ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਆਗੂ ਕਿਮ ਜੋਂਗ ਉਨ ਦੀ ਸਿੰਗਾਪੁਰ ਸਿਖ਼ਰ ਵਾਰਤਾ ਨੂੰ ਨਾ ਸਿਰਫ਼ ਕੋਰਿਆਈ ਪ੍ਰਾਇਦੀਪ, ਸਗੋਂ ਸੰਸਾਰਕ ਸ਼ਾਂਤੀ ਸਥਾਪਨਾ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਦੋਵਾਂ ਆਗੂਆਂ ਵਿਚਾਲੇ ਦੋ ਦੌਰ ਦੀ ਗੱਲਬਾਤ ਤੋਂ ਬਾਅਦ ਕਿਮ ਜੋਂਗ ਨੇ ਜਿੱਥੇ ਪੂਰੀ ਤਰ੍ਹਾਂ ਪਰਮਾਣੂ ਹਥਿਆਰ ਖਾਤਮੇ ਲਈ ਵਚਨਬੱਧਤਾ ਜਤਾਈ ਹੈ, ਤਾਂ ਉੱਥੇ ਹੀ ਬਦਲੇ ਵਿੱਚ ਅਮਰੀਕਾ ਨੇ ਉੱਤਰ ਕੋਰੀਆ ਨੂੰ ਸੁਰੱਖਿਆ ਦੀ ਗਾਰੰਟੀ ਦਿੱਤੀ ਹੈ। ਸਿਖਰ ਵਾਰਤਾ ਤੋਂ ਬਾਅਦ ਐਲਾਨੇ ਸਾਂਝੇ ਦਸਤਾਵੇਜ਼ ਮੁਤਾਬਕ ਅਮਰੀਕਾ ਅਤੇ ਉੱਤਰ ਕੋਰੀਆ ਵਿੱਚ ਹੁਣ ਰਿਸ਼ਤਿਆਂ ਦਾ ਨਵਾਂ ਦੌਰ ਸ਼ੁਰੂ ਹੋਵੇਗਾ। ਸਿੰਗਾਪੁਰ ਦੇ ਸੈਂਟੋਸਾ ਟਾਪੂ ‘ਤੇ ਸਥਿਤ ਕੈਪੇਲਾ ਹੋਟਲ ਵਿੱਚ ਦੋਵਾਂ ਆਗੂਆਂ ਦਾ ਮਿਲਣਾ ਕੋਰੀਆ ਪ੍ਰਾਇਦੀਪ ਦੇ ਅਮਨ ਅਤੇ ਸੰਸਾਰ ਸ਼ਾਂਤੀ ਦੇ ਲਿਹਾਜ਼ ਤੋਂ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਸੀ। ਕਹਿਣਾ ਗਲਤ ਨਹੀਂ ਹੋਵੇਗਾ ਕਿ ਉਤਸੁਕਤਾ ਅਤੇ ਹੈਰਾਨੀ ਨਾਲ ਭਰਪੂਰ ਇਸ ਮੈਰਾਥਨ ਗੱਲਬਾਤ ਵਿੱਚ ਗਰਮਜੋਸ਼ੀ ਦੇ ਨਾਲ-ਨਾਲ, ਡੋਨਾਲਡ ਟਰੰਪ ਅਤੇ ਕਿਮ ਜੋਂਗ ਉਨ ਦਾ ਬਹੁਤ ਕੁੱਝ ਦਾਅ ‘ਤੇ ਲੱਗਾ ਸੀ।
