ਆਓ! ਜਾਣੀਏ ਆਟਾ ਪੀਹਣ ਵਾਲੀ ਹੱਥ ਚੱਕੀ ਦੀ ਬਣਤਰ ਬਾਰੇ

ਆਓ! ਜਾਣੀਏ ਆਟਾ ਪੀਹਣ ਵਾਲੀ ਹੱਥ ਚੱਕੀ ਦੀ ਬਣਤਰ ਬਾਰੇ

ਆਓ ! ਅੱਜ ਆਟਾ ਪੀਹਣ ਵਾਲੀ ਹੱਥ ਚੱਕੀ ਦੀ ਬਣਤਰ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰੀਏ । ਮੁੱਖ ਤੌਰ ’ਤੇ ਲਗਭਗ ਦੋ-ਢਾਈ ਫੁੱਟ ਦੇ ਗੋਲ ਆਕਾਰ ਦੇ ਪੱਥਰ, ਜੋ ਕਿ ਦੋਵੇਂ ਹੀ ਲਗਭਗ ਦੋ-ਦੋ ਇੰਚ ਮੋਟਾਈ ਦੇ ਹੁੰਦੇ ਹਨ । ਇਨ੍ਹਾਂ ਨੂੰ ਪੁੜ ਕਿਹਾ ਜਾਂਦਾ ਹੈ ।ਥੱਲੇ ਵਾਲੇ ਪੁੜ ਦੇ ਐਨ ਵਿਚਕਾਰ ਬੜੀ ਪੱਕੀ ਤਰ੍ਹਾਂ ਇੱਕ ਲੋਹੇ ਦੀ ਇੱਕ ਢਾਈ ਕੁ ਇੰਚ ਦੀ ਸਖਤ ਲੋਹੇ ਦੀ ਕਿੱਲੀ ਫਿੱਟ ਹੁੰਦੀ ਹੈ । ਦੂਸਰੇ ਪੁੜ ਨੂੰ ਜੋ ਬਿਲਕੁਲ ਇਸੇ ਹੀ ਸਾਈਜ਼ ਦਾ ਹੁੰਦਾ ਹੈ, ਉਸ ਦੇ ਵਿਚਕਾਰ ਖਾਲੀ ਥਾਂ ਵਿਚ ਦੋ ਕੁ ਇੰਚ ਦੀ ਲੱਕੜ ਦਾ ਇੱਕ ਗੁੁੱਲਾ ਫਿੱਟ ਹੁੰਦਾ ਹੈ ।

ਇਸ ਲੱਕ ਦੇ ਡੱਕ ਜੇਹੇ ਨੂੰ ਮਾਨੀ ਕਹਿੰਦੇ ਹਨ । ਇਸ ਤਰ੍ਹਾਂ ਦੋਵਾਂ ਪੁੜਾਂ ਨੂੰ ਜੋੜ ਲਿਆ ਜਾਂਦਾ ਹੈ । ਮਾਨੀ ਦੁਆਲੇ ਪੀਹਣ ਵਾਲੇ ਦਾਣੇ ਪਾਉਣ ਲਈ ਖਾਲੀ ਜਗ੍ਹਾ ਹੁੰਦੀ ਹੈ ।ਦੋਵਾਂ ਪੁੜਾਂ ਨੂੰ ਬੜੀ ਤਕਨੀਕ ਨਾਲ ਇੱਕ ਖਾਸ ਕਿਸਮ ਦੀ ਛੈਣੀ ਨਾਲ ਟੱਕ ਦੇ ਕੇ ਦਾਣੇ ਪੀਹਣ ਯੋਗ ਤਿਆਰ ਕੀਤਾ ਜਾਂਦਾ ਹੈ । ਟੱਕ ਘਸ ਜਾਣ ’ਤੇ ਕਾਰੀਗਰ ਤੋਂ ਦੁਬਾਰਾ ਲੁਵਾ ਲਏ ਜਾਂਦੇ ਹਨ । ਇਸ ਕੰਮ ਵਿਚ ਮੁਹਾਰਤ ਰਖਣ ਵਾਲੇ ਕਾਰੀਗਰ ਨੂੰ ਚੱਕੀ ਰਾਹ ਕਿਹਾ ਜਾਂਦਾ ਹੈ ।

