ਸੁਰਜੀਤ ਸਿੰਘ ਰੱਖੜਾ, ਹਰਿਦਰਪਾਲ ਚੰਦੂਮਾਜਰਾ, ਕਬੀਰ ਦਾਸ ਸਮੇਤ ਵਰਿਦਰ ਕੌਰ ਲੂਬਾ ਮੁੜ ਹੋਣਗੇ ਉਮੀਦਵਾਰ
ਹਲਕਾ ਰਾਜਪੁਰਾ ਤੋਂ ਚਰਨਜੀਤ ਸਿੰਘ ਬਰਾੜ ਪਹਿਲੀ ਵਾਰ ਲੜਨਗੇ ਚੋਣ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਤੋਂ ਪਲੇਠੀ ਪਹਿਲ ਕਰਦਿਆ ਜ਼ਿਲ੍ਹਾ ਪਟਿਆਲਾ ਅੰਦਰ ਪੰਜ ਹਲਕਿਆਂ ਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਹਨ, ਜਦਕਿ ਤਿੰਨ ਹਲਕਿਆਂ ਤੇ ਅਜੇ ਪੇਚ ਫਸਿਆ ਹੋਇਆ ਹੈ। ਇੱਧਰ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਆਪਣੇ ਐਲਾਨੇ ਉਮੀਦਵਾਰਾਂ ਨੂੰ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਅਕਾਲੀ ਦਲ ਵੱਲੋਂ ਪਟਿਆਲਾ ਜ਼ਿਲ੍ਹੇ ਅੰਦਰ ਸਭ ਤੋਂ ਵੱਧ ਪੰਜ ਹਲਕਿਆਂ ਤੇ ਆਪਣੇ ਉਮੀਦਵਾਰ ਐਲਾਨ ਗਏ ਹਨ। ਇਨ੍ਹਾਂ ਹਲਕਿਆਂ ਅੰਦਰ ਅਕਾਲੀ ਦਲ ਨੂੰ ਬਹੁਤੀ ਕਸਮਕਸ ਦੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਉਂਜ ਹਲਕਾ ਰਾਜਪੁਰਾ ਅੰਦਰ ਅਕਾਲੀ ਦਲ ਵੱਲੋਂ ਬਾਹਰਲੇ ਆਗੂ ਨੂੰ ਆਪਣਾ ਉਮੀਦਵਾਰ ਜ਼ਰੂਰ ਬਣਾਇਆ ਗਿਆ ਹੈ, ਜਿਸ ਨਾਲ ਕਿ ਹਲਕੇ ਦੇ ਅਕਾਲੀ ਆਗੂਆਂ ਨੂੰ ਠੇਸ ਜ਼ਰੂਰ ਪੁੱਜੀ ਹੈ। ਅਕਾਲੀ ਦਲ ਨੇ ਹਲਕਾ ਸਮਾਣਾ ਤੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਆਪਣਾ ਮੁੜ ਉਮੀਦਵਾਰ ਐਲਾਨਿਆ ਹੈ। ਸੁਰਜੀਤ ਸਿੰਘ ਰੱਖੜਾ ਪਿਛਲੇ ਵਾਰ ਕਾਂਗਰਸ ਦੇ ਕਾਕਾ ਰਜਿੰਦਰਾ ਸਿੰਘ ਤੋਂ ਹਾਰ ਗਏ ਸਨ। ਰੱਖੜਾ ਅਕਾਲੀ ਦਲ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਵੀ ਹਨ।
ਇਸ ਤੋਂ ਇਲਾਵਾ ਹਲਕਾ ਸੁਤਰਾਣਾ ਰਿਜ਼ਰਵ ਤੋਂ ਅਕਾਲੀ ਦਲ ਵੱਲੋਂ ਬੀਬੀ ਵਰਿੰਦਰ ਕੌਰ ਲੂਬਾ ਨੂੰ ਮੁੜ ਉਮੀਦਵਾਰ ਬਣਾਇਆ ਹੈ। ਬੀਬੀ ਵਰਿੰਦਰ ਕੌਰ ਪਿਛਲੇ ਵਾਰ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸੁਤਰਾਣਾ ਤੋਂ ਚੋਣ ਹਾਰ ਗਏ ਸਨ। ਉਂਜ ਕੁਝ ਸਮਾਂ ਪਹਿਲਾ ਬੀਬੀ ਲੂਬਾ ਨੇ ਆਪਣੀਆਂ ਸਰਗਮਰੀਆਂ ਠੱਪ ਕਰ ਦਿੱਤੀਆਂ ਸਨ, ਜਿਸ ਤੋਂ ਅੰਦਾਜੇ ਲਾਏ ਜਾ ਰਹੇ ਸਨ ਕਿ ਇਸ ਵਾਰ ਬੀਬੀ ਲੂਬਾ ਚੋਣ ਨਹੀਂ ਲੜਨਗੇ। ਪ੍ਰੰਤੂ ਫਿਰ ਬੀਬੀ ਲੂਬਾ ਹਲਕੇ ਵਿੱਚ ਸਰਗਰਮ ਹੋ ਗਏ ਸਨ ਅਤੇ ਉਨਾਂ ਵੱਲੋਂ ਪਾਰਟੀ ਦੇ ਫੈਸਲੇ ਨੂੰ ਮੰਨਣ ਦੀ ਗੱਲ ਆਖੀ ਸੀ। ਇਸ ਤੋਂ ਇਲਾਵਾ ਹਲਕਾ ਨਾਭਾ ਰਿਜ਼ਰਵ ਤੋਂ ਕਬੀਰ ਦਾਸ ਨੂੰ ਮੁੜ ਦੂਜੀ ਵਾਰ ਮੌਕਾ ਦਿੱਤਾ ਹੈ। ਪਿਛਲੀ ਵਾਰ ਕਬੀਰ ਦਾਸ ਵੀ ਕਾਂਗਰਸੀ ਵਿਧਾਇਕ ਸਾਧੂ ਸਿੰਘ ਧਰਮਸੋਤ ਤੋਂ ਹਾਰ ਗਏ ਸਨ ਅਤੇ ਤੀਜੇ ਨੰਬਰ ਤੇ ਆਏ ਸਨ। ਇਸ ਤੋਂ ਇਲਾਵਾ ਹਲਕਾ ਸਨੌਰ ਤੋਂ ਅਕਾਲੀ ਦਲ ਵੱਲੋਂ ਜ਼ਿਲ੍ਹੇ ’ਚ ਜਿੱਤੇ ਇੱਕੋਂ-ਇੱਕ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਚੰਦੂਮਾਜਰਾ ਨੇ ਕਾਂਗਰਸ ਦੇ ਹਰਿੰਦਰਪਾਲ ਸਿੰਘ ਹੈਰੀਮਾਨ ਨੂੰ ਲਗਭਗ 4200 ਵੋਟ ਨਾਲ ਹਰਾਇਆ ਸੀ।
ਰਾਜਪੁਰਾ ਹਲਕਾ ਬਾਹਰਲੇ ਉਮੀਦਵਾਰ ਦੇ ਹਿੱਸੇ ਆਇਆ
ਹਲਕਾ ਰਾਜਪੁਰਾ ਤੋ ਅਕਾਲੀ ਦਲ ਵੱਲੋਂ ਬਾਹਰਲੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਤੇ ਦਾਅ ਖੇਡਿਆ ਗਿਆ ਹੈ। ਬਰਾੜ ਸੁਖਬੀਰ ਬਾਦਲ ਦੇ ਨੇੜਲੇ ਹਨ। ਰਾਜਪੁਰਾ ਹਲਕਾ ਪਹਲਿਾ ਗੱਠਜੋੜ ਮੌਕੇ ਭਾਜਪਾ ਹਿੱਸੇ ਸੀ। ਗੱਠਜੋੜ ਟੁੱਟਣ ਤੋਂ ਬਾਅਦ ਇੱਥੋਂ ਲੋਕਲ ਆਗੂਆਂ ਨੂੰ ਉਮੀਦ ਜਾਗੀ ਸੀ, ਪਰ ਇਸ ਹਲਕੇ ਤੇ ਚਰਨਜੀਤ ਬਰਾੜ ਵੱਲੋਂ ਆਪਣੀ ਅੱਖ ਰੱਖ ਲਈ ਗਈ ਸੀ। ਇੱਥੋਂ ਅਕਾਲੀ ਦੇ ਆਗੂਆਂ ਵੱਲੋਂ ਵਿਰੋਧ ਵੀ ਜਤਾਇਆ ਗਿਆ ਸੀ, ਪਰ ਪਾਰਟੀ ਵੱਲੋਂ ਪਹਿਲਾ ਬਰਾੜ ਨੂੰ ਰਾਜਪੁਰਾ ਤੋਂ ਇੰਚਾਰਜ਼ ਅਤੇ ਹੁਣ ਬਰਾੜ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।
ਇਨ੍ਹਾਂ ਹਲਕਿਆਂ ’ਚ ਫਸਿਆ ਪੇਚ..