ਪਹਿਲੇ ਦੌਰ ਦੀ ਮੁਲਾਕਾਤ ਖ਼ਤਮ ਹੋਣ ਤੋਂ ਬਾਅਦ ਜਦੋਂ ਕਿਮ ਨੇ ਟਰੰਪ ਨੂੰ ਅੰਗਰੇਜ਼ੀ ਵਿੱਚ ਕਿਹਾ ‘ਨਾਈਸ ਟੂ ਮੀਟ ਯੂ, ਮਿਸਟਰ ਪ੍ਰੈਜੀਡੈਂਟ’ ਅਤੇ ਜਵਾਬ ਵਿੱਚ ਟਰੰਪ ਨੇ ਕਿਮ ਨੂੰ ਕਿਹਾ ‘ਆਈ ਟਰੱਸਟ ਯੂ’ ਉਦੋਂ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਦੋਵੇਂ ਆਗੂ ਅਤੀਤ ਦੀ ਕੁੜੱਤਣ ਅਤੇ ਭਰਮ-ਭੁਲੇਖਿਆਂ ਨੂੰ ਤਿਆਗ ਕੇ ਖੁੱਲ੍ਹੇ ਦਿਲੋਂ ਗੱਲਬਾਤ ਦਾ ਮਨ ਬਣਾ ਕੇ ਸਿੰਗਾਪੁਰ ਆਏ ਹਨ। ਜਿਸ ਤਰ੍ਹਾਂ ਸਿੰਗਾਪੁਰ ਵਿੱਚ ਪੁਰਾਣੀ ਤਲਖੀ ਭੁੱਲ ਕੇ ਟਰੰਪ ਅਤੇ ਕਿਮ ਇੱਕ-ਦੂਜੇ ਨੂੰ ਗਰਮਜੋਸ਼ੀ ਨਾਲ ਮਿਲੇ ਅਤੇ ਵਾਰ-ਵਾਰ ਹੱਥ ਮਿਲਾਏ ਉਸ ਤੋਂ ਇਸ ਗੱਲ ਦੀ ਉਮੀਦ ਕੀਤੀ ਜਾਣੀ ਚਾਹੀਦੀ ਕਿ ਸਿੰਗਾਪੁਰ ਦਸਤਾਵੇਜ਼ ਵਿੱਚ ਲਿਖੇ ਸ਼ਬਦ ਦੇਰ-ਸਵੇਰ ਵਿਵਹਾਰਕ ਰੂਪ ਲੈਣਗੇ ਹੀ।
ਦੁਵੱਲੇ ਸਬੰਧਾਂ ਨੂੰ ਆਮ ਬਣਾਉਣ ਅਤੇ ਕੋਰਿਆਈ ਪ੍ਰਾਇਦੀਪ ਵਿੱਚ ਪੂਰਨ ਪਰਮਾਣੂ ਹਥਿਆਰ ਖਾਤਮੇ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਜਦੋਂ ਟਰੰਪ ਅਤੇ ਕਿਮ ਮਿਲੇ ਤੱਦ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਸੀ ਕਿ ਦੋਵਾਂ ਦੇਸ਼ਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਰਾਰ ਅਤੇ ਡੀਲ ਹੋ ਸਕੇਗੀ। ਜਦੋਂਕਿ ਸਿੰਗਾਪੁਰ ਐਲਾਨ, ਅਸਪੱਸ਼ਟ, ਸ਼ੱਕ ਵਧਾਉਣ ਵਾਲੀ ਅਤੇ ਸਿਆਸਤੀ ਸ਼ਬਦਾਵਲੀ ਵਾਲੀ ਡੀਲ ਹੈ, ਜਿਸ ਵਿੱਚ ਦੋਵਾਂ ਹੀ ਪੱਖਾਂ ਵੱਲੋਂ ਅਜਿਹੀ ਕੋਈ ਸਪੱਸ਼ਟ ਵਚਨਬੱਧਤਾ ਨਹੀਂ ਝਲਕਦੀ ਹੈ, ਜਿਸਦਾ ਮੂਰਤ ਰੂਪ ਨਾਲ ਮੁਲਾਂਕਣ ਕੀਤਾ ਸਕੇ। ਡੀਲ ‘ਤੇ ਸ਼ੱਕ ਦੇ ਕਈ ਕਾਰਨ ਹਨ ।
