ਸਮ੍ਰਿਤੀ ਮੰਧਾਨਾ ਅਤੇ ਸ਼ੇਫਾਲੀ ਵਰਮਾ ਵਿਚਕਾਰ 137 ਦੌੜਾਂ ਦੀ ਸਾਂਝੇਦਾਰੀ | INDvAUS
- ਅਸਟਰੇਲੀਆ ਮਹਿਲਾ ਟੀਮ ਨੂੰ 9 ਵਿਕਟਾਂ ਨਾਲ ਹਰਾਇਆ | INDvAUS
ਮੁੰਬਈ (ਏਜੰਸੀ)। ਭਾਰਤੀ ਮਹਿਲਾ ਟੀਮ ਨੇ ਪਹਿਲੇ ਟੀ-20 ਮੈਚ ’ਚ ਅਸਟਰੇਲੀਆਈ ਮਹਿਲਾ ਟੀਮ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ। ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ’ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਸਟਰੇਲੀਆ ਦੀ ਟੀਮ 19.2 ਓਵਰਾਂ ’ਚ 141 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤ ਨੇ ਸਿਰਫ਼ 17.4 ਓਵਰਾਂ ’ਚ ਇੱਕ ਵਿਕਟ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ। ਭਾਰਤੀ ਮਹਿਲਾ ਟੀਮ ਵੱਲੋਂ ਸਟਾਰ ਅਤੇ ਓਪਨਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਨੇ ਅਰਧ ਸੈਂਕੜੇ ਜੜੇ। ਦੋਵਾਂ ਨੇ 137 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਜਿੱਤ ਦੀ ਮੰਜ਼ਿਲ ਤੱਕ ਪਹੁੰਚਾਇਆ। ਭਾਰਤ ਵੱਲੋਂ ਤੀਤਾਸ ਸਾਧੂ ਨੇ 17 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਸ ਪ੍ਰਦਰਸ਼ਨ ਲਈ ਉਨ੍ਹਾਂ ਨੂੰ ‘ਪਲੇਅਰ ਆਫ ਦ ਮੈਚ’ ਦਾ ਐਵਾਰਡ ਮਿਲਿਆ।
ਇਹ ਵੀ ਪੜ੍ਹੋ : ਰਾਜਪਾਲ ਨੇ ਅਮਨ ਅਰੋੜਾ ਮਾਮਲੇ ’ਚ ਮੁੱਖ ਮੰਤਰੀ ਮਾਨ ਨੂੰ ਲਿਖੀ ਚਿੱਠੀ
ਅਸਟਰੇਲੀਆਈ ਟੀਮ ਦੀ ਖਰਾਬ ਸ਼ੁਰੂਆਤ | INDvAUS
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਸਟਰੇਲੀਆ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ 33 ਦੌੜਾਂ ਦੇ ਸਕੋਰ ’ਤੇ 4 ਵਿਕਟਾਂ ਗੁਆ ਦਿੱਤੀਆਂ ਸਨ। ਐਲੀਸਾ ਹੀਲੀ 8 ਦੌੜਾਂ ਬਣਾ ਕੇ ਆਊਟ ਹੋ ਗਈ ਅਤੇ ਬੇਥ ਮੂਨੀ 17 ਦੌੜਾਂ ਬਣਾ ਕੇ ਆਊਟ ਹੋ ਗਈ। ਜਦੋਂ ਕਿ ਟਾਹਲੀਆ ਮੈਕਗ੍ਰਾ ਅਤੇ ਐਸ਼ਲੇ ਗਾਰਡਨਰ ਖਾਤਾ ਵੀ ਨਹੀਂ ਖੋਲ੍ਹ ਸਕੇ। (INDvAUS)
ਲਿਚਫੀਲਡ-ਪੇਰੀ ਨੇ ਪਾਰੀ ਨੂੰ ਸੰਭਾਲਿਆ | INDvAUS
