ਨਵੇਂ ਭਾਰਤ ਦਾ ਵੱਡਾ ਅੜਿੱਕਾ ਪਰਿਵਾਰਵਾਦੀ ਸਿਆਸਤ
ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਨਾਂ ਨਾਂਅ ਲਏ ਪਰਿਵਾਰਵਾਦੀ ਸਿਆਸੀ ਪਾਰਟੀਆਂ ਨੂੰ ਨਿਸ਼ਾਨੇ ’ਤੇ ਲੈ ਕੇ ਭਾਰਤੀ ਸਿਆਸਤ ਦੀ ਲਗਾਤਾਰ ਤਾਕਤਵਰ ਹੁੰਦੀ ਵਿਸੰਗਤੀ ਅਤੇ ਨਾਬਰਾਬਰੀ ’ਤੇ ਵਾਰ ਕੀਤਾ ਹੈ ਭਾਰਤ ਨੂੰ ਸਿਆਸੀ ਦ੍ਰਿਸ਼ਟੀ ਨਾਲ ਆਦਰਸ਼ ਸ਼ਕਲ ਦੇਣ ਅਤੇ ਨਿਗਾਹਾਂ ’ਚ ‘ਨਵੇਂ ਭਾਰਤ ਸਸ਼ਕਤ ਭਾਰਤ’ ਦੇ ਸੁਫ਼ਨੇ ਨੂੰ ਆਕਾਰ ਦੇਣ ਲਈ ਪਰਿਵਾਰਵਾਦ ਨੂੰ ਹੱਲਾਸ਼ੇਰੀ ਦੇ ਰਹੀਆਂ ਪਾਰਟੀਆਂ ਨੂੰ ਕਟਹਿਰੇ ’ਚ ਖੜ੍ਹਾ ਕਰਨ ਅਤੇ ਪਰਿਵਾਰਵਾਦੀ ਸਿਆਸਤ ’ਤੇ ਰੋਕ ਲਾਉਣ ਦੀ ਬਹੁਤ ਜ਼ਿਆਦਾ ਲੋੜ ਹੈ ਲੋੜ ਇਸ ਲਈ ਵੀ ਹੈ, ਕਿਉਂਕਿ ਅਜਿਹੀਆਂ ਪਾਰਟੀਆਂ ਲੋਕਤੰਤਰ ਅਤੇ ਸੰਵਿਧਾਨ ਦੀ ਭਾਵਨਾ ਨੂੰ ਸਿਰਫ਼ ਸੱਟ ਹੀ ਨਹੀਂ ਮਾਰ ਰਹੀਆਂ ਹਨ,
ਸਗੋਂ ਇੱਕ ਕਿਸਮ ਦੀ ਸਾਮੰਤਸ਼ਾਹੀ ਨੂੰ ਵੀ ਪਾਲ-ਪੋਸ ਰਹੀਆਂ ਹਨ ਚੋਣ ਕਮਿਸ਼ਨ ਦੀ ਇਹ ਜਿੰਮੇਵਾਰੀ ਹੈ ਕਿ ਉਹ ਸਿਆਸੀ ਪਾਰਟੀਆਂ ’ਚ ਅੰਦਰੂਨੀ ਲੋਕਤੰਤਰ ਨੂੰ ਯਕੀਨੀ ਕਰਦੇ ਹੋਏ ਅਜਿਹੀ ਵਿਵਸਥਾ ਬਣਾਉਣ ਕਿ ਪਰਿਵਾਰਵਾਦੀ ਸਿਆਸਤ ’ਤੇ ਰੋਕ ਲੱਗ ਸਕੇ
ਵੰਸ਼ਵਾਦ ਅਤੇ ਪਰਿਵਾਰਵਾਦ ਇੱਕ ਅਰਸੇ ਤੋਂ ਭਾਰਤੀ ਰਾਜਨੀਤੀ ਦਾ ਨਾਸੂਰ ਬਣ ਚੁੱਕਾ ਹੈ ਜਿਸ ਨੇ ਪੂਰੀ ਵਿਵਸਥਾ ਨੂੰ ਅਪਾਹਿਜ਼ ਕਰ ਦਿੱਤਾ ਹੈ