ਪਹਿਲਾ ਤਾਂ ਇਹ ਕਿ ਹੁਣ ਜਦੋਂ ਕਿ ਕਿਮ ਕੋਰੀਆ ਪ੍ਰਾਇਦੀਪ ਵਿੱਚ ਹਥਿਆਰ ਖਾਤਮੇ ਦੀ ਪ੍ਰਕਿਰਿਆ ਨੂੰ ਸਿਧਾਂਤਕ ਤੌਰ ‘ਤੇ ਸਵੀਕਾਰ ਕਰ ਚੁੱਕੇ ਹਨ, ਅਜਿਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਇਸਨੂੰ ਵਿਵਹਾਰਕ ਰੂਪ ਵਿੱਚ ਕਿਵੇਂ ਲਾਗੂ ਕੀਤਾ ਜਾਵੇਗਾ? ਕਿਮ ਸ਼ੁਰੂ ਤੋਂ ਹੀ ਇਸ ਪ੍ਰਕਿਰਿਆ ਨੂੰ ਪੱਛਮੀ ਦੇਸ਼ਾਂ ਤੋਂ ਆਉਣ ਵਾਲੇ ਨਿਵੇਸ਼ ਅਤੇ ਵਪਾਰ ਨਾਲ ਜੋੜ ਕੇ ਵੇਖਦੇ ਰਹੇ ਹਨ, ਜਦੋਂ ਕਿ ਡੀਲ ਵਿੱਚ ਟਰੰਪ ਨੇ ਪਾਬੰਧੀਆਂ ਨੂੰ ਹਟਾਉਣ ਅਤੇ ਉਸ ਵਿਚ ਢਿੱਲ ਦਿੱਤੇ ਜਾਣ ਵਰਗੀ ਕੋਈ ਗੱਲ ਨਹੀਂ ਕੀਤੀ ਹੈ। ਪਾਬੰਦੀਆਂ ਬਾਰੇ ਟਰੰਪ ਨੇ ਸਿਰਫ਼ ਇੰਨਾ ਹੀ ਕਿਹਾ ਕਿ ਜਦੋਂ ਇਹ ਯਕੀਨੀ ਹੋ ਜਾਵੇਗਾ ਕਿ ਉੱਤਰ ਕੋਰੀਆ ਦੀਆਂ ਪਰਮਾਣੂ ਮਿਜ਼ਾਈਲਾਂ ਹੁਣ ਕਾਰਗਰ ਨਹੀਂ ਹਨ, ਤਾਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਭਾਵ ਕਿਮ ਦੇ ਉਤਸ਼ਾਹ ਅਤੇ ਉੱਤਰ ਕੋਰੀਆ ਦੀ ਪਹਿਲ ਲਈ ਫਿਲਹਾਲ ਡੀਲ ਵਿੱਚ ਕੁੱਝ ਨਹੀਂ ਹੈ ।
ਦੂਸਰੀ ਡੀਲ ਵਿੱਚ ਉੱਤਰ ਕੋਰੀਆ ਦੇ ਪਰਮਾਣੂ ਹਥਿਆਰਾਂ ਨੂੰ ਨਸ਼ਟ ਕਰਨ ਦੀ ਕੋਈ ਸਮਾਂ ਸੀਮਾ ਨਹੀਂ ਹੈ ਅਤੇ ਨਾ ਹੀ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਉੱਤਰ ਕੋਰੀਆ ਆਪਣੇ ਮਿਜ਼ਾਈਲ ਪ੍ਰੋਗਰਾਮ ਦਾ ਤਿਆਗ ਕਿਸ ਹੱਦ ਤੱਕ ਕਰੇਗਾ ਪਰ ਇਹ ਜ਼ਿਕਰਯੋਗ ਹੈ ਕਿ ਉਹ ਅਜਿਹਾ ਕਰਨ ਲਈ ਸਹਿਮਤੀ ਜਤਾ ਰਿਹਾ ਹੈ। ਡੀਲ ‘ਤੇ ਇੱਕ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਅਮਰੀਕਾ ਨੇ ਉੱਤਰ ਕੋਰੀਆ ਨੂੰ ਸੁਰੱਖਿਆ ਦਾ ਜੋ ਭਰੋਸਾ ਦਵਾਇਆ ਹੈ, ਉਸ ਭਰੋਸੇ ਦਾ ਕੋਈ ਸਪੱਸ਼ਟ ਰੂਪ ਹੁਣ ਤੱਕ ਸਾਹਮਣੇ ਨਹੀਂ ਆਇਆ ਹੈ, ਅਲਬੱਤਾ ਉਸਨੇ ਦੱਖਣ ਕੋਰੀਆ ਦੇ ਨਾਲ ਸਾਂਝਾ ਫੌਜੀ ਅਭਿਆਸ ਰੋਕ ਦੇਣ ਦੇ ਸੰਕੇਤ ਜ਼ਰੂਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਫੌਜੀ ਅਭਿਆਸ ਨੂੰ ਲੈ ਕੇ ਕਿਮ ਜੋਂਗ ਉਨ ਕਾਫ਼ੀ ਨਰਾਜ਼ ਸਨ ਅਤੇ ਇਸਦੀ ਵਜ੍ਹਾ ਨਾਲ ਉਨ੍ਹਾਂ ਨੇ ਗੱਲਬਾਤ ਤੋਂ ਹਟ ਜਾਣ ਦੀ ਧਮਕੀ ਵੀ ਦਿੱਤੀ ਸੀ।
ਦੋਵਾਂ ਆਗੂਆਂ ਵਿੱਚ ਗੱਲਬਾਤ ਤੋਂ ਬਾਅਦ ਕਰਾਰ ਦੇ ਜਿਸ ਸਵਰੂਪ ‘ਤੇ ਹਸਤਾਖਰ ਕੀਤੇ ਗਏ ਹਨ, ਉਸਦੀ ਸ਼ਬਦਾਵਲੀ ‘ਤੇ ਗੌਰ ਕਰੀਏ ਤਾਂ ਵੇਖਾਂਗੇ ਕਿ ਅਸਲ ਵਿੱਚ ਜੋ ਸਮਝੌਤਾ ਹੋਇਆ ਹੈ, ਉਹ ਟੀਚੇ ਤੋਂ ਕੋਹਾਂ ਦੂਰ ਹੈ।
ਅਮਰੀਕਾ ਚਾਹੁੰਦਾ ਸੀ ਕਿ ਉੱਤਰ ਕੋਰੀਆ ਹਮੇਸ਼ਾ ਲਈ ਸਮੁੱਚਾ ਪਰਮਾਣੂ ਹਥਿਆਰ ਖਾਤਮੇ ਲਈ ਰਾਜੀ ਹੋਵੇ ਪਰ ਕਿਮ ਨੇ ਉੱਤਰ ਕੋਰੀਆ ਦੇ ਪੂਰਨ ਅਤੇ ਸਥਾਈ ਅਤੇ ਅੰਤਰਰਾਸ਼ਟਰੀ ਮਾਨਕਾਂ ਦੇ ਅਨੁਸਾਰ ਪਰਮਾਣੂ ਹਥਿਆਰ ਖਾਤਮੇ ਦੀ ਰਜਾਮੰਦੀ ਦੀ ਬਜਾਏ ਕੋਰੀਆ ਪ੍ਰਾਇਦੀਪ ਦੇ ਪੂਰਨ ਹਥਿਆਰ ਖਾਤਮੇ ਦੀ ਕੋਸ਼ਿਸ਼ ਦੀ ਗੱਲ ਕਹੀ ਹੈ ਇਸਦਾ ਇੱਕ ਮਤਲਬ ਇਹ ਵੀ ਲਾਇਆ ਜਾ ਸਕਦਾ ਹੈ ਕਿ ਅਮਰੀਕਾ ਨੇ ਦੱਖਣ ਕੋਰੀਆ ਦੀ ਸੁਰੱਖਿਆ ਲਈ ਜੋ ਪਰਮਾਣੂ ਹਥਿਆਰ ਤੈਨਾਤ ਕੀਤੇ ਹੋਏ ਹਨ, ਉਨ੍ਹਾਂ ਨੂੰ ਵੀ ਹਟਾਇਆ ਜਾਵੇਗਾ । ਕੀ ਅਮਰੀਕਾ ਅਜਿਹਾ ਕਰੇਗਾ? ਸੱਚ ਤਾਂ ਇਹ ਹੈ ਕਿ ਸਿੰਗਾਪੁਰ ਐਲਾਨ ਵਿੱਚ ਪਰਮਾਣੂ ਹਥਿਆਰ ਖਾਤਮੇ ਸਬੰਧੀ ਬੇਯਕੀਨੀ ਦੇ ਉਹ ਤਮਾਮ ਤੱਤ ਮੌਜੂਦ ਹਨ ਜੋ ਭਵਿੱਖ ਵਿੱਚ ਦੋਵਾਂ ਦੇਸ਼ਾਂ ਵਿੱਚ ਕੁੜੱਤਣ ਦਾ ਕਾਰਨ ਬਣ ਸਕਦੇ ਹਨ ।
