ਕਣਕ (Wheat) ਹੇਠ ਰਕਬਾ ਪਿਛਲੇ ਸਾਲ 35.26 ਲੱਖ ਹੈਕਟੇਅਰ ਤੇ ਚਾਲੂ ਵਰ੍ਹੇ 35.08 ਲੱਖ ਹੈਕਟੇਅਰ
ਬਠਿੰਡਾ (ਸੁਖਜੀਤ ਮਾਨ)। ਸਵੇਰ ਵੇਲੇ ਭਾਵੇਂ ਪੰਜਾਬ ਦੇ ਕਈ ਇਲਾਕਿਆਂ ’ਚ ਮੁੜ ਧੁੰਦ ਪੈਣੀ ਸ਼ੁਰੂ ਹੋ ਗਈ ਪਰ ਦਿਨ ਵੇਲੇ ਤਾਪਮਾਨ ਕਾਫੀ ਵਧਣ ਲੱਗਿਆ ਹੈ। ਤਾਪਮਾਨ ’ਚ ਇੱਕ ਦਮ ਹੋਇਆ ਵਾਧਾ ਖੇਤੀ ਸੈਕਟਰ ਲਈ ਖਤਰੇ ਦੀ ਘੰਟੀ ਬਣ ਸਕਦਾ ਹੈ। ਪਿਛਲੇ ਸਾਲ ਵੀ ਗਰਮੀ ’ਚ ਹੋਏ ਵਾਧੇ ਨੇ ਕਣਕ ਦੇ ਝਾੜ ਨੂੰ ਕਾਫੀ ਘਟਾਇਆ ਸੀ। ਖੇਤੀਬਾੜੀ ਵਿਭਾਗ ਪੰਜਾਬ ਨੇ ਇਸ ਵਾਰ ਵੀ ਉਂਗਲਾਂ ਭੰਨ੍ਹ ਕੇ ਅੰਦਾਜ਼ਾ ਲਾਇਆ ਹੈ ਕਿ ਝਾੜ ਪਿਛਲੇ ਸਾਲ ਨਾਲੋਂ ਵਧੇਗਾ ਪਰ ਜਿਸ ਤਰ੍ਹਾਂ ਮੌਸਮ ਦੀ ਸਥਿਤੀ ਬਣ ਰਹੀ ਹੈ ਇਸ ਨਾਲ ਵੱਧ ਝਾੜ ਦੀਆਂ ਉਮੀਦਾਂ ’ਤੇ ਪਾਣੀ ਫਿਰਨ ਦਾ ਡਰ ਬਣ ਗਿਆ ਹੈ।
ਹਾਸਲ ਹੋਏ ਵੇਰਵਿਆਂ ਮੁਤਾਬਿਕ ਪੰਜਾਬ ’ਚ ਇਸ ਵਾਰ ਕਣਕ (Wheat) ਹੇਠ ਰਕਬਾ ਪਿਛਲੇ ਸਾਲ ਨਾਲੋਂ ਘੱਟ ਹੈ ਪਰ ਕਣਕ ਦੀ ਬਿਜਾਈ ਤੋਂ ਲੈ ਕੇ ਹੁਣ ਤੋਂ ਕੁਝ ਹਫ਼ਤੇ ਪਹਿਲਾਂ ਤੱਕ ਪਈ ਕੜਾਕੇ ਦੀ ਠੰਢ ਕਾਰਨ ਖੇਤੀਬਾੜੀ ਵਿਭਾਗ ਨੇ ਬੰਪਰ ਝਾੜ ਦੀ ਉਮੀਦ ਲਗਾਈ ਸੀ। ਹੁਣ ਮੌਸਮ ’ਚ ਆਈ ਤਬਦੀਲੀ ਅੰਕੜਿਆਂ ਨੂੰ ਖਰਾਬ ਕਰ ਸਕਦੀ ਹੈ। ਸਾਲ 2021-22 ’ਚ ਪੰਜਾਬ ’ਚ 35.26 ਲੱਖ ਹੈਕਟੇਅਰ ਰਕਬਾ ਕਣਕ ਦੀ ਬਿਜਾਈ ਹੇਠ ਸੀ। ਪਿਛਲੇ ਸਾਲ ਫਰਵਰੀ ਮਹੀਨੇ ’ਚ ਇਸੇ ਤਰ੍ਹਾਂ ਤਾਪਮਾਨ ’ਚ ਵਾਧਾ ਹੋਇਆ ਤਾਂ ਕਣਕ ਦਾ ਝਾੜ 4217 ਕਿੱਲੋਗ੍ਰਾਮ ਪ੍ਰਤੀ ਹੈਕਟੇਅਰ ਨਿੱਕਲਿਆ।
ਤਾਪਮਾਨ ’ਚ ਇੱਕ ਦਮ ਵਾਧਾ ਘਟਾ ਸਕਦਾ ਹੈ ਕਣਕ ਦੇ ਵੱਧ ਝਾੜ ਦੀਆਂ ਉਮੀਦਾਂ
