ਅੰਡਰ 25 ਵਰਗ ਦਾ ਕਿ੍ਰਕਟ ਟੂਰਨਾਮੈਂਟ ਬਰਨਾਲਾ ਦੀ ਟੀਮ ਨੇ ਜਿੱਤਿਆ
(ਜਸਵੀਰ ਸਿੰਘ ਗਹਿਲ) ਬਰਨਾਲਾ। ਪੰਜਾਬ ਕਿ੍ਰਕਟ ਐਸੋਸੀਏਸ਼ਨ ਵੱਲੋਂ ਟ੍ਰਾਈਡੈਂਟ ਉਦਯੋਗ ਦੇ ਖੇਡ ਗਰਾਊਂਡ ਵਿਖੇ ਚੱਲ ਰਹੇ ਅੰਡਰ 25 ਵਰਗ ਦੇ ਕਿ੍ਰਕਟ ਟੂਰਨਾਮੈਂਟ ਦੌਰਾਨ ਬਰਨਾਲਾ ਲੜਕਿਆਂ ਦੀ ਟੀਮ ਨੇ ਬਠਿੰਡਾ ਨੂੰ 25 ਦੌੜਾਂਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਜਿਸ ’ਤੇ ਪੰਜਾਬ ਕਿ੍ਰਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਜੇਤੂ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਹੋਰ ਮਿਹਨਤ ਲਈ ਪ੍ਰੇਰਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ ਅਤੇ ਸੈਕਟਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਚੱਲ ਰਹੇ ਕਿ੍ਰਕਟ ਮੈਚ ਵਿੱਚ ਬਰਨਾਲਾ ਜ਼ਿਲੇ੍ਹ ਦੀ ਟੀਮ ਨੇ ਪਹਿਲੀ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਜਿਸ ਵਿੱਚ ਟੀਮ ਨੇ ਸ਼ਾਨਦਾਰ ਪਾਰੀ ਖੇਡਦਿਆਂ ਕੁੱਲ 206 ਦੌੜਾਂ ਬਣਾਈਆਂ। ਮੈਚ ਦੌਰਾਨ ਗੈਬਵ 104 ਦੌੜਾਂ ਬਣਾ ਕੇ ਨਾਟ ਆਊਟ ਰਹੇ। ਜਦਕਿ ਹਰਸਦੀਪ ਸਿੰਘ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਇਸ ਪਿੱਛੋਂ ਬਠਿੰਡਾ ਦੀ ਟੀਮ ਨੇ 181 ਦੌੜਾਂ ’ਤੇ ਆਲ ਆਊਟ ਹੋ ਗਈ।
ਜਿਸ ਦੌਰਾਨ ਸ਼ਾਨਦਾਰ ਗੇਂਦ ਬਾਜੀ ਕਰਦਿਆਂ ਸਾਹਿਲ ਨੇ 4 ਵਿਕਟਾਂ, ਹਰਸਦੀਪ ਤੇ ਕੁਮਾਰ ਨੇ 2-2 ਵਿਕਟਾਂ ਲਈਆਂ। ਇਸ ਸ਼ਾਨਦਾਰ ਪ੍ਰਾਪਤੀ ਉਪਰ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ, ਜਰਨਲ ਸਕੱਤਰ ਰੁਪਿੰਦਰ ਗੁਪਤਾ, ਖਜਾਨਚੀ ਸੰਜੈ ਗਰਗ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਆਦਿ ਨੇ ਖੁਸ਼ੀ ਦਾ ਇਜ਼ਹਾਰ ਕਰਦਿਆ ਕਿਹਾ ਕਿ ਪੇਂਡੂ ਖੇਤਰ ਵਿੱਚ ਕਿ੍ਰਕਟ ਨੂੰ ਬੁਲੰਦੀਆਂ ਉਪਰ ਲੈ ਕੇ ਜਾਣਾ ਅਤੇ ਨੌਵਜਾਨ ਮੁੰਡੇ ਕੁੜੀਆਂ ਵਿੱਚ ਖੇਡ ਰੂਚੀਆ ਪੈਦਾ ਕਰਨ ਲਈ ਪਦਮ ਸ੍ਰੀ ਰਜਿੰਦਰ ਗੁਪਤਾ ਵੱਲੋਂ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਇਸ ਮੌਕੇ ਮੈਨੇਜਮੈਂਟ ਵੱਲੋਂ ਸਾਡੇ ਖਿਡਾਰੀਆਂ ਸਮੇਤ ਜੇਤੂ ਖਿਡਾਰੀਆਂ ਦੀ ਹੌਸਲਾ ਅਫਜਾਈ ਵੀ ਕੀਤੀ। ਸ੍ਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ 5 ਅਕਤੂਬਰ ਨੂੰ ਬਰਨਾਲਾ ਅਤੇ ਪਟਿਆਲਾ ਦੀਆਂ ਟੀਮਾਂ ਦੇ ਮੁਕਾਬਲੇ ਹੋਣਗੇ।