪੜ੍ਹ ਕੇ ਪਾਠਕ ਕਿਸੇ ਦੁਵਿਧਾ ਵਿਚ ਨਾ ਪੈਣ ਕਿ ਗੀਤ, ਲੋਕ-ਗੀਤ? ਇਸ ਤੋਂ ਪਹਿਲਾਂ ਮੈਂ ਇਹ ਸਪੱਸ਼ਟ ਕਰ ਦਿਆਂ ਕਿ ਆਮ ਗੀਤਾਂ ਅਤੇ ਲੋਕ-ਗੀਤਾਂ ਵਿੱਚ ਫ਼ਰਕ ਹੈ, ਲੋਕ-ਗੀਤ ਉਹ ਵੀ ਹਨ ਜੋ ਕਈ ਪੁਰਾਣੇ ਗਾਇਕਾਂ ਦੇ ਗਾਏ ਹੋਏ ਹਨ ਅਤੇ ਉਹ ਇੰਨੀ ਪ੍ਰਸਿੱਧੀ ਹਾਸਲ ਕਰ ਗਏ ਕਿ ਉਹ ਲੋਕ-ਗੀਤ ਬਣ ਗਏ, ਭਾਵ ਕਿ ਉਹ ਗੀਤ ਉਸ ਗਾਇਕ ਦੇ ਨਾ ਹੋ ਕੇ ਲੋਕਾਂ ਦੇ ਗੀਤ ਹੋ ਗਏ, ਜਿਵੇਂ ਕਈ ਸ਼ਖਸੀਅਤਾਂ ਆਪਣੀ ਮੌਤ ਉਪਰੰਤ ਅਮਰ ਹੋ ਜਾਂਦੀਆਂ ਹਨ,

ਉਵੇਂ ਹੀ ਉਹ ਗੀਤ ਅਮਰ ਹੋ ਜਾਂਦੇ ਹਨ ਅਤੇ ਜਦੋਂ ਤੋਂ ਉਹ ਸਿਰਜੇ ਗਏ, ਉਦੋਂ ਤੋਂ ਹੁਣ ਤੱਕ ਵੀ ਉਹ ਲੋਕਾਂ ਵਿੱਚ ਚਰਚਾ ’ਚ ਹਨ ਜਾਂ ਲੋਕ-ਗੀਤ ਉਹ ਵੀ ਹਨ ਜੋ ਮੁਹਾਵਰਿਆਂ, ਅਖਾਣਾਂ ਜਾਂ ਬੋਲੀਆਂ ਵਾਂਗ ਸਾਡੀ ਵਿਰਾਸਤ ’ਚੋਂ ਆਪਣੇ-ਆਪ ਸਿਰਜੇ ਗਏ ਅਤੇ ਉਨ੍ਹਾਂ ਦੇ ਰਚਣਹਾਰਿਆਂ ਦਾ ਵੀ ਨਹੀਂ ਪਤਾ। ਲੋਕ-ਗੀਤ ਮਨੁੱਖ ਦੇ ਨਾਲ-ਨਾਲ ਹੀ ਸਾਰੀ ਉਮਰ ਚੱਲਦੇ ਰਹਿੰਦੇ ਹਨ। ਲੋਕ-ਗੀਤ ਕਦੇ ਵੀ ਮਰਦੇ ਨਹੀਂ, ਉਨ੍ਹਾਂ ਦੀ ਕੋਈ ਉਮਰ ਨਹੀਂ ਹੁੰਦੀ। ਇਹ ਇੱਕ ਕਹਾਵਤ ਵੀ ਹੈ ਕਿ ਜੇਕਰ ਕਿਸੇ ਨੂੰ ਦੁਆ ਦੇਣੀ ਹੋਵੇ ਤਾਂ ਉਸ ਨੂੰ ਕਿਹਾ ਜਾਵੇ ਕਿ ਤੇਰੀ ਉਮਰ ਲੋਕ-ਗੀਤ ਜਿੰਨੀ ਹੋਵੇ।

