ਮੰਡੀਆਂ ‘ਚ ਬਾਸਮਤੀ ਦੀ ਆਮਦ ਜੋਰਾਂ ‘ਤੇ, ਝੋਨੇ ਦੀ ਰਫਤਾਰ ਮੱਠੀ

Amritsar District
ਝੋਨੇ ਦੀ ਖਰੀਦ ਬਾਰੇ ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ।

ਪ੍ਰਸ਼ਾਸਨ ਵੱਲੋਂ ਝੋਨੇ ਦੀ ਖਰੀਦ ਲਈ 47 ਖਰੀਦ ਕੇਂਦਰਾਂ ਵਿਚ ਤਿਆਰੀ : ਡਿਪਟੀ ਕਮਿਸ਼ਨਰ

ਅੰਮ੍ਰਿਤਸਰ (ਰਾਜਨ ਮਾਨ)। ਜਿਲ੍ਹਾ ਅੰਮ੍ਰਿਤਸਰ ਦੀ ਮੰਡੀਆਂ ਵਿਚ ਝੋਨੇ ਦੇ ਮੁਕਾਬਲੇ ਬਾਸਮਤੀ ਦੀ ਆਮਦ ਤਿੰਨ ਗੁਣਾਂ ਜ਼ਿਆਦਾ ਹੋ ਰਹੀ ਹੈ। ਹੁਣ ਤੱਕ ਜਿਲ੍ਹੇ ਦੀਆਂ ਮੰਡੀਆਂ ਵਿੱਚ 167968 ਟਨ ਬਾਸਮਤੀ ਦੀ ਆਮਦ ਹੋਈ ਹੈ, ਜਦਕਿ ਝੋਨੇ ਦੀ ਆਮਦ ਕੇਵਲ 6990 ਟਨ ਹੀ ਹੋਈ ਹੈ। ਉਧਰ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਹੈ ਕਿ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਸਾਉਣੀ ਮੰਡੀਕਰਨ ਸੀਜ਼ਨ ਦੌਰਾਨ ਫਸਲ ਦੀ ਨਿਰਵਿਘਨ ਖਰੀਦ ਯਕੀਨੀ ਬਣਾਏਗਾ ਅਤੇ ਇਸ ਲਈ ਜਿਲ੍ਹੇ ਵਿਚ 47 ਖਰੀਦ ਕੇਂਦਰਾਂ ਵਿਚ ਮੁਕੰਮਲ ਤਿਆਰੀ ਕਰ ਲਈ ਗਈ ਹੈ, ਪਰ ਫਿਲਹਾਲ 29 ਮੰਡੀਆਂ ਵਿਚ ਹੀ ਬਾਸਮਤੀ ਤੇ ਝੋਨੇ ਦੀ ਆਮਦ ਹੋਈ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਦੀ ਮੰਡੀਆਂ ਵਿਚ ਬਾਸਮਤੀ ਦੀ ਆਮਦ ਜੋਰਾਂ ਉਤੇ ਹੈ ਅਤੇ ਝੋਨੇ ਦੀ ਰਫਤਾਰ ਮੱਠੀ ਹੈ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ ਅਤੇ ਅਸੀਂ ਕਿਸਾਨਾਂ ਨੂੰ ਨਾਲੋ-ਨਾਲ ਅਦਾਇਗੀ ਕਰਨ ਤੋਂ ਇਲਾਵਾ ਝੋਨੇ ਦੀ ਫਸਲ ਦੀ ਲਿਫਟਿੰਗ ਵੀ ਤਰੁੰਤ ਕਰਨ ਦੇ ਸਾਰੇ ਪ੍ਰਬੰਧ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਖਰੀਦ, ਲਿਫਟਿੰਗ ਅਤੇ ਅਦਾਇਗੀ ਦੀ ਸਮੁੱਚੀ ਪ੍ਰਕਿਰਿਆ ਨੂੰ ਡਿਜੀਟਲ ਵਿਧੀ ਨਾਲ ਸਿਰੇ ਚੜ੍ਹਾਇਆ ਜਾ ਰਿਹਾ ਹੈ ਅਤੇ ਕਿਸੇ ਕਿਸਾਨ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