ਇਸ ਚਾਲੂ ਵਰ੍ਹੇ ’ਚ ਦੇਖੀਏ ਤਾਂ ਇਸ ਵਾਰ ਕਣਕ ਹੇਠ ਰਕਬਾ 35।08 ਲੱਖ ਹੈਕਟੇਅਰ ਹੈ। ਖੇਤੀਬਾੜੀ ਵਿਭਾਗ ਨੇ ਅੰਦਾਜ਼ਾ ਲਾਇਆ ਹੈ ਕਿ ਇਸ ਵਾਰ ਕਣਕ (Wheat) ਦਾ ਝਾੜ 4696 ਕਿੱਲੋਗ੍ਰਾਮ ਪ੍ਰਤੀ ਹੈਕਟੇਅਰ ਹੋ ਸਕਦਾ ਹੈ। ਖੇਤੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਕਣਕ ਦੀ ਫਸਲ ਲਈ 20 ਤੋਂ 22 ਡਿਗਰੀ ਤੱਕ ਤਾਪਮਾਨ ਸਹੀ ਰਹਿੰਦਾ ਹੈ ਕਿਉਂਕਿ ਜੇਕਰ ਤਾਪਮਾਨ ’ਚ ਵਾਧਾ ਹੁੰਦਾ ਹੈ ਤਾਂ ਜਿੱਥੇ ਕਣਕ ਛੇਤੀ ਪੱਕੇਗੀ ਉੱਥੇ ਹੀ ਕਣਕ ਦਾ ਦਾਣਾ ਵੀ ਛੋਟਾ ਰਹਿ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਝਾੜ ਘੱਟ ਰਹਿ ਜਾਂਦਾ ਹੈ। ਖੇਤੀਬਾੜੀ ਵਿਭਾਗ ਨੇ ਤਾਪਮਾਨ ’ਚ ਹੋਏ ਵਾਧੇ ਦੇ ਮੱਦੇਨਜ਼ਰ ਸਪੈਸ਼ਲ ਬੁਲੇਟਿਨ ਜ਼ਾਰੀ ਕਰਕੇ ਕਿਸਾਨ ਵੀਰਾਂ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਚੱਲ ਰਿਹਾ ਜ਼ਿਆਦਾ ਤਾਪਮਾਨ ਕਣਕ ਦੀ ਫਸਲ ਲਈ ਅਨੁਕੂਲ ਨਹੀਂ। ਵੱਧ ਤਾਪਮਾਨ ਦੇ ਮਾੜੇ ਅਸਰ ਨੂੰ ਘੱਟ ਕਰਨ ਵਾਸਤੇ ਕਣਕ ਨੂੰ ਹਲਕਾ ਪਾਣੀ ਜ਼ਰੂਰ ਲਾਓ ਅਤੇ ਲੋੜ ਪੈਣ ’ਤੇ ਪੀਏਯੂ ਵੱਲੋਂ ਸਿਫਾਰਿਸ਼ ਸਪ੍ਰੇਆਂ ਵੀ ਕੀਤੀਆਂ ਜਾ ਸਕਦੀਆਂ ਹਨ।
ਫਸਲ ਦਾ ਨਿਰੀਖਣ ਜ਼ਰੂਰੀ : ਖੇਤੀਬਾੜੀ ਮਾਹਿਰ
ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਵੱਧ ਤਾਪਮਾਨ ਕਣਕ (Wheat) ’ਚ ਪੀਲੀ ਕੁੰਗੀ ਦਾ ਵਾਧਾ ਕਰ ਸਕਦਾ ਹੈ ਇਸ ਲਈ ਫਸਲ ਦਾ ਸਮੇਂ-ਸਮੇਂ ਸਿਰ ਨਿਰੀਖਣ ਜ਼ਰੂਰ ਕਰਦੇ ਰਹੋ ਅਤੇ ਸਰਵੇਖਣ ਦੌਰਾਨ ਜਿੱਥੇ ਵੀ ਬਿਮਾਰੀਆਂ ਦੀਆਂ ਧੌੜੀਆਂ ਨਜ਼ਰ ਆਉਣ, ਉਨ੍ਹਾਂ ’ਤੇ ਯੂਨੀਵਰਸਿਟੀ ਵੱਲੋਂ ਸਿਫਾਰਸ਼ ਉੱਲੀਨਾਸ਼ਕ ਦਾ ਛਿੜਕਾਅ ਕਰੋ ਤਾਂ ਜੋ ਸਮੇਂ ਸਿਰ ਬਿਮਾਰੀ ਦੇ ਵਾਧੇ ਦੇ ਫੈਲਾਅ ਨੂੰ ਰੋਕਿਆ ਜਾ ਸਕਦੇ।