ਇਸ ਤੋਂ ਇਲਾਵਾ ਗੀਤ ਉਹ ਹਨ ਜੋ ਹੁਣ ਆਮ ਚੱਲ ਰਹੇ ਹਨ ਜਾਂ ਪਹਿਲਾਂ ਚੱਲਦੇ ਰਹੇ ਹਨ ਪਰ ਲੋਕ-ਗੀਤ ਨਹੀਂ ਬਣ ਸਕੇ। ਉਂਝ ਤਾਂ ਸਮੇਂ-ਸਮੇਂ ਅਨੁਸਾਰ ਗੀਤਾਂ ਦੇ ਮੁਹਾਂਦਰੇ ਭਾਵ ਵਿਸ਼ਾ-ਵਸਤੂ ਬਦਲਦੇ ਰਹਿੰਦੇ ਹਨ ਪਰ ਅੱਜ-ਕੱਲ੍ਹ ਦੇ ਗੀਤਾਂ ਦੇ ਜੋ ਵਿਸ਼ੇ ਹਨ, ਉਨ੍ਹਾਂ ’ਚੋਂ ਬਹੁਤੇ ਅਜਿਹੇ ਹਨ ਜੋ ਸਾਡੀ ਨੌਜਵਾਨ ਪੀੜ੍ਹੀ ਤੇ ਕਿਸ਼ੋਰ ਅਵਸਥਾ ਵਾਲੇ ਮੁੰਡੇ-ਕੁੜੀਆਂ ਨੂੰ ਕੁਰਾਹੇ ਪਾ ਰਹੇ ਹਨ, ਜਿਵੇਂ ਹਥਿਆਰਾਂ, ਨਸ਼ਿਆਂ, ਗੈਂਗਸਟਰਾਂ, ਫ਼ੁਕਰਪੰਥੀ ਜਾਂ ਜੱਟਾਂ ਦੀ ਗਲਤ ਤਸਵੀਰ ਪੇਸ਼ ਕਰਨ ਵਾਲੇ ਹਨ। ਅਜਿਹੇ ਗੀਤ ਵਕਤੀ ਸ਼ੋਹਰਤ ਤਾਂ ਹਾਸਲ ਕਰ ਸਕਦੇ ਹਨ ਪਰ ਉਹ ਲੋਕ-ਗੀਤ ਨਹੀਂ ਬਣ ਸਕਦੇ।

ਲੋਕ-ਗੀਤ ਸਾਡੇ ਲੋਕ ਮਨਾਂ ਦੀ ਹੂਕ ਹੁੰਦੇ ਹਨ, ਦਿਲੀ ਜਜ਼ਬਿਆਂ ਤੇ ਵਲਵਲਿਆਂ ਦਾ ਸੁਰੀਂ ਬੱਧਾ ਇਜ਼ਹਾਰ, ਲੋਕ ਮਨਾਂ ਦੇ ਖੇੜੇ ਤੇ ਬੇਵਸੀ ਦਾ ਜ਼ਿਕਰ ਹੁੰਦੇ ਹਨ। ਲੋਕ-ਗੀਤ ਸੱਭਿਆਚਾਰ ਦਾ ਹੀ ਪ੍ਰਕਾਸ਼ ਹਨ। ਕਿਸੇ ਸੱਭਿਆਚਾਰ ਦੀ ਜਿੰਨੀ ਬਹੁਰੰਗੀ ਤੇ ਵੰਨ-ਸੁਵੰਨੀ ਝਾਕੀ ਲੋਕ-ਗੀਤਾਂ ਵਿੱਚ ਵੇਖਣ ਨੂੰ ਮਿਲਦੀ ਹੈ ਉਹ ਸਾਹਿਤ ਦੇ ਕਿਸੇ ਵੀ ਹੋਰ ਰੂਪ ਵਿਚ ਆਪਣਾ ਪ੍ਰਗਟਾਓ ਨਹੀਂ ਲੱਭ ਸਕਦੀ।

