ਰਿਸ਼ਤਿਆਂ ਦੀ ਬਦਲ ਗਈ ਨੁਹਾਰ
ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਦੁਨੀਆਂ ਵਿੱਚ ਆਉਂਦਿਆਂ ਹੀ ਰਿਸ਼ਤਿਆਂ ਦੇ ਬੰਧਨ ਵਿੱਚ ਬੱਝ ਜਾਂਦਾ ਹੈ ਅਤੇ ਆਪਣੇ ਆਖਰੀ ਸਾਹਾਂ ਤਕ ਇਸ ਬੰਧਨ ’ਚ ਬੱਝਾ ਰਹਿੰਦਾ ਹੈ। ਸਭ ਤੋਂ ਪਹਿਲਾਂ ਬੱਚੇ ਦਾ ਆਪਣੀ ਮਾਂ ਨਾਲ ਰਿਸ਼ਤਾ ਜੁੜਦਾ ਹੈ ਕਿਉਂਕਿ ਮਾਂ ਅਤੇ ਬੱਚੇ ਦੇ ਰਿਸ਼ਤੇ ਜਿੰਨਾ ਕੋਈ ਵੀ ਪਿਆਰਾ ਰਿਸ਼ਤਾ ਨਹੀਂ ਹੈ। ਕਹਿੰਦੇ ਹਨ ਕਿ ਜਿਸ ਰਿਸ਼ਤੇ ਵਿੱਚ ਇਮਾਨਦਾਰੀ ਨਹੀਂ ਹੁੰਦੀ ਉਹ ਰਿਸ਼ਤੇ ਜ਼ਿੰਦਗੀ ਦੀ ਕਸੌਟੀ ’ਤੇ ਕਦੇ ਵੀ ਖਰੇ ਨਹੀਂ ਉੱਤਰਦੇ ਅਤੇ ਸਮੇਂ ਤੋਂ ਪਹਿਲਾਂ ਹੀ ਦਮ ਤੋੜ ਦਿੰਦੇ ਹਨ। ਹਰ ਇਨਸਾਨ ਦੀ ਜ਼ਿੰਦਗੀ ’ਚ ਮਾਂ ਦਾ ਰਿਸ਼ਤਾ ਹੀ ਅਜਿਹਾ ਹੁੰਦਾ ਹੈ ਜੋ ਬੱਚੇ ਦੇ ਹਰ ਦੁੱਖ-ਸੁੱਖ ਅਤੇ ਤਕਲੀਫ਼ਾਂ ਨੂੰ ਆਪਣੇ ਸੀਨੇ ਅੰਦਰ ਸਮੇਟ ਲੈਂਦੀ ਹੈ। ਮਾਂ ਤੋਂ ਹੀ ਬੱਚਾ ਰਿਸ਼ਤੇ ਨਿਭਾਉਣ ਦੀ ਜਾਚ ਸਿੱਖਦਾ ਹੈ। ਪਹਿਲਾਂ ਰਿਸ਼ਤਿਆਂ ਦੀ ਡੋਰ ਬੜੀ ਪੱਕੀ ਹੁੰਦੀ ਸੀ ਜੋ ਆਖਰੀ ਸਾਹਾਂ ਤਕ ਨਹੀਂ ਸੀ ਟੁੱਟਦੀ। ਹਰ ਰਿਸ਼ਤੇ ਵਿੱਚ ਪਿਆਰ, ਸਤਿਕਾਰ ਅਤੇ ਆਪਣੇਪਣ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੁੰਦੀ ਸੀ। ਸਾਂਝੇ ਪਰਿਵਾਰ ਇਸ ਦੀ ਮਿਸਾਲ ਹੁੰਦੇ ਸਨ। ਉਸ ਸਮੇਂ ਦੀਆਂ ਮੁਟਿਆਰਾਂ ਵੀ ਆਪਣੇ ਬਾਬੁਲ ਅੱਗੇ ਅਰਜ਼ੋਈ ਕਰਕੇ ਸਾਂਝੇ ਪਰਿਵਾਰ ਵਿੱਚ ਵਿਆਹ ਕਰਵਾਉਣ ਦੀ ਮੰਗ ਕਰਦੀਆਂ ਸਨ:
