ਪੰਜਾਬ ਅੰਦਰ ਦਿਨੋ-ਦਿਨ ਵਧਦਾ ਜਾ ਰਿਹੈ ਮੈਡੀਕਲ ਨਸ਼ਿਆਂ ਦਾ ਕਾਰੋਬਾਰ
5 ਸਤੰਬਰ 2020 ਨੂੰ ਬਰਨਾਲਾ ਪੁਲਿਸ ਵੱਲੋਂ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਕਰੋੜ 88 ਲੱਖ ਵੱਖ-ਵੱਖ ਤਰ੍ਹਾਂ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। ਜਿਨ੍ਹਾਂ ਦੀ ਕੀਮਤ ਤਕਰੀਬਨ 15 ਕਰੋੜ ਰੁਪਏ ਦੱਸੀ ਗਈ ਹੈ। ਇਸ ਤੋਂ ਪਹਿਲਾਂ ਵੀ ਬਰਨਾਲਾ ਵਿਖੇ ਵੱਡੀ ਮਾਤਰਾ ‘ਚ ਮੈਡੀਕਲ ਨਸ਼ਾ ਬਰਾਮਦ ਕੀਤਾ ਗਿਆ ਸੀ। ਇਸ ਸੱਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਮੈਡੀਕਲ ਨਸ਼ਾ ਪੰਜਾਬ ਦੇ ਕੁਝ ਡਰੱਗ ਇੰਸਪੈਕਟਰਾਂ ਅਤੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲਦਾ ਹੈ।
ਅਜਿਹੀਆਂ ਦਵਾਈਆਂ ਦਾ ਕਹਿਰ ਨੌਜਵਾਨ ਪੀੜ੍ਹੀ ਅਤੇ ਆਮ ਲੋਕਾਂ ‘ਤੇ ਵਰਸਦਾ ਹੈ। ਨਸ਼ੀਲੀਆਂ ਦਵਾਈਆਂ ਦਾ ਵਪਾਰ ਕਰਨ ਵਾਲੇ ਇਨ੍ਹਾਂ ਵਪਾਰੀਆਂ ਨੇ ਨਸ਼ੀਲੇ ਪਦਾਰਥਾਂ ਨੂੰ ਕਰਿਆਨੇ ਅਤੇ ਮਨਿਆਰੀ ਦੀਆਂ ਦੁਕਾਨਾਂ ਤੱਕ ਪੁੱਜਦਿਆਂ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਸੀ। ਪਰ ਹੁਣ ਪੰਜਾਬ ਸਰਕਾਰ ਵੱਲੋਂ ਨਸ਼ੀਲੇ ਮੈਡੀਕਲ ਪਦਾਰਥਾਂ ਨੂੰ ਫੜਨ ਲਈ ਪੁਲਿਸ ਦੇ ਉੱਚ ਅਫਸਰਾਂ ਨੂੰ ਦਿੱਤੀ ਗਈ ਖੁੱਲ੍ਹ ਤੋਂ ਬਾਅਦ ਮੈਡੀਕਲ ਨਸ਼ੇ ਦੀ ਵਰਤੋਂ ਅਤੇ ਵਿੱਕਰੀ ਵਿੱਚ ਕੁਝ ਫਰਕ ਪਿਆ ਹੈ।