ਸਦਕੇ ਜਾਈਏ ਪੰਜਾਬੀ ਲੋਕ-ਗੀਤਾਂ ਦੇ ਸਿਰਜਣਹਾਰਿਆਂ ਦੇ, ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਦੀਆਂ ਉਨ੍ਹਾਂ ਕਦੀਮੀ ਰਵਾਇਤਾਂ ਨੂੰ ਪੁਨਰ ਸੁਰਜੀਤ ਕਰ ਰੱਖਿਆ ਹੈ। ਪੰਜਾਬੀ ਲੋਕ-ਗੀਤਾਂ ਦੀ ਵਿਲੱਖਣਤਾ ਜੋ ਬੜੇ ਸਪੱਸ਼ਟ ਰੂਪ ਵਿੱਚ ਸਾਡੇ ਨਜ਼ਰੀਂ ਪੈਂਦੀ ਹੈ, ਉਹ ਇਹ ਹੈ ਕਿ ਸਾਡੇ ਲੋਕ-ਗੀਤ ਸਾਡੇ ਪੰਜਾਬੀ ਸੁਭਾਅ ਦੀ ਸਾਦਗੀ ਦੀ ਗਵਾਹੀ ਭਰਦੇ ਹਨ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਕਈ ਪੰਜਾਬੀ ਗਾਇਕ ਇਨ੍ਹਾਂ ਦਾ ਅਕਸ ਵਿਗਾੜ ਰਹੇ ਹਨ। ਅਨੇਕਾਂ ਗਾਇਕਾਂ ਨੇ ਸਾਡੇ ਪੰਜਾਬੀ ਲੋਕ-ਗੀਤਾਂ ਦੇ ਮੁਖੜੇ ਲੈ ਕੇ ਉਨ੍ਹਾਂ ਦੀ ਪਰਿਭਾਸ਼ਾ ਹੀ ਵਿਗਾੜ ਕੇ ਰੱਖ ਦਿੱਤੀ ਹੈ

ਭਾਵੇਂ ਕਿ ਇਹ ਬਹੁਤ ਵਧੀਆ ਗੱਲ ਹੈ ਕਿ ਉਨ੍ਹਾਂ ਨੇ ਲੋਕ-ਗੀਤਾਂ ਨੂੰ ਆਵਾਜ਼ ਦਿੱਤੀ, ਪਰ ਉਹਨਾਂ ਨੇ ਲੋਕ-ਗੀਤਾਂ ਦੇ ਉਹੀ ਪੁਰਾਣੇ ਮੁਖੜੇ ਲੈ ਕੇ ਉਨ੍ਹਾਂ ਨੂੰ ਅਜੋਕੇ ਸੰਗੀਤਕ ਪ੍ਰਦੂਸ਼ਣ ਵਿਚ ਰੰਗ ਦਿੱਤਾ ਹੈ, ਗੀਤ ਦਾ ਵਿਸ਼ਾ ਵਸਤੂ ਹੋਰ ਹੁੰਦਾ ਹੈ ਅਤੇ ਉਸ ਵਿਚਲੀਆਂ ਸਤਰਾਂ ਦੀ ਸ਼ਬਦਾਵਲੀ ਹੋਰ ਹੁੰਦੀ ਹੈ, ਜੋ ਉਸ ਲੋਕ-ਗੀਤ ਦੇ ਮੁਖੜੇ ਦੀ ਤੌਹੀਨ ਕਰਦੀ ਹੈ ਤੇ ਉਸ ਤੋਂ ਬਾਅਦ ਉਸਦੇ ਵੀਡੀਓ ਵਿੱਚ ਤਾਂ ਅਜਿਹਾ ਫਿਲਮਾਂਕਣ ਹੁੰਦਾ ਹੈ ਕਿ ਬੱਸ ਪੁੱਛੋ ਨਾ। ਮੈਂ ਤੁਹਾਨੂੰ ਬਹੁਤ ਸਾਰੇ ਅਜਿਹੇ ਗੀਤਾਂ ਦੀਆਂ ਉਦਾਹਰਨਾਂ ਦੇ ਸਕਦਾ ਹਾਂ ਜਿਨ੍ਹਾਂ ਵਿਚ ਲੋਕ-ਗੀਤਾਂ ਦੀਆਂ ਸਤਰਾਂ ਨੂੰ ਲੈ ਕੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਪਿਆ ਹੈ।

