ਕਾਰਪੋਰੇਟ ਦਾ ਵਿਰੋਧੀ ਚਿਹਰਾ (Anti Corporate Face)
ਸਵੇਰ ਸਾਰ ਅਖਬਾਰ ਚੁੱਕਦਿਆਂ ਹੀ ਮੁੱਖ ਪੰਨੇ ‘ਤੇ ਛਪੀ ਮੁਲਾਜ਼ਮਾਂ ਤੇ ਮਜ਼ਦੂਰਾਂ ਦੇ ਸੰਘਰਸ਼ ਦੀ ਖਬਰ ਉੱਤੇ ਨਜ਼ਰ ਜਾ ਪਈ ਤੇ ਪਤਾ ਲੱਗਾ ਕਿ ਉਹਨਾਂ ਨੇ ‘ਭਾਰਤ ਛੱਡੋ ਦਿਵਸ’ ਦੀ ਵਰ੍ਹੇਗੰਢ ਨੂੰ ‘ਭਾਰਤ ਬਚਾਓ ਦਿਵਸ’ ਦੇ ਰੂਪ ਵਿੱਚ ਮਨਾਇਆ ਹੈ। ਭਾਰਤ ਛੱਡੋ ਦਿਵਸ ਨੇ ਮੇਰੇ ਕੰਨਾਂ ਵਿੱਚ ‘ਅੰਗਰੇਜ਼ੋ ਭਾਰਤ ਛੋੜੋ’ ਦੇ ਨਾਅਰੇ ਗੂੰਜਣ ਲਾ ਦਿੱਤੇ ਤੇ ਛੇਵੀਂ ਜਮਾਤ ਤੋਂ ਲੈ ਕੇ ਹੁਣ ਤੱਕ ਦਾ ਪੜ੍ਹਿਆ ਇਤਿਹਾਸ ਵਿਸ਼ਾ ਦਿਮਾਗ ਵਿੱਚ ਘੁਮਾ ਦਿੱਤਾ
ਸ਼ੁਰੂ ਤੋਂ ਹੀ ਈਸਟ ਇੰਡੀਆ ਕੰਪਨੀ ਮੈਨੂੰ ਬੜੀ ਭੈੜੀ ਲੱਗਦੀ ਸੀ। ਪੜ੍ਹਿਆ ਜੋ ਸੀ ਕਿ ਇਸੇ ਕੰਪਨੀ ਨੇ ਭਾਰਤ ਵਿੱਚ ਅੰਗਰੇਜ਼ਾਂ ਦੀਆਂ ਜੜ੍ਹਾਂ ਲਾਈਆਂ ਨੇ ਤੇ ਕਿਵੇਂ ਹੌਲੀ-ਹੌਲੀ ਅੰਗਰੇਜ਼ ਵਪਾਰੀਆਂ ਨੇ ਭਾਰਤ ਦੇ ਦੇਸੀ ਰਾਜਿਆਂ ਤੋਂ ਕੁੱਝ ਤੋਹਫਿਆਂ ਬਦਲੇ ਭਾਰੀ ਰਿਆਇਤਾਂ ਪ੍ਰਾਪਤ ਕੀਤੀਆਂ ਤੇ ਇਹਨਾਂ ਰਿਆਇਤਾਂ ਦੀ ਆੜ ਵਿੱਚ ਸਾਡੇ ਦੇਸੀ ਉਦਯੋਗਾਂ ਅਤੇ ਕਾਰੀਗਰਾਂ ਨੂੰ ਨਾਕਾਰਾ ਕਰ ਦਿੱਤਾ। ਸੋਨੇ ਦੀ ਚਿੜੀ ਕਹਾਉਣ ਵਾਲੇ ਭਾਰਤ ਨੂੰ ਭੁੱਖ-ਨੰਗ ਨਾਲ ਘੁਲਣ ਦੇ ਰਾਹ ਪਾ ਦਿੱਤਾ ਤੇ ਸਾਡੇ ਦੇਸ਼ ਤੋਂ ਫੁੰਡੇ ਹੋਏ ਕੋਹਿਨੂਰ ਹੀਰੇ ਨੂੰ ਇੰਗਲੈਂਡ ਦੀ ਮਹਾਂਰਾਣੀ ਦੇ ਤਾਜ ਵਿੱਚ ਜਾ ਜੜਿਆ।