ਇਹ ਭਾਰਤ ਨੂੰ ਮਜ਼ਬੂਤ ਲੋਕਤੰਤਰ ਬਣਾਉਣ ਅਤੇ ਆਦਰਸ਼ ਸ਼ਾਸਨ ਵਿਵਸਥਾ ਦੇਣ ਦਾ ਸਭ ਤੋਂ ਵੱਡਾ ਅੜਿੱਕਾ ਹੈ ਇਸ ਦੇ ਲੱਛਣ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਬੇਰੋਕ ਫੈਲ ਅਤੇ ਵਧ-ਫੁੱਲ ਰਹੇ ਹਨ ਵੰਸ਼ਵਾਦ ਦੀ ਇਸ ਬਿਮਾਰੀ ਨੂੰ ਮਹਾਂਮਾਰੀ ਬਣਾਉਣ ਦੀ ਪੂਰੀ ਜਿੰਮੇਵਾਰੀ ਨਹਿਰੂ-ਗਾਂਧੀ ਪਰਿਵਾਰ ਦੀ ਹੈ ਇਸ ਪਰਿਵਾਰ ਪ੍ਰੇਮ ਨੂੰ ਦੂਜੇ ਕੋਣ ਤੋਂ ਦੇਖਿਆ ਜਾਣਾ ਜ਼ਰੂਰੀ ਹੈ ਕਾਂਗਰਸ ਅੱਜ ਜਿਸ ਲਕਵੇ ਦਾ ਸ਼ਿਕਾਰ ਨਜ਼ਰ ਆ ਰਹੀ ਹੈ ਉਸ ਦੇ ਮੂਲ ’ਚ ਇਹੀ ਹੈ ਕਾਂਗਰਸ ਤਾਂ ਪਰਿਵਾਰਵਾਦ ਦਾ ਪ੍ਰਤੀਕ ਹੀ ਬਣ ਗਈ ਹੈ ਅਸਲ ਵਿਚ ਉਸ ਨੇ ਹੀ ਪਰਿਵਾਰਵਾਦ ਦੀ ਸਿਆਸਤ ਦਾ ਬੀਜ ਬੀਜਿਆ ਹੈ
ਪਰਿਵਾਰਵਾਦੀ ਪਾਰਟੀਆਂ ਅਤੇ ਸੀਨੀਅਰ ਆਗੂਆਂ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਲੋਕਤੰਤਰਿਕ ਮੁੱਲਾਂ, ਭਾਰਤੀ ਆਦਰਸ਼ਾਂ ਅਤੇ ਮਾਨਤਾਵਾਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਨਗੇ ਉਹ ਅਜਿਹਾ ਕਰ ਵੀ ਨਹੀਂ ਰਹੇ ਹਨ, ਕਿਉਂਕਿ ਉਨ੍ਹਾਂ ਦੇ ਸਾਹਮਣੇ ਦੇਸ਼ਹਿੱਤ ਨਹੀਂ, ਪਰਿਵਾਰ ਹਿੱਤ ਮੁੱਖ ਹੁੰਦਾ ਹੈ ਆਪਣੀਆਂ ਪਾਰਟੀਆਂ ਨੂੰ ਨਿੱਜੀ ਦੁਕਾਨ ਵਾਂਗ ਚਲਾਉਣ ਵਾਲੇ ਪਰਿਵਾਰਵਾਦੀ ਆਗੂ ਜਦੋਂ ਸਮਾਨਤਾ, ਸੁਸ਼ਾਸਨ, ਲੋਕਤੰਤਰ, ਸੱਤਾ ’ਚ ਜਨਤਾ ਦੀ ਭਾਗੀਦਾਰੀ ਦੀਆਂ ਗੱਲਾਂ ਕਰਦੇ ਹਨ, ਉਦੋਂ ਉਹ ਅਸਲ ਵਿਚ ਇਨ੍ਹਾਂ ਸਭ ਦਾ ਮਜ਼ਾਕ ਹੀ ਉਡਾ ਰਹੇ ਹੁੰਦੇ ਹਨ
