ਕਾਂਗਰਸੀ ਐਮਪੀਜ਼ ਨੂੰ ਸੱਦ ਕੇ ਕੈਪਟਨ ਨੂੰ ਖੁਦ ਨੂੰ ਕਾਂਗਰਸੀ ਮੁੱਖ ਮੰਤਰੀ ਸਾਬਤ ਕੀਤਾ
ਨਾਭਾ, (ਤਰੁਣ ਕੁਮਾਰ ਸ਼ਰਮਾ)। ਰਾਸ਼ਟਰਪਤੀ ਕੋਲ ਜਾਣ ਦੀ ਬਜਾਏ ਅੱਜ ਹੀ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਕੇਂਦਰ ਦੇ ਐਕਟ ਵਿਰੁੱਧ ਸੋਧ ਐਕਟ ਪਾਸ ਕਰ ਲੈਣ ਤਾਂ ਅਕਾਲੀ ਦਲ ਵੀ ਉਨਾਂ ਨਾਲ ਖੜੇਗਾ। ਇਹ ਵਿਚਾਰ ਨਾਭਾ ਪੁੱਜੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ ਪ੍ਰੇਮ ਸਿੰੰਘ ਚੰਦੂਮਾਜਰਾ ਨੇ ਹਲਕਾ ਇੰਚਾਰਜ ਕਬੀਰ ਦਾਸ ਅਤੇ ਹਰੀ ਸਿੰਘ ਪ੍ਰੀਤ ਦੀ ਹਾਜਰੀ ਵਿੱਚ ਕਹੇ। ਉਨ੍ਹਾਂ ਕਿਹਾ ਕਿ ਕਿ ਕੈਪਟਨ ਅਮਰਿੰਦਰ ਸਿੰਘ ਸ਼ੋਸ਼ੇਬਾਜੀ ਦੇ ਮਾਹਰ ਹਨ। ਉਨ੍ਹਾਂ ਨੇ ਜੋ ਖੱਟਿਆ ਉਹ ਝੂਠੀ ਸ਼ੋਸ਼ੇਬਾਜੀ ਅਤੇ ਝੂਠ ਤੋ ਖੱਟਿਆ ਹੈ।
ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਨੇ ਸਿਰਫ ਕਾਂਗਰਸੀ ਐਮਪੀਜ਼ ਨੂੰ ਸੱਦ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ ਕਾਂਗਰਸੀਆਂ ਦੇ ਮੁੱਖ ਮੰਤਰੀ ਹਨ ਜਦਕਿ ਉਨ੍ਹਾਂ ਨੂੰ ਚਾਹੀਦਾ ਸੀ ਕਿ ਉਹ ਸਾਰੀਆਂ ਪਾਰਟੀਆਂ ਦੇ ਡੈਲੀਗੇਟਸ ਮੈਂਬਰਾਂ ਨੂੰ ਨਾਲ ਲੈ ਕੇ ਪੰਜਾਬ ਦੀ ਅਗਵਾਈ ਕਰਦੇ। ਉਨ੍ਹਾ ਕਿਹਾ ਕਿ ਪੰਜਾਬ ਦੀ ਵਿਧਾਨ ਸਭਾ ਵਿੱਚ ਪਾਸ ਕੀਤਾ ਕਾਨੂੰਨ ਪੰਜਾਬੀ ਕਿਸਾਨਾਂ ਨਾਲ ਸਿੱਧੀ ਠੱਗੀ ਹੈ। ਕੇਂਦਰ ਦੇ ਕਾਨੂੰਨ ਨੂੰ ਬੇਅਰਥ ਕਰਨ ਲਈ ਜਿਹੜਾ ਕਾਨੂੰਨ ਕੈਪਟਨ ਨੇ ਬਣਾਉਣਾ ਸੀ, ਉਹ ਤਾਂ ਬਣਾਇਆ ਨਹੀ ਅਤੇ ਜੋ ਬਣਾਇਆ ਹੈ,