ਜ਼ਿਲ੍ਹੇ ਦੇ ਤਿੰਨ ਹਲਕਿਆਂ ’ਚ ਪੇਚ ਫਸਿਆ ਹੋਇਆ ਹੈ। ਹਲਕਾ ਘਨੌਰ ਤੋਂ ਸੀਨੀ: ਅਕਾਲੀ ਆਗੂ ਪੋ੍ਰ: ਪ੍ਰੇਮ ਸਿੰਘ ਚੰਦੂਮਾਜਰਾ ਚੋਣ ਲੜਨੇ ਦੇ ਇਛੁੱਕ ਹਨ, ਪਰ ਇੱਥੋਂ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਵੱਲੋਂ ਚੋਣ ਲੜ੍ਹਨ ਦੀ ਗੱਲ ਕਹੀ ਗਈ ਹੈ ਅਤੇ ਲੋਕਾਂ ’ਚ ਵਿਚਰਿਆ ਜਾ ਰਿਹਾ ਹੈ। ਜਿਸ ਕਾਰਨ ਅਜੇ ਇੱਥੇ ਮਾਮਲਾ ਅਟਕਿਆ ਹੋਇਆ ਹੈ। ਇਸ ਤੋਂ ਇਲਾਵਾ ਹਲਕਾ ਪਟਿਆਲਾ ਸ਼ਹਿਰੀ ’ਚ ਵੀ ਅਕਾਲੀ ਦਲ ਵੱਲੋਂ ਟਿਕਟ ਦਾ ਐਲਾਨ ਨਹੀਂ ਕੀਤਾ ਗਿਆ। ਉਂਜ ਇੱਥੋਂ ਹਰਪਾਲ ਜੁਨੇਜਾ ਨੂੰ ਹਲਕਾ ਸੇਵਾਦਾਰ ਥਾਪ ਦਿੱਤਾ ਸੀ ਅਤੇ ਜੁਨੇਜਾ ਵੱਲੋਂ ਆਪਣਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਸੀ, ਪਰ ਅਕਾਲੀ ਦਲ ਵੱਲੋਂ ਟਿਕਟ ਐਲਾਨਨ ਤੇ ਪਾਸਾ ਵੱਟ ਲਿਆ ਹੈ। ਇਸ ਦੇ ਨਾਲ ਹੀ ਹਲਕਾ ਪਟਿਆਲਾ ਦਿਹਾਤੀ ਤੋਂ ਵੀ ਅਕਾਲੀ ਦਲ ਨੇ ਉਮੀਦਵਾਰ ਨਹੀਂ ਐਲਾਨਿਆ। ਪਿਛਲੀ ਵਾਰ ਇੱਥੋਂ ਸਤਵੀਰ ਸਿੰਘ ਖੱਟੜਾ ਨੂੰ ਉਮੀਦਵਾਰ ਬਣਾਇਆ ਸੀ, ਪਰ ਅਜੇ ਇੱਥੇ ਵੀ ਅਕਾਲੀ ਦਲ ਵੱਲੋਂ ਡੂੰਘਾ ਵਿਚਾਰ ਕੀਤਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