ਇਸ ਸਖਤਾਈ ਕਾਰਨ ਐਨ.ਆਰ.ਐਕਸ. ਕਿਸਮ ਦੀਆਂ ਦਵਾਈਆਂ ‘ਤੇ ਵੀ ਮਾੜਾ ਪ੍ਰਭਾਵ ਪਿਆ ਹੈ। ਜਿਹੜੀਆਂ ਦੌਰੇ/ਦੰਦਲਾਂ/ਗਰਭ/ਅਟੈਕ ਆਦਿ ਵਰਗੀਆਂ ਮੁਸੀਬਤਾਂ ਸਮੇਂ ਵਰਤੋ ‘ਚ ਆਉਂਦੀਆਂ ਸਨ। ਅਜਿਹੀ ਕਿਸਮ ਦੀਆਂ ਦਵਾਈਆਂ ਅਤੇ ਟੀਕੇ ਪੰਜਾਬ ਦੇ ਵੱਡੇ ਵਪਾਰੀਆਂ ਨੇ ਖਰੀਦ ਕਰਨੇ ਬੰਦ ਕਰ ਦਿੱਤੇ ਹਨ। ਜਿਸ ਨਾਲ ਸਾਰਾ ਹੀ ਮੈਡੀਕਲ ਢਾਂਚਾ ਵਿਗੜ ਗਿਆ ਹੈ। ਅਸਲ ਵਿੱਚ ਤਾਂ ਮੁਨੱਖ ਨੂੰ ਮੈਡੀਕਲ ਦਵਾਈਆਂ ਦੀ ਜਰੂਰਤ ਹੀ ਨਹੀਂ ਹੈ ਕਿਉਂਕਿ ਕਰੋਨਾ ਕਰਕੇ ਲੱਗੇ ਲਾਕ ਡਾਊਨ ਕਾਰਨ ਸਮੁੱਚੇ ਦੇਸ਼ ਅੰਦਰ ਦਵਾਈਆਂ ਦੀ ਵਿਕਰੀ 15/20 ਫੀਸਦੀ ਘਟ ਗਈ ਸੀ। ਪੰਜਾਬ ਦੇ ਡਰੱਗ ਇੰਸਪੈਕਟਰਾਂ ਵੱਲੋਂ ਦਫਤਰਾਂ ਵਿੱਚ ਹੀ ਬੈਠੇ ਰਹਿਣ ਕਰਕੇ, ਦਵਾਈਆਂ ਫੜਨ ਦੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਂਦੀ ਹੈ। ਪਰ ਪੁਲਿਸ ਵਿਭਾਗ ਨੂੰ ਮੈਡੀਕਲ ਦੀਆਂ ਦਵਾਈਆਂ ਬਾਰੇ ਜਿਆਦਾ ਜਾਣਕਾਰੀ ਨਾ ਹੋਣ ਕਰਕੇ ਐਨ.ਆਰ.ਐਕਸ. ਦਵਾਈਆਂ ਨੂੰ ਵੀ ਨਸ਼ੀਲੀਆਂ ਦੱਸ ਕੇ ਵਪਾਰੀ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਜਿਸ ਕਰਕੇ ਅਜਿਹੀ ਮੁਸੀਬਤ ਪੈਦਾ ਹੋ ਰਹੀ ਹੈ।
ਸੂਚਨਾ ਅਧਿਕਾਰ ਐਕਟ ‘ਚ ਖੁਲਾਸਾ ਹੋਇਆ ਹੈ ਕਿ ਪੰਜਾਬ ਅੰਦਰ 213 ਫੈਕਟਰੀਆਂ/ਉਦਯੋਗ ਮੈਡੀਕਲ ਦਵਾਈਆਂ ਬਣਾਉਣÎ ਦਾ ਕੰਮ ਕਰ ਰਹੇ ਹਨ ਅਤੇ ਮੈਡੀਕਲ ਸਟੋਰਾਂ ਦੀ ਗਿਣਤੀ 33875 ਤੋਂ ਜਿਆਦਾ ਦੱਸੀ ਜਾਂਦੀ ਹੈ। ਜਿਨ੍ਹਾਂ ਵਿੱਚੋਂ 18546 ਪਰਚੂਨ ਦੇ ਸਟੋਰ ਅਤੇ 15329 ਹੋਲਸੇਲ ਵਿੱਚ ਦਵਾਈਆਂ ਵੇਚ ਰਹੇ ਹਨ ਅਤੇ ਹਰ ਸਾਲ ਵਿਭਾਗ ਕੋਲ ਇੱਕ ਹਜਾਰ ਤੋਂ ਵੀ ਵੱਧ ਨਵੇਂ ਮੈਡੀਕਲ ਲਾਈਸੈਂਸ ਲੈਣ ਲਈ ਅਰਜੀਆਂ ਆ ਰਹੀਆਂ ਸਨ।
