ਅੰਗਰੇਜ ਹਕੂਮਤ ਵੇਲੇ ਦਾ ਨਹਿਰੀ ਨੈਟਵਰਕ ਕੈਪਟਨ ਹਕੂਮਤ ਨੇ ਤੋੜਿਆ, ਮੁਲਾਜ਼ਮ ਘਰੋਂ ਕੀਤੇ ਬੇਘਰ

ਮੁਲਾਜਮਾਂ ਨੇ ਮੁੱਖ ਇੰਜੀਨੀਅਰ ਚੌਕਸੀ ਦੇ ਦਫ਼ਤਰ ਅੱਗੇ ਕੀਤੀ ਵਿਸ਼ਾਲ ਰੋਸ ਰੈਲੀ

ਪੁਨਰਗਠਨ ਕਰਨ ਦੇ ਜਾਰੀ ਹੁਕਮਾਂ ਦੀਆਂ ਸਾੜੀਆਂ ਗਈਆਂ ਕਾਪੀਆਂ

ਪਟਿਆਲਾ, (ਨਰਿੰਦਰ ਸਿੰਘ ਚੌਹਾਨ)। ਜਲ ਸਰੋਤ (ਸਿੰਚਾਈ) ਵਿਭਾਗ ਵਿਚਲੇ ਅਮਲਾ ਦਰਜਾ ਤਿੰਨ, ਦਰਜਾ ਚਾਰ ਅਤੇ ਟੈਕਨੀਕਲ ਮੁਲਾਜਮਾਂ ਵੱਲੋਂ ਸੈਂਕੜੇ ਸਾਲਾਂ ਤੋਂ ਚੱਲ ਰਹੇ ਵਿਭਾਗ ਦੇ ਖੇਤਰੀ ਅਤੇ ਦਫਤਰੀ ਢਾਂਚੇ ਦਾ ਪੁਨਰਗਠਨ ਕਰਕੇ ਸਿੰਚਾਈ ਸਿਸਟਮ ਢਾਂਚੇ ਨੂੰ ਤਬਾਹ ਕਰ ਦਿੱਤਾ ਅਤੇ ਹਜ਼ਾਰਾਂ ਅਸਾਮੀਆਂ ਖਤਮ ਕਰਕੇ ਮੁਲਾਜ਼ਮਾਂ ਨੂੰ ਵਾਧੂ ਘੋਸ਼ਿਤ ਕਰ ਦਿੱਤਾ। ਇਸ ਸਭ ਦੇ ਵਿਰੋਧ ਵਿੱਚ ਇੱਥੇ ਸਿੰਚਾਈ ਸਰਕਲ ਭਾਖੜਾ ਮੇਨ ਲਈ ਕੰਪਲੈਕਸ ਵਿਖੇ ਪੁਨਰਗਠਨ ਕਰਨ ਦੇ ਮੁਖੀ ਮੁੱਖ ਇੰਜੀਨੀਅਰ ਚੌਕਸੀ (ਜਲ ਸਰੋਤ) ਦਫਤਰ ਅੱਗੇ ਕੀਤੀ ਵਿਸ਼ਾਲ ਰੈਲੀ ਵਿੱਚ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਹੁਕਮਾਂ ਦੀਆਂ ਕਾਪੀਆਂ ਸਾੜਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ।

ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਖੁਸ਼ਵਿੰਦਰ ਕਪਿਲਾ, ਬਚਿੱਤਰ ਸਿੰਘ, ਦਰਸ਼ਨ ਸਿੰਘ ਲੁਬਾਣਾ, ਅਨਿਲ ਕੁਮਾਰ ਸ਼ਰਮਾ, ਅਮਰ ਬਹਾਦਰ, ਸੁਰਜ ਪਾਲ ਯਾਦਵ, ਪ੍ਰਿਤਮ ਚੰਦ ਠਾਕੁਰ ਨੇ ਕਿਹਾ ਕਿ ਵਿਭਾਗ ਦੇ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ ਆਈ.ਏ.ਐਸ. ਦੇ ਦਸਖਤਾਂ ਹੇਠ ਜਾਰੀ ਨੋਟੀਫਿਕੇਸ਼ਨ ਮਿਤੀ 29 ਜੁਲਾਈ ਵਿੱਚ ਮਿਤੀ 15 ਜੁਲਾਈ ਦੀ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਦਾ ਹਵਾਲਾ ਦੇ ਕੇ ਹਜ਼ਾਰਾਂ ਕਰਮਚਾਰੀਆਂ ਨੂੰ ਘਰੋਂ ਬੇਘਰ ਕਰਨ ਦਾ ਫੁਰਮਾਨ ਜਾਰੀ ਕੀਤਾ ਗਿਆ ਹੈ, ਜੋ ਕੈਪਟਨ ਸਰਕਾਰ ਦੀ ਘਰ-ਘਰ ਨੌਕਰੀ ਦੇਣ ਦੇ ਵਾਅਦੇ ਦੀ ਅਫਸਰਸ਼ਾਹੀ ਨੇ ਫੂਕ ਕੱਢਕੇ ਰੱਖ ਦਿੱਤੀ ਹੈ।