Amritsar District

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ ਸਾਉਣੀ ਮੰਡੀਕਰਨ ਸੀਜ਼ਨ, 2023-24 ਲਈ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 2203 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ। ਪੰਜਾਬ ਮੰਡੀ ਬੋਰਡ ਵੱਲੋਂ ਨੋਟੀਫਾਈ ਖਰੀਦ ਕੇਂਦਰਾਂ ਵਿਖੇ ਖਰੀਦ ਏਜੰਸੀਆਂ ਪਨਗ੍ਰੇਨ, ਮਾਰਕਫੈੱਡ, ਪਨਸਪ ਅਤੇ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ, ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਦੇ ਨਾਲ ਮਿਲ ਕੇ ਭਾਰਤ ਸਰਕਾਰ ਦੁਆਰਾ ਨਿਰਧਾਰਤ ਮਾਪਦੰਡਾਂ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ’ਤੇ ਝੋਨੇ ਦੀ ਖਰੀਦ ਯਕੀਨੀ ਬਣਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ 3 ਅਕਤੂਬਰ ਤੱਕ ਸਾਡੇ ਜਿਲ੍ਹੇ ਦੀਆਂ ਮੰਡੀਆਂ ਵਿੱਚ 167968 ਟਨ ਬਾਸਮਤੀ ਦੀ ਆਮਦ ਹੋਈ ਹੈ, ਜਦਕਿ ਝੋਨੇ ਦੀ ਆਮਦ ਕੇਵਲ 6990 ਟਨ ਹੀ ਹੋਈ ਹੈ। ਉਨਾਂ ਦੱਸਿਆ ਕਿ ਬਾਸਮਤੀ ਦੀ ਖ੍ਰੀਦ ਤਾਂ ਨਿੱਜੀ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਝੋਨੇ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਘੱਟੋ ਘੱਟ ਸਮਰਥਨ ਮੁੱਲ ਉਤੇ ਕੀਤੀ ਜਾਵੇਗੀ। ਜਿਲ੍ਹਾ ਮੰਡੀ ਅਫਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀ ਵਿਚ ਬਾਸਮਤੀ ਤੇ ਝੋਨਾ ਗਿੱਲਾ ਨਾ ਲਿਆਉਣ, ਤਾਂ ਜੋ ਖਰੀਦ ਨਾਲੋ-ਨਾਲ ਹੁੰਦੀ ਰਹੇ ਅਤੇ ਕਿਸਾਨਾਂ ਨੂੰ ਮੰਡੀ ਵਿਚ ਇੰਤਜ਼ਾਰ ਨਾ ਕਰਨਾ ਪਵੇ।

ਇਹ ਵੀ ਪੜ੍ਹੋ : ਜਦੋਂ ਇੱਕ ਸਨਕੀ ਨੌਜਵਾਨ ਮਾਸਕ ਪਹਿਨ ਕੇ ਕਰਨ ਲੱਗਿਆ ਇਹ ਹਰਕਤਾਂ, ਪੜ੍ਹੋ ਫਿਰ ਕੀ ਹੋਇਆ…

ਉਨਾਂ ਕਿਹਾ ਕਿ ਝੋਨੇ ਦੀ ਸੰਭਾਲ ਲਈ ਲੋੜੀਂਦੇ ਬਾਰਦਾਨੇ ਅਤੇ ਤਰਪਾਲਾਂ ਦੇ ਲੋੜੀਂਦੇ ਪ੍ਰਬੰਧ ਸਮੇਂ ਤੋਂ ਪਹਿਲਾਂ ਹੀ ਮੁਕੰਮਲ ਹਨ ਅਤੇ ਇਸ ਤੋਂ ਇਲਾਵਾ ਕਈ ਮੰਡੀਆਂ ਵਿੱਚ ਅਨਾਜ ਲਿਆਉਣ ਵਾਲੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਬਾਇਓਮੀਟ੍ਰਿਕ ਪ੍ਰਮਾਣਿਕਤਾ ਦੀ ਤਕਨੀਕ ਵੀ ਇਸ ਵਾਰ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਜਿਲਾ ਮੰਡੀ ਅਧਿਕਾਰੀ ਸ. ਅਮਨਦੀਪ ਸਿੰਘ, ਡੀ ਐਫ ਐਸ ਸੀ ਅਮਨਦੀਪ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।