ਸਿਆਸਤ ’ਚ ਪ੍ਰਧਾਨ ਮੰਤਰੀ ਦਾ ਬੇਟਾ ਪ੍ਰਧਾਨ ਮੰਤਰੀ ਹੋਵੇਗਾ ਮੁੱਖ ਮੰਤਰੀ ਦਾ ਬੇਟਾ ਮੁੱਖ ਮੰਤਰੀ ਹੋਵੇਗਾ ਮੰਤਰੀ ਦਾ ਬੇਟਾ ਮੰਤਰੀ ਮੰਤਰੀ ਹੋਵੇਗਾ ਸਾਂਸਦ ਦਾ ਬੇਟਾ ਸਾਂਸਦ ਹੋਵੇਗਾ ਤੇ ਵਿਧਾਇਕ ਦਾ ਬੇਟਾ ਵਿਧਾਇਕ ਹੋਵੇਗਾ ਅਜਿਹੀ ਸਥਿਤੀ ’ਚ ਆਮ ਲੋਕਾਂ ਦੀ ਸਿਆਸੀ ਹਿੱਸੇਦਾਰੀ ਕਿਵੇਂ ਯਕੀਨੀ ਹੋਵੇਗੀ? ਕਿਵੇਂ ਪ੍ਰਤਿਭਾਸ਼ਾਲੀ ਅਤੇ ਸਮਰੱਥ ਲੋਕਾਂ ਦਾ ਦੇਸ਼ ਨਿਰਮਾਣ ’ਚ ਸਿਖ਼ਰਲੇ ਸਥਾਨਾਂ ’ਤੇ ਯੋਗਦਾਨ ਮਿਲ ਸਕੇਗਾ? ਸਿਆਸੀ ਪਾਰਟੀਆਂ ਸੰਘਰਸ਼ਸ਼ੀਲ ਅਤੇ ਇਮਾਨਦਾਰ ਵਿਅਕਤੀਤਵ ਨੂੰ ਸੰਸਦ-ਵਿਧਾਨ ਸਭਾਵਾਂ ’ਚ ਭੇਜਣ ਤੋਂ ਪਹਿਲਾਂ ਹੀ ਪਰਹੇਜ਼ ਕਰ ਰਹੀਆਂ ਹਨ
ਕਾਂਗਰਸ ਨੇ ਦੇਸ਼ ਨੂੰ ਕਮਜ਼ੋਰ ਕਰਨ ਦੀ ਇਸ ਵਿਸੰਗਤੀ ਨੂੰ ਪਾਲਿਆ-ਪੋਸਿਆ ਹੈ, ਉਸ ਤੋਂ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਹੈ ਕਿ ਉਹ ਪਰਿਵਾਰਵਾਦ ਤੋਂ ਦੂਰ ਹੋਵੇਗੀ ਪਰ ਸਮਾਜਵਾਦੀਆਂ ਅਤੇ ਸਮਾਜਵਾਦੀ ਧਾਰਾ ਦੀਆਂ ਸਿਆਸੀ ਪਾਰਟੀਆਂ ’ਤੇ ਹਾਵੀ ਪਰਿਵਾਰਵਾਦ ਕਾਫ਼ੀ ਚਿੰਤਾਜਨਕ ਹੈ ਲੋਹੀਆ ਦੀ ਵਿਰਾਸਤ ਨੂੰ ਮੰਨਣ ਵਾਲੇ ਲਾਲੂ, ਮੁਲਾਇਮ, ਸ਼ਰਦ ਯਾਦਵ ਤੋਂ ਇਹ ਜ਼ਰੂਰ ਪੁੱਛਿਆ ਜਾਣਾ ਚਾਹੀਦਾ ਕਿ ਪਰਿਵਾਰਵਾਦ ਖੜ੍ਹਾ ਕਰਨਾ ਕਿੱਥੋਂ ਦਾ ਸਮਾਜਵਾਦ ਹੈ? ਕੀ ਰਾਮ ਮਨੋਹਰ ਲੋਹੀਆ ਨੇ ਪਰਿਵਾਰਵਾਦ ਦਾ ਸੁਫ਼ਨਾ ਦੇਖਿਆ ਸੀ?