ਰਾਜ ਵਿੱਚ ਚੱਲ ਰਹੇ ਕੁੱਲ ਮੈਡੀਕਲ ਸਟੋਰਾਂ ਵਿੱਚੋਂ 28738 ਕੋਲ ਲਾਈਸੈਂਸ ਸਨ। ਜਿਨ੍ਹਾਂ ਵਿੱਚੋਂ 25 ਹਜਾਰ ਮੈਡੀਕਲ ਸਟੋਰ ਹੀ ਕੰਮ ਕਰ ਰਹੇ ਸਨ। 3738 ਲਾਈਸੈਂਸ ਬੰਦ ਪਏ ਸਨ। ਛੇ ਹਜਾਰ ਮੈਡੀਕਲ ਸਟੋਰ ਥੋਕ ਦੇ ਵਪਾਰੀਆਂ ਨੇ ਖੋਲ੍ਹੇ ਹੋਏ ਸਨ। ਸ਼ਹਿਰਾਂ ਅਤੇ ਪਿੰਡਾਂ ਵਿੱਚ ਬਿਨਾਂ ਡਿਗਰੀ ਅਤੇ ਲਾਈਸੈਂਸ ਤੋਂ ਸੈਂਕੜੇ ਮੈਡੀਕਲ ਸਟੋਰ ਕੰਮ ਕਰ ਰਹੇ ਹਨ। ਜਿਨ੍ਹਾਂ ਦਾ ਸਿਹਤ ਵਿਭਾਗ ਕੋਲ ਕੋਈ ਰਿਕਾਰਡ ਨਹੀਂ ਹੈ। ਸ਼ਹਿਰਾਂ ਵਿੱਚ ਵੀ ਜਿਆਦਾਤਰ ਮੈਡੀਕਲ ਸਟੋਰਾਂ ਦੇ ਮਾਲਕਾਂ ਕੋਲ ਪਰਚੂਨ ਵਿੱਚ ਦਵਾਈਆਂ ਵੇਚਣ ਦੇ ਲਾਈਸੈਂਸ ਹੀ ਨਹੀਂ ਹਨ। ਸਗੋਂ ਹੋਲਸੇਲ ਦੇ ਲਾਈਸੈਂਸ ਲੈ ਕੇ ਪਰਚੂਨ ਵਿੱਚ ਨਸ਼ੀਲੀਆਂ ਅਤੇ ਹੋਰ ਮਾਰੂ ਪ੍ਰਭਾਵ ਵਾਲੀਆਂ ਦਵਾਈਆਂ ਵੇਚ ਰਹੇ ਹਨ।
ਸਿਹਤ ਵਿਭਾਗ ਵੱਲੋਂ ਕੋਈ ਉਸਾਰੂ ਡਰੱਗ ਨੀਤੀ ਨਾ ਬਣਾਏ ਜਾਣ ਕਾਰਨ ਅਜਿਹੇ ਸਟੋਰ ਲੋਕ ਮਾਰੂ ਸਾਬਿਤ ਹੋ ਰਹੇ ਹਨ। ਕਿਉਂਕਿ ਵਿਭਾਗ ਵੱਲੋਂ ਦਸਵੀਂ ਪਾਸ ਵਿਅਕਤੀ ਨੂੰ ਹੋਲਸੇਲ ਵਿੱਚ ਦਵਾਈਆਂ ਵੇਚਣ ਦਾ ਲਾਈਸੈਂਸ ਜਾਰੀ ਕਰ ਦਿੱਤਾ ਜਾਂਦਾ ਸੀ। ਪਰ ਪਰਚੂਨ ਵਿੱਚ ਦਵਾਈਆਂ ਵੇਚਣ ਦਾ ਲਾਈਸੈਂਸ ਲੈਣ ਲਈ ਫਰਮਾਸਿਸਟ ਦੀ ਡਿਗਰੀ ਹੋਣੀ ਜਰੂਰੀ ਹੈ। ਜਿਸ ਕਰਕੇ ਹੋਲਸੇਲ ਵਿੱਚ ਦਵਾਈਆਂ ਵੇਚਣ ਦਾ ਲਾਈਸੈਂਸ ਲੈ ਕੇ ਬਹੁਤ ਗਿਣਤੀ ਮੈਡੀਕਲ ਸਟੋਰ ਫਰਮਾਸਿਸਟ ਦੀ ਡਿਗਰੀ ਵਾਲਾ ਕੰਮ ਕਰ ਰਹੇ ਹਨ। ਪਰ ਡਰੱਗ ਇੰਸਪੈਕਟਰਾਂ ਵੱਲੋਂ ਆਪਣੇ ਬੰਨ੍ਹੇ ਗਏ ਮਹੀਨਿਆਂ ਕਾਰਨ ਕੋਈ ਕਾਰਵਾਈ ਹੀ ਨਹੀਂ ਹੁੰਦੀ।