ਸਾਡੇ ਦੇਸ਼ ਦੇ ਕਿਸਾਨਾਂ ਦੇ ਖੂਨ-ਪਸੀਨੇ ਦੀ ਕਮਾਈ ਕੱਚੇ ਮਾਲ ਦੇ ਰੂਪ ਵਿੱਚ ਆਪਣੇ ਦੇਸ਼ ਵਿੱਚ ਲਿਜਾ ਕੇ ਕਿਵੇਂ ਸਾਡੇ ਹੀ ਮਾਲ ਦੇ ਸਿਰ ‘ਤੇ ਉਦਯੋਗਿਕ ਵਿਕਾਸ ਕਰ, ਸਾਨੂੰ ਹੀ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਨਾਲ ਹੀ ਆਪਣਾ ਤਿਆਰ ਮਾਲ ਸਾਡੇ ਦੇਸ਼ ਵਿੱਚ ਵੇਚ ਕੇ ਜਿੱਥੇ ਸਾਡੇ ਨੌਜਵਾਨਾਂ ਦਾ ਮੋਹ ਆਪਣੀ ਸੰਸਕ੍ਰਿਤੀ ਅਤੇ ਪਹਿਰਾਵੇ ਤੋਂ ਤੋੜਿਆ, ਉੱਥੇ ਹੀ ਘਰੇਲੂ ਭਾਰਤੀ ਸਨਅਤ ਦਾ ਰਿਹਾ-ਸਿਹਾ ਲੱਕ ਵੀ ਭੰਨ੍ਹ ਛੱਡਿਆ
ਬੜੀ ਕਸੀਸ ਉੱਠਦੀ ਕਿ ਜੇਕਰ ਸਿਰਫ ਮੁੱਠੀ ਭਰ ਭਾਰਤੀਆਂ ਦੀ ਥਾਂ ਸਾਰਾ ਦੇਸ਼ ਅੰਗਰੇਜ਼ ਵਿਰੋਧੀ ਹੁੰਦਾ ਤਾਂ ਚਿੱਟੀ ਚਮੜੀ ਨੂੰ ਦੇਸ਼ ਵਿੱਚੋਂ ਖਦੇੜਨ ਲਈ ਦੋ ਸੌ ਸਾਲ ਦਾ ਲੰਮਾ ਅਰਸਾ ਨਾ ਲੱਗਦਾ। ਪਰ ਅਫਸੋਸ! ਕਾਲੀਆਂ ਭੇਡਾਂ ਮੁੱਢ ਤੋਂ ਹੀ ਸਾਡੇ ਦੇਸ਼ ਨੂੰ ਖੋਰਾ ਲਾਉਂਦੀਆਂ ਰਹੀਆਂ ਹਨ। ਖੈਰ! ਥੋੜ੍ਹਾ ਹੋਰ ਵੱਡੀਆਂ ਜਮਾਤਾਂ ਵਿੱਚ ਪਹੁੰਚਦਿਆਂ ਇਨ੍ਹਾਂ ਮੂਰਖ ਭਾਰਤੀ ਰਾਜਿਆਂ ‘ਤੇ ਵੀ ਗੁੱਸਾ ਆਉਣ ਲੱਗਿਆ, ਜਿਨ੍ਹਾਂ ਨੇ ਚੰਦ ਛਿੱਲੜਾਂ ਪਿੱਛੇ ਆਪਣੀ ਅਮੀਰ ਵਿਰਾਸਤ ਨੂੰ ਮੂਧੇ-ਮੂੰਹ ਕਰਨ ਦਾ ਰਾਹ ਪੱਧਰਾ ਕੀਤਾ ਤੇ ਆਪ ਅੱਯਾਸ਼ੀ ਦੇ ਰਾਹਾਂ ‘ਤੇ ਤੁਰਦੇ ਖਬਰੇ ਕਦੋਂ ਖਾਕ ਵਿੱਚ ਮਿਲ ਗਏ
ਝਾਂਸੀ ਦੀ ਰਾਣੀ ‘ਤੇ ਸ਼ੁਰੂ ਤੋਂ ਹੀ ਮੈਨੂੰ ਬੜਾ ਪਿਆਰ ਆਉਂਦਾ, ਜਿਸ ਨੇ ਅੰਗਰੇਜ਼ਾਂ ਦੀ ਈਨ ਨਾ ਮੰਨ ਕੇ, ਆਪਣੇ ਨਿੱਕੇ ਬਾਲ ਨੂੰ ਮੋਢੇ ਟੰਗ ਵੀ ਜੰਗਾਂ ਲੜੀਆਂ। ਘੋੜੇ ‘ਤੇ ਚੜ੍ਹੀ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਸਦਾ ਹੀ ਮੇਰੇ ਲਈ ਪ੍ਰੇਰਨਾ ਦਾ ਸਰੋਤ ਬਣਦੀ। ਮਹਾਰਾਜਾ ਰਣਜੀਤ ਸਿੰਘ ਬਾਰੇ ਪੜ੍ਹਦਿਆਂ ਸਦਾ ਮਾਣ ਮਹਿਸੂਸ ਕੀਤਾ ਕਿ ਕਿਸ ਤਰ੍ਹਾਂ ਉਸ ਨੇ ਆਪਣੇ ਜਿਊਂਦੇ ਜੀ ਅੰਗਰੇਜ਼ਾਂ ਨੂੰ ਪੰਜਾਬ ਵੱਲ ਤੱਕਣ ਤੱਕ ਨਹੀਂ ਦਿੱਤਾ। ਬਲਕਿ ਕਿੰਨੇ ਹੀ ਅੰਗਰੇਜ਼ਾਂ ਤੇ ਫਰਾਂਸੀਸੀਆਂ ਨੂੰ ਆਪਣੇ ਅਧੀਨ ਨੌਕਰੀਆਂ ‘ਤੇ ਰੱਖਿਆ। ਪਰ ਮਾੜੇ ਭਾਗੀਂ ਮਹਾਰਾਜਾ ਲੰਮੀ ਉਮਰ ਨਾ ਭੋਗ ਸਕਿਆ। ਉਸ ਦਾ ਜਲਦੀ ਦੁਨੀਆ ਤੋਂ ਵਿਦਾ ਹੋਣਾ ਦਿਲ ਨੂੰ ਬੜਾ ਰੜਕਦਾ
ਇਤਿਹਾਸ ਨਾਲ ਲਗਾਅ ਹੋਣ ਕਾਰਨ ਅਜਾਦੀ ਦਾ ਸੰਘਰਸ਼ ਵੀ ਬੜੀ ਗਹੁ ਨਾਲ ਪੜ੍ਹਿਆ ਤੇ ਮਨ ‘ਚ ਵਸਾਇਆ। ਮੰਗਲ ਪਾਂਡੇ ਦੀ ਬਹਾਦਰੀ ਦਿਲ ਨੂੰ ਟੁੰਬਦੀ, ਛੋਟੀ ਉਮਰੇ ਕਰਤਾਰ ਸਿੰਘ ਸਰਾਭਾ ਤੇ ਭਗਤ ਸਿੰਘ ਦਾ ਸਾਥੀਆਂ ਸਮੇਤ ਹੱਸ ਕੇ ਫਾਂਸੀ ਦਾ ਰੱਸਾ ਚੁੰਮਣਾ, ਦਿਲ ਵਿੱਚ ਜੋਸ਼ ਭਰ ਦਿੰਦਾ। ਮਹਾਤਮਾ ਗਾਂਧੀ ਦੇ ਅੰਦੋਲਨਾਂ ਨੇ ਵੀ ਬੜਾ ਪ੍ਰਭਾਵਿਤ ਕੀਤਾ। ਅਹਿੰਸਾ ਦਾ ਪਾਠ ਬਾਪੂ ਤੋਂ ਹੀ ਪੜ੍ਹਿਆ। ਪਰ ਮਨ ਵਿੱਚ ਕਸਕ ਉੱਠਦੀ ਕਿ ਕਾਸ਼ ਬਾਪੂ ਅੰਗਰੇਜ਼ਾਂ ਸਾਹਮਣੇ ਭਗਤ ਸਿੰਘ ਹੋਰਾਂ ਦੀ ਫਾਂਸੀ ਰੋਕਣ ਦੀ ਸ਼ਰਤ ਰੱਖਦਾ ਤੇ ਉਹਨਾਂ (ਅੰਗਰੇਜ਼ਾਂ) ਦੀਆਂ ਗੋਡਣੀਆਂ ਲਵਾ ਭਾਰਤੀ ਹੱਥ ਉੱਚਾ ਕਰ ਦਿੰਦਾ। ਅਫਸੋਸ! ਪਰ ਅਜਿਹਾ ਨਹੀਂ ਹੋਇਆ