ਦੇਈਂ-ਦੇਈਂ ਵੇ ਬਾਬਲਾ ਮੈਨੂੰ ਓਸ ਘਰ, ਜਿੱਥੇ ਸੱਸ ਦੇ ਬਾਹਲੇ ਪੁੱਤ।
ਇੱਕ ਮੰਗੀਏ ਤੇ ਇੱਕ ਵਿਆਹੀਏ, ਮੈਂ ਸ਼ਾਦੀਆਂ ਦੇਖਾਂ ਨਿੱਤ।।
ਸਾਂਝੇ ਪਰਿਵਾਰਾਂ ਵਿੱਚ ਤਾਂ ਹਰ ਸਮੇਂ ਵਿਆਹ ਸ਼ਾਦੀ ਵਾਲਾ ਮਾਹੌਲ ਬਣਿਆ ਰਹਿੰਦਾ ਸੀ ਅਤੇ ਘਰ ਦਾ ਮੁਖੀ ਹੀ ਸਾਰੇ ਛੋਟੇ-ਵੱਡੇ ਫੈਸਲੇ ਲੈਂਦਾ ਸੀ ਜੋ ਸਭ ਨੂੰ ਮਨਜ਼ੂਰ ਹੁੰਦੇ ਸਨ ਤੇ ਕਿਸੇ ਵਿੱਚ ਹਿੰਮਤ ਨਹੀਂ ਸੀ ਹੁੰਦੀ ਕਿ ਉਸ ਫੈਸਲੇ ’ਤੇ ਕੋਈ ਕਿੰਤੂ-ਪ੍ਰੰਤੂ ਕਰ ਸਕੇ, ਪਰ ਅਜੋਕੇ ਸਮੇਂ ਵਿੱਚ ਤਾਂ ਰਿਸ਼ਤਿਆਂ ਦੀ ਡੋਰ ਇੰਨੀ ਕੱਚੀ ਹੋ ਗਈ ਹੈ ਕਿ ਪਤਾ ਨਹੀਂ ਕਿਸ ਵੇਲੇ ਥੋੜ੍ਹੀ ਜਿਹੀ ਠੋਕਰ ਨਾਲ ਹੀ ਟੁੱਟ ਜਾਵੇ। ਹੁਣ ਘਰ ਦਾ ਮੁਖੀ ਜੋ ਫੈਸਲੇ ਲੈਂਦਾ ਹੈ, ਉਹ ਕਿਸੇ ਨੂੰ ਵੀ ਗਵਾਰਾ ਨਹੀਂ ਹੁੰਦਾ, ਚਾਹੇ ਉਹ ਧੀ ਹੋਵੇ ਜਾਂ ਪੁੱਤ। ਹੁਣ ਤਾਂ ਮੁਟਿਆਰਾਂ ਇਸ ਤਰ੍ਹਾਂ ਦਾ ਸਹੁਰਾ ਘਰ ਲੋਚਦੀਆਂ ਹਨ ਜਿੱਥੇ ਉਨ੍ਹਾਂ ’ਚ ਦਖਲਅੰਦਾਜ਼ੀ ਕਰਨ ਵਾਲਾ ਕੋਈ ਤੀਸਰਾ ਨਾ ਹੋਵੇ ਅਤੇ ਰਿਸ਼ਤੇ ਇੰਨੇ ਨਾਜ਼ੁਕ ਹੋ ਗਏ ਹਨ ਕਿ ਕਿਸੇ ਦਾ ਕਿਸੇ ’ਤੇ ਕੋਈ ਹੱਕ ਹੀ ਨਹੀਂ ਰਿਹਾ ਅਤੇ ਜੇਕਰ ਕੋਈ ਹੱਕ ਜਤਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਉਸ ਨੂੰ ਨਿਰਾਸ਼ਤਾ ਦਾ ਹੀ ਮੂੰਹ ਵੇਖਣਾ ਪੈਂਦਾ ਹੈ।
