ਨਜਾਇਜ਼ ਕਬਜ਼ੇ ਹਟਾਉਣ ਲਈ ਪਹੁੰਚਿਆ ਪੀਲਾ ਪੰਜਾ ਬੇਰੰਗ ਪਰਤਿਆ

Guruharsahai

ਪਿੰਡ ਮੇਘਾ ਰਾਏ ਹਿਠਾੜ ਹੋਇਆ ਪੁਲਿਸ ਛਾਉਣੀ ’ਚ ਤਬਦੀਲ | Guruharsahai

  • ਪਿੰਡ ਵਾਸੀਆਂ ਲਾਏ ਸਰਪੰਚ ’ਤੇ ਪੱਖਪਾਤ ਦੇ ਦੋਸ, ਸਰਪੰਚ ਨੇ ਨਕਾਰੇ
  • ਭਾਜਪਾ ਆਗੂ ਗੁਰਪਰਵੇਜ ਸਿੰਘ ਸੈਲੇ ਸੰਧੂ ਨੇ ਲੋਕਾਂ ਨਾਲ ਮਿਲ ਕੇ ਲਾਇਆ ਧਰਨਾ

ਗੁਰੂਹਰਸਹਾਏ (ਵਿਜੈ ਹਾਂਡਾ)। ਗੁਰੂਹਰਸਹਾਏ (Guruharsahai) ਦੇ ਸਰਹੱਦੀ ਪਿੰਡ ਮੇਘਾ ਰਾਏ ਹਿਠਾੜ ਵਿਖੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਪਿੰਡ ਦੀ ਫਿਰਨੀ ਤੋਂ ਲੋਕਾਂ ਵੱਲੋਂ ਕੀਤੇ ਨਜਾਇਜ਼ ਕਬਜੇ ਹਟਾਉਣ ਸਬੰਧੀ ਪੁਲਿਸ ਤੇ ਸਿਵਲ ਪ੍ਰਸਾਸਨ ਦੀ ਹਾਜ਼ਰੀ ’ਚ ਸਰਕਾਰੀ ਪੀਲਾ ਪੰਜਾ ਤਾਂ ਪਹੁੰਚਿਆ ਪਰ ਲੋਕਾਂ ਦੇ ਵਿਰੋਧ ਕਾਰਨ ਬੇਰੰਗ ਵਾਪਸ ਪਰਤ ਆਇਆ।

ਇਸ ਮੌਕੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪਿੰਡ ਮੇਘਾ ਰਾਏ ਹਿਠਾੜ ਨੂੰ ਪੁਲਿਸ ਛਾਉਣੀ ਵਿੱਚ ਤਬਦੀਲੀ ਕੀਤਾ ਗਿਆ ਸੀ ਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਲੋਕਾਂ ਦੇ ਰੋਹ ਦਾ ਕਈ ਵਾਰ ਸਾਹਮਣਾ ਕਰਨਾ ਪਿਆ। ਇਸ ਮੌਕੇ ਸਥਿਤੀ ਉਸ ਵਕਤ ਜ਼ਿਆਦਾ ਤਨਾਅਪੂਰਨ ਬਣ ਗਈ, ਜਦੋਂ ਘਰ ਦੀਆਂ ਕੰਧਾਂ ਨੂੰ ਡੇਗਣ ਲੱਗੇ ਤਾਂ ਘਰ ਵਾਲੇ ਕੋਠਿਆਂ ਦੀਆਂ ਛੱਤਾਂ ਉਪਰ ਚੜ੍ਹ ਗਏ ਤੇ ਪੱਥਰ ਚਲਾਉਣ ਦੀਆਂ ਧਮਕੀਆਂ ਦੇਣ ਲੱਗੇ , ਪੁਲਿਸ ਪ੍ਰਸ਼ਾਸਨ ਵੱਲੋਂ ਮੁਸਤੈਦੀ ਦਿਖਾਉਂਦਿਆਂ ਪਰਿਵਾਰ ਨੂੰ ਛੱਤਾਂ ਤੋਂ ਥੱਲੇ ਉਤਾਰਿਆ ਗਿਆ।