ਜਦੋਂ ਵੀ ਇਤਿਹਾਸ ਦਾ ਵਿਸ਼ਲੇਸ਼ਣ ਕਰੀਦਾ ਹੈ ਤਾਂ ਹਰ ਵਾਰ ਇਹੋ ਤੱਥ ਸਾਹਮਣੇ ਆਉਂਦਾ ਹੈ ਕਿ ਜਦ ਵੀ ਸਾਡੇ ਦੇਸ਼ ਨੇ ਮਾਰ ਖਾਧੀ ਹੈ, ਆਪਣਿਆਂ ਹੱਥੋਂ ਹੀ ਖਾਧੀ ਹੈ, ਫਿਰ ਭਾਵੇਂ ਉਹ ਦੇਸੀ ਰਾਜੇ ਹੋਣ, ਭਾਵੇਂ ਸਿੱਖ ਰਾਜ ਨਾਲ ਧ੍ਰੋਹ ਕਮਾਉਣ ਵਾਲੇ ਲਾਲ ਸਿੰਘ ਤੇ ਤੇਜ ਸਿੰਘ ਵਰਗੇ ਹੋਣ ਤੇ ਭਾਵੇਂ…!
ਇਤਿਹਾਸ ਗਵਾਹ ਹੈ ਅਸੀਂ ਜਦੋਂ ਵੀ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜੇ ਗਏ ਹਾਂ, ਸਾਡੇ ਆਪਣਿਆਂ ਨੇ ਹੀ ਦੁਸ਼ਮਣਾਂ ਨਾਲ ਸਾਡਾ ਸੌਦਾ ਕੀਤਾ ਹੈ, ਤੇ ਮੌਜੂਦਾ ਆਲਮ ਵੀ ਇਹੋ ਹੀ ਹੈ। ਸਾਡੇ ਦੇਸ਼ ਨੂੰ ਨਵੇਂ ਖੇਤੀ ਆਰਡੀਨੈਂਸਾਂ ਰਾਹੀਂ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਵਾਲੇ ਹੱਥ ਵੀ ਸਾਡੇ ਆਪਣਿਆਂ ਦੇ ਹੀ ਹਨ ਤੇ ਇਹ ਕਾਰਪੋਰੇਟ ਘਰਾਣੇ ਕਿਤੇ ਈਸਟ ਇੰਡੀਆ ਕੰਪਨੀ ਦੇ ਰੂਪ ਵਿੱਚ ਭਾਰਤ ਦੀ ਆਮ ਜਨਤਾ ਦੇ ਮੂੰਹੋਂ ਰੋਟੀ ਦੀ ਬੁਰਕੀ ਖੋਹਣ ਨਾ ਲੈਣ ਇਸ ਬਾਰੇ ਸੁਚੇਤ ਰਹਿਣਾ ਪਵੇਗਾ ਸਲਾਮ ਹੈ ਉਹਨਾਂ ਜੁਝਾਰੂ ਯੋਧਿਆਂ ਨੂੰ ਜੋ ਇਹਨਾਂ ਕਾਲੇ ਕਾਨੂੰਨਾਂ ਖਿਲਾਫ ਲੜ ਰਹੇ ਹਨ, ਜਦ ਵੀ ਇਤਿਹਾਸ ਦੁਬਾਰਾ ਲਿਖਿਆ ਜਾਵੇਗਾ ਤਾਂ ਇਨ੍ਹਾਂ ਦੇ ਨਾਂਅ ਸੁਨਹਿਰੀ ਅੱਖਰਾਂ ਵਿੱਚ ਲਿਖੇ ਜਾਣਗੇ ਤੇ ਆਪਣੇ ਹੀ ਦੇਸ਼ ਨਾਲ ਧ੍ਰੋਹ ਕਮਾਉਣ ਵਾਲੇ ਕਾਲਖ ਦੇ ਟਿੱਕੇ ਤੋਂ ਵੱਧ ਕੁੱਝ ਨਹੀਂ ਖੱਟ ਸਕਣਗੇ
ਸ਼ਰਨਜੀਤ ਕੌਰ
ਮੋ. 94633-72298
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.