ਕਦੇ ਸਮਾਂ ਸੀ ਲੋਕ ਗੀਤਾਂ ਵਿੱਚ ਵੱਖ-ਵੱਖ ਵਿਸ਼ੇ ਜਿਵੇਂ ਪ੍ਰੀਤ ਕਥਾਵਾਂ, ਪੇਂਡੂ ਆਹਾਰ, ਰਾਜਨੀਤਕ, ਸਮਾਜਿਕ ਤੇ ਆਰਥਿਕ ਪੱਖ, ਹਾਰ-ਸ਼ਿੰਗਾਰ, ਦਿਨ, ਤਿਉਹਾਰ, ਰੁੱਖ, ਪੰਛੀ, ਫ਼ਸਲਾਂ ਆਦਿ ਹੁੰਦੇ ਸਨ ਜਾਂ ਫਿਰ ਉਨ੍ਹਾਂ ਲੋਕ-ਗੀਤਾਂ ਵਿਚ ਲੋਕ ਨਾਇਕਾਂ ਰਾਜਾ ਰਸਾਲੂ, ਦੁੱਲਾ ਭੱਟੀ, ਜੱਗਾ ਡਾਕੂ, ਸੁੱਚਾ ਸੂਰਮਾ, ਜਿਊਣਾ ਮੌੜ, ਸ਼ਹੀਦ ਭਗਤ ਸਿੰਘ ਆਦਿ ਦੀਆਂ ਜੀਵਨ ਗਾਥਾਵਾਂ ਹੁੰਦੀਆਂ ਸਨ ਪਰ ਅੱਜ ਉਨ੍ਹਾਂ ਨੂੰ ਭੁੱਲ ਕੇ ਗੀਤਾਂ ਨੂੰ ਗੁੰਮਰਾਹਕੁੰਨ ਲਿਬਾਸ ਪਹਿਨਾਇਆ ਜਾ ਰਿਹਾ ਹੈ।

ਅੱਜ ਦੇ ਇਸ ਮਾਹੌਲ ਨੂੰ ਦੇਖਦਿਆਂ ਪ੍ਰਸਿੱਧ ਸਾਹਿਤਕਾਰ ਪਿ੍ਰੰਸੀਪਲ ਤੇਜਾ ਸਿੰਘ ਦੀਆਂ ਇਹ ਸਤਰਾਂ ਮੁੱਲਵਾਨ ਪ੍ਰਤੀਤ ਹੁੰਦੀਆਂ ਹਨ ਕਿ ਜੇ ਕਦੇ ਫੇਰ ਸਾਡੀ ਆਪਣੀ ਜ਼ਿੰਦਗੀ ਦੀ ਰੂਹ ਨੇ ਰੁਮਕਣਾ ਹੈ ਤਾਂ ਉਸ ਲਈ ਪੁਰਾਣੀ ਲਾਗ ਨੂੰ ਕਾਇਮ ਰੱਖਣ ਲਈ ਸਾਨੂੰ ਚਾਹੀਦਾ ਹੈ ਕਿ ਆਪਣੇ ਲੋਕ-ਗੀਤਾਂ ਦੇ ਭੰਡਾਰ ਨੂੰ ਸਾਂਭ ਕੇ ਰੱਖੀਏ, ਇਹ ਗੀਤ ਹੌਲੀ-ਹੌਲੀ ਸਾਡੀ ਯਾਦੋਂ ਲਹਿ ਰਹੇ ਹਨ, ਜੇਕਰ ਕੁਝ ਚਿਰ ਹੋਰ ਸਾਰ ਨਾ ਲਈ ਤਾਂ ਇਹ ਮੂਲੋਂ ਹੀ ਦੁਰਲੱਭ ਹੋ ਜਾਣਗੇ,

ਫਿਰ ਅਸੀਂ ਟੈਕਸਲਾ ਤੇ ਮੋਹਿੰਜੋਦੜੋ ਦੇ ਥੇਹਾਂ ਵਾਂਗਰ ਇਨ੍ਹਾਂ ਗੀਤਾਂ ਦੀਆਂ ਟੁੱਟੀਆਂ-ਫੁੱਟੀਆਂ ਸਤਰਾਂ ਨੂੰ ਸਹਿਕਦੇ ਰਹਾਂਗੇ। ਇਹ ਗੱਲ ਆਮ ਹੈ ਕਿ ਜੇਕਰ ਕਿਸੇ ਦੇਸ਼ ਦਾ ਢਾਂਚਾ ਵੇਖਣਾ ਹੋਵੇ ਤਾਂ ਉੱਥੋਂ ਦਾ ਇਤਿਹਾਸ ਪੜ੍ਹੋ ਅਤੇ ਜੇ ਰੂਹ ਦੇਖਣੀ ਹੋਵੇ ਤਾਂ ਉੱਥੋਂ ਦੇ ਲੋਕ-ਗੀਤ ਸੁਣੋ, ਉੱਥੋਂ ਦੇ ਲੋਕ ਨਾਚ ਦੇਖੋ।

ਪਰ ਅੱਜ-ਕੱਲ੍ਹ ਦੇ ਗੀਤਾਂ ਦੇ ਵਿਸ਼ੇ ਅਤੇ ਵੀਡੀਓ ਦੇਖ ਕੇ ਮਨ ਸੋਚੀਂ ਪੈ ਜਾਂਦਾ ਹੈ ਕਿ ਇਹ ਸਾਨੂੰ ਕਿਹੜੇ ਪੰਜਾਬ ਦੀ ਰੂਹ ਦੇ ਦਰਸ਼ਨ ਕਰਵਾਉਣਾ ਚਾਹੁੰਦੇ ਹਨ ਤੇ ਰਾਤੋ-ਰਾਤ ਕਿਹੜੀਆਂ ਤਰੱਕੀ ਦੀਆਂ ਮੰਜ਼ਿਲਾਂ ਸਰ ਕਰਨੀਆਂ ਚਾਹੁੰਦੇ ਹਨ। ਸ਼ਾਇਦ ਇਹ ਲੋਕ ਇਹ ਨਹੀਂ ਜਾਣਦੇ ਕਿ ਆਪਣੇ ਵਿਰਸੇ ਨੂੰ ਗੰਧਲਾ ਕਰਨਾ ਆਪਣੀ ਮਾਂ ਨੂੰ ਮਿਹਣਾ ਦੇਣ ਦੇ ਬਰਾਬਰ ਹੈ। ਆਪਣੇ ਵਿਰਸੇ ਦੀਆਂ ਵਿਸ਼ੇਸ਼ਤਾਵਾਂ ਨੂੰ ਨਸ਼ਟ ਕਰਕੇ, ਗੰਧਲਾ ਕਰਕੇ ਕੋਈ ਕਲਾਕਾਰ ਤਰੱਕੀ ਨਹੀਂ ਕਰ ਸਕਿਆ, ਭਾਵੇਂ ਉਹ ਵਕਤੀ ਸ਼ੋਹਰਤ ਤਾਂ ਹਾਸਲ ਕਰ ਸਕਦਾ ਹੈ ਪਰ ਚਿਰ ਸਥਾਈ ਲੋਕਾਂ ਦੇ ਮਨਾਂ ਵਿਚ ਵਾਸਾ ਨਹੀਂ ਕਰ ਸਕਦਾ। ਇਹ ਚਾਰ ਦਿਨਾਂ ਦੇ ਜਲਵੇ ਤਾਂ ਹੋ ਸਕਦੇ ਹਨ ਜਿਨ੍ਹਾਂ ਨੂੰ ਕੁਝ ਮਨਚਲੇ ਜਵਾਨਾਂ ਵੱਲੋਂ ਕੁਝ ਦਿਨਾਂ ਲਈ ਸਲਾਹਿਆ ਜਾਵੇ ਪਰ ਸਥਾਈ ਤਰੱਕੀ ਨਹੀਂ ਹੋ ਸਕਦੀ। ਅਜਿਹੀ ਸਸਤੀ ਸ਼ੋਹਰਤ ਅਖੀਰ ਮੂੰਹ ਭਾਰ ਡਿੱਗਦੀ ਹੈ।

ਇਸ ਲੇਖ ਦੇ ਅਖੀਰ ਵਿਚ ਮੈਨੂੰ ਕੁਝ ਸਤਰਾਂ ਯਾਦ ਆ ਰਹੀਆਂ ਹਨ ਕਿ:-

  • ਚੰਦ ਛਿੱਲੜਾਂ ਦੇ ਲਾਲਚ ਵੱਸ,
  • ਪੈਰੀਂ ਤਹਿਜ਼ੀਬ ਲਿਤਾੜੋ ਨਾ।
  • ਕਲਮਾਂ ਵਾਲਿਓ ਕੁਝ ਹੋਸ਼ ਕਰੋ,
  • ਗੀਤਾਂ ਦਾ ਅਕਸ ਵਿਗਾੜੋ ਨਾ।

ਬਠਿੰਡਾ ਮੋ. 80547-57806
ਹਰਮੀਤ ਸਿਵੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