1 ਕਰੋੜ 16 ਲੱਖ ਰੁਪਏ ਮੰਗੀ ਗਈ ਸੀ ਰਿਸ਼ਵਤ, ਓਐਸਡੀ ਪਰਦੀਪ ਕੁਮਾਰ ਰਾਹੀਂ ਆਉਂਦੇ ਸਨ ਫੋਨ

Vijay Singla

1 ਕਰੋੜ 16 ਲੱਖ ਰੁਪਏ ਮੰਗੀ ਗਈ ਸੀ ਰਿਸ਼ਵਤ, ਓਐਸਡੀ ਪਰਦੀਪ ਕੁਮਾਰ ਰਾਹੀਂ ਆਉਂਦੇ ਸਨ ਫੋਨ

ਅਸ਼ਵਨੀ ਚਾਵਲਾ
ਚੰਡੀਗੜ੍ਹ, ਮਈ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਿੱਚ ਸਿਹਤ ਮੰਤਰੀ ਰਹੇ ਵਿਜੈ ਸਿੰਗਲਾ ਵੱਲੋਂ ਆਪਣੇ ਹੀ ਵਿਭਾਗ ਦੇ ਐਸਈ ਰਾਜਿੰਦਰ ਸਿੰਘ ਵੱਲੋਂ 1 ਕਰੋੜ 16 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਸਿਹਤ ਮੰਤਰੀ ਵਿਜੈ ਸਿੰਗਲਾ ਵੱਲੋਂ ਰਿਸ਼ਵਤ ਲੈਣ ਦਾ ਸਾਰਾ ਸਕੈਮ ਖ਼ੁਦ ਅੱਗੇ ਆ ਕੇ ਕਰਨ ਦੀ ਥਾਂ ’ਤੇ ਆਪਣੇ ਓਐਸਡੀ ਪਰਦੀਪ ਕੁਮਾਰ ਵੱਲੋਂ ਕਰਵਾਇਆ ਗਿਆ। ਰਿਸ਼ਵਤ ਲੈਣ ਲਈ ਸਿਹਤ ਮੰਤਰੀ ਵੱਲੋਂ ਪੰਜਾਬ ਭਵਨ ਨੂੰ ਆਪਣਾ ਅੱਡਾ ਬਣਾਇਆ ਗਿਆ ਅਤੇ ਪੰਜਾਬ ਭਵਨ ਦੇ ਕਮਰਾ ਨੰਬਰ 203 ਵਿੱਚ ਰਾਜਿੰਦਰ ਸਿੰਘ ਨੂੰ ਓਐਸਡੀ ਪਰਦੀਪ ਕੁਮਾਰ ਨਾਲ ਗੱਲਬਾਤ ਕਰਨ ਲਈ ਕਿਹਾ ਗਿਆ ਸੀ। ਸਿਹਤ ਮੰਤਰੀ ਦੇ ਇਸ਼ਾਰੇ ’ਤੇ ਹੀ ਓਐਸਡੀ ਪਰਦੀਪ ਕੁਮਾਰ ਵੱਲੋਂ 1 ਕਰੋੜ 16 ਲੱਖ ਰੁਪਏ ਦੀ ਸ਼ੁਰੂਆਤੀ ਰਿਸ਼ਵਤ ਮੰਗੀ ਗਈ ਸੀ, ਜਦੋਂ ਕਿ ਭਵਿਖ ਵਿੱਚ ਹੋਣ ਵਾਲੇ ਹਰ ਤਰ੍ਹਾਂ ਦੇ ਕੰਮ ’ਤੇ 1 ਫੀਸਦੀ ਕਮਿਸ਼ਨ ਦੇਣ ਦੀ ਮੰਗ ਕੀਤੀ ਗਈ ਸੀ।

ਮੁਹਾਲੀ ਦੇ ਥਾਣੇ ਵਿੱਚ ਦਰਜ ਕਰਵਾਈ ਗਈ ਐਫਆਈਆਰ ਵਿੱਚ ਰਾਜਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਉਹ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਫੇਜ 8 ਵਿੱਚ ਬਤੌਰ ਨਿਗਰਾਨ ਇੰਜੀਨੀਅਰ ਤੈਨਾਤ ਹਨ। ਇੱਕ ਮਹੀਨੇ ਪਹਿਲਾਂ ਸਿਹਤ ਮੰਤਰੀ ਵਿਜੇ ਸਿੰਗਲਾ ਨੇ ਪੰਜਾਬ ਭਵਨ ਦੇ 203 ਨੰਬਰ ਕਮਰਾ ਵਿਖੇ ਸੱਦਿਆ ਗਿਆ ਤਾਂ ਜਦੋਂ ਉਹ ਉਥੇ ਪੁੱਜੇ ਤਾਂ ਖ਼ੁਦ ਮੰਤਰੀ ਵਿਜੈ ਸਿੰਗਲਾ ਅਤੇ ਓਐਸਪੀ ਪਰਦੀਪ ਕੁਮਾਰ ਮੌਜ਼ੂਦ ਸਨ।

ਮੰਤਰੀ ਵਿਜੈ ਸਿੰਗਲਾ ਨੇ ਉਨ੍ਹਾਂ ਕਿਹਾ ਕਿ ਪਰਦੀਪ ਕੁਮਾਰ ਜਿਹੜੀ ਵੀ ਗੱਲਬਾਤ ਕਰੇਗਾ, ਉਹ ਸਮਝ ਲੈਣਾ ਕਿ ਉਹ ਹੀ ਕਰ ਰਹੇ ਹਨ, ਉਨ੍ਹਾਂ ਨੂੰ ਕਿਤੇ ਜਾਣ ਦੀ ਜਲਦੀ ਹੈ। ਇਸ ਲਈ ਪਰਦੀਪ ਕੁਮਾਰ ਹੀ ਉਨ੍ਹਾਂ ਨਾਲ ਡੀਲ ਕਰਨਗੇ। ਪਰਦੀਪ ਕੁਮਾਰ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਵੱਲ 41 ਕਰੋੜ ਰੁਪਏ ਦਾ ਵਿਕਾਸ ਕੰਮ ਅਲਾਟ ਹੋਇਆ ਹੈ ਅਤੇ ਮਾਰਚ ਵਿੱਚ ਠੇਕੇਦਾਰਾਂ ਨੂੰ 17 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ, ਜਿਸ ਕਾਰਨ ਕੁਲ 58 ਕਰੋੜ ਰੁਪਏ ਦੀ 2 ਫੀਸਦੀ ਨਾਲ ਕਮਿਸ਼ਨ 1 ਕਰੋੜ 16 ਲੱਖ ਰੁਪਏ ਦਿੱਤਾ ਜਾਵੇ।

ਜੇਕਰ ਰਿਸ਼ਵਤ ਦੇ ਪੈਸੇ ਨਹੀਂ ਦਿੱਤੇ ਤਾਂ ਉਨ੍ਹਾਂ ਦਾ ਸਾਰਾ ਸਰਕਾਰੀ ਕੈਰੀਅਰ ਖ਼ਰਾਬ ਕਰ ਦਿੱਤਾ ਜਾਵੇਗਾ

ਇਸ ਗੱਲ ’ਤੇ ਐਸਈ ਰਾਜਿੰਦਰ ਸਿੰਘ ਨੇ ਕਿਹਾ ਕਿ ਉਹ ਰਿਸ਼ਵਤ ਨਹੀਂ ਦੇ ਸਕਦੇ, ਇਸ ਲਈ ਉਨ੍ਹਾਂ ਨੂੰ ਆਪਣੇ ਵਿਭਾਗ ਵਿੱਚ ਕੰਮ ਕਰਵਾਉਣ ਲਈ ਵਾਪਸ ਭੇਜ ਦਿੱਤਾ ਜਾਵੇ, ਕਿਉਂਕਿ ਉਹ ਤਾਂ ਡੈਪੂਟੇਸ਼ਨ ’ਤੇ ਇਥੇ ਆਏ ਹਨ। ਇਸ ਤੋਂ ਬਾਅਦ ਪਰਦੀਪ ਕੁਮਾਰ ਵੱਲੋਂ 8 ਮਈ, 10 ਮਈ, 12 ਮਈ, 13 ਮਈ ਅਤੇ 23 ਮਈ ਨੂੰ ਫੋਨ ਆਇਆ ਅਤੇ ਵਾਰ-ਵਾਰ ਸੱਦ ਕੇ ਰਿਸ਼ਵਤ ਦੇ ਪੈਸੇ ਮੰਗੇ ਗਏ। ਉਨ੍ਹਾਂ ਵੱਲੋਂ ਇਨਕਾਰ ਕਰਨ ’ਤੇ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਰਿਸ਼ਵਤ ਦੇ ਪੈਸੇ ਨਹੀਂ ਦਿੱਤੇ ਤਾਂ ਉਨ੍ਹਾਂ ਦਾ ਸਾਰਾ ਸਰਕਾਰੀ ਕੈਰੀਅਰ ਖ਼ਰਾਬ ਕਰ ਦਿੱਤਾ ਜਾਵੇਗਾ।

ਜਿਸ ’ਤੇ ਉਨ੍ਹਾਂ ਨੇ ਬੇਨਤੀ ਕੀਤੀ ਕਿ ਉਨ੍ਹਾਂ ਦੀ 30 ਨਵੰਬਰ ਨੂੰ ਰਿਟਾਇਰਮੈਂਟ ਹੈ ਅਤੇ ਉਨ੍ਹਾਂ ਦਾ ਕੈਰੀਅਰ ਖ਼ਰਾਬ ਨਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਵਾਪਸ ਵਿਭਾਗ ਵਿੱਚ ਭੇਜ ਦਿੱਤਾ ਜਾਵੇ। ਇਸ ਦੇ ਨਾਲ ਹੀ ਜਿਹੜਾ ਤੁਹਾਨੂੰ ਰਿਸ਼ਵਤ ਦੇ ਸਕੇ, ਉਸ ਅਧਿਕਾਰੀ ਨੂੰ ਤੁਸੀਂ ਡੈਪੂਟੇਸ਼ਨ ’ਤੇ ਲੈ ਆਓ। ਫਿਰ ਉਨ੍ਹਾਂ ਨੇ ਕਿਹਾ ਕਿ ਤੁਸੀਂ 20 ਮਈ ਨੂੰ 10 ਲੱਖ ਰੁਪਏ ਲੈ ਕੇ ਆਉਣਾ ਅਤੇ ਭਵਿੱਖ ਵਿੱਚ ਅਲਾਟ ਹੋਣ ਵਾਲੇ ਹਰ ਕੰਮ ’ਤੇ 1 ਫੀਸਦੀ ਕਮਿਸ਼ਨ ਦੇਣੀ ਪਵੇਗੀ।

ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 10 ਲੱਖ ਰੁਪਏ ਅਤੇ 1 ਫੀਸਦੀ ਕਮਿਸ਼ਨ ਦੇਣ ਤੋਂ ਵੀ ਇਨਕਾਰ ਕਰ ਦਿੱਤਾ।
ਰਾਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਵਿਜੈ ਸਿੰਗਲਾ ਅਤੇ ਓਐਸਡੀ ਪ੍ਰਦੀਪ ਕੁਮਾਰ ’ਤੇ ਭ੍ਰਿਸ਼ਟਾਚਾਰ ਦੀ ਧਾਰਾ 7 ਅਤੇ 8 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

  • ਅਧਿਕਾਰੀ ਰਾਜਿੰਦਰ ਸਿੰਘ ਨੇ ਦਰਜ ਕਰਵਾਇਆ ਕੇਸ, ਪੰਜਾਬ ਭਵਨ ਨੂੰ ਬਣਾਇਆ ਗਿਆ ਰਿਸ਼ਵਤ ਲੈਣ ਦਾ ਅੱਡਾ
  •  ਸਿਹਤ ਮੰਤਰੀ ਵਿਜੈ ਸਿੰਗਲਾ ਵੱਲੋਂ ਪਰਦੀਪ ਕੁਮਾਰ ਨਾਲ ਡੀਲ ਕਰਨ ਲਈ ਕਿਹਾ ਗਿਆ ਸੀ ਰਾਜਿੰਦਰ ਸਿੰਘ ਨੂੰ

ਭਗਵੰਤ ਮਾਨ ਨੇ ਖ਼ੁਦ ਕਰਵਾਇਆ ਸਟਿੰਗ ਅਪਰੇਸ਼ਨ

ਅਧਿਕਾਰੀ ਰਾਜਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ 10 ਦਿਨ ਪਹਿਲਾਂ ਮਿਲ ਕੇ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਭਗਵੰਤ ਮਾਨ ਇਸ ਮਾਮਲੇ ਵਿੱਚ ਠੋਸ ਸਬੂਤ ਚਾਹੁੰਦੇ ਸਨ, ਜਿਸ ਕਾਰਨ ਉਨ੍ਹਾਂ ਵੱਲੋਂ ਸਟਿੰਗ ਕਰਵਾਉਣ ਫੈਸਲਾ ਕੀਤਾ ਗਿਆ। ਭਗਵੰਤ ਮਾਨ ਵੱਲੋਂ ਰਾਜਿੰਦਰ ਸਿੰਘ ਨੂੰ ਕਿਹਾ ਕਿ ਉਹ ਰਿਸ਼ਵਤ ਲੈਣ ਵਾਲੀ ਸਾਰੀ ਗੱਲਬਾਤ ਫੋਨ ਵਿੱਚ ਰਿਕਾਰਡਿੰਗ ਕਰ ਲੈਣ ਅਤੇ ਉਹ ਰਿਕਾਰਡਿੰਗ ਉਨ੍ਹਾਂ ਤੱਕ ਪਹੁੰਚਾਉਣ। ਜਿਸ ਤੋਂ ਬਾਅਦ ਅਧਿਕਾਰੀ ਰਾਜਿੰਦਰ ਸਿੰਘ ਵੱਲੋਂ ਰਿਸ਼ਵਤ ਲੈਣ ਦੀ ਸਾਰੀ ਗੱਲਬਾਤ ਫੋਨ ਰਾਹੀਂ ਕਰਦੇ ਹੋਏ ਸਾਰੀ ਰਿਕਾਰਡਿੰਗ ਕਰ ਲਈ ਅਤੇ ਇਹ ਸਬੂਤ ਮੁੱਖ ਮੰਤਰੀ ਤੱਕ ਪਹੁੰਚਾ ਦਿੱਤੇ।

ਸਿਹਤ ਮੰਤਰੀ ਨੂੰ ਸੱਦ ਕੇ ਭਗਵੰਤ ਮਾਨ ਨੇ ਸੁਣਾਈ ਰਿਕਾਰਡਿੰਗ

ਮੁੱਖ ਮੰਤਰੀ ਭਗਵੰਤ ਫਮਾਨ ਕੋਲ ਰਿਕਾਰਡਿੰਗ ਆਉਣ ਤੋਂ ਬਾਅਦ ਭਗਵੰਤ ਮਾਨ ਨੇ ਇਸ ਮਾਮਲੇ ਵਿੱਚ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਸੱਦਿਆ ਅਤੇ ਉਨ੍ਹਾਂ ਨੇ ਰਿਸ਼ਵਤ ਲੈਣ ਦੀ ਰਿਕਾਰਡਿੰਗ ਸਿਹਤ ਮੰਤਰੀ ਨੂੰ ਸੁਣਾਈ। ਜਿਸ ਤੋਂ ਬਾਅਦ ਵਿਜੈ ਸਿੰਗਲਾ ਨੇ ਮੁੱਖ ਮੰਤਰੀ ਅੱਗੇ ਗਲਤੀ ਮੰਨਦੇ ਹੋਏ ਸਵੀਕਾਰ ਕਰ ਲਿਆ ਕਿ ਉਨ੍ਹਾਂ ਨੇ ਰਿਸ਼ਵਤ ਮੰਗੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