ਇੰਟਰਨੈੱਟ ਅਤੇ ਸੋਸ਼ਲ ਸਾਈਟਸ ਨੇ ਰਿਸ਼ਤਿਆਂ ਅਤੇ ਦਿਲਾਂ ’ਚ ਇੰਨੀਆਂ ਦੂਰੀਆਂ ਵਧਾ ਦਿੱਤੀਆਂ ਹਨ ਕਿ ਚਾਹੁੰਦੇ ਹੋਏ ਵੀ ਇਹ ਮਿਟ ਨਹੀਂ ਸਕਦੀਆਂ। ਅਸੀਂ ਨੇੜੇ ਹੋ ਕੇ ਕੋਹਾਂ ਦੂਰ ਗਏ ਹਾਂ। ਪਹਿਲਾਂ ਚਿੱਠੀ ਪੱਤਰ ਰਾਹੀਂ ਹੀ ਸਕੇ ਸਬੰਧੀਆਂ ਦੀ ਸੁੱਖ-ਸਾਂਦ ਪੁੱਛੀ ਜਾਂਦੀ ਸੀ। ਘਰ ਦੀ ਸੁਆਣੀ, ਭੈਣ-ਭਰਾ ਅਤੇ ਸੱਜ ਵਿਆਹੀ ਨੂੰ ਚਿੱਠੀ ਦੀ ਬੜੀ ਸ਼ਿੱਦਤ ਨਾਲ ਤਾਂਘ ਰਹਿੰਦੀ ਸੀ। ਜਦੋਂ ਗਲੀ ਵਿੱਚ ਡਾਕੀਏ ਦੇ ਸਾਈਕਲ ਦੀ ਘੰਟੀ ਵੱਜਦੀ ਸੀ ਤਾਂ ਇਹ ਤਾਂਘ ਪਿਆਰੀ ਜਿਹੀ ਖੁਸ਼ੀ ਵਿੱਚ ਬਦਲ ਜਾਂਦੀ ਸੀ। ਨਵੀਂ ਵਿਆਹੀ ਜਦੋਂ ਆਪਣੇ ਮਾਹੀਏ ਵੱਲੋਂ ਲਿਖੀ ਚਿੱਠੀ ਪੜ੍ਹਦੀ ਤਾਂ ਉਸ ਦੇ ਪੈਰ ਧਰਤੀ ’ਤੇ ਨਹੀਂ ਸਨ ਲੱਗਦੇ।
ਹੁਣ ਹਰ ਰਿਸ਼ਤਾ ਸਿਰਫ਼ ਸਵਾਰਥ ਦੀ ਬੁਨਿਆਦ ’ਤੇ ਖੜ੍ਹਾ ਹੈ। ਅੱਜ ਦੇ ਸਮੇਂ ਵਿੱਚ ਕੋਈ ਬੱਚਾ ਨਾ ਆਪਣੇ ਦਾਦਾ-ਦਾਦੀ ਤੋਂ ਰਾਜੇ-ਰਾਣੀਆਂ ਜਾਂ ਪਰੀਆਂ ਦੀਆਂ ਕਹਾਣੀਆਂ ਸੁਣ ਕੇ ਸੌਂਦਾ ਹੈ ਅਤੇ ਨਾ ਹੀ ਉਨ੍ਹਾਂ ਵੱਲੋਂ ਦਿਖਾਏ ਰਾਹ ’ਤੇ ਕੋਈ ਚੱਲਦਾ ਹੈ। ਘਰਾਂ ’ਚ ਬਜ਼ੁਰਗਾਂ ਪ੍ਰਤੀ ਪਿਆਰ-ਸਤਿਕਾਰ ਦੀ ਭਾਵਨਾ ਖ਼ਤਮ ਹੁੰਦੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਘਰ ’ਚ ਫਾਲਤੂ ਸਮਝ ਕੇ ਕੇਅਰ ਹੋਮ ਵਿੱਚ ਰੱਖਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਪੈਸਾ ਕਮਾਉਣ ਦੀ ਦੌੜ ’ਚ ਮਾਪਿਆਂ ਕੋਲ ਆਪਣੇ ਬੱਚਿਆਂ ਲਈ ਟਾਈਮ ਨਹੀਂ ਹੁੰਦਾ ਜਿਸ ਕਾਰਨ ਬੱਚੇ ਉਨ੍ਹਾਂ ਦੇ ਪਿਆਰ ਅਤੇ ਸੰਸਕਾਰਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਬੱਚੇ ਮਾਪਿਆਂ ਕੋਲ ਬੈਠਣ ਦੀ ਜਗ੍ਹਾ ਮੋਬਾਈਲ ਫੋਨ, ਵੀਡੀਓ ਗੇਮਜ਼, ਕਲੱਬ, ਬਾਰਾਂ ਦੇ ਇੰਨੇ ਆਦੀ ਹੋ ਗਏ ਹਨ ਕਿ ਉਨ੍ਹਾਂ ਨੂੰ ਕਿਸੇ ਰਿਸ਼ਤੇ ਦੀ ਕੋਈ ਸਮਝ ਹੀ ਨਹੀਂ ਰਹੀ।