ਸਵ: ਲਾਲ ਬਹਾਦਰ ਸ਼ਾਸਤਰੀ ਦੇ ਪੁੱਤਰ, ਗੋਵਿੰਦਵੱਲਭ ਪੰਤ ਦੇ ਪੁੱਤਰ-ਪੋਤਰੇ, ਮੱਧ ਪ੍ਰਦੇਸ਼ ਦੇ ਸ਼ੁਕਲਾ ਬੰਧੂ ਆਪਣੇ ਪਿਤਾ ਦੀ ਵਿਰਾਸਤ ਨੂੰ ਲੰਮੇ ਸਮੇਂ ਤੱਕ ਸੰਭਾਲਦੇ ਰਹੇ ਸਨ ਹੇਮਵਤੀਨੰਦਨ ਬਹੁਗੁਣਾ ਦੇ ਪਰਿਵਾਰ ਦੇ ਲੋਕ ਵੀ ਇਸ ਲੀਕ ’ਤੇ ਹਨ, ਚੌਧਰੀ ਚਰਨ ਸਿੰਘ ਦੇ ਪੁੱਤਰ ਅਤੇ ਪੋਤੇ ਉਨ੍ਹਾਂ ਦੀ ਸਿਆਸੀ ਵਿਰਾਸਤ ਨੂੰ ਸੰਭਾਲੇ ਹੋਏ ਹਨ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ, ਬਾਬੂ ਜਗਜੀਵਨਰਾਮ ਦੀ ਬੇਟੀ ਹੈਨ ਸੰਗਮਾ ਲੋਕ ਸਭਾ ਦੇ ਸਾਬਕਾ ਸਪੀਕਰ ਹਨ, ਉਹ ਵੀ ਆਪਣੇ ਬੇਟੇ ਅਤੇ ਬੇਟੀ ਨੂੰ ਸਿਆਸਤ ’ਚ ਅੱਗੇ ਕਰਦੇ ਰਹੇ ਹਨ ਮੱਧ ਪ੍ਰਦੇਸ਼ ਦੇ ਰਾਜ ਘਰਾਣੇ ਵਾਲੇ ਸਿੰਧੀਆ ਪਰਿਵਾਰ ਦੀਆਂ ਪੀੜ੍ਹੀਆਂ ਸਿਆਸਤ ਦੀ ਮੂਹਰਲੀ ਕਤਾਰ ’ਚ ਸਰਗਰਮ ਰਹੀਆਂ ਹਨ
ਦੱਖਣ ’ਚ ਤਾਮਿਲਨਾਡੂ ’ਚ ਕਰੁਣਾਨਿਧੀ ਪੁੱਤਰ ਅਤੇ ਪੁੁੱਤਰੀ, ਭਤੀਜੇ ਅਤੇ ਹੋਰ ਰਿਸ਼ਤੇਦਾਰਾਂ ਦੇ ਨਾਲ ਬਦਨਾਮੀ ਝੱਲ ਰਹੇ ਹਨ ਕੇਰਲ ’ਚ ਸਵ: ਕਰੁਣਾਕਰਨ ਨੇ ਪੁੱਤਰ ਮੋਹ ’ਚ ਬਹੁਤ ਖੇਡ ਖੇਡੀ, ਅਤੇ ਪਾਰਟੀ ਨਾਲ ਵਿਦਰੋਹ ਕੀਤਾ ਕਰਨਾਟਕ ’ਚ ਸਵਨਾਮਧੰਨਿਆ ਹਰਦਨਹੱਲੀ ਦੇਵੇਗੌੜਾ ਦੇ ਉਖਾੜ-ਪਛਾੜ ’ਚ ਉਨ੍ਹਾਂ ਦੇ ਬੇਟੇ ਦਾ ਮੁੱਖ ਮੰਤਰੀ ਬਣਨਾ ਅਤੇ ਹਟਾਇਆ ਜਾਣਾ ਇਸ ਪਰਿਵਾਰਵਾਦੀ ਸੋਚ ਦਾ ਨਤੀਜਾ ਹੈ