ਜਿਸ ਕਰਕੇ ਪੰਜਾਬ ਵਿੱਚ ਹਰ ਰੋਜ਼ ਕਰੋੜਾਂ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਇੱਕ ਮਸ਼ਹੂਰ ਕੰਪਨੀ ਦਾ ਇੱਕ ਕਰੋੜ ਰੁਪਏ ਤੋਂ ਵੱਧ ਦਾ ਕਫ ਸਿਰਪ ਬਿਨਾਂ ਬਿੱਲ ਤੋਂ ਹੀ ਵਿਕ ਚੁੱਕਿਆ ਸੀ। ਇਸ ਦਵਾਈ ਨੂੰ ਜ਼ਿਆਦਾਤਰ ਨੌਜਵਾਨ ਨਸ਼ੇ ਦੇ ਰੂਪ ਵਿੱਚ ਵਰਤ ਰਹੇ ਸਨ। ਇਸੇ ਤਰ੍ਹਾਂ ਹੀ ਮਾਨਸਿਕ ਸੰਤੁਲਨ ਬਣਾ ਕੇ ਰੱਖਣ ਵਾਲੀਆਂ ਗੋਲੀਆਂ ਦੀ ਵਿੱਕਰੀ ਦਸ ਕਰੋੜ ਰੁਪਏ ਤੋਂ ਜਿਆਦਾ ਬਿਨਾਂ ਬਿੱਲ ਤੋਂ ਹੋਈ। ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਦੇ 65 ਫੀਸਦੀ ਹੋਲਸੇਲਰਾਂ ਕੋਲ ਅਜਿਹੀਆਂ ਦਵਾਈਆਂ ਵੇਚਣ ਦਾ ਕੋਈ ਲਾਈਸੈਂਸ ਹੀ ਨਹੀਂ ਸੀ। ਫਿਰ ਵੀ ਹਰ ਸਾਲ ਅਰਬਾਂ ਰੁਪਏ ਦਾ ਮੈਡੀਕਲ ਨਸ਼ਾ ਵੇਚ ਕੇ ਨੌਜਵਾਨਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਦਿੱਲੀ, ਆਗਰਾ, ਲਖਨਊ ਵਰਗੇ ਸ਼ਹਿਰਾਂ ਵਿੱਚੋਂ ਹਰ ਰੋਜ਼ ਨਸ਼ੀਲੀਆਂ ਦਵਾਈਆਂ ਨਾਲ ਟਰੱਕਾਂ ਦੇ ਟਰੱਕ ਭਰ ਕੇ ਪੰਜਾਬ ਵਿੱਚ ਸੁੱਟੇ ਜਾ ਰਹੇ ਹਨ। ਪੰਜਾਬ ਵਿੱਚ ਮੈਡੀਕਲ ਸਟੋਰਾਂ ਨੂੰ ਚਲਾਉਣ ਅਤੇ ਚਲਵਾਉਣ ਵਾਲੇ ਲੋਕਾਂ ਦਾ ਕੋਈ ਵਧੀਆ ਢਾਂਚਾ ਨਾ ਹੋਣ ਕਰਕੇ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਅਰਬਾਂ-ਖਰਬਾਂ ਰੁਪਏ ਵਿੱਚ ਹੋ ਰਿਹਾ ਹੈ। ਬਹੁਤ ਘੱਟ ਮੈਡੀਕਲ ਸਟੋਰਾਂ ਦੇ ਮਾਲਕ ਦਵਾਈਆਂ ਵੇਚਣ ਦੀ ਯੋਗਤਾ ਰੱਖਦੇ ਹਨ।
ਬਾਕੀ ਸਾਰੇ ਮੈਡੀਕਲ ਸਟੋਰ ਡਰੱਗ ਇੰਸਪੈਕਟਰਾਂ ਦੇ ਸਹਾਰੇ ਚੱਲਦੇ ਹਨ। ਅਜਿਹੇ ਮੈਡੀਕਲ ਸਟੋਰਾਂ ਦੇ ਮਾਲਕਾਂ ਵੱਲੋਂ ਗ੍ਰਾਹਕ ਨੂੰ ਕਦੇ ਵੀ ਕੈਸ਼ ਮੀਮੋ ਨਹੀਂ ਕੱਟ ਕੇ ਦਿੱਤਾ ਜਾਂਦਾ। ਜਿਆਦਾਤਰ ਮੈਡੀਕਲ ਸਟੋਰਾਂ ਵਾਲਿਆਂ ਨੂੰ ਕੈਸ਼ ਮੀਮੋ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ। ਪਰ ਡਰੱਗ ਨੀਤੀ ਨੂੰ ਪੂਰਾ ਕਰਨ ਲਈ ਡਰੱਗ ਇੰਸਪੈਕਟਰ ਮੈਡੀਕਲ ਸਟੋਰਾਂ ਕੋਲੋਂ ਖਾਨਾਪੂਰਤੀ ਕਰਵਾ ਲੈਂਦੇ ਹਨ। ਇਸ ਤਰ੍ਹਾਂ ਹੋਣ ਨਾਲ ਜਿੱਥੇ ਲੋਕਾਂ ਦੀ ਖੂਬ ਆਰਥਿਕ ਲੁੱਟ ਹੁੰਦੀ ਹੈ, ਉੱਥੇ ਹੀ ਘਟੀਆ ਕਿਸਮ ਦੀ ਦਵਾਈ ਮਿਲਣ ਕਰਕੇ ਸਮੇਂ ਤੋਂ ਪਹਿਲਾਂ ਹੀ ਲੋਕਾਂ ਨੂੰ ਰੰਗਲੀ ਦੁਨੀਆਂ ਛੱਡ ਕੇ ਤੁਰਨਾ ਪੈਂਦਾ ਹੈ।
ਘਟੀਆ ਮਿਆਰ ਦੀਆਂ ਆ ਰਹੀਆਂ ਦਵਾਈਆਂ ਕਾਰਨ ਸਥਿਤੀ ਅਜਿਹੀ ਬਣੀ ਹੋਈ ਹੈ ਕਿ ਪੰਜ ਰੁਪਏ ਕੀਮਤ ਵਾਲੀ ਚੀਜ ਦੇ ਪੰਜ ਸੌ ਰੁਪਏ ਵਸੂਲ ਕੀਤੇ ਜਾ ਰਹੇ ਹਨ। ਦੋ ਰੁਪਏ ਦੀ ਕੀਮਤ ਵਾਲਾ ਟੀਕਾ ਦੋ ਸੌ ਰੁਪਏ ਦਾ, ਇੱਕ ਰੁਪਏ ਵਾਲਾ ਗੋਲੀਆਂ ਦਾ ਪੱਤਾ ਤਿੰਨ ਸੌ ਰੁਪਏ ਦਾ ਮਤਲਬ ਕਿ ਇਲਾਜ ਕਰਨ ਦੇ ਨਾਂਅ ‘ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਮੈਡੀਕਲ ਸਟੋਰਾਂ ਵਿੱਚ ਵਿਕ ਰਿਹਾ ਨਸ਼ਾ ਅਤੇ ਮਨੁੱਖੀ ਇਲਾਜ ਵਾਲੀਆਂ ਦਵਾਈਆਂ ਲੋਕਾਂ ਲਈ ਜ਼ਹਿਰ ਦਾ ਕੰਮ ਕਰ ਰਹੀਆਂ ਹਨ। ਕਾਬੂ ਤੋਂ ਬਾਹਰ ਹੋਏ ਮੈਡੀਕਲ ਢਾਂਚੇ ਨੂੰ ਲੋਕਾਂ ਦੀ ਛਿੱਲ ਲਾਹੁਣ ਵਾਲਾ ਢਾਂਚਾ ਹੀ ਕਿਹਾ ਜਾ ਸਕਦਾ ਹੈ।
ਕਿਸੇ ਮਨੁੱਖੀ ਇਲਾਜ ਦੀ ਵਰਤੋਂ ਵਿੱਚ ਆਉਣ ਵਾਲੀ ਦਵਾਈ ਦੀ ਕੀਮਤ ‘ਤੇ ਕੋਈ ਕਾਬੂ ਨਹੀਂ ਹੈ। ਸਭ ਕੁਝ ਮਨਮਰਜੀ ਨਾਲ ਚੱਲ ਰਿਹਾ ਹੈ। ਜਿਸ ਕਰਕੇ ਪੰਜਾਬ ਦੇ ਲੋਕਾਂ ਦਾ ਦਰਦ ਸਮਝਣ ਵਾਲੇ ਕੁਝ ਵਿਅਕਤੀਆਂ ਨੇ ਕਈ ਸ਼ਹਿਰਾਂ ਅੰਦਰ ਮੋਦੀਖਾਨੇ ਖੋਲ੍ਹ ਕੇ ਸਸਤੀਆਂ ਦਵਾਈਆਂ ਦੇਣ ਦਾ ਉਪਰਾਲਾ ਵੀ ਕੀਤਾ ਹੈ। ਜੇਕਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਕੀਤੇ ਗਏ ਦਾਅਵਿਆਂ ਵੱਲ ਨਜ਼ਰ ਮਾਰੀ ਜਾਵੇ ਤਾਂ ਉਨ੍ਹਾਂ ਮੁਤਾਬਿਕ ਨਕਲੀ ਤੇ ਮਿਲਾਵਟੀ ਦਵਾਈਆਂ ਦਾ ਕਾਰੋਬਾਰ ਸਾਲਾਨਾ ਸੱਤ ਹਜਾਰ ਕਰੋੜ ਰੁਪਏ ਤੋਂ ਜ਼ਿਆਦਾ ਹੈ। ਜਿਸ ਦੀ ਮਾਰ ਹੇਠ ਦੇਸ਼ ਦੇ 9 ਰਾਜ ਹਨ। ਕੁੱਲ ਦਵਾਈਆਂ ਦੇ ਕਾਰੋਬਾਰ ਵਿੱਚੋਂ ਨਕਲੀ ਦਵਾਈਆਂ ਦਾ ਕਾਰੋਬਾਰ 35 ਫੀਸਦੀ ਤੋਂ ਜਿਆਦਾ ਹੈ।
ਦੇਸ਼ ਅੰਦਰ ਦਵਾਈਆਂ ਦਾ 22 ਹਜਾਰ ਕਰੋੜ ਰੁਪਏ ਤੋਂ ਜਿਆਦਾ ਦਾ ਕਾਰੋਬਾਰ ਹੈ। ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਪੱਛਮੀ ਬੰਗਾਲ, ਮਹਾਂਰਾਸਟਰ ਆਦਿ ਨਸ਼ੀਲੇ ਮੈਡੀਕਲ ਨਸ਼ੇ ਦੀ ਮਾਰ ਹੇਠ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦਵਾਈਆਂ ਦੀ ਜਾਂਚ ਕਰਨ ਲਈ ਸਿਰਫ਼ 37 ਪ੍ਰਯੋਗਸ਼ਾਲਾ ਹਨ।
ਜਿਨ੍ਹਾਂ ਵਿੱਚੋਂ ਜਿਆਦਤਰ ਬੰਦ ਹੀ ਪਈਆਂ ਹਨ। ਦੂਸਰੇ ਪਾਸੇ ਦੇਸ਼ ਅੰਦਰ ਚਾਲੀ ਹਜਾਰ ਦੇ ਲਗਭਗ ਅਜਿਹੀਆਂ ਦਵਾਈਆਂ ਵੇਚੀਆਂ ਜਾ ਰਹੀਆਂ ਹਨ ਜਿਨ੍ਹਾਂ ‘ਤੇ ਵਿਸ਼ਵ ਦੇ ਕਈ ਦੇਸ਼ ਪਾਬੰਦੀ ਲਾ ਚੁੱਕੇ ਹਨ। ਪੰਜਾਬ ਅੰਦਰ ਵੀ ਕੁਝ ਦਵਾਈਆਂ ਵੇਚਣ ‘ਤੇ ਪਾਬੰਦੀ ਲਾਈ ਗਈ ਸੀ ਪਰ ਉਹ ਵੀ ਸ਼ਰੇਆਮ ਵਿਕ ਰਹੀਆਂ ਹਨ। ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ‘ਤੇ ਨਸ਼ੀਲੀਆਂ ਦਵਾਈਆਂ ਵਿਰੁੱਧ ਚਲਾਈਆਂ ਜਾ ਰਹੀਆਂ ਮੁਹਿੰਮਾਂ ਤੇ ਚੁੱਕੇ ਜਾ ਰਹੇ ਸਖਤ ਕਦਮਾਂ ਦੇ ਬਾਵਜੂਦ ਵੀ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਦੇਸ਼ ਭਰ ਵਿੱਚ 20 ਕਰੋੜ ਤੋਂ ਜਿਆਦਾ ਲੋਕ ਨਸ਼ੀਲੇ ਮੈਡੀਕਲ ਨਸ਼ੇ ਦੀ ਵਰਤੋਂ ਕਰ ਰਹੇ ਹਨ।
