Murder Case: ਪੁਲਿਸ ਨੇ ਮੁਲਜ਼ਮ ਕੀਤਾ ਕਾਬੂ
Murder Case: (ਸੁਖਜੀਤ ਮਾਨ) ਬਠਿੰਡਾ। ਰਾਮਪੁਰਾ ਫੂਲ ਨੇੜਲੇ ਪਿੰਡ ਬਦਿਆਲਾ ਵਿਖੇ ਰਹਿ ਰਹੇ ਬਜ਼ੁਰਗ ਜੋੜੇ ਕਿਆਸ ਸਿੰਘ (63) ਪੁੱਤਰ ਕਰਨੈਲ ਸਿੰਘ ਅਤੇ ਉਸਦੀ ਪਤਨੀ ਅਮਰਜੀਤ ਕੌਰ (62) ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਇਸ ਸਬੰਧੀ ਮੁਕੱਦਮਾ ਥਾਣਾ ਸਦਰ ਰਾਮਪੁਰਾ ਵਿਖੇ ਮੁਕੱਦਮ ਦਰਜ ਕੀਤਾ ਗਿਆ ਸੀ। ਇਸ ਅੰਨ੍ਹੇ ਅਤੇ ਦੋਹਰੇ ਕਤਲ ਨੂੰ ਟਰੇਸ ਕਰਨ ਲਈ ਥਾਣਾ ਸਦਰ ਰਾਮਪੁਰਾ ਸੀਆਈਏ ਸਟਾਫ਼ -ਵਨ ਅਤੇ ਸੀਆਈਏ ਸਟਾਫ਼ -ਟੂ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਤਫਤੀਸ਼ ਦੌਰਾਨ ਇਹ ਕਤਲ ਬਜੁਰਗ ਵਿਅਕਤੀ ਦੇ ਭਰਾ ਵੱਲੋਂ ਕੀਤਾ ਪਾਇਆ ਗਿਆ, ਜਿਸ ਨੇ ਜ਼ਮੀਨ ਦੇ ਰੌਲੇ ਦੇ ਚਲਦਿਆਂ ਇਹ ਕਤਲ ਕੀਤਾ ਸੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: Bribe News: ਗਲਾਡਾ ਕਲਰਕ 1500 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਥਾਣਾ ਸਦਰ ਰਾਮਪੁਰਾ ਦੀ ਟੀਮ ਨੇ ਇੱਕ ਭਰੋਸੇਯੋਗ ਇਤਲਾਹ ’ਤੇ ਪਿੰਡ ਬਦਿਆਲਾ ਤੋਂ ਬਿਕਰਮ ਸਿੰਘ ਉਰਫ ਬਿੱਕਰ ਪੁੱਤਰ ਕਰਨੈਲ ਸਿੰਘ ਵਾਸੀ ਬਦਿਆਲਾ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮ ਤੋਂ ਕੀਤੀ ਪੁੱਛਗਿੱਛ ਦੇ ਆਧਾਰ ’ਤੇ ਉਸਦੇ ਘਰੋਂ ਵਾਰਦਾਤ ਵਿੱਚ ਵਰਤਿਆ ਲੋਹੇ ਦਾ ਦਾਹ ਵੀ ਬਰਾਮਦ ਕਰਵਾ ਲਿਆ ਹੈ।
ਕਤਲ ਦੀ ਵਜ੍ਹਾ ਪੁੱਛੇ ਜਾਣ ਸਬੰਧੀ ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਬਿਕਰਮ ਸਿੰਘ ਉਰਫ ਬਿੱਕਰ ਮ੍ਰਿਤਕ ਕਿਆਸ ਸਿੰਘ ਦਾ ਸਕਾ ਭਰਾ ਹੈ, ਜਿਹਨਾਂ ਦੀ ਜ਼ਮੀਨ ਆਪਸ ਵਿੱਚ ਸਾਂਝੀ ਹੈ ਬਿਕਰਮ ਸਿੰਘ ਨੇ ਪੁੱਛਗਿੱਛ ਦੌਰਾਨ ਬਿਆਨ ਕੀਤਾ ਕਿ ਕਿਆਸ ਸਿੰਘ ਨੇ ਸਾਰੀ ਜ਼ਮੀਨ ਸੜਕ ਦੇ ਫਰੰਟ ’ਤੇ ਲੈ ਲਈ ਸੀ, ਇਸ ਕਰਕੇ ਹੀ ਦਸੰਬਰ 2018 ਵਿੱਚ ਰੌਲਾ ਪੈ ਗਿਆ ਸੀ। ਉਹਨਾਂ ਦਾ ਪੁਰਾਣਾ ਜ਼ਮੀਨ ਦਾ ਝਗੜਾ ਚੱਲਦਾ ਸੀ ਜਿਸ ਕਰਕੇ ਬਿਕਰਮ ਸਿੰਘ ਉਰਫ ਬਿੱਕਰ ਪਿਛਲੇ ਕਈ ਸਾਲਾਂ ਤੋਂ ਕਿਆਸ ਸਿੰਘ ਤੋਂ ਖਾਰ ਖਾਂਦਾ ਸੀ ਇਸੇ ਰੰਜਿਸ਼ ਦੇ ਚੱਲਦਿਆਂ ਉਸ ਵੱਲੋਂ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।