ਇਸ ਮੌਕੇ ਪਿੰਡ ਵਾਲਿਆਂ ਨੇ ਸਰਪੰਚ ’ਤੇ ਪੱਖਪਾਤ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਰਪੰਚ ਵੱਲੋਂ ਗਰੀਬ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸਰਪੰਚ ਦਾ ਖੁਦ ਦਾ ਘਰ ਫਿਰਨੀ ਵਿੱਚ ਆਉਂਦਾ ਹੈ, ਜੇਕਰ ਫਿਰਨੀ ਕੱਢਣੀ ਹੈ ਤਾਂ ਸਭ ਤੋਂ ਪਹਿਲਾਂ ਸਰਪੰਚ ਆਪਣੇ ਘਰ ਤੋਂ ਸ਼ੁਰੂ ਕਰੇ ਫਿਰ ਬਾਕੀ ਫਿਰਨੀ ਤੋਂ ਕਬਜ਼ਾ ਛੁਡਵਾਇਆ ਜਾਵੇ। ਉਧਰ ਸਥਿਤੀ ਉਸ ਵਕਤ ਗੰਭੀਰ ਬਣ ਗਈ ਜਦੋਂ ਭਾਜਪਾ ਆਗੂ ਗੁਰਪਰਵਜ਼ ਸਿੰਘ ਸੈਲੇ ਸੰਧੂ ਵੱਲੋਂ ਪਿੰਡ ਮੇਘਾ ਰਾਏ ਹਿਠਾੜ ਪਹੁੰਚ ਗਏ ਤੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਜੇਸੀਬੀ ਦੇ ਮੂਹਰੇ ਧਰਨਾ ਲਾ ਕੇ ਬੈਠ ਗਏ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਕਾਰਵਾਈ ਨਹੀਂ ਰੁਕਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਹਾਜ਼ਰ ਸੀ ਤੇ ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।

ਕਾਨੂੰਨ ਮੁਤਾਬਿਕ ਕੀਤੀ ਜਾ ਰਹੀ ਕਾਰਵਾਈ : ਨਾਇਬ ਤਹਿਸੀਲਦਾਰ

ਇਸ ਮੌਕੇ ਪਹੁੰਚੇ ਗੁਰੂਹਰਸਹਾਏ ਦੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਜੇਕਰ ਲੋਕਾਂ ਨੂੰ ਲੱਗਦਾ ਹੈ ਕਿ ਇਹ ਨਜਾਇਜ਼ ਹੈ ਤਾਂ ਇਸ ਦੀ ਦੁਬਾਰਾ ਨਿਸ਼ਾਨਦੇਹੀ ਕਰਵਾ ਕੇ ਕਨੂੰਨ ਮੁਤਾਬਕ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ ਤੇ ਨਜਾਇਜ਼ ਕਬਜ਼ੇ ਹਟਾਏ ਜਾਣਗੇ।

ਲੋਕਾਂ ਨੇ ਪਿੰਡ ਦੀ ਫਿਰਨੀ ’ਤੇ ਕੀਤੇ ਨਜਾਇਜ਼ ਕਬਜ਼ੇ: ਸਰਪੰਚ

ਇਸ ਸਬੰਧੀ ਜਦੋਂ ਪਿੰਡ ਮੇਘਾ ਰਾਏ ਹਿਠਾੜ ਦੀ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਦੀ ਫਿਰਨੀ ਦੀ ਜਗ੍ਹਾ ਸਰਕਾਰੀ ਕਾਗਜ਼ਾਂ ਵਿੱਚ 27 ਫੁੱਟ ਛੱਡੀ ਗਈ ਹੈ ਪਰ ਲੋਕਾਂ ਨੇ ਫਿਰਨੀ ’ਤੇ ਨਜਾਇਜ਼ ਕਬਜ਼ੇ ਕਰਕੇ ਸਿਰਫ 10 ਜਾਂ 12 ਫੁੱਟ ਹੀ ਛੱਡ ਰੱਖੀ ਹੈ, ਜਿਸ ਨਾਲ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਕਿਹਾ ਇਹ ਮਾਨਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਹੀ ਕਬਜ਼ੇ ਛੁਡਵਾਏ ਜਾਂ ਰਹੇ ਹਨ, ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਜਾ ਰਿਹਾ ।