ਆਂਧਰਾ ’ਚ ਫ਼ਿਲਮਾਂ ਤੋਂ ਆਏ ਸਿਆਸੀ ਆਗੂ/ਮੁੱਖ ਮੰਤਰੀ ਐਨਟੀਆਰ ਦੀ ਵਿਰਾਸਤ ’ਚ ਪਤਨੀ ਲੱਛਮੀ ਅਤੇ ਜਵਾਈ ਚੰਦਰਬਾਬੂ ਨਾਇਡੂ ਦੇ ਰਾਜਕਾਜ ਦੀਆਂ ਗੱਲਾਂ ਹੁਣ ਵੀ ਲੋਕਾਂ ਨੂੰ ਯਾਦ ਹਨ ਆਂਧਰਾ ’ਚ ਹੀ ਸਾਬਕਾ ਮੁੱਖ ਮੰਤਰੀ ਰਾਜਸ਼ੇਖਰ ਰੇੱਡੀ ਤੇ ਪੁੱਤਰ ਜਗਨ ਦੇ ਹੱਕ ਦੀ ਲੜਾਈ ਸਿਰਫ਼ ਕੁਰਸੀ ਲਈ ਚੱਲੀ ਹੈ ਝਾਰਖੰਡ ’ਚ ਸ਼ਿਬੂਸੋਰੇਨ ਦਾ ਅਤੇ ਉਨ੍ਹਾਂ ਦੇ ਬੇਟੇ ਦਾ ਸਿਆਸੀ ਦਾਅ-ਪੇਚ ਸਿਰਫ਼ ਕੁਰਸੀ ਲਈ ਚੱਲਦਾ ਰਿਹਾ ਉੱਥੇ ਕੋਈ ਸਿਧਾਂਤਾਂ ਦੀ ਗੱਲ ਨਹੀਂ ਹੈ ਸ਼ਿਵਸੈਨਾ ਮੁਖੀ ਬਾਲਾ ਸਾਹਿਬ ਦਾ ਪੁੱਤਰ-ਪੋਤਰਾ ਪ੍ਰੇਮ ਸਿਆਸਤ ’ਚ ਪਰਿਵਾਰਵਾਦ ਦਾ ਹੀ ਸਟੀਕ ਉਦਾਹਰਨ ਹੈ ਐਨਸੀਪੀ ਆਗੂ ਸ਼ਰਦ ਪਵਾਰ ਦੀ ਬੇਟੀ ਅਤੇ ਭਤੀਜਾ ਵੀ ਉਨ੍ਹਾਂ ਦੇ ਆਦਰਸ਼ਾਂ ਦੀ ਅਗਵਾਈ ਕਰ ਰਹੇ ਹਨ
ਹਰਿਆਣਾ ’ਚ ਚੌਧਰੀ ਦੇਵੀ ਲਾਲ ਚੌਟਾਲਾ ਦਾ ਪਰਿਵਾਰ, ਪੰਜਾਬ ਦੇ ਪ੍ਰਕਾਸ਼ ਸਿੰਘ ਬਾਦਲ ਹੋਰ ਕਿਸ-ਕਿਸ ਦਾ ਨਾਂਅ ਲਿਆ ਜਾਵੇ, ਸੈਂਕੜੇ ਖਾਨਦਾਨੀ ਆਗੂ ਜਿਨ੍ਹਾਂ ਦੀਆਂ ਰਗਾਂ ’ਚ ਸਿਰਫ਼ ਪਰਿਵਾਰਵਾਦੀ ਸਿਆਸਤ ਵਹਿੰਦੀ ਹੈ ਕਿਉਂਕਿ ਉਹ ਪਰਿਵਾਰ ਦੇ ਮੈਂਬਰ ਹੁੰਦੇ ਹਨ ਇਸ ਲਈ ਤੁਰੰਤ ਪ੍ਰਭਾਵ ਨਾਲ ਮੁਹੱਤਵਪੂਰਨ ਅਹੁਦਿਆਂ ’ਤੇ ਕਾਬਜ਼ ਹੋ ਜਾਂਦੇ ਹਨ, ਕਈ ਯੋਗ ਵਿਅਕਤੀਆਂ ਨੂੰ ਪਛਾੜਦੇ ਹੋਏ ਹੁਣ ਤਾਂ ਅਜਿਹੀਆਂ ਪਾਰਟੀਆਂ ਪਰਿਵਾਰਵਾਦ ਦੇ ਪੱਖ ’ਚ ਕੁਤਰਕਾਂ ਨਾਲ ਖੁੱਲ੍ਹੀ ਵਕਾਲਤ ਕਰਦੀਆਂ ਹਨ
ਇੱਕ ਪਰਿਵਾਰ ਤੋਂ ਇੱਕ ਤੋਂ ਜ਼ਿਆਦਾ ਲੋਕਾਂ ਦਾ ਸਿਆਸਤ ’ਚ ਸਰਗਰਮ ਹੋਣਾ ਓਨੀ ਵੱਡੀ ਸਮੱਸਿਆ ਨਹੀਂ, ਸਗੋਂ ਇੱਕ ਗੁੰਝਲਦਾਰ ਸਮੱਸਿਆ ਪਾਰਟੀ ’ਤੇ ਇੱਕ ਹੀ ਪਰਿਵਾਰ ਦਾ ਕਬਜ਼ਾ ਹੋਣਾ ਹੈ ਹੁਣ ਤਾਂ ਇਹ ਕਬਜ਼ਾ ਪੀੜ੍ਹੀ-ਦਰ-ਪੀੜ੍ਹੀ ਬਰਕਰਾਰ ਰਹਿੰਦਾ ਹੈ ਅਜਿਹਾ ਤਾਂ ਰਾਜ਼ਸ਼ਾਹੀ ’ਚ ਹੁੰਦਾ ਸੀ ਰਾਜ਼ਸ਼ਾਹੀ ਤੋਂ ਲੋਕਤੰਤਰ ਵੱਲ ਵਧਣ ਦਾ ਮਕਸਦ ਰਿਹਾ ਹੈ ਲੋਕਾਂ ਵੱਲੋਂ ਲੋਕਾਂ ਲਈ, ਲੋਕਾਂ ਦੀ ਸਰਕਾਰ ਪਰ ਇਸ ਟੀਚੇ ਨੂੰ ਪਾਉਣ ਲਈ ਹਰੇਕ ਸਿਆਸੀ ਪਾਰਟੀ ਨੂੰ ਅੰਦਰੂਨੀ ਲੋਕਤੰਤਰ ਸਥਾਪਿਤ ਕਰਨਾ ਹੁੰਦਾ ਹੈ
ਆਖ਼ਰ ਰਾਜ਼ਸ਼ਾਹੀ ਵਾਂਗ ਸੰਚਾਲਿਤ ਹੋਣ ਵਾਲੀਆਂ ਪਾਰਟੀਆਂ ਲੋਕਤੰਤਰ ਲਈ ਕਲਿਆਣਕਾਰੀ ਕਿਵੇਂ ਹੋ ਸਕਦੀਆਂ ਹਨ? ਇਹ ਉਹ ਸਵਾਲ ਹੈ, ਜਿਸ ’ਤੇ ਮੋਦੀ ਦੇ ਸੁਰ ’ਚ ਸੁਰ ਮਿਲਾਉਂਦੇ ਹੋਏ ਆਮ ਜਨਤਾ ਨੂੰ ਵਿਚਾਰ ਕਰਨਾ ਹੋਵੇਗਾ, ਕਿਉਂਕਿ ਪਰਿਵਾਰਵਾਦੀ ਰਾਜਨੀਤੀ ਦੇ ਪੋਸ਼ਕ ਤਾਂ ਇਹ ਕੰਮ ਕਦੇ ਨਹੀਂ ਕਰਨ ਵਾਲੇ ਸਭ ਨੂੰ ਯਾਦ ਹੈ ਕਿ ਲੋਕਤੰਤਰ ਲਈ ਪਰਿਵਾਰਵਾਦ ਖ਼ਤਰਨਾਕ ਹੈ ਅਤੇ ਨਹਿਰੂ-ਗਾਂਧੀ ਦੇ ਪਰਿਵਾਰ ਨੇ ਭਾਰਤੀ ਲੋਕਤੰਤਰ ਨੂੰ ਮਖੌਲ ’ਚ ਬਦਲ ਦਿੱਤਾ ਹੈ
ਰਾਹੁਲ ਗਾਂਧੀ ’ਚ ਨਾ ਤਾਂ ਆਪਣੀ ਦਾਦੀ ਵਰਗੀ ਹਿੰਮਤ ਹੈ ਅਤੇ ਨਾ ਹੀ ਪੜਨਾਨੇ ਵਰਗਾ ਆਦਰਸ਼ਵਾਦ ਪਰ ਉਹ ਮਾਂ ਦੀ ਆੜ ’ਚ ਸਿਆਸਤ ਦੀ ਡੋਰ ਖਿੱਚਣ ਤੋਂ ਬਾਜ਼ ਨਹੀਂ ਆ ਰਹੇ ਹਨ, ਇਹ ਦੇਸ਼ ਦੀ ਮਾੜੀ ਕਿਸਮਤ ਹੈ ਹਰ ਅੱਖ ’ਚ ਰੌਸ਼ਨ ਹੈ ਨਵੇਂ ਭਾਰਤ ਦਾ ਸੁਫ਼ਨਾ, ਪਰ ਇਹ ਉਦੋਂ ਆਕਾਰ ਲੈ ਸਕੇਗਾ ਜਦੋਂ ਭਾਰਤ ਦੀ ਸਿਆਸਤ ਦੇ ਦਰਵਾਜਿਆਂ ’ਤੇ ਲੱਗੇ ਪਰਿਵਾਰਵਾਦੀ ਸਿਆਸਤ ਦੇ ਪਹਿਰੇ ਨੂੰ ਹਟਾਇਆ ਜਾਵੇਗਾ, ਨਵੀਆਂ ਪ੍ਰਤਿਭਾਵਾਂ ਅਤੇ ਆਮ ਆਦਮੀ ਲਈ ਸਿਆਸਤ ਦੇ ਦਰਵਾਜੇ ਖੋਲ੍ਹੇ ਜਾਣਗੇ
ਲਲਿਤ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