ਇਸ ਤੋਂ ਇਲਾਵਾ ਕਰਾਰ ਵਿੱਚ ਆਪਸ ਵਿੱਚ ਵਿਸ਼ਵਾਸ ਬਹਾਲੀ ਦੀ ਦਿਸ਼ਾ ਵਿੱਚ ਅੱਗੇ ਵਧਣ ਦੇ ਕਿਸੇ ਫਾਰਮੂਲੇ ਦੀ ਗੱਲ ਵੀ ਨਹੀਂ ਹੈ। ਕਰਾਰ ਦੀ ਪਾਲਣਾ ਵਿੱਚ ਉੱਤਰ ਕੋਰੀਆ ਪਰਮਾਣੂ ਹਥਿਆਰ ਖਾਤਮੇ ਦੀ ਦਿਸ਼ਾ ਵਿੱਚ ਕੋਈ ਕਦਮ ਚੁੱਕਦਾ ਵੀ ਹੈ ਤਾਂ ਟਰੰਪ ਸਹਿਜ਼ਤਾ ਨਾਲ ਉਸ ‘ਤੇ ਵਿਸ਼ਵਾਸ ਕਰ ਲੈਣਗੇ ਇਸ ਵਿੱਚ ਸ਼ੱਕ ਹੈ। ਗੱਲਬਾਤ ਤੋਂ ਪਹਿਲਾਂ ਜਦੋਂ ਉੱਤਰ ਕੋਰੀਆ ਨੇ ਆਪਣੇ ਪਰਮਾਣੂ ਸਾਈਟ ਖੇਤਰਾਂ ਨੂੰ ਅੰਤਰਰਾਸ਼ਟਰੀ ਮੀਡੀਆ ਦੇ ਸਾਹਮਣੇ ਨਸ਼ਟ ਕਰਨ ਦੀ ਕਾਰਵਾਈ ਕੀਤੀ ਤਾਂ ਟਰੰਪ ਨੇ ਉੱਤਰ ਕੋਰੀਆ ਦੀ ਇਸ ਕਾਰਵਾਈ ਨੂੰ ਰੱਦ ਕਰ ਦਿੱਤਾ ਸੀ। ਟਰੰਪ ਦਾ ਮੰਨਣਾ ਸੀ ਕਿ ਇਹ ਸਿਰਫ਼ ਦਿਖਾਵਾ ਸੀ, ਕਿਉਂਕਿ ਉੱਥੇ ਅੰਤਰਰਾਸ਼ਟਰੀ ਨਿਗਰਾਨਾਂ ਨੂੰ ਜਾਣ ਹੀ ਨਹੀਂ ਦਿੱਤਾ ਗਿਆ । ਤੀਸਰਾ, ਉੱਤਰ ਕੋਰੀਆ ਦੁਬਾਰਾ ਕੋਈ ਪ੍ਰੀਖਣ ਨਹੀਂ ਕਰੇਗਾ ਇਸਦੀ ਕੀ ਗਾਰੰਟੀ ਹੈ ।
ਅਜਿਹੀ ਸੰਭਾਵਨਾ ਇਸ ਲਈ ਬੇਵਜ੍ਹਾ ਨਹੀਂ ਹੈ ਕਿ ਕਿਮ ਜੋਂਗ ਜਿਸ ਉਦੇਸ਼ ਤੇ ਉਮੀਦ ਨੂੰ ਲੈ ਕੇ ਗੱਲਬਾਤ ਦੀ ਟੇਬਲ ਤੱਕ ਆਉਣ ਲਈ ਰਾਜ਼ੀ ਹੋਏ ਸਨ ਉਹ ਹਾਲੇ ਪੂਰੀ ਨਹੀਂ ਹੋਈ ਹੈ । ਉਹ ਅਮਰੀਕਾ ਦੇ ਨਾਲ ਅਜਿਹੀ ਡੀਲ ਚਾਹੁੰਦੇ ਹਨ, ਜੋ ਉਨ੍ਹਾਂ ਦੇ ਦੇਸ਼ ਦੀ ਅਰਥਵਿਵਸਥਾ ਅਤੇ 2.5 ਕਰੋੜ ਨਾਗਰਿਕਾਂ ਦੇ ਹਿੱਤ ਵਿੱਚ ਹੋਵੇ। ਟਰੰਪ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉੱਤਰ ਕੋਰੀਆ ‘ਤੇ ਲੱਗੀਆਂ ਪਾਬੰਦੀਆਂ ਫਿਲਹਾਲ ਜਾਰੀ ਰਹਿਣਗੀਆਂ । ਪਰ ਪਿਛਲੇ ਇੱਕ ਮਹੀਨੇ ਵਿੱਚ ਕਿਮ ਜੋਂਗ ਉਨ ਦਾ ਜੋ ਵਿਵਹਾਰ ਰਿਹਾ ਹੈ, ਉਸ ਤੋਂ ਉਨ੍ਹਾਂ ‘ਤੇ ਸ਼ੱਕ ਕਰਨ ਦਾ ਫਿਲਹਾਲ ਕੋਈ ਕਾਰਨ ਨਹੀਂ ਦਿਸਦਾ ਹੈ। ਸਿੰਗਾਪੁਰ ਸਿਖਰ ਵਾਰਤਾ ਤੋਂ ਬਾਅਦ ਹੋਰ ਦੇਸ਼ ਕੀ ਰਿਐਕਟ ਕਰਦੇ ਹਨ, ਇਹ ਵੀ ਮਹੱਤਵਪੂਰਨ ਹੈ, ਖਾਸਕਰ ਚੀਨ, ਜਪਾਨ ਅਤੇ ਰੂਸ।
ਟਰੰਪ ਇਸ ਮੁਲਾਕਾਤ ਨੂੰ ਸ਼ਾਂਤੀ ਕਾਇਮ ਕਰਨ ਦਾ ਇੱਕ ਮੌਕਾ ਮੰਨ ਰਹੇ ਹਨ, ਉੱਥੇ ਹੀ ਦੁਨੀਆ ਤੋਂ ਵੱਖ ਰਹਿਣ ਵਾਲੇ ਉੱਤਰ ਕੋਰੀਆ ਲਈ ਬਾਕੀ ਦੁਨੀਆ ਨਾਲ ਜੁੜਨ ਦਾ ਇੱਕ ਮਹੱਤਵਪੂਰਨ ਮੌਕਾ ਹੈ । ਦਰਅਸਲ ਦੋਵਾਂ ਹੀ ਆਗੂਆਂ ਲਈ ਇਹ ਗੱਲਬਾਤ ਉਨ੍ਹਾਂ ਦੇ ਸਿਆਸੀ ਜੀਵਨ ਲਈ ਇੱਕ ਸੰਜੀਵਨੀ ਵਾਂਗ ਸੀ । ਟਰੰਪ ਦੀ ਹਰਮਨਪਿਆਰਤਾ ਦੇਸ਼ ਦੇ ਅੰਦਰ ਘੱਟ ਹੋਈ ਹੈ । ਉਨ੍ਹਾਂ ਦੀ ਸਰਕਾਰ ਕੋਲ ਵਿਖਾਉਣ ਲਈ ਬਹੁਤ ਘੱਟ ਉਪਲੱਬਧੀਆਂ ਹਨ। ਉਹ ਚਾਹੁੰਦੇ ਹਨ ਕਿ ਜੇਕਰ ਉਹ ਉੱਤਰ ਕੋਰੀਆ ਨੂੰ ਪਰਮਾਣੂ ਪ੍ਰੋਗਰਾਮ ਤੋਂ ਹਟਣ ਲਈ ਰਾਜ਼ੀ ਕਰ ਲੈਂਦੇ ਹਨ ਤਾਂ ਇਹ ਅੰਤਰਰਾਸ਼ਟਰੀ ਸਿਆਸਤ ਵਿੱਚ ਇੱਕ ਅਜਿਹੀ ਘਟਨਾ ਹੋਵੇਗੀ ਜਿਸਦੀ ਆਵਾਜ਼ ਅਗਲੇ ਕਈ ਸਾਲਾਂ ਤੱਕ ਸੁਣਾਈ ਦੇਵੇਗੀ।
ਇਸ ਸਿਖਰ ਵਾਰਤਾ ਦੌਰਾਨ ਜੇਕਰ ਉਹ ਕੋਰੀਆ ਸਮੱਸਿਆ ਦਾ ਸਥਾਈ ਹੱਲ ਕਰਨ ਜਾਂ ਉਸ ਦਿਸ਼ਾ ਵਿੱਚ ਕੋਈ ਮਹੱਤਵਪੂਰਨ ਪਹਿਲ ਕਰਨ ਵਿੱਚ ਸਫਲ ਹੁੰਦੇ ਹਨ ਤਾਂ ਉਨ੍ਹਾਂ ਦਾ ਕੱਦ ਨਾ ਸਿਰਫ਼ ਅਮਰੀਕਾ ਦੇ ਅੰਦਰ ਸਗੋਂ ਸੰਸਾਰ ਵਿੱਚ ਬਹੁਤ ਉੱਚਾ ਹੋ ਜਾਵੇਗਾ। ਕੁੱਝ ਅਜਿਹੀ ਹੀ ਮਨੋਸਥਿਤੀ ਕਿਮ ਜੋਂਗ ਦੀ ਵੀ ਸੀ। ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਲੈ ਕੇ ਉਹ ਅਕਸਰ ਅੰਤਰਰਾਸ਼ਟਰੀ ਅਲੋਚਨਾਵਾਂ ਦਾ ਸ਼ਿਕਾਰ ਬਣਦੇ ਰਹੇ ਹਨ। ਕਿਮ ਵੀ ਦੱਖਣ ਕੋਰੀਆ ਵਾਂਗ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਵੀ ਬਿਹਤਰ ਜੀਵਨ ਸੁਵਿਧਾਵਾਂ ਦੇਣਾ ਚਾਹੁੰਦੇ ਹਨ। ਇਹ ਉਦੋਂ ਸੰਭਵ ਹੈ ਜਦੋਂ ਉੱਤਰ ਕੋਰੀਆ ‘ਤੇ ਲੱਗੀ ਆਰਥਿਕ ਪਾਬੰਦੀ ਹਟੇ।
ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸਿੰਗਾਪੁਰ ਐਲਾਨ ਕੋਰੀਆ ਪ੍ਰਾਇਦੀਪ ਵਿੱਚ ਸ਼ਾਂਤੀ ਬਹਾਲੀ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਇੱਕ ਮਹੱਤਵਪੂਰਨ ਕਦਮ ਜਰੂਰ ਹੈ, ਪਰ ਸ਼ਾਂਤੀ ਸਥਾਪਨਾ ਦੀ ਮੰਜਿਲ ਹਾਲੇ ਦੂਰ ਹੈ। ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆਈ ਆਗੂ ਕਿਮ ਜੋਂਗ ਉਨ ਨੇ ਸ਼ਾਂਤੀ ਸਥਾਪਨਾ ਦੇ ਜਿਸ ਰਸਤੇ ‘ਤੇ ਚੱਲਣ ਦਾ ਮਨ ਬਣਾਇਆ ਹੈ, ਉਹ ਆਪਸੀ ਸਹਿਯੋਗ, ਤਿਆਗ ਅਤੇ ਇੱਕ ਉਦੇਸ਼ ਦੀ ਮੰਗ ਕਰਦਾ ਹੈ। ਸਾਫ਼ ਹੈ ਇਸ ਵਿੱਚ ਕਈ ਤਰ੍ਹਾਂ ਦੇ ਉਤਾਰ-ਚੜ੍ਹਾਅ ਆਉਣਗੇ, ਸਹਿਮਤੀਆਂ- ਅਸਹਿਮਤੀਆਂ ਬਣਨਗੀਆਂ ਅਤੇ ਔਖੇ ਸਮਝੌਤੇ ਹੋਣਗੇ, ਪਰ 40 ਮਿੰਟ ਦੀ ਗੱਲਬਾਤ ਤੋਂ ਬਾਅਦ ਜਦੋਂ ਟਰੰਪ ਇਹ ਕਹਿੰਦੇ ਕਿ ਦੁਨੀਆ ਬਹੁਤ ਬਦਲਾਅ ਦੇਖੇਗੀ । ਤਾਂ ਇਸ ਗੱਲ ਦੀ ਉਮੀਦ ਵਧ ਜਾਂਦੀ ਹੈ ਕਿ ਇਹ ਬਦਲਾਅ ਸਕਾਰਾਤਮਕ ਹੀ ਹੋਵੇਗਾ।