ਉਸ ਦਾ ਉਹ ਸੰਵਿਧਾਨਿਕ ਤੋਰ ‘ਤੇ ਹੱਕ ਹੀ ਨਹੀ ਰੱਖਦੇ ਹਨ। ਰਾਜਸਥਾਨ ਅਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਨੇ ਜਿਸ ਪ੍ਰਕਾਰ ਦਾ ਐਕਟ ਬਣਾਇਆ ਉਹ ਤਾਂ ਪੰਜਾਬ ਦੀ ਕੈਪਟਨ ਸਰਕਾਰ ਨੇ ਬਣਾਇਆ ਹੀ ਨਹੀ। ਕੈਪਟਨ ਦੇ ਵਜੀਰ ਸਮਾਜ ਸੇਵਾ ਦੀ ਥਾਂ ‘ਤੇ ਆਪ ਸੇਵਾ ਵਿਭਾਗ ਬਣਾ ਦਿੱਤਾ ਅਤੇ ਆਪਣਿਆਂ ਦੀ ਹੀ ਸੇਵਾ ਕਰ ਰਹੇ ਹਨ। ਚੰਦੂਮਾਜਰਾ ਨੇ ਕੇਂਦਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕੇਂਦਰ ਪੰਜਾਬ ਨਾਲ ਇੰਝ ਵਤੀਰਾ ਕਰ ਰਿਹਾ ਹੈ ਜਿਸ ਪ੍ਰਕਾਰ ਪਾਕਿਸਤਾਨ ਨਾਲ ਕੀਤਾ ਜਾਂਦਾ ਹੈ। ਪੰਜਾਬ ਦੇ ਲੋਕਾਂ ਨਾਲ ਇੰਝ ਸ਼ਰਤਾਂ ਤੈਅ ਕੀਤੀਆ ਜਾ ਰਹੀਆ ਹਨ

ਜਿਵੇਂ ਬਾਰਡਰ ‘ਤੇ ਕਿਹਾ ਜਾਂਦਾ ਹੈ ਕਿ ਇੰਝ ਕਰੋ ਨਹੀ ਤਾਂ ਇੰਝ ਹੋ ਜਾਵੇਗਾ। ਦਲਿਤ ਵਿਦਿਆਰਥੀਆਂ ਦੇ ਵਜੀਫਾ ਘੁਟਾਲੇ ਸੰਬੰਧੀ ਖੁਲਾਸਾ ਪੰਜਾਬ ਦੇ ਇੱਕ ਸੀਨੀਅਰ ਅਧਿਕਾਰੀ ਨੇ ਕੀਤਾ ਹੈ ਜਦਕਿ ਕੈਪਟਨ ਨੇ ਮੰਤਰੀ ਨੂੰ ਬਰਖਾਸਤ ਕਰਨ ਥਾਂ, ਅਸਤੀਫਾ ਲੈਣ ਦੀ ਥਾਂ ਖੁਦ ਹੀ ਕਲੀਨ ਚਿੱਟ ਦੇ ਦਿੱਤੀ। ਦਲਿਤਾਂ, ਕਿਸਾਨਾਂ ਅਤੇ ਹੋਰ ਛੋਟੇ ਕਾਰੋਬਾਰੀਆਂ ਦੀ ਬਾਂਹ ਹਮੇਸ਼ਾਂ ਅਕਾਲੀਆਂ ਨੇ ਫੜੀ ਹੈ। ਇਸੇ ਕ੍ਰਮ ਵਿੱਚ 02 ਨਵੰਬਰ ਨੂੰ ਮੰਤਰੀ ਧਰਮਸੋਤ ਦੇ ਹਲਕੇ ਨਾਭਾ ਵਿੱਚ ਧਰਨੇ ਅਤੇ ਘਿਰਾਉ ਦਾ ਪ੍ਰੋਗਰਾਮ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ ਜਿਸ ਸੰਬੰਧੀ ਪੂਰੀ ਤਰ੍ਹਾਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.