ਪਰਿਵਾਰਾਂ ਦੇ ਹਾਲਾਤ ਇੰਨੇ ਬਦਤਰ ਹੋ ਗਏ ਹਨ ਕਿ ਮੁੰਡਿਆਂ ਨੇ ਤਾਂ ਮਾਪਿਆਂ ਦੀ ਗੱਲ ਸੁਣਨੀ ਹੀ ਕੀ ਸੀ ਕੁੜੀਆਂ ਵੀ ਆਪਣੀ ਮਨਮਰਜ਼ੀ ਕਰਦੀਆਂ ਹਨ। ਮਾਪੇ ਆਪਣੇ ਬੱਚਿਆਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ ਉਹ ਉਸ ਤੋਂ ਕੋਹਾਂ ਦੂਰ ਹਨ। ਪਹਿਲੇ ਸਮਿਆਂ ’ਚ ਜੇ ਕੋਈ ਕਿਸੇ ਨਾਲ ਨਾਰਾਜ਼ ਹੋ ਜਾਂਦਾ ਸੀ ਤਾਂ ਉਸ ਨੂੰ ਮਿਲਣ ਦੀ ਉਡੀਕ ਕੀਤੀ ਜਾਂਦੀ ਸੀ ਕਿ ਜਦੋਂ ਮਿਲਿਆ ਤਾਂ ਭੜਾਸ ਕੱਢ ਲਈ ਜਾਏਗੀ, ਪਰ ਜਦੋਂ ਤਕ ਉਸ ਨੂੰ ਮਿਲਣ ਦੀ ਉਡੀਕ ਖ਼ਤਮ ਹੁੰਦੀ ਸੀ, ਉਸ ਸਮੇਂ ਤਕ ਗੁੱਸਾ ਠੰਢਾ ਹੋ ਚੁੱਕਾ ਹੁੰਦਾ ਸੀ। ਹੁਣ ਜਦੋਂ ਕਿਸੇ ਨੂੰ ਕਿਸੇ ਦੀ ਗੱਲ ’ਤੇ ਗੁੱਸਾ ਆ ਜਾਵੇ ਤਾਂ ਉਹ ਮੋਬਾਈਲ ’ਤੇ ਗਾਲ੍ਹਾਂ ਕੱਢ ਕੇ ਬੇਇਜ਼ਤੀ ਕਰਨ ਲੱਗੇ ਦੇਰ ਨਹੀਂ ਲਗਾਉਂਦਾ। ਅੱਜਕੱਲ੍ਹ ਲੋਕਾਂ ਵਿੱਚੋਂ ਸਹਿਣਸ਼ੀਲਤਾ ਖ਼ਤਮ ਹੁੰਦੀ ਜਾ ਰਹੀ ਹੈ। ਸਹਿਣਸ਼ੀਲਤਾ ਤੋਂ ਵਿਰਵਾ ਮਨੁੱਖ ਹਮੇਸ਼ਾਂ ਆਪਣਿਆਂ ਨੂੰ ਗੁਆ ਬੈਠਦਾ ਹੈ ਅਤੇ ਜਦੋਂ ਤਕ ਉਸ ਨੂੰ ਰਿਸ਼ਤਿਆਂ ਨੂੰ ਨਿਭਾਉਣ ਦੀ ਸਮਝ ਪੈਂਦੀ ਹੈ ਤਾਂ ਇਹ ਰਿਸ਼ਤੇ ਉਸ ਤੋਂ ਬਹੁਤ ਦੂਰ ਜਾ ਚੁੱਕੇ ਹੁੰਦੇ ਹਨ।
ਵਿਜੈ ਗਰਗ,ਸਾਬਕਾ ਪੀਈਐਸ-1,
ਸੇਵਾ ਮੁਕਤ ਪ੍ਰਿੰਸੀਪਲ, ਮਲੋਟ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।