ਥੱਲੇ ਵਾਲੇ ਪੁੜ ਨੂੰ ਮਿੱਟੀ ਦਾ ਥੱਲਾ ਬਣਾ ਕੇ ਪੱਕੀ ਤਰ੍ਹਾਂ ਫਿੱਟ ਕੀਤਾ ਜਾਂਦਾ ਹੈ । ਫਿਰ ਦੋਵਾਂ ਪੁੜਾਂ ਨੂੰ ਹੇਠ ਉੱਤੇ ਜੋੜ ਦਿਤਾ ਜਾਂਦਾ ਹੈ । ਉਪਰਲੇ ਪੁੜ ਵਿਚ ਚੱਕੀ ਨੂੰ ਗੇੜਾ ਦੇਣ ਲਈ ਲਗਭਗ ਫੁੱਟ ਕੁ ਦਾ ਲੱਕੜ ਦਾ ਡੰਡਾ ਫਿੱਟ ਕੀਤਾ ਹੁੰਦਾ ਹੈ, ਜਿਸ ਨੂੰ ਹੱਥਾ ਕਿਹਾ ਜਾਂਦਾ ਹੈ । ਹੱਥਾ ਫੜ ਕੇ ਗੇੜਾ ਦੇ ਕੇ ਆਟਾ ਪੀਹਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ । ਹੱਥ ਚੱਕੀ ਦੇ ਥੱਲੇ ਨਾਲ ਹੀ ਗੋਲ ਆਕਾਰ ਦਾ ਘੇਰੇ ਦਾਰ ਮਿੱਟੀ ਦੀ ਗੋਲ ਜਿਹੀ ਵਟੀਰੀ ਤਿਆਰ ਕੀਤੀ ਜਾਂਦੀ ਹੈ, ਜਿਸ ਨੂੰ ਗ੍ਰੰਡ ਜਾਂ ਗੰਡ ਕਹਿੰਦੇ ਹਨ । ਇਸ ਵਿਚ ਚੱਕੀ ਦਾ ਪੀਸਿਆ ਜਾ ਰਿਹਾ ਆਟਾ ਇਕੱਠਾ ਹੁੰਦਾ ਹੈ, ਜਿਸ ਨੂੰ ਕੱਪੜੇ ਨਾਲ, ਜਿਸ ਨੂੰ ਪਰੋਲਾ ਕਿਹਾ ਜਾਂਦਾ ਹੈ, ਨਾਲ ਆਟਾ ਇੱਕਠਾ ਕੀਤਾ ਜਾਂਦਾ ਹੇੈ । ਇਹ ਪਰੋਲਾ ਗ੍ਰੰਡ ਨੂੰ ਸਾਫ ਕਰਨ ਲਈ ਵੀ ਵਰਤਿਆ ਜਾਂਦਾ ਹੈ ।

ਆਟਾ ਪੀਸਣ ਦੇ ਅਜੋਕੇ ਸਾਧਨਾਂ ਤੋਂ ਪਹਿਲਾਂ ਘਰ ਦੀ ਸੁਆਣੀ ਸਵੇਰੇ ਤੜਕ ਸਾਰ ਕੁੱਕੜ ਦੀ ਬਾਂਗ ਦੇਣ ਵੇਲੇ ਜਾਗ ਕੇ ਚੱਕੀ ਪੀਹਣਾ ਸ਼ੁਰੂ ਕਰਦੀ ਸੀ । ਚੱਕੀ ਪੀਹਣਾ ਸ਼ੁਰੂ ਕਰਨ ਨੂੰ ਚੱਕੀ ਝੋਣਾ ਵੀ ਕਿਹਾ ਜਾਂਦਾ ਹੈ । ਕਈ ਵਾਰ ਇਸ ਕੰਮ ਨੂੰ ਛੇਤੀ ਮੁਕਾਉਣ ਲਈ ਘਰ ਦੀਆਂ ਦੋ ਔਰਤਾਂ ਦੋਵੇਂ ਇਕੱਠੇ ਰਲਕੇ ਵੀ ਚੱਕੀ ਪੀਸ ਕੇ ਆਟੇ ਦਾ ਜੁਗਾੜ ਕਰਦੀਆਂ ਸਨ । ਘਰ ਦੀਆਂ ਸੁਆਣੀਆਂ ਚੌਂਕੇ ਚੁੱਲ੍ਹੇ ਦਾ ਕੰਮ ਕਰਨ ਤੋਂ ਪਹਿਲਾਂ ਪਹਿਲੇ ਪਹਿਰ ਰਾਤ ਰਹਿੰਦਿਆਂ ਉੱਠ ਕੇ ਲੋੜ ਮੁਤਾਬਕ ਆਟਾ ਪੀਸ ਕੇ ਫਿਰ ਰੋਟੀ ਟੁੱਕ ਦੇ ਆਹਰ ਵਿੱਚ ਲੱਗਦੀਆਂ ਸਨ ।

ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੀ ਮਾਂ ਨੇ ਵੀ ਇਸੇ ਤਰ੍ਹਾਂ ਤੜਕ ਸਾਰ ਜਾਗ ਕੇ ਪਹਿਲਾਂ ਆਟਾ ਪੀਸਣਾ, ਫਿਰ ਮਧਾਣੀ ਪਾਉਣੀ ਭਾਵ ਦੁੱਧ ਰਿੜਕਣਾ ਤੇ ਫਿਰ ਰੋਟੀ ਪਾਣੀ ਦਾ ਕੰਮ ਕਰਦੀ ਸੀ ।ਪਿੰਡਾਂ ਦੇ ਆਮ ਜਿਮੀਂਦਾਰ ਘਰਾਂ ਵਿੱਚ ਜਿੱਥੇ ਮਰਦ ਅਪਣੇ ਹੱਥੀਂ ਵਾਹੀ ਜੋਤੀ ਦਾ ਕੰਮ ਕਰਦੇ ਸਨ ਅਤੇ ਘਰੋਗੀ ਸੁਆਣੀਆਂ ਦੀ ਸਿਹਤ ਵੀ ਹਰ ਪੱਖੋਂ ਹੱਥੀਂ ਕੰਮ-ਕਾਰ ਕਰਨ ਕਰਕੇ ਹਰ ਪੱਖੋਂ ਨਿਰੋਈ ਹੁੰਦੀ ਸੀ ਬਿਮਾਰੀਆਂ ਵੀ ਬਹੁਤ ਘੱਟ ਸਨ । ਮੰਦਰਾਂ, ਗੁਰਦੁਆਰਿਆਂ ਦੇ ਟੱਲਾਂ, ਸੰਖਾਂ, ਬਾਂਗਾਂ ਦੀ ਇਕਸੁਰਤਾ ਅੱਜ ਵਾਂਗ ਧਰਮ ਅਸਥਾਨਾਂ ਵਿੱਚ ਸਪੀਕਰਾਂ ਦੇ ਕੰਨ ਪਾੜਵੇਂ ਰੋਲ ਘਚੋਲੇ ਦੀ ਥਾਂ ਫਿਜਾਂ ਵਿਚ ਸ਼ੋਰ ਦਾ ਪ੍ਰਦੂਸ਼ਣ ਫੈਲਾਉਣ ਦੀ ਬਜਾਏ, ਸਰਵ ਸਾਂਝੀਵਾਲਤਾ ਦਾ ਸੰਦੇਸ਼ ਵੰਡਦੀ ਪ੍ਰਤੀਤ ਹੁੰਦੀ ਸੀ ।

ਅਜੋਕੀ ਵਿਹਲੜ ਤੇ ਨਿਰੀ ਪੁਰੀ ਪਰਵਾਸੀਆਂ ‘ਤੇ ਨਿਰਭਰ ਕਿਰਸਾਨੀ ਤੇ ਨਸ਼ਿਆਂ ਦੀ ਮਾਰ ਹੇਠ ਆਏ ਸਮੁੱਚੇ ਪੰਜਾਬ ਦਾ ਦਿਨੋ-ਦਿਨ ਧੁੰਦਲਾ ਹੋ ਰਿਹਾ ਚਿਹਰਾ ਵੇਖ ਕੇ ਪੁਰਾਣੇ ਸਮੇਂ ਦੀ ਯਾਦ ਆਏ ਬਿਨਾਂ ਨਹੀਂ ਰਹਿੰਦੀ ।ਅੱਧੀ ਸਦੀ ਤੋਂ ਵੱਧ ਉਮਰ ਹੰਢਾ ਚੁੱਕੇ ਲੋਕਾਂ, ਮੇਰੀ ਮਾਂ ਤੇ ਹੋਰ ਸੁੱਘੜ ਸੁਆਣੀਆਂ ਦੀ ਤਸਵੀਰ, ਜਦ ਮੇਰੀਆਂ ਅੱਖਾਂ ਸਾਹਮਣੇ ਉਭਰਦੀ ਹੈ, ਤਾਂ ਉਨ੍ਹਾਂ ਵਿਚ ਚੱਕੀ ਪੀਂਹਦੀ, ਉੱਦਮੀ ਸੁਘੜ ਸੁਆਣੀ ਦਾ ਚਿਹਰਾ ਵੀ ਹੁੰਦਾ ਹੈ ।

ਰਾਜਿੰਦਰ ਰਾਣੀ ਪਿੰਡ ਗੰਢੂਆਂ,

ਸੰਗਰੂਰ 81468-59585

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।