ਐਲੀਸ ਪੇਰੀ ਅਤੇ ਫੋਬੀ ਲਿਚਫੀਲਡ ਨੇ 4 ਵਿਕਟਾਂ ਜਲਦੀ ਡਿੱਗਣ ਤੋਂ ਬਾਅਦ ਟੀਮ ਨੂੰ ਸੰਭਾਲਿਆ। ਦੋਵਾਂ ਨੇ 50 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ 100 ਦੌੜਾਂ ਤੋਂ ਪਾਰ ਲੈ ਗਏ। ਲਿਚਫੀਲਡ 49 ਦੌੜਾਂ ਬਣਾ ਕੇ ਆਊਟ ਹੋ ਗਈ ਅਤੇ ਦੋਵਾਂ ਵਿਚਕਾਰ 79 ਦੌੜਾਂ ਦੀ ਸਾਂਝੇਦਾਰੀ ਟੁੱਟ ਗਈ। ਅਖੀਰ ਵਿੱਚ ਪੇਰੀ ਵੀ 37 ਦੌੜਾਂ ਬਣਾ ਕੇ ਆਊਟ ਹੋ ਗਏ। ਮੱਧ ਓਵਰਾਂ ’ਚ ਝਟਕਿਆਂ ਤੋਂ ਬਾਅਦ ਅਸਟਰੇਲੀਆ ਦੀ ਟੀਮ ਉਭਰ ਨਹੀਂ ਸਕੀ ਅਤੇ 19.2 ਓਵਰਾਂ ’ਚ 141 ਦੌੜਾਂ ਦੇ ਸਕੋਰ ’ਤੇ ਆਲ ਆਊਟ ਹੋ ਗਈ। ਗ੍ਰੇਸ ਹੈਰਿਸ ਇੱਕ ਦੌੜ, ਐਨਾਬੇਲ ਸਦਰਲੈਂਡ 12, ਜਾਰਜੀਆ ਵੇਅਰਹੈਮ 5 ਅਤੇ ਮੇਗਨ ਸ਼ੱਟ ਇੱਕ ਦੌੜ ਬਣਾ ਕੇ ਆਊਟ ਹੋਈ। (INDvAUS)
ਮੰਧਾਨਾ-ਸ਼ੇਫਾਲੀ ਨੇ ਕੀਤੀ 137 ਦੌੜਾਂ ਦੀ ਸਾਂਝੇਦਾਰੀ | INDvAUS
142 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਮਹਿਲਾ ਟੀਮ ਨੂੰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਨੇ ਤੇਜ਼ ਸ਼ੁਰੂਆਤ ਦਿੱਤੀ। ਦੋਵਾਂ ਨੇ ਸਿਰਫ 6 ਓਵਰਾਂ ’ਚ ਹੀ ਟੀਮ ਦੇ ਸਕੋਰ ਨੂੰ 59 ਦੌੜਾਂ ਤੋਂ ਪਾਰ ਕਰ ਦਿੱਤਾ। ਸਮ੍ਰਿਤੀ ਮੰਧਾਨਾ 52 ਗੇਂਦਾਂ ’ਤੇ 54 ਦੌੜਾਂ ਬਣਾ ਕੇ ਆਊਟ ਹੋ ਗਈ ਅਤੇ ਸ਼ੇਫਾਲੀ ਨਾਲ ਉਨ੍ਹਾਂ ਦੀ 137 ਦੌੜਾਂ ਦੀ ਸਾਂਝੇਦਾਰੀ ਟੁੱਟ ਗਈ। (INDvAUS)
ਦੂਜਾ ਟੀ-20 ਮੈਚ 7 ਜਨਵਰੀ ਨੂੰ | INDvAUS
ਪਹਿਲੇ ਟੀ-20 ’ਚ ਜਿੱਤ ਦੇ ਨਾਲ ਹੀ ਭਾਰਤੀ ਮਹਿਲਾ ਟੀਮ ਨੇ 3 ਮੈਚਾਂ ਦੀ ਸੀਰੀਜ਼ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜਾ ਟੀ-20 ਇਸੇ ਹੀ ਮੈਦਾਨ ’ਤੇ 7 ਜਨਵਰੀ ਨੂੰ ਖੇਡਿਆ ਜਾਵੇਗਾ। ਜਦਕਿ ਤੀਜਾ ਮੈਚ 9 ਜਨਵਰੀ ਨੂੰ ਹੋਵੇਗਾ। ਅਸਟਰੇਲੀਆਈ ਮਹਿਲਾ ਟੀਮ ਫਿਲਹਾਲ ਤਿੰਨਾਂ ਫਾਰਮੈਟਾਂ ਦੀ ਸੀਰੀਜ਼ ਖੇਡਣ ਲਈ ਭਾਰਤ ਆਈ ਹੈ। ਇਕਲੌਤਾ ਟੈਸਟ ਭਾਰਤ ਨੇ 8 ਵਿਕਟਾਂ ਨਾਲ ਜਿੱਤਿਆ ਸੀ। ਉਥੇ ਹੀ ਅਸਟਰੇਲੀਆਈ ਟੀਮ ਨੇ ਇੱਕਰੋਜ਼ਾ ਲੜੀ 3-0 ਨਾਲ ਕਲੀਨ ਸਵੀਪ ਕੀਤੀ ਸੀ। (INDvAUS)