ਆਗੂਆਂ ਨੇ ਕਿਹਾ ਕਿ ਵਿਭਾਗ ਦਾ ਪੁਨਰਗਠਨ ਕਰਨ ਸਮੇਂ ਮੁਲਾਜਮ ਜਥੇਬੰਦੀਆਂ ਦੀ ਸੁਣਵਾਈ ਨਹੀਂ ਕੀਤੀ ਅਤੇ ਸਰਕਾਰ ਦੀ ਅਫਸਰਸ਼ਾਹੀ ਨੇ ਕੋਵਿਡ-19 ਦੀ ਮਹਾਂਮਾਰੀ ਦੀ ਆੜ ਵਿੱਚ ਸੈਂਕੜੇ ਸਾਲਾਂ ਤੋਂ ਸਿੰਚਾਈ ਢਾਂਚੇ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਹਿਰਾ ਜੋ ਪੰਜਾਬ ਦਾ ਸਰਮਾਇਆ ਹੈ, ਇਨ੍ਹਾਂ ਦੇ ਰੈਗੂਲੇਸ਼ਨ ਪੁਆਇੰਟਾਂ ਤੇ ਮੁਲਾਜਮ ਘਟਾ ਦਿੱਤੇ ਹਨ, ਇਸ ਤਰ੍ਹਾਂ ਦਫਤਰੀ ਅਮਲੇ ਦੀ ਵੱਡੀ ਗਿਣਤੀ ਵਿੱਚ ਛਾਂਟੀ ਕੀਤੀ ਗਈ ਹੈ।

ਇਨ੍ਹਾਂ ਆਗੂਆਂ ਐਲਾਨ ਕੀਤਾ ਕਿ ਪੰਜਾਬ ਯੂ.ਟੀ. ਮੁਲਾਜਮ ਤੇ ਪੈਨਸ਼ਨਰ ਸਾਂਝਾ ਮੰਚ ਵੱਲੋਂ ਦਿੱਤੇ ਐਕਸ਼ਨ ਪ੍ਰੋਗਰਾਮ ਸਮੇਤ ਮਨਿਸਟੀਰੀਅਲ ਅਤੇ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਇੰਜ: ਐਸੋਸੀਏਸ਼ਨ, ਰੈਵਨਿਯੂ ਪਟਵਾਰ ਯੂਨੀਅਨ ਆਦਿ ਵਲੋਂ ਦਿੱਤੇ ਐਕਸ਼ਨ ਪ੍ਰੋਗਰਾਮਾਂ ਦੀ ਰੋਸ਼ਨੀ ਸਿੰਚਾਈ ਵਿਭਾਗ ਦੇ ਪੁਨਰਗਠਨ ਸਮੇਤ ਹੋਰ ਵਿਭਾਗਾਂ ਦੇ ਕੀਤੇ ਜਾ ਰਹੇ ਪੁਨਗਰਠਨ ਨੂੰ ਰੋਕਣ ਲਈ 5 ਅਗਸਤ ਨੂੰ ਪਟਿਆਲਾ ਦਾ ਸਮੁੱਚਾ ਤੀਜਾ ਤੇ ਚੌਥਾ ਦਰਜਾ ਮੁਲਾਜ਼ਮ ਸਿੰਚਾਈ ਵਿਭਾਗ ਦੇ ਆਈ.ਬੀ. ਕੰਪਲੈਕਸ ਬਾਰਾਂ ਖੁਹ ਵਿਖੇ ਰੈਲੀ ਕਰਕੇ ਵਹਿਕਲ ਮਾਰਚ ਕਰਕੇ ਮੋਤੀ ਮਹਿਲ ਵਿਖੇ ਵਾਈ.ਪੀ.ਐਸ. ਚੌਂਕ ਵਿਖੇ ਪੰਜਾਬ ਸਰਕਾਰ ਤੇ ਵਿਭਾਗ ਅਧਿਕਾਰੀਆਂ ਦੀ ਅਰਥੀ ਸਾੜੀ ਜਾਵੇਗੀ।

ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸੁਖਦੀਪ ਸਿੰਘ, ਗੁਰਪ੍ਰੀਤ ਸਿੰਘ, ਜਗਮੋਹਨ ਨੋਲੱਖਾ, ਸੁਖਦੀਪ ਗਿਲ, ਗੁਰਦਰਸ਼ਨ ਸਿੰਘ, ਦਰਸ਼ਨ ਸਿੰਘ ਬੇਲੂਮਾਜਰਾ, ਕਾਕਾ ਸਿੰਘ, ਪਿਉਸ਼ ਬਾਂਸਲ, ਕਰਮਜੀਤ ਸਿੰਘ, ਸੰਦੀਪ ਸਿੰਘ, ਸੁਖਦੇਵ ਸਿੰਘ, ਮਨੋਜ ਕੁਮਾਰ, ਰਜਿੰਦਰ ਕੁਮਾਰ, ਨਿਰਮਲ ਸਿੰਘ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