ਨਜਾਇਜ਼ ਕਬਜ਼ੇ ਸਬੰਧੀ ਲੋਕਾਂ ਨੂੰ ਕੀਤੇ ਹੋਏ ਹਨ ਨੋਟਿਸ ਜਾਰੀ: ਬੀਡੀਪੀਓ

ਇਸ ਸਬੰਧੀ ਜਦੋਂ ਮੇਘਾ ਰਾਏ ਹਿਠਾੜ ਫਿਰਨੀ ਤੋਂ ਨਜਾਇਜ਼ ਕਬਜ਼ਾ ਹਟਾਉਣ ਪਹੁੰਚੇ ਪੰਚਾਇਤ ਵਿਭਾਗ ਦੇ ਬੀਡੀਪੀਓ ਪ੍ਰਤਾਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆਂ ਕਿ ਇਹਨਾਂ ਲੋਕਾਂ ਨੂੰ ਪਿੰਡ ਦੀ ਪੰਚਾਇਤ ਤੇ ਸਾਡੇ ਮਹਿਕਮੇ ਵੱਲੋਂ ਸਮੇਂ-ਸਮੇਂ ਸਿਰ ਨੋਟਿਸ ਜਾਰੀ ਕੀਤੇ ਜਾਂਦੇ ਰਹੇ ਹਨ ਇਨ੍ਹਾਂ ਵੱਲੋਂ ਨਜਾਇਜ਼ ਕਬਜ਼ੇ ਨਹੀਂ ਛੱਡੇ ਗਏ ਤੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ, ਜਿਸ ਕਰਕੇ ਨਜਾਇਜ਼ ਕਬਜ਼ੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਛੁਡਾਏ ਜਾ ਰਹੇ ਹਨ।

ਕਾਨੂੰਨ ਸਭ ਲਈ ਬਰਾਬਰ: ਡੀਐੱਸਪੀ ਬਾਜਵਾ | Guruharsahai

ਇਸ ਸਬੰਧੀ ਜਦੋਂ ਮੌਕੇ ’ਤੇ ਪਹੁੰਚੇ ਉੱਪ ਮੰਡਲ ਗੁਰੂਹਰਸਹਾਏ ਦੇ ਡੀਐੱਸਪੀ ਯਾਦਵਿੰਦਰ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿ ਕਨੂੰਨ ਸਭ ਲਈ ਬਰਾਬਰ ਹੈ ਤੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਹੀ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ ਤੇ ਕਿਸੇ ਨੂੰ ਕਾਨੂੰਨ ਹੱਥਾਂ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ।

ਸਰਕਾਰ ਗਰੀਬ ਲੋਕਾਂ ਦੇ ਘਰ ਢਾਹੁਣ ’ਤੇ ਤੁਲੀ: ਸੈਲੇ ਸੰਧੂ

ਇਸ ਮੌਕੇ ਪਿੰਡ ਮੇਘਾ ਰਾਏ ਹਿਠਾੜ ਪਹੁੰਚੇ ਭਾਜਪਾ ਆਗੂ ਗੁਰਪਰਵੇਜ ਸਿੰਘ ਸੈਲੇ ਸੰਧੂ ਨੇ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਲਤੀਫਪੁਰੇ ਲੋਕਾਂ ਦੇ ਮਕਾਨ ਢਾਹ ਕੇ ਧੱਕਾ ਕੀਤਾ ਗਿਆ ਤੇ ਹੁਣ ਮੇਘਾ ਰਾਏ ਹਿਠਾੜ ਵਿਖੇ ਲੋਕਾਂ ਦੇ ਮਕਾਨ ਢਾਹ ਕੇ ਧੱਕਾ ਕੀਤਾ ਜਾਂ ਰਿਹਾ ਹੈ। ਉਨ੍ਹਾਂ ਕਿਹਾ ਇਹ ਧੱਕਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।