ਜਿਨ੍ਹਾਂ ਵਿੱਚੋਂ ਸਭ ਤੋਂ ਜਿਆਦਾ ਪੰਜ-ਆਬ ਦੀ ਧਰਤੀ ਦੇ ਲੋਕ ਹਨ। ਰਾਜ ਅੰਦਰ ਇਸ ਵੇਲੇ 213 ਉਦਯੋਗ ਮੈਡੀਕਲ ਨਾਲ ਸਬੰਧ ਦਵਾਈਆਂ ਤਿਆਰ ਕਰ ਰਹੇ ਹਨ। ਜਿਨ੍ਹਾਂ ਵਿੱਚੋਂ ਸਭ ਤੋਂਂ ਜਿਆਦਾ 67 ਉਦਯੋਗ ਮੋਹਾਲੀ ਨਾਲ ਸਬੰਧਤ ਹਨ ਤੇ ਸਰਹੱਦੀ ਜਿਲ੍ਹੇ ਅੰਮ੍ਰਿਤਸਰ ‘ਚ ਵੀ 40 ਉਦਯੋਗ ਮੈਡੀਕਲ ਨਾਲ ਸਬੰਧਤ ਦਵਾਈਆਂ ਬਣਾ ਰਹੇ ਹਨ। ਜਿਲ੍ਹਾ ਫਿਰੋਜਪੁਰ, ਮਾਨਸਾ, ਪਨਾਨਕੋਟ ‘ਚ ਇੱਕ-ਇੱਕ ਉਦਯੋਗ ਚੱਲ ਰਿਹਾ ਹੈ। ਜਦੋਂਕਿ ਬਠਿੰਡੇ ‘ਚ 9, ਬਰਨਾਲੇ ‘ਚ 5, ਫਤਹਿਗੜ ਸਾਹਿਬ 3, ਮੁਕਤਸਰ ਸਾਹਿਬ 2, ਹੁਸ਼ਿਆਰਪੁਰ 8, ਜਲੰਧਰ 12, ਕਪੂਰਥਲਾ 3, ਲੁਧਿਆਣਾ 32, ਮੋਗਾ 2, ਨਵਾਂ ਸ਼ਹਿਰ 3, ਪਟਿਆਲਾ 15, ਸੰਗਰੂਰ 4, ਤਰਨਤਾਰਨ 3 ਮੈਡੀਕਲ ਦਵਾਈਆਂ ਬਣਾਉਣ ਦੇ ਉਦਯੋਗ ਚੱਲ ਰਹੇ ਹਨ।
ਇਹ ਉਦਯੋਗ ਕਿਹੋ-ਜਿਹੀਆਂ ਮੈਡੀਕਲ ਦਵਾਈਆਂ ਬਣਾ ਰਹੇ ਹਨ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਭਾਰਤ ਅਤੇ ਖਾਸਕਰ ਪੰਜਾਬ ਅੰਦਰ ਜੇਕਰ ਡਰੱਗ ਨੀਤੀ ਨੂੰ ਪੂਰੀ ਤਰ੍ਹਾਂ ਲਾਗੂ ਕਰਦਿਆਂ ਵੱਖ-ਵੱਖ ਕੈਟਾਗਰੀਆਂ ਨਾਲ ਸਬੰਧਤ ਲੋਕਾਂ ਨੂੰ ਆਪਣੇ ਲਾਈਸੈਂਸਾਂ ਦੇ ਹਿਸਾਬ ਨਾਲ ਮੈਡੀਕਲ ਸਟੋਰ ਚਲਾਉਣ ਦੇ ਹੁਕਮ ਜਾਰੀ ਕੀਤੇ ਜਾਣ ਤੇ ਵੱਡੇ ਪੱਧਰ ‘ਤੇ ਲੁਕਵੇਂ ਰੂਪ ‘ਚ ਆ ਰਹੀਆਂ ਨਸ਼ੀਲੀਆਂ ਦਵਾਈਆਂ ‘ਤੇ ਨਜ਼ਰ ਰੱਖੀ ਜਾਵੇ ਤਾਂ ਪੰਜਾਬ ‘ਚ ਵਧ ਰਹੇ ਮੈਡੀਕਲ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
ਪਾਤੜਾਂ, ਪਟਿਆਲਾ
ਮੋ. 98761-01698
ਬ੍ਰਿਸ਼ਭਾਨ ਬੁਜਰਕ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.