Punjab News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਦੇ ਜੈਤੋ ਦੇ ਵਿਧਾਇਕ ਵੱਲੋਂ ਕਥਿਤ ਤੌਰ ’ਤੇ ਮਾਸਟਰਾਂ ਦੀ ਕਲਾਸ ਵਿਧਾਨ ਸਭਾ ਦੇ ਸਪੀਕਰ ਕੋਲੋਂ ਲਵਾ ਦਿੱਤੀ ਹੈ। ਵਿਧਾਇਕ ਇਸ ਗੱਲੋਂ ਖਫਾ ਸਨ ਕਿ ਸਕੂਲ ਦੀ ਚੈਕਿੰਗ ਦੌਰਾਨ ਉਕਤ ਅਧਿਆਪਕਾਂ ਵੱਲੋਂ ਨਾ ਤਾਂ ਉਹਨਾਂ ਨੂੰ ਰਿਸੀਵ ਕੀਤਾ ਗਿਆ ਹੈ ਅਤੇ ਨਾ ਹੀ ਆਪਣੇ ਕਮਰਿਆਂ ਤੋਂ ਬਾਹਰ ਆਏ ਹਨ। ਇੱਧਰ ਅਧਿਆਪਕ ਵਰਗ ਵਿੱਚ ਵਿਧਾਇਕ ਦੇ ਇਸ ਕਦਮ ਤੋਂ ਬਾਅਦ ਰੋਸ ਪਾਇਆ ਜਾ ਰਿਹਾ ਹੈ ਅਤੇ ਉਕਤ ਵਿਧਾਇਕ ਨੂੰ ਤਾੜਨਾ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਸਵੇਰ ਤੋਂ ਹੀ ਇੱਕ ਪੱਤਰ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਪੱਤਰ ਮੁਤਾਬਿਕ ਆਮ ਆਦਮੀ ਪਾਰਟੀ ਦੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਗੋਂਦਾਰਾ ਵਿਖੇ 17 ਸਤੰਬਰ ਨੂੰ ਚੈਕਿੰਗ ਕੀਤੀ ਗਈ ਸੀ, ਜਿਸ ਵਿੱਚ ਹਰਵਿੰਦਰ ਸਿੰਘ ਸਕੂਲ ਹੈਡ ਅਧਿਆਪਕ ਗੈਰ ਹਾਜ਼ਰ ਪਾਏ ਗਏ ਅਤੇ ਪਰਮਜੀਤ ਕੌਰ, ਗੀਤਾ ਰਾਣੀ, ਕੁਲਵਿੰਦਰ ਕੌਰ ਸਟਾਫ ਡਿਊਟੀ ’ਤੇ ਹਾਜ਼ਰ ਸਨ । Punjab News
Read Also : Toll Plaza Free: ਭਾਰਤੀ ਕਿਸਾਨ ਯੂਨੀਅਨ ਵੱਲੋਂ 25 ਟੋਲ ਪਲਾਜੇ ਫਰੀ, ਆਗੂਆਂ ਦੇ ਘਰਾਂ ਅੱਗੇ ਪੱਕਾ ਮੋਰਚਾ ਜਾਰੀ
ਵਿਧਾਇਕ ਵੱਲੋਂ ਦੋਸ਼ ਲਾਏ ਗਏ ਹਨ ਕਿ ਸਕੂਲ ਦੀ ਫੇਰੀ ਦੌਰਾਨ ਸਕੂਲ ਦੇ ਅਧਿਆਪਕ ਆਪਣੇ ਕਮਰਿਆਂ ਤੋਂ ਬਾਹਰ ਨਹੀਂ ਆਏ ਅਤੇ ਉਨ੍ਹਾਂ ਵੱਲੋਂ ਵਿਧਾਇਕ ਦਾ ਸਵਾਗਤ ਨਹੀਂ ਕੀਤਾ ਗਿਆ ਜਿਸ ਸਬੰਧੀ ਉਕਤ ਵਿਧਾਇਕ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਲ ਆਪਣੀ ਪਹੁੰਚ ਕੀਤੀ ਗਈ ਅਤੇ ਉਕਤ ਅਧਿਆਪਕਾਂ ਖਿਲਾਫ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ। ਵਿਧਾਇਕ ਵੱਲੋਂ ਦਿੱਤੀ ਇਸ ਸ਼ਿਕਾਇਤ ਤੋਂ ਬਾਅਦ ਪੰਜਾਬ ਦੇ ਸਪੀਕਰ ਵੱਲੋਂ ਇਸ ਮਾਮਲੇ ਸਬੰਧੀ ਗੰਭੀਰ ਨੋਟਿਸ ਲੈਂਦਿਆਂ ਸਬੰਧਤ ਅਧਿਆਪਕਾਂ ਨੂੰ ਪਿਛਲੀ ਦਿਨੀਂ ਤਲਬ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਬੁਲਾਇਆ ਗਿਆ ਸੀ।
Punjab News
ਇਸ ਸਬੰਧੀ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਾਕ ਜੈਤੋ ਜ਼ਿਲ੍ਹਾ ਫਰੀਦਕੋਟ ਨੂੰ ਹਦਾਇਤ ਕੀਤੀ ਗਈ ਕਿ ਉਕਤ ਅਧਿਆਪਕਾਂ ਦੀ ਸਪੀਕਰ ਸਾਹਿਬ ਕੋਲ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ। ਇੱਧਰ ਇਸ ਪੱਤਰ ਦੇ ਵਾਇਰਲ ਹੋਣ ਤੋਂ ਬਾਅਦ ਅਧਿਆਪਕ ਵਰਗ ਵਿੱਚ ਰੋਸ ਦੀ ਲਹਿਰ ਦੌੜ ਗਈ ਅਤੇ ਉਕਤ ਵਿਧਾਇਕ ਦੇ ਇਸ ਕਾਰਨਾਮੇ ਨੂੰ ਘਟੀਆ ਕਰਾਰ ਦਿੱਤਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਧਾਇਕ ਦੀ ਕਾਰਗੁਜ਼ਾਰੀ ਪਹਿਲਾਂ ਹੀ ਵਿਵਾਦਾਂ ਵਿੱਚ ਘਿਰੀ ਹੋਈ ਹੈ ਅਤੇ ਇਸ ਵਿਧਾਇਕ ਵੱਲੋਂ ਅਧਿਆਪਕ ਵਰਗ ਦਾ ਅਪਮਾਨ ਕੀਤਾ ਗਿਆ ਹੈ। ਦੱਸਣ ਯੋਗ ਹੈ ਕਿ ਸੋਸਲ ਮੀਡੀਆ ’ਤੇ ਇਹ ਪੱਤਰ ਵਾਇਰਲ ਹੋਣ ਤੋਂ ਬਾਅਦ ਬੁੱਧੀਜੀਵੀਆਂ ਵੱਲੋਂ ਸਬੰਧਿਤ ਵਿਧਾਇਕ ਨੂੰ ਖਰੀਆਂ-ਖੋਟੀਆਂ ਸੁਣਾਈਆਂ ਜਾ ਰਹੀਆਂ ਹਨ ਅਤੇ ਵਿਧਾਇਕ ਦੀ ਮਾਨਸਿਕਤਾ ਦੇ ਸੁਅ ਾਲ ਚੁੱਕੇ ਜਾ ਰਹੇ ਹਨ।
ਅਜਿਹੇ ਵਿਧਾਇਕ ਅਧਿਆਪਕਾਂ ਨੂੰ ਪਰੇਸ਼ਾਨ ਕਰਨਾ ਬੰਦ ਕਰਨ: ਵਿਕਰਮਦੇਵ ਸਿੰਘ
ਡੈਮੋਕਰੇਟਿਕ ਟੀਚਰ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦਾ ਕਹਿਣਾ ਹੈ ਕਿ ਅਧਿਆਪਕਾਂ ਦਾ ਕੰਮ ਬੱਚਿਆਂ ਨੂੰ ਪੜ੍ਹਾਉਣਾ ਹੈ ਅਤੇ ਉਕਤ ਅਧਿਆਪਕ ਬੱਚਿਆਂ ਨੂੰ ਪੜ੍ਹਾਉਣ ਦਾ ਆਪਣਾ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਤਾਂ ਇਹਨਾਂ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਦਿਵਾਉਣਾ ਚਾਹੀਦਾ ਸੀ ਕਿਉਂਕਿ ਉਹ ਆਪਣਾ ਕੰਮ ਕਰ ਰਹੇ ਸਨ। ਵਿਕਰਮਦੇਵ ਸਿੰਘ ਨੇ ਕਿਹਾ ਕਿ ਵਿਧਾਇਕ ਅਮੋਲਕ ਸਿੰਘ ਪਹਿਲਾਂ ਹੀ ਵਿਵਾਦਾਂ ਵਿੱਚ ਘਿਰੇ ਰਹੇ ਹਨ ਅਤੇ ਉਹ ਅਜਿਹੇ ਵਿਧਾਇਕਾਂ ਨੂੰ ਤਾੜਨਾ ਕਰਨਾ ਚਾਹੁੰਦੇ ਹਨ ਕਿ ਅਧਿਆਪਕ ਵਰਗ ਨੂੰ ਪਰੇਸ਼ਾਨ ਕਰਨਾ ਬੰਦ ਕਰਨ। ਉਨ੍ਹਾਂ ਕਿਹਾ ਕਿ ਅਜਿਹੇ ਵਿਧਾਇਕਾਂ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ।