ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਹੋਏਗੀ ਛੁੱਟੀ, ਨਵਾਂ ਮਿਲੇਗਾ ਪ੍ਰਧਾਨ
- ਦਿੱਲੀ ਕਾਂਗਰਸ ਹਾਈ ਕਮਾਨ ਵੱਲੋਂ ਸਾਫ਼ ਸੰਕੇਤ, ਕੈਬਨਿਟ ਅਤੇ ਸੰਗਠਨ ’ਚ ਕੀਤੀ ਜਾਏਗੀ ਵੱਡੀ ਤਬਦੀਲੀਨਵਜੋਤ ਸਿੱਧੂ ਦੀ
- ਬਿਆਨਬਾਜ਼ੀ ਤੋਂ ਵੀ ਖ਼ਾਸਾ ਨਰਾਜ਼ਗੀ
ਅਸ਼ਵਨੀ ਚਾਵਲਾ, ਚੰਡੀਗੜ੍ਹ। ਹਾਈ ਕਮਾਨ ਰਾਹੁਲ ਗਾਂਧੀ ਦੀ ਕਚਹਿਰੀ ਵਿੱਚ ਕੈਪਟਨ ਅਮਰਿੰਦਰ ਸਿੰਘ ਆਪਣੀ ਟੀਮ ਨੂੰ ਬਚਾਉਣ ਵਿੱਚ ਕਾਮਯਾਬ ਨਹੀਂ ਹੋਏ , ਜਿਸ ਕਾਰਨ ਜਲਦ ਹੀ ਅਮਰਿੰਦਰ ਸਿੰਘ ਨੂੰ ਕੈਬਨਿਟ ਵਿੱਚ ਨਵੇਂ ਖਿਡਾਰੀ ਮਿਲਣਗੇ, ਹਾਲਾਂਕਿ ਟੀਮ ਵਿੱਚ ਬਦਲਾਓ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਸਲਾਹ ਮਸ਼ਵਰਾ ਜਰੂਰ ਕੀਤਾ ਜਾਏਗਾ ਪਰ ਇਹ ਕੰਮ ਅਗਲੇ 2-3 ਦਿਨਾਂ ਵਿੱਚ ਹੀ ਨਿਪਟਾਇਆ ਜਾਏਗਾ, ਕਿਉਂਕਿ ਕਾਂਗਰਸ ਹਾਈ ਕਮਾਨ ਜੂਨ ਮਹੀਨੇ ਦੇ ਆਖਰ ਤੱਕ ਹੀ ਸਾਰਾ ਮਾਮਲਾ ਨਿਪਟਾਉਂਦੇ ਹੋਏ ਚੋਣਾਂ ਦੀ ਤਿਆਰੀ ਵਿੱਚ ਜੁਟਣ ਦੇ ਆਦੇਸ਼ ਜਾਰੀ ਕਰ ਸਕਦੀ ਹੈ।
ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਛੁੱਟੀ ਲਗਭਗ ਤੈਅ ਕਰ ਦਿੱਤੀ ਗਈ ਹੈ, ਉਨਾਂ ਦੀ ਥਾਂ ‘ਤੇ ਕਾਂਗਰਸ ਪ੍ਰਧਾਨ ਕਿਸ ਨੂੰ ਬਣਾਇਆ ਜਾਏਗਾ, ਇਸ ਸਬੰਧੀ ਅਜੇ ਫੈਸਲਾ ਲੈਣਾ ਬਾਕੀ ਹੈ ਪਰ ਇਸ ਵਿੱਚ ਅਮਰਿੰਦਰ ਸਿੰਘ ਦੀ ਪਸੰਦ ਦੇਖੀ ਜਾ ਸਕਦੀ ਹੈ। ਇਥੇ ਹੀ ਕਾਂਗਰਸ ਹਾਈ ਕਮਾਨ ਨਵਜੋਤ ਸਿੱਧੂ ਦੀ ਪ੍ਰੈਸ ਕਾਨਫਰੰਸ ਤੋਂ ਵੀ ਨਰਾਜ਼ ਨਜ਼ਰ ਆ ਰਹੀ ਹੈ ਪਰ ਇਸ ਕਸੂਰ ਦੇ ਬਦਲੇ ਵੀ ਨਵਜੋਤ ਸਿੱਧੂ ਨੂੰ ਕਾਂਗਰਸ ਤੋਂ ਬਾਹਰ ਦਾ ਰਸਤਾ ਨਹੀਂ ਦਿਖਾਇਆ ਜਾਏਗਾ।
ਪੰਜਾਬ ਕਾਂਗਰਸ ਵਿੱਚ ਚਲ ਰਹੇ ਅੰਦਰੂਨੀ ਕਲੇਸ਼ ਨੂੰ ਦੇਖਦੇ ਹੋਏ ਹੁਣ ਖ਼ੁਦ ਰਾਹੁਲ ਗਾਂਧੀ ਨੇ ਅੱਗੇ ਆਉਂਦੇ ਹੋਏ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਦਰਜਨ ਭਰ ਪੰਜਾਬ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਸਣੇ ਸਾਬਕਾ ਵਿਧਾਇਕਾਂ ਨੂੰ ਸਮਾਂ ਦਿੰਦੇ ਹੋਏ ਉਨਾਂ ਤੋਂ ਪੰਜਾਬ ਕਾਂਗਰਸ ਦੇ ਇਸ ਕਲੇਸ਼ ਦੇ ਕਾਰਨ ਅਤੇ ਇਸ ਕਲੇਸ਼ ਨੂੰ ਖ਼ਤਮ ਕਰਨ ਲਈ ਰਸਤੇ ਬਾਰੇ ਪੁੱਛਿਆ। ਇਸ ਦੌਰਾਨ ਜ਼ਿਆਦਾਤਰ ਵਲੋਂ ਕੈਬਨਿਟ ਵਿੱਚ ਫੇਰ ਬਦਲ ਅਤੇ ਕਾਂਗਰਸ ਪ੍ਰਧਾਨ ਦੀ ਛੁੱਟੀ ਕਰਨ ਲਈ ਕਿਹਾ ਗਿਆ ਹੈ ਇਸ ਦੇ ਨਾਲ ਹੀ ਨਵਜੋਤ ਸਿੱਧੂ ਨੂੰ ਜਿੰਮੇਵਾਰੀ ਦੇਣ ਦੀ ਗਲ ਵੀ ਆਖੀ ਗਈ। ਰਾਹੁਲ ਗਾਂਧੀ ਵਲੋਂ ਹੁਣ ਸੁਨੀਲ ਜਾਖੜ ਨਾਲ ਬੁੱਧਵਾਰ ਨੂੰ ਮੁਲਾਕਾਤ ਕੀਤੀ ਜਾਏਗੀ ਅਤੇ ਇਸੇ ਦਿਨ ਹੀ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਜਾ ਸਕਦੀ ਹੈ। ਇਥੇ ਹੀ ਇਨਾਂ ਨਾਲ ਵੀ ਸਾਰੇ ਮੁੱਦੇ ‘ਤੇ ਗੱਲਬਾਤ ਕੀਤੀ ਜਾਏਗੀ।
ਹੁਣ ਦੇਖਦੇ ਹਾਂ ਕਿਵੇਂ ਕ੍ਰਿਕਟ ਖੇਡਦੇ ਹਨ ਅਮਰਿੰਦਰ ਸਿੰਘ: ਅਸ਼ਵਨੀ ਸੇਖੜੀ
ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੁਰਸੀ ਬਚੀ ਰਹੇਗੀ ਜਾਂ ਫਿਰ ਛੁੱਟੀ ਹੋਏਗੀ, ਇਸ ਸਬੰਧੀ ਕਿਹਾ ਕਿ ਹੁਣ ਇਹ ਦੇਖਣਾ ਪਏਗਾ ਕਿ ਅਮਰਿੰਦਰ ਸਿੰਘ ਕਿਸ ਤਰੀਕੇ ਨਾਲ ਕ੍ਰਿਕਟ ਖੇਡਦੇ ਹਨ, ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਪਰ ਪੰਜਾਬ ਕਾਂਗਰਸ ਅਤੇ ਸਰਕਾਰ ਵਿੱਚ ਕਾਫ਼ੀ ਜਿਆਦਾ ਮਤਲਬ ਪ੍ਰਸਤ ਲੋਕ ਆ ਚੁੱਕੇ ਹਨ, ਜਿਹੜੇ ਆਪਣੇ ਮਤਲਬ ਲਈ ਹੀ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਉਨਾਂ ਤੋਂ ਪੰਜਾਬ ਕਾਂਗਰਸ ਵਿੱਚ ਚਲ ਰਹੇ ਕਲੇਸ਼ ਬਾਰੇ ਪੁੱਛਿਆ ਸੀ ਅਤੇ ਉਨਾਂ ਸਾਰਾ ਮਾਮਲਾ ਦੱਸਣ ਦੇ ਨਾਲ ਹੀ ਇਸ ਦਾ ਹਲ਼ ਵੀ ਦੱਸਿਆ ਹੈ, ਇਸ ਲਈ ਆਉਣ ਵਾਲੇ ਦਿਨਾਂ ਵਿੱਚ ਕਾਫ਼ੀ ਕੁਝ ਹੋ ਸਕਦਾ ਹੈ।
ਕੈਬਨਿਟ ਅਤੇ ਸੰਗਠਨ ‘ਚ ਫੇਰ ਬਦਲ ਹੋ ਸਕਦੈ ਇਸੇ ਹਫ਼ਤੇ : ਰਵਨੀਤ ਬਿੱਟੂ
ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਹਰ ਆਏ ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਨੂੰ ਪੰਜਾਬ ਨੂੰ ਲੈ ਕੇ ਕਾਫ਼ੀ ਜਿਆਦਾ ਚਿੰਤਤ ਹੈ ਤਾਂ ਹੀ ਉੱਚ ਪੱਧਰ ’ਤੇ ਉਨਾਂ ਵਲੋਂ ਗੱਲਬਾਤ ਕੀਤੀ ਜਾ ਰਹੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਜਲਦ ਹੀ ਨਵੀਂ ਕੈਬਨਿਟ ਅਤੇ ਸੰਗਠਨ ਬਣਾਉਣ ਬਾਰੇ ਵਿਚਾਰਾਂ ਹੋ ਰਹੀਆਂ ਹਨ ਅਤੇ ਇਸ ਨੂੰੇ ਅਮਲੀਜਾਮਾ ਅਗਲੇ ਹਫ਼ਤੇ ਤੱਕ ਪਹਿਨਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਆਉਣ ਵਾਲੀਆ ਚੋਣਾਂ ਦੀ ਤਿਆਰੀ ਵਿੱਚ ਜੁਟਣਾ ਹੈ ਤਾਂ ਇਹ ਸਾਰਾ ਮਸਲਾ ਖ਼ਤਮ ਕਰਨਾ